ਸਿੱਖ ਖਬਰਾਂ

ਸਿੱਖ ਪ੍ਰਚਾਰਕ ਅੱਜ ਕਰਨਗੇ ਮੁੱਖ ਮੰਤਰੀ ਬਾਦਲ ਦੀ ਕੋਠੀ ਵੱਲ ਸ਼ਾਂਤਮਈ ਮਾਰਚ

October 30, 2015 | By

ਜਲੰਧਰ (29 ਅਕਤੂਬਰ, 2015): ਸਿੱਖ ਸੰਸਥਾਵਾਂ ਦੀ ਬਹਾਲੀ ਅਤੇ ਪੰਜਾਬ ਸਰਕਾਰ ਵੱਲੋਂ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਂ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਗਟਾ ਰਹੇ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ, ਬੇਅਦਬੀ ਦੀ ਘਟਨਾ ਵਿੱਚ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਕੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਅਤੇ ਬਾਦਲ ਸਰਕਾਰ ਅਤੇ ਬਾਦਲ ਦਲ ਵੱਲੋਂ ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਦੀਆਂ ਕਾਰਵਾਈਆਂ ਦੇ ਰੋਸ ਵਜੋਂ ਅੱਜ ਸਿੱਖ ਕੌਮ ਦੇ ਪ੍ਰਚਾਰਕ ਪੰਜਾਬ ਦੇ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨਗੇ।

ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖਾਲਸਾ, ਬਾਬਾ ਦਲੇਰ ਸਿੰਘ ਖੇੜੀ, ਗਿਆਨੀ ਕੇਵਲ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਅਤੇ ਹੋਰ(ਫਾਈਲ ਫੋਟੋ)

ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖਾਲਸਾ, ਬਾਬਾ ਦਲੇਰ ਸਿੰਘ ਖੇੜੀ, ਗਿਆਨੀ ਕੇਵਲ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਅਤੇ ਹੋਰ(ਫਾਈਲ ਫੋਟੋ)

ਬਰਗਾੜੀ ਵਿਖੇ ਬਹਿਬਲ ਕਲਾਂ ਦੇ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਭੋਗ ਮੌਕੇ ਹੋਈ ਪੰਥਕ ਕਨਵੈਨਸ਼ਨ ਵੱਲੋਂ ਕੀਤੇ ਐਲਾਨ ਅਨੁਸਾਰ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਮੁੱਖ ਮੰਤਰੀ ਦੀ ਕੋਠੀ ਤੱਕ ਸਿੱਖ ਪ੍ਰਚਾਰਕ ਸ਼ਾਂਤਮਈ ਰੋਸ ਮਾਰਚ ਅੱਜ ਕੀਤਾ ਜਾਵੇਗਾ । ਉਲੀਕੇ ਪ੍ਰੋਗਰਾਮ ਅਨੁਸਾਰ ਸਿੱਖ ਪ੍ਰਚਾਰਕ, ਕਥਾਕਾਰ, ਕੀਰਤਨੀਏ, ਰਾਗੀ, ਢਾਡੀ ਸਭ ਸਵੇਰੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਇਕੱਤਰ ਹੋਣਗੇ ਤੇ ਫਿਰ ਇਥੋਂ ਬੱਸਾਂ ਰਾਹੀਂ ਆਪਣਾ ਖੂਨ ਮੁੱਖ ਮੰਤਰੀ ਨੂੰ ਭੇਟ ਕਰਨ ਲਈ ਰਵਾਨਾ ਹੋਣਗੇ ।

ਇਸ ਮਾਰਚ ਦੀ ਅਗਵਾਈ ਸਿੱਖ ਮਿਸ਼ਨਰੀ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਬਾਬਾ ਦਲੇਰ ਸਿੰਘ ਖੇੜੀ ਵਾਲੇ ਕਰਨਗੇ । ਪ੍ਰਬੰਧਕਾਂ ਅਨੁਸਾਰ ਫਤਹਿਗੜ੍ਹ ਸਾਹਿਬ ਵਿਖੇ ਸਮਾਗਮ ‘ਚ ਆਏ ਪ੍ਰਚਾਰਕਾਂ ਦੇ ਹਮਾਇਤੀ ਅਤੇ ਹੋਰ ਰਾਜਨੀਤਕ ਲੋਕ ਸਿੱਖ ਪ੍ਰਚਾਰਕਾਂ ਨੂੰ ਸਿਰਫ ਵਿਦਾ ਕਰਨਗੇ । ਉਹ ਮਾਰਚ ਵਿਚ ਸ਼ਾਮਿਲ ਨਹੀਂ ਹੋਣਗੇ ।

ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਮਾਰਚ ‘ਚ ਸ਼ਾਮਿਲ ਪ੍ਰਚਾਰਕ ਸਤਿਨਾਮ, ਵਾਹਿਗੁਰੂ ਦਾ ਜਾਪ ਕਰਨਗੇ ਤੇ ਕਿਸੇ ਕਿਸਮ ਦਾ ਕੋਈ ਨਾਹਰਾ ਨਹੀਂ ਲਗਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਅਸੀਂ ਪੂਰੀ ਦੁਨੀਆ ਨੂੰ ਇਹ ਦੱਸਣ ਜਾ ਰਹੇ ਹਾਂ ਕਿ ਸਿੱਖ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਵਸਣਾ ਚਾਹੁੰਦੇ ਹਨ, ਪਰ ਹੁਕਮਰਾਨ ਉਨ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਮਲੀਆਮੇਟ ਕਰਨ ‘ਤੇ ਲੱਗੇ ਹੋਏ ਹਨ, ਸਿੱਖ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੇ ਵਿਰੋਧ ਕਰਨ ਵਾਲਿਆਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ ਅਸੀਂ ਫਿਰ ਵੀ ਸ਼ਾਂਤਮਈ ਰਹਿਕੇ ਆਪਣਾ ਖੂਨ ਮੁੱਖ ਮੰਤਰੀ ਨੂੰ ਦੇਣ ਜਾਵਾਂਗੇ ।ਉਹ ਮੰਗ ਕਰ ਰਹੇ ਹਨ ਕਿ ਸਿੱਖ ਤਖਤਾਂ ਤੇ ਸ਼੍ਰੋਮਣੀ ਕਮੇਟੀ ਉੱਪਰ ਸਰਕਾਰੀ ਗਲਬਾ ਖਤਮ ਹੋਵੇ ਤੇ ਜਥੇਦਾਰ ਦੀ ਨਿਯੁਕਤੀ ਮੁੱਖ ਮੰਤਰੀ ਦੀ ਕੋਠੀ ਦੀ ਥਾਂ ਪੰਥਕ ਜਥੇਬੰਦੀਆਂ ਦੇ ਇਕੱਠ ‘ਚ ਰਾਇ ਮਸ਼ਵਰੇ ਨਾਲ ਕੀਤੀ ਜਾਵੇ । ਭਾਈ ਮੋਹਕਮ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲੇ ‘ਚ ਕੌਮਾਂਤਰੀ ਹੱਥ ਹੋਣ ਦਾ ਰੌਲਾ ਪਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕਹਾਣੀ ਘੜਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਵੀ ਸਖਤ ਕਾਰਵਾਈ ਹੋਵੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,