ਖਾਸ ਖਬਰਾਂ » ਸਿੱਖ ਖਬਰਾਂ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ’ਤੇ ਖਾਸ: ਛੁਰੀ ਵਗਾਇਨਿ ਤਿਨ ਗਲਿ ਤਾਗ

November 29, 2010 | By

24 ਨਵੰਬਰ ਨੂੰ ਸਮੁੱਚਾ ਸਿੱਖ ਜਗਤ, ਨੌਵੇਂ ਪਾਤਸ਼ਾਹ, ਧਰਮ ਦੀ ਚਾਦਰ, ਮਨੁੱਖਤਾ ਦੇ ਇਤਿਹਾਸ ਵਿੱਚ ਅਲੋਕਾਰ ਸ਼ਹਾਦਤ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 335ਵੇਂ ਸ਼ਹੀਦੀ ਦਿਨ ਦੀ ਯਾਦ ਨੂੰ ਦੁਨੀਆ ਭਰ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾ ਰਿਹਾ ਹੈ। ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਪਹਿਲਾਂ ਹੀ ‘ਭਗਵਾਂਕਰਣ’ ਕਰ ਚੁੱਕੇ, ਮੌਜੂਦਾ ਅਕਾਲ ਤਖਤ ਜਥੇਦਾਰ ਨੇ, ਇਸ ਵਾਰ ਫੇਰ ਇੱਕ ਵਾਰ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਐਲਾਨ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ 24 ਨਵੰਬਰ ਨੂੰ ਆਉਂਦਾ ਹੈ ਪਰ ਗੁਰੂ ਨਾਨਕ ਸਾਹਿਬ ਦਾ 21 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾ ਕੇ, ਸਿੱਖ ਸੰਗਤਾਂ ਥੱਕੀਆਂ ਹੋਣਗੀਆਂ, ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ 24 ਨਵੰਬਰ ਦੀ ਬਜਾਏ, 10 ਦਸੰਬਰ ਨੂੰ ਮਨਾਇਆ ਜਾਵੇ। ਇਹ ਨਾ-ਸਿਰਫ ਨਾਨਕਸ਼ਾਹੀ ਕੈਲੰਡਰ ਨੂੰ ਇੱਕ ਮਜ਼ਾਕ ਬਣਾਉਣ ਵਾਲੀ ਗੱਲ ਹੈ, ਬਲਕਿ 26 ਮਿਲੀਅਨ ਸਿੱਖ ਕੌਮ ਦੀ ਵੀ ਤੌਹੀਨ ਹੈ। ਸਿੱਖ ਸੰਗਤਾਂ ਨੇ ਇਸ ਮੁੱਦੇ ’ਤੇ ਵੀ ਉਵੇਂ ਹੀ ਰੋਸ ਜ਼ਾਹਰ ਕੀਤਾ ਜਿਵੇਂ ਨਾਨਕਸ਼ਾਹੀ ਕੈਲੰਡਰ ਦੇ ਪਹਿਲੇ ਫੇਰ-ਬਦਲ ਮੌਕੇ ਕੀਤਾ ਸੀ। ਨਤੀਜੇ ਵਜੋਂ ਬਹੁਤ ਥਾਈਂ ਸਿੱਖ ਸੰਗਤਾਂ ਨੇ, ਸ਼ਹੀਦੀ-ਪੁਰਬ 24 ਨਵੰਬਰ ਨੂੰ ਹੀ ਮਨਾਉਣ ਦਾ ਫੈਸਲਾ ਕੀਤਾ ਹੈ। 24 ਨਵੰਬਰ ਨੂੰ ਗੁਰਪੁਰਬ ਮਨਾਉਣ ਵਾਲਿਆਂ ਵਿੱਚ, ਪ੍ਰਦੇਸੀ ਸਿੱਖ ਸੰਗਤਾਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਮਲ ਹਨ। ਪੰਜਾਬ ਵਿੱਚ ਵੀ ਇਸ ਫੈਸਲੇ ਵਿਰੁੱਧ ਵਿਦਰੋਹ ਹੁੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਸਥਾਨ ਬਾਬਾ ਬਕਾਲਾ (ਜਿਹੜਾ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ) ਸਮੇਤ ਕਈ ਥਾਵਾਂ ’ਤੇ ਇਹ ਦਿਨ 24 ਨਵੰਬਰ ਨੂੰ ਹੀ ਮਨਾਉਣ ਦਾ ਫੈਸਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਆਪਣਾ ‘ਖੇਡ ਟੂਰਨਾਮੈਂਟ’ ਵੀ 24 ਨਵੰਬਰ ਨੂੰ ਹੀ ਰੱਖਿਆ ਹੋਇਆ ਹੈ। ਸਿੱਖ ਸੰਗਤਾਂ ਵਲੋਂ ਕੀਤੇ ਗਏ ਇਸ ‘ਚੈਲੰਜ’ ’ਤੇ ਨਿੰਮੋਝੂਣੇ ਹੋਏ ਜਥੇਦਾਰ ਅਕਾਲ ਤਖਤ ਨੇ ਕਿਹਾ – ‘ਸਿੱਖ ਸੰਗਤਾਂ ਜਦੋਂ ਮਰਜ਼ੀ ਇਹ ਦਿਨ ਮਨਾਉਣ, ਅਸੀਂ ਕਿਹੜਾ ‘ਹੁਕਮਨਾਮਾ’ ਜਾਰੀ ਕੀਤਾ ਸੀ – ਸੁਝਾਅ ਹੀ ਦਿੱਤਾ ਸੀ….।’ ਇਹ ਕਿੰਨੀ ਨਮੋਸ਼ੀ ਦੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਨਾਮ ਅਤੇ ਜਥੇਦਾਰ ਦੇ ਰੁਤਬੇ ਦੀ ਇੰਨੀ ਕੁਵਰਤੋਂ ਹੋ ਰਹੀ ਹੈ ਪਰ ਸਿੱਖ ਕੌਮ, ਇਸ ਸਭ ਨੂੰ ਬਰਦਾਸ਼ਤ ਕਰਦੀ ਚਲੀ ਜਾ ਰਹੀ ਹੈ। ਅਖੀਰ ਕਦੋਂ ਤੱਕ ਇਹ ਸਭ ਕੁਝ ਇਵੇਂ ਹੀ ਚੱਲਦਾ ਰਹੇਗਾ? ਕੀ ਇਸ ‘ਧਾਰਮਿਕ ਅਜ਼ਾਰੇਦਾਰੀ’ ਵਾਲੇ ਮਾਹੌਲ ਨੂੰ ਬਦਲਣ ਲਈ ਅਸੀਂ ਕਦੀ ਲਾਮਬੰਦ ਹੋ ਸਕਾਂਗੇ ਜਾਂ ਬਾਦਲ-ਮੱਕੜ ਘੁਣ ਇਵੇਂ ਹੀ ਪੰਥਕ ਸੰਸਥਾਵਾਂ ਨੂੰ ਤਬਾਹ ਕਰਦਾ ਚਲਾ ਜਾਏਗਾ? 1675 ਈਸਵੀ ਨੂੰ, ਦਿੱਲੀ ਦੇ ਚਾਂਦਨੀ ਚੌਂਕ (ਜਿਥੇ ਅੱਜ ਆਲੀਸ਼ਾਨ ਗੁਰਦੁਆਰਾ, ਸੀਸ ਗੰਜ ਸਾਹਿਬ ਸ਼ੁਸ਼ੋਭਿਤ ਹੈ) ਵਿੱਚ, ਮਨੁੱਖ ਮਾਤਰ ਦੀ ‘ਧਾਰਮਿਕ ਆਜ਼ਾਦੀ’ ਲਈ ਗੁਰੂ ਸਾਹਿਬ ਦੀ ਦਿੱਤੀ ਗਈ ਸ਼ਹਾਦਤ, ਉਹ ਉੱਚਾ ਚਾਨਣ-ਮੁਨਾਰਾ ਹੈ, ਜਿਸ ਦਾ ਕੋਈ ਸਾਨ੍ਹੀ ਨਹੀਂ ਹੈ। ਦਸਵੇਂ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਵਰਨਣ ਕਰਦਿਆਂ ਫੁਰਮਾਇਆ ਸੀ-‘ਤਿਲਕ -ਜੰਝੂ ਰਾਖਾ ਪ੍ਰਭ ਤਾਕਾ

ਕੀਨੋ ਬਡੋ ਕਲੂ ਮਹਿ ਸਾਕਾ’

ਜ਼ਾਹਰ ਹੈ ਕਿ ਤਿਲਕ ਤੇ ਜੰਝੂ ਨਾ ਹੀ ਸਿੱਖੀ ਦਾ ਚਿੰਨ੍ਹ ਸਨ ਤੇ ਨਾ ਹੀ ਸਿੱਖ ਜਗਤ ਇਨ੍ਹਾਂ ਵਿੱਚ ਵਿਸ਼ਵਾਸ਼ ਰੱਖਦਾ ਸੀ। ਇਸ ਦੇ ਉਲਟ ਤਿਲਕ -ਜੰਝੂ ਦੀ ਵੀਚਾਰਧਾਰਾ ਤੇ ਇਹਨੂੰ ਧਾਰਨ ਕਰਨ ਵਾਲਿਆਂ ਨੂੰ, ਲਗਭਗ 9 ਸਾਲ ਦੀ ਉਮਰ ਵਿੱਚ, ਗੁਰੂ ਨਾਨਕ ਸਾਹਿਬ ਨੇ ਮੁਕੰਮਲ ਤੌਰ ’ਤੇ ਨਕਾਰਦਿਆਂ, ਜਨੇਊ ਪਾਉਣ ਆਏ ਪੰਡਤ ਨੂੰ ਮੁਖਾਤਿਬ ਹੁੰਦਿਆਂ, ਫਰਮਾਇਆ ਸੀ –

‘ਦਇਆ ਕਪਾਹ, ਸੰਤੋਖ ਸੂਤ,

ਜਤ ਗੰਢੀ, ਸਤ ਵੱਟ।

ਇਹ ਜਨੇਊ ਜੀਅ ਕਾ,

ਹਈ ਤਾਂ ਪਾਂਡੇ ਘੱਤ।’

ਭਾਵ ਸਪੱਸ਼ਟ ਸੀ ਕਿ ਤਿਲਕ-ਜੰਝੂ ਵੀਚਾਰਧਾਰਾ ਦਾ ਜਨਮ-ਦਾਤਾ ਬ੍ਰਾਹਮਣ, ਦਇਆ, ਸੰਤੋਖ, ਜਤ ਤੇ ਸਤ ਦੇ ਸਾਰੇ ਗੁਣਾਂ ਤੋਂ ਸੱਖਣਾ ਸੀ। ਉਹ ਦੰਭੀ, ਫਰੇਬੀ, ਛੁਰੀ ਚਲਾਉਣ ਵਾਲਾ, ਲੋਕਾਂ ਦੇ ਹੱਕ ਖੋਹਣ ਵਾਲਾ, ਜਗਤ ਕਸਾਈ ਸੀ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ –

‘ਮਥੈ ਟਿੱਕਾ, ਤੇੜ ਧੋਤੀ ਕਖਾਈ।

ਹੱਥ ਛੁਰੀ, ਜਗਤ ਕਸਾਈ।’

ਫੇਰ ਸਵਾਲ ਪੈਦਾ ਹੁੰਦਾ ਹੈ ਕਿ ਲਗਭਗ ਦੋ ਸਦੀਆਂ ਬਾਅਦ, 9 ਸਾਲ ਦੇ ਕਰੀਬ ਉਮਰ ਦੇ ਹੀ ਬਾਲਾ-ਪ੍ਰੀਤਮ, ਆਪਣੇ ਪਿਤਾ ਨੂੰ, ਕਸ਼ਮੀਰੀ ਪੰਡਤਾਂ ਦੀ ਫਰਿਆਦ ’ਤੇ ਉਨ੍ਹਾਂ ਦੀ ਬਾਂਹ ਪਕੜਨ ਦੀ ਵਕਾਲਤ ਕਿਉਂ ਕਰਦੇ ਹਨ? ਜਵਾਬ ਵੀ ਜ਼ਾਹਰ ਹੈ। ਗੁਰੂ ਨਾਨਕ ਸਾਹਿਬ, ਆਪਣੇ ‘ਨਿਰਮਲ ਪੰਥ’ (ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ) ਦਾ ਨਿਆਰਾਪਣ ਅਤੇ ਨਿਵੇਕਲਾਪਣ, ਹਿੰਦੂ ਵੀਚਾਰਧਾਰਾ (ਤਿਲਕ ਜੰਝੂ ਦੀ) ਨੂੰ ਮੁਕੰਮਲ ਤੌਰ ’ਤੇ ਨਕਾਰ ਕੇ, ਦੁਨੀਆ ਦੇ ਸਾਹਮਣੇ ਰੱਖਦੇ ਹਨ। ਪਰ ਇਸ ਨਾਨਕ-ਪੰਥ ਦੀ ਸੁੱਚੀ ਵਿਚਾਰਧਾਰਾ ਵਿੱਚ, ਜੋਰ-ਜ਼ਬਰਦਸਤੀ ਨਾਲ ਕਿਸੇ ਨੂੰ ਕਿਸੇ ਦਾ ਅਕੀਦਾ ਬਦਲਣ ਦਾ ਕੋਈ ਹੱਕ ਹਾਸਲ ਨਹੀਂ ਹੈ।

ਦਸਵੇਂ ਪਾਤਸ਼ਾਹ ਆਪਣੇ ਮੁੱਖ-ਵਾਕ ਵਿੱਚ ਸਪੱਸ਼ਟ ਕਰਦੇ ਹਨ – ‘ਤਿਲਕ ਜੰਝੂ ਰਾਖਾ, ਪ੍ਰਭ ਤਾਕਾ’ ਤਾਕਾ ਦਾ ਮਤਲਬ ਹੈ ‘ਉਨ੍ਹਾਂ ਦਾ’, ਭਾਵ ਹਿੰਦੂਆਂ ਦਾ। (ਸਿੱਖਾਂ ਲਈ ਇਹ ਅਹਿਮੀਅਤ ਨਹੀਂ ਰੱਖਦਾ)। ਸੋ ਨੌਵੇਂ ਪਾਤਸ਼ਾਹ, ਸਚਮੁੱਚ ‘ਧਰਮ ਦੀ ਚਾਦਰ’ ਹਨ ਨਾਕਿ ‘ਹਿੰਦ ਦੀ ਚਾਦਰ’। ਗੁਰੂ ਸਾਹਿਬ ਨੂੰ ‘ਹਿੰਦ ਦੀ ਚਾਦਰ’ ਦੱਸਣਾ, ਉਨ੍ਹਾਂ ਦੀ ਕੁਰਬਾਨੀ ਨੂੰ ਹਿੰਦੂ ਰਾਸ਼ਟਰਵਾਦ ਦੇ ਖਾਤੇ ਵਿੱਚ ਪਾਉਣ ਦੇ ਨਾਲ ਨਾਲ, ਇਸ ਸ਼ਹਾਦਤ ਨੂੰ ‘ਮਨੁੱਖਤਾ ਲਈ ਸ਼ਹਾਦਤ’ ਦੇ ਰੁਤਬੇ ਤੋਂ ਹੇਠਾਂ ਲਿਆਉਣਾ ਹੈ। ਦਸਮੇਸ਼ ਪਿਤਾ ਦਾ ਫੁਰਮਾਨ, ਹਮੇਸ਼ਾ-ਹਮੇਸ਼ਾ ਲਈ ਖਾਲਸੇ ਨੂੰ ਤਾੜਨਾ ਭਰਪੂਰ ਯਾਦ ਕਰਵਾਉਂਦਾ ਹੈ –

‘ਜਬ ਲਗ ਖਾਲਸਾ ਰਹੇ ਨਿਆਰਾ,

ਤਬ ਲਗ ਤੇਜ ਦੀਓ ਮੈ ਸਾਰਾ।

ਜਬ ਇਹ ਗਹਿਹ ਬਿਪਰਨ ਕੀ ਰੀਤ,

ਮੈਂ ਨਾ ਕਰਉਂ ਇਨਕੀ ਪ੍ਰਤੀਤ।’

ਗੁਰੂ ਸਾਹਿਬ ਬਿਪਰਨ ਕੀ ਰੀਤ (ਬ੍ਰਾਹਮਣ ਧਰਮ) ਤੋਂ ਦੂਰ ਰਹਿਣ ਦੀ ਮਜ਼ਬੂਤ ਲੀਕ ਖਿੱਚਦੇ ਹਨ।

ਗੁਰੂ ਸਾਹਿਬ ਦੀ ਹਦਾਇਤ, ਸਿੱਖਾਂ ਨੂੰ ਤਾਂ ਪਤਾ ਨਹੀਂ ਕਿੰਨੀ ਕੁ ਸਮਝ ਆਈ ਹੈ ਪਰ ਸਾਡੀ ਦੁਸ਼ਮਣ ਬਿਪਰਨ ਵਿਚਾਰਧਾਰਾ ਅਤੇ ਇਨ੍ਹਾਂ ਵਲੋਂ ਖਰੀਦੇ ਗਏ ‘ਪੱਗ਼ੜੀਧਾਰੀ ਹਿੰਦੂ’ ਪੂਰੇ ਜ਼ੋਰ ਨਾਲ, ਸਿੱਖੀ ਦੀ ਵਿਲੱਖਣਤਾ ਨੂੰ ਹਿੰਦੂ ਸਾਗਰ ਵਿੱਚ ਗਰਕ ਕਰਨ ਲਈ ਪੂਰਾ ਤਾਣ ਲਾ ਰਹੇ ਹਨ। ਅੰਮ੍ਰਿਤਸਰ (ਦਿਹਾਤੀ) ਦੇ ਸਾਬਕਾ ਸੀਨੀਅਰ ਸੁਪਰਡੈਂਟ ਪੁਲੀਸ (ਐਸ. ਐਸ. ਪੀ.) ਇਕਬਾਲ ਸਿੰਘ ਨੇ, ਕੁਝ ਸਮਾਂ ਪਹਿਲਾਂ ਇੱਕ ਪੁਸਤਕ ਲਿਖੀ ਹੈ, ਜਿਸ ਦਾ ਨਾਂ ਹੈ -‘ਬ੍ਰਾਹਮਣ ਭਲਾ ਆਖੀਏ’। ਇਸ ਪੁਸਤਕ ਦਾ ਮੁੱਖ-ਬੰਧ, ਪੰਜਾਬ ਪੁਲੀਸ ਦੇ ਸਾਬਕਾ ਡੀ. ਜੀ. ਪੀ. ਅਤੇ ਹੁਣ ਨਾਗਾਲੈਂਡ ਦੇ ਗਵਰਨਰ, ਓ. ਪੀ. ਸ਼ਰਮਾ ਨੇ ਲਿਖਿਆ ਹੈ। ਯਾਦ ਰਹੇ, ਇਹ ਉਹੀ ਓ. ਪੀ. ਸ਼ਰਮਾ ਹੈ -ਜਿਹੜਾ ਬੁੱਚੜ ਕੇ. ਪੀ. ਗਿੱਲ ਦੇ ਵੇਲੇ ਪੰਜਾਬ ਵਿੱਚ ‘ਇੰਟੈਲੀਜੈਂਸ’ ਦਾ ਡੀ. ਜੀ. ਪੀ. ਸੀ ਅਤੇ ਸਿੱਖ ਨਸਲਕੁਸ਼ੀ ਦੀ ਸਾਰੀ ਕਾਰਵਾਈ ਇਸ ਦੀ ਜਾਣਕਾਰੀ, ਦੇਖ-ਰੇਖ ਅਤੇ ਸਿੱਧੀ ਕਮਾਂਡ ਹੇਠ ਹੀ ਹੋਈ ਸੀ। ਮੁੱਖ ਮੰਤਰੀ ਬੇਅੰਤ ਦੇ ਮਾਰੇ ਜਾਣ ਤੋਂ ਬਾਅਦ, ਕੇ. ਪੀ. ਗਿੱਲ ਨੂੰ ਰੀਟਾਇਰ ਕਰਕੇ, ਫੇਰ ਇਸੇ ਓ. ਪੀ. ਸ਼ਰਮੇ ਨੂੰ ਪੰਜਾਬ ਪੁਲੀਸ ਦਾ ਡੀ. ਜੀ. ਪੀ. ਲਗਾਇਆ ਗਿਆ ਸੀ। ਡੀ. ਜੀ. ਪੀ. ਤੋਂ ਰਿਟਾਇਰ ਹੋਣ ਤੋਂ ਬਾਅਦ, ‘ਸਿੱਖ ਨਸਲਕੁਸ਼ੀ’ ਦੇ ਇਨਾਮ ਵਜੋਂ, ਇਸ ਨੂੰ ਨਾਗਾਲੈਂਡ ਦਾ ਗਵਰਨਰ ਲਗਾਇਆ ਗਿਆ।

ਦਿਲਚਸਪ ਗੱਲ ਇਹ ਹੈ ਕਿ ਇਸ ਪੁਸਤਕ ਦੇ ਰਿਲੀਜ਼ ਹੋਣ ਮੌਕੇ ਜਿੱਥੇ ਟ੍ਰਿਬਿਊਨ ਅਖਬਾਰ ਨੇ, ਇਸ ਪੁਸਤਕ ਸਬੰਧੀ ਦਿੱਤੀ ਖਬਰ ਦਾ ਸਿਰਲੇਖ ਦਿੱਤਾ – ‘ਬ੍ਰਾਹਮਣਾਂ ਦੀ ਸਿੱਖ ਧਰਮ ਨੂੰ ਦੇਣ ਨੂੰ ਉਜਾਗਰ ਕੀਤਾ’ ਉਥੇ ਲੇਖਕ ਇਕਬਾਲ ਸਿੰਘ ਦੀ ਅਸਲੀਅਤ ਨੂੰ ਇਉਂ ਦਰਸਾਇਆ – ‘ਇਕਬਾਲ ਸਿੰਘ ਉਹ ਪੁਲੀਸ ਅਫਸਰ ਹੈ, ਜਿਸ ਨੇ ਉਦੋਂ ਦੇ ਡੀ. ਜੀ. ਪੀਆਂ (ਸਮੇਤ ਓ. ਪੀ. ਸ਼ਰਮਾ ਅਤੇ ਕੇ. ਪੀ. ਗਿੱਲ) ਦੀ ਭਾਰੀ ਪ੍ਰਸ਼ੰਸਾ ਖੱਟੀ ਸੀ – ਕਿਉਂਕਿ ਉਸ ਵਲੋਂ ਭੇਜੀਆਂ ਗਈਆਂ ਖੁਫੀਆ ਰਿਪੋਰਟਾਂ ਦੇ ਅਧਾਰ ’ਤੇ ਨਾ-ਸਿਰਫ ਬਹੁਤ ਸਾਰਾ ਦਾਰੂ ਸਿੱਕਾ ਹੀ ਫੜਿਆ ਜਾਂਦਾ ਰਿਹਾ ਬਲਕਿ ਬਹੁਤ ਸਾਰੇ ਸਿੱਖ ਦਹਿਸ਼ਤਗਰਦ ਵੀ ਮਾਰੇ ਗਏ ਸਨ।’

ਪਾਠਕਜਨ! ਸਿੱਖ ਨਸਲਕੁਸ਼ੀ ਵਿੱਚ ਮੋਹਰੀ ਰੋਲ ਨਿਭਾਉਣ ਵਾਲੀ ਟੀਮ ਦਾ ਇੱਕ ਅਹਿਮ ਮੈਂਬਰ ਇਕਬਾਲ ਸਿੰਘ, ਸਿੱਖ ਗੁਰੂਆਂ ਨੂੰ ਵੀ ਬ੍ਰਾਹਮਣ-ਪ੍ਰਸ਼ੰਸਾ ਦੇ ਖੜਯੰਤਰ ਵਿੱਚ ਲਿਆ ਕੇ ਲਿਖਦਾ ਹੈ – ‘ਸਿੱਖ ਗੁਰੂਆਂ ਦੇ ਮਨ ਵਿੱਚ ਬ੍ਰਾਹਮਣਾਂ ਦੀਆਂ ਯੋਗਤਾਵਾਂ ਲਈ ਬਹੁਤ ਸਤਿਕਾਰ ਸੀ। ਇਸ ਲਈ ਉਨ੍ਹਾਂ ਦੀਆਂ ਯੋਗਤਾਵਾਂ ਦੇ ਅਧਾਰ ’ਤੇ ਉਨ੍ਹਾਂ ਨੂੰ ਬਹੁਤ ਜ਼ਿੰਮੇਵਾਰੀ ਵਾਲੇ ਅਹੁਦੇ ਦਿੱਤੇ ਗਏ ਕਿਉਂਕਿ ਬ੍ਰਾਹਮਣਾਂ ਦੀ ਸਮਾਜ ਪ੍ਰਤੀ ਬੜੀ ਡੂੰਘੀ ਆਸਥਾ ਤੇ ਵਚਨਬੱਧਤਾ ਸੀ। ਆਪਣੇ ਬ੍ਰਾਹਮਣੀ ਪਿਛੋਕੜ ਕਰਕੇ, ਉਹ ਆਮ ਬੰਦਿਆਂ ਦੀ ਸਮਝ ਅਤੇ ਗਿਆਨ ਲਈ ਗੁਰਮਤਿ ਦੀ ਬੜੀ ਵਧੀਆ ਵਿਆਖਿਆ ਕਰਦੇ ਸਨ।’ ਇਕਬਾਲ ਸਿੰਘ ਆਪਣੀ ‘ਬ੍ਰਾਹਮਣ ਭਗਤੀ’ ਵਿੱਚ ਇਹ ਕਹਿਣ ਤੱਕ ਵੀ ਜਾਂਦਾ ਹੈ ਕਿ ਬ੍ਰਾਹਮਣਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ 45 ਫੀ ਸਦੀ ਦੇਣ ਹੈ, 11 ਭੱਟ ਗੁਰੂ ਸਾਹਿਬ ਦੀ ਖਾਤਰ ਸ਼ਹੀਦ ਹੋਏ, ਆਦਿ ਆਦਿ।

ਸਿੱਖ ਧਰਮ ਦਾ, ਕਿਸੇ, ਜਾਤ, ਧਰਮ, ਨਸਲ ਨਾਲ ਵੈਰ ਨਹੀਂ ਹੈ, ਇਸ ਵਿੱਚ ਬ੍ਰਾਹਮਣ ਵੀ ਸ਼ਾਮਲ ਹਨ ਪਰ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਨਾ-ਸਿਰਫ ਗੁਰੂ ਸਾਹਿਬ ਨੇ ਮੁੱਢੋਂ-ਸੁੱਢੋਂ ਹੀ ਨਕਾਰਿਆ ਹੈ ਬਲਕਿ ਇਸ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਨੇ, ਸਿੱਖ ਧਰਮ ਨਾਲ ਪੰਜ ਸਦੀਆਂ ਤੋਂ ‘ਵੈਰ’ ਹੀ ਕਮਾਇਆ ਹੈ। ਜੂਨ-1984 ਵਿੱਚ, ਅਕਾਲ ਤਖਤ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ’ਤੇ ਹਮਲਾ, ਬਿਪਰ ਦੇ ਇਸ ਵੈਰ ਦੀ ਸਿਖਰ ਸੀ। ਇਕਬਾਲ ਸਿੰਘ ਵਰਗਾ ਪੁਲਸੀਆ, ਜਦੋਂ ਸਾਨੂੰ ‘ਬ੍ਰਾਹਮਣ ਭਲਾ ਆਖੀਏ’ ਦਾ ਉਪਦੇਸ਼ ਸੁਣਾਉਂਦਾ ਹੈ ਤਾਂ ਇਹ ਠੀਕ ਇਵੇਂ ਹੀ ਹੈ ਜਿਵੇਂ ਸ਼ੰਕਰਾਚਾਰੀਆ ਦੇ ਜ਼ਮਾਨੇ ਵਿੱਚ ਲੱਖਾਂ ਬੋਧੀਆਂ ਨੂੰ ਹਿੰਸਕ ਤੌਰ-ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰ ਕੇ, ਭਾਰਤ ਵਿੱਚੋਂ ਬੁੱਧ ਧਰਮ ਦਾ ਮੁਕੰਮਲ ਸਫਾਇਆ ਕਰਕੇ, ਬ੍ਰਾਹਮਣਾਂ ਨੇ ਬੁੱਧ ਦਾ ਨਾਹਰਾ ਬੜੀ ਉੱਚੀ ਸੁਰ ਵਿੱਚ ਬੁਲੰਦ ਕੀਤਾ ਸੀ (ਜਿਹੜਾ ਅਜੇ ਵੀ ਕਰਦੇ ਆ ਰਹੇ ਹਨ) – ‘ਅਹਿੰਸਾ ਪਰਮੋ ਧਰਮਾ’ (ਸਭ ਤੋਂ ਵੱਡਾ ਧਰਮ, ਅਹਿੰਸਾ ਹੀ ਹੈ)।

ਜਿਹੜਾ ਗੁਰੂ ਸਾਹਿਬਾਨ ਦੇ ਸਿੱਖ ਧਰਮ ਦੇ ਗੁਰਮਤਿ-ਅਸੂਲਾਂ ਨੂੰ ਧਾਰਨ ਕਰਕੇ ‘ਸਿੱਖ’ ਬਣ ਜਾਂਦਾ ਹੈ, ਉਸਦਾ ਫੇਰ ਕੋਈ ਪਿਛੋਕੜ ਜਾਤ-ਵਰਣ ਨਹੀਂ ਰਹਿੰਦਾ। ਇਸ ਧਰਮ ਨੂੰ ਧਾਰਨ ਕਰਨ ਵਾਲਿਆਂ ਵਿੱਚ ਭੱਟਾਂ ਸਮੇਤ ਕਈ ਬ੍ਰਾਹਮਣ ਵੀ ਸਨ ਪਰ ਉਸ ਨੂੰ ‘ਬ੍ਰਾਹਮਣਾਂ ਦੀ ਸਿੱਖ ਧਰਮ ਨੂੰ ਦੇਣ’ ਕਹਿਣਾ ਅਤੇ ਇਸ ਅਖੌਤੀ ਦੇਣ ਨੂੰ ਬਾਕੀਆਂ ਨਾਲੋਂ ‘ਉੱਚੀ ਸਾਬਤ’ ਕਰਨਾ ਅਜੋਕੇ ਬਿਪਰ ਦੀ ਖਤਰਨਾਕ ਚਾਲ ਹੈ, ਜਿਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜਾਤਾਂ ਦੇ ਨਾਂ ’ਤੇ ਗੁਰਦੁਆਰੇ ਬਣਾਉਣ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ ਅਤੇ ਆਪੋ-ਆਪਣੇ ਜਾਤ-ਕਬੀਲਿਆਂ ਦੇ ‘ਸ਼ਹੀਦ’ ਵੀ ਵੰਡੇ ਜਾ ਰਹੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਅਸਲੀ ਵਾਰਸ, ਖਾਲਸਾ ਪੰਥ ਦੀ ਥਾਂ ’ਤੇ, ਕੁਝ ਰੁੰਡਤ-ਮੁੰਡਤ ਅਖੌਤੀ ‘ਵੈਰਾਗੀ’ ਨਿਕਲ ਆਏ ਹਨ, ਜਿਹੜੇ ਖੁਫੀਆ ਏਜੰਸੀਆਂ ਦੀ ਮੱਦਦ ਨਾਲ, ‘ਬੈਰਾਗੀ ਮਹਾਂ-ਮੰਡਲ’ ਬਣਾ ਕੇ, ਬਾਬਾ ਬੰਦਾ ਸਿੰਘ ਦਾ ਸ਼ਹੀਦੀ ਦਿਨ-ਮਨਾ ਰਹੇ ਹਨ, ਜਿਸ ਜਾਲ ਵਿੱਚ ਕੁਝ ਭੋਲੇ ਭਾਲੇ ਸਿੱਖ ਵੀ ਫਸ ਰਹੇ ਹਨ। ਬ੍ਰਾਹਮਣ ਸਭਾ, ਪੰਜਾਬ ਨੇ ਪਹਿਲਾਂ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ (ਜਿਹੜੇ ਤਿੰਨ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਕੀਤੇ ਗਏ) ’ਤੇ ਆਪਣਾ ਦਾਅਵਾ ਜਤਾਇਆ ਹੋਇਆ ਹੈ। ਆਰ.ਐੱਸ. ਐੱਸ. ਇਨ੍ਹਾਂ ਦੀ ਪਿੱਠ ’ਤੇ ਖੜ੍ਹਾ ਹੈ।

ਕੁਝ ਦਿਨ ਪਹਿਲਾਂ ਇੱਕ ਅਕਾਲੀ ਵਜ਼ੀਰ ਸੇਵਾ ਸਿੰਘ ਸੇਖਵਾਂ ਦੀ ਸਰਪ੍ਰਸਤੀ ਹੇਠ, ਇੱਕ ਖਾਸ ਜ਼ਾਤ (ਸੈਣ ਬਰਾਦਰੀ) ਦੇ ਲੋਕਾਂ ਨੇ ਦਸਮੇਸ਼ ਪਿਤਾ ਦੇ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਾਹਿਬ ਸਿੰਘ ਜੀ ਦਾ ਸ਼ਹੀਦੀ ਦਿਨ ਮਨਾਇਆ। ਵਜ਼ੀਰ ਸਾਹਿਬ ਨੇ ਇਸ ਮੌਕੇ ਐਲਾਨ ਕੀਤਾ ਕਿ ‘ਇਸ ਜ਼ਾਤ’ ਦੀ ਕੁੜੀਆਂ ਨੂੰ ਵੀ, ਸਰਕਾਰ ਵਲੋਂ ਦਿੱਤੀ ਜਾਂਦੀ ‘ਸ਼ਗਨ ਸਕੀਮ’ ਅਨੁਸਾਰ ‘ਸ਼ਗਨ’ ਦਿੱਤਾ ਜਾਵੇਗਾ। ਕੀ ਜ਼ਾਤ-ਰੰਗ-ਨਸਲ ਦੇ ਭਿੰਨ-ਭੇਦ ਮਿਟਾ ਕੇ, ਪ੍ਰਗਟ ਕੀਤਾ ‘ਖਾਲਸਾ’ ਹੁਣ ਵਾਪਸ ਹਿੰਦੂ ਧਰਮ ਦੇ ਵਰਣ – ਆਸ਼ਰਮ ਵਿੱਚ ਗਰਕ ਨਹੀਂ ਹੋ ਰਿਹਾ? ਕੀ ਸਿੱਖ ਕੌਮ ਬਿਪਰਵਾਦ ਦੇ ਇਸ ਗੰਭੀਰ ਚੈਲੰਜ ਦਾ ਮੂੰਹ ਤੋੜ ਜਵਾਬ ਦੇਵੇਗੀ?

(ਧੰਨਵਾਦ ਸਹਿਤ ‘ਹਫਤਾਵਰੀ ਚੜ੍ਹਦੀਕਲਾ ਕੈਨੇਡਾ’ ਵਿੱਚੋਂ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: