ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਦੇ ਫੈਸਲੇ ਅਤੇ ਸਿੱਖ – ਸ਼੍ਰੋ.ਗੁ.ਪ੍ਰ.ਕ. ਚਿਰਾਂ ਤੋਂ ਸਿੱਖਾਂ ਦੀ ਨੁਮਾਇੰਦਾ ਨਹੀਂ ਹੈ

April 24, 2020 | By

ਚੰਡੀਗੜ੍ਹ: ਬੇਵਸ ਸਿੱਖ ਅਜੇ ਵੀ ਉਮੀਦ ਕਰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਮਰਾਜ ਸਿੰਘ ਉਮਰਾਨੰਗਲ ਵਰਗੇ ਪੁਲਿਸ ਅਫ਼ਸਰ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਸਿਰੋਪ ਨਹੀਂ ਸੀ ਦੇਣਾ ਚਾਹੀਦਾ ਜਿਸ ਨੇ ਕਿ ਝੂਠੇ ਪੁਲਿਸ ਮੁਕਾਬਲੇ ਕੀਤੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਵਾਲੇ ਕੇਸ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਕੇ.ਪੀ. ਐਸ ਗਿੱਲ, ਸੁਮੇਧ ਸੈਣੀ ਤੋਂ ਲੈ ਕੇ ਉਮਰਾਨੰਗਲ ਵਰਗੇ ਪੁਲਿਸ ਅਫ਼ਸਰ ਉਸ ਰਾਸ਼ਟਰਵਾਦੀ ਸਿਆਸਤ ਦੇ ਸੰਦ ਹਨ, ਜਿਹੜੀ ਹੁਣ ਬੀਜੇਪੀ ਰਾਹੀਂ ਖੁੱਲ੍ਹ ਕੇ ਹਿੰਦੂ ਰਾਸ਼ਟਰ ਦੀ ਸਿਰਜਣਾ ਕਰ ਰਹੀ ਹੈ। ਕਈ ਦਹਾਕਿਆਂ ਤੋਂ ਕਮੇਟੀ ਉੱਤੇ ਕਾਬਜ਼ ਬਾਦਲ ਅਗਵਾਈ ਵਾਲੇ ਅਕਾਲੀ ਦਲ ਭਾਜਪਾ ਦੇ ਸਹਾਰੇ ਨਾਲ ਸੱਤਾ ਹੰਢਾ ਰਹੇ ਹਨ। ਉਹ ਕਿਵੇਂ ਵਧਦੇ ਭਗਵੇਂ ਪ੍ਰਭਾਵ ਤੋਂ ਮੁਕਤ, ਆਜਾਦ ਹਸਤੀ ਵਾਲੀ ਸ਼ੋ੍ਮਣੀ ਕਮੇਟੀ ਕਾਇਮ ਰੱਖ ਸਕਦੇ ਹਨ?

ਬਾਦਲਾਂ ਦੇ ਰਾਸ਼ਟਰਵਾਦੀ ਨਵੀਂ ਦਿੱਲੀ ਸੱਤਾ ਕੇਂਦਰ ਦੇ ਵਰਤੇ ਪਰਖੇ ਏਜੰਟ ਹੋਣ ਕਰਕੇ ਹੀ ਸ਼੍ਰੋਮਣੀ ਕਮੇਟੀ ਉੱਤੇ ਪੱਕਾ ਕਬਜ਼ਾ ਕਰੀ ਬੈਠੇ ਹਨ। ਸੌ ਸਾਲ ਪਹਿਲਾਂ ਇਹ ਸੱਤਾ ਦਾ ਕੇਂਦਰ ਅੰਗਰ੍ਰੇਜ਼ਾਂ ਕੋਲ ਸੀ, ਜਿੰਨ੍ਹਾਂ ਨੂੰ ਹਿਚਕਚਾਹਟ ਕਰਦੇ ਅਕਾਲੀਆਂ ਦੇ ਮੋਢੇ ਉੱਤੇ ਗੁਰਦਆਰਾ ਐਕਟ ਅਤੇ ਐਸਜੀਪੀਸੀ ਉੱਤੇ ਲੱਦ ਦਿੱਤੇ ਅਤੇ ”ਪਤੰਗਾਂ ਵਾਲੀ ਡੋਰ” ਵਾਂਗ, ਜਾਣੀ ਚੋਣਾਂ ਦਾ ਤਰੀਕਾ ਅਤੇ ਕੰਟਰੋਲ ਆਪਣੇ ਕੋਲੇ ਰੱਖਿਆ। ਉਹ ਹੋਈ ਧੋਖਾ-ਧੜੀ ਉੱਤੇ ਪਰਦਾ ਪਾਕੇ ਰੱਖਣ ਲਈ ਦਿੱਲੀ ਦਰਬਾਰ ਦੇ ਵਫ਼ਾਦਾਰ ਅਕਾਲੀ ਐਸਜੀਪੀਸੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ ਰਹੇ। ਵਿਦੇਸ਼ੀ ਅੰਗ੍ਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਦੇ ਕੰਮਕਾਰ ਵਿਚ ਘੱਟ ਦਾਖਲ ਦਿੱਤਾ, ਕਿਉਂਕਿ ਉਹ ਕਿਹੜਾ ਸਿੱਖਾਂ ਨੂੰ ਹਿੰਦੂਆਂ ਵਿਚ ਰਲਾ ਕੇ, ਹਿੰਦੂ-ਕੌਮ ਖੜ੍ਹਾ ਕਰਨਾ ਚਾਹੁੰਦੇ ਸਨ।

1947 ਤੋਂ ਬਾਅਦ, ਹਿੰਦੂ ਪ੍ਰਭਾਵ ਵਾਲੇ ਭਾਰਤੀ ਰਾਜ ਪ੍ਰਬੰਧ ਨੇ ਅਕਾਲੀਆਂ ਦੀਆਂ ਗਤੀਵਿਧੀਆਂ ਨੂੰ ਕਾਬੂ ਵਿਚ ਰੱਖਣ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਅਸਿੱਧੀ ਵਰਤੋਂ ਕੀਤੀ। ਜਿਵੇਂ ਪਿੱਛੇ ਜਿਹੇ ਸ਼੍ਰੋਮਣੀ ਕਮੇਟੀ ਦੁਆਰਾ ਲਾਗੂ ਨਾਨਕਸ਼ਾਹੀ ਕੈਲੰਡਰ ਵਾਪਸ ਕਰਾ ਦਿੱਤਾ ਅਤੇ ਸਾਬਕਾ ਅਕਾਲ ਤਖ਼ਤ ਜਥੇਦਾਰ ਤੋਂ ਰਾਮ ਰਹੀਮ ਨੂੰ ਮਾਫ਼ ਕਰਾ ਦਿੱਤਾ, ਆਦਿ।

ਸ਼੍ਰੋਮਣੀ ਕਮੇਟੀ ਖੁੱਲ੍ਹੇ ਤੌਰ ‘ਤੇ ਸਿੱਖੀ ਅਤੇ ਸਿੱਖ ਹਿੱਤਾਂ ਵਿਰੁੱਧ 1980ਵੇਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਫ਼ਿਰ ਵੀ ਸਿੱਖ ਬਾਦਲਾਂ ਦਾ ਕਬਜ਼ਾ ਨਹੀਂ ਤੋੜ੍ਹ ਸਕੇ। ਕਿਉਂ? ਕਾਰਨ ਇੱਕ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਅਧਿਕਾਰ ਕੇਂਦਰ ਕੋਲ ਹੈ। ਦੂਜਾ, ਚੋਣਾਂ ਦੀ ‘ਮੌਜ਼ੂਦਾ ”ਫਾਸਟ-ਪਾਸਟ-ਦਾ-ਪੋਲ” ਪ੍ਰਣਾਲੀ ਹਮੇਸ਼ਾਂ ਵੱਡੀ ਧਿਰ ਨੂੰ ਵੱਧ ਹੇਰਾਫ਼ੇਰੀ ਕਰਨ ਦੇ ਮੌਕੇ ਦਿੰਦੀ ਹੈ। ਜਿਹੜੇ ਸਿੱਖ ਲੀਡਰ ਹੁਣ ਬਾਦਲਾਂ ਤੋਂ ਕਮੇਟੀ ਦਾ ਕਬਜ਼ਾ ਖੋਹਣਾ ਚਾਹੁੰਦੇ ਹਨ, ਉਹ ਸਿਰਫ਼ ਦਿੱਲੀ ਦੀ ਸੱਤਾ ਦੀ ਪਰਿਕਮਾ ਨਾ ਕਰਨ ਸਗੋਂ ਸ਼੍ਰੋਮਣੀ ਕਮੇਟੀ ਨੂੰ ਸਹੀ ਸਿੱਖਾਂ ਦੀ ਸੰਸਥਾ ਬਣਾਉਣ ਲਈ, ਐਸਜੀਪੀਸੀ ਐਕਟ ਵਿਚ ਤਰਮੀਮ ਕਰਵਾ ਕੇ ਚੋਣਾਂ ਦਾ ਪ੍ਰੋਪੋਰਸ਼ਨ ਰੀਪ੍ਰੈਜੈਂਟੇਟਿਵ (ਪੀ. ਆਰ) ਪ੍ਰਣਾਲੀ ਨੂੰ ਲਾਗੂ ਕਰਵਾਉਣ ਅਤੇ ਚੋਣਾਂ ਕਰਵਾਉਣ ਦਾ ਅਧਿਕਾਰ ਪੰਜਾਬ ਸਰਕਾਰ ਨੂੰ ਦਿਵਾਉਣ। ਨਹੀਂ ਤਾਂ, ਬਾਦਲਾਂ ਦੇ ਉਮਰਾਨੰਗਲ ਵਰਗੇ ਖਾਸ ਬੰਦਿਆਂ ਨੂੰ ਸ਼ੋ੍ਮਣੀ ਕਮੇਟੀ ਹਮੇਸ਼ਾਂ ਸਰੋਪਿਆਂ ਨਾਲ ਨਵਾਜ਼ਦੀ ਰਹੇਗੀ ਅਤੇ ਬੇਵੱਸ ਸਿੱਖ ਅਜਿਹੀਆਂ ਸਿੱਖ ਵਿਰੁੱਧ ਕਾਰਵਾਈਆਂ ਵਿਰੁੱਧ ਉੱਤੇ ਕੁੜ੍ਹਦੇ ਤੇ ਚੀਕਾਂ ਮਾਰਦੇ ਰਹਿ ਜਾਣਗੇ।

– ਜਸਪਾਲ ਸਿੰਘ ਸਿੱਧੂ, ਖੁਸ਼ਹਾਲ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।