ਸਿੱਖ ਖਬਰਾਂ

ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਪ੍ਰਕਾਸ਼ ਕੌਰ ਨੇ ਕੈਨੇਡਾ ਵਿੱਚ ਕੀਤਾ ਅਕਾਲ ਚਲਾਣਾ

September 30, 2014 | By

ਹੁਸ਼ਿਆਰਪੁਰ (29 ਸਤੰਬਰ, 2014): ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ (95) ਦਾ ਸੋਮਵਾਰ ਤੜਕੇ ਟੋਰਾਂਟੋ (ਕੈਨੇਡਾ) ਵਿਖੇ ਲੰਬੀ ਬਿਮਾਰੀ ਦੇ ਕਾਰਨ ਦਿਹਾਂਤ ਹੋ ਗਿਆ। ਭਗਤ ਸਿੰਘ ਦੇ ਬਾਕੀ 7 ਭੈਣ-ਭਰਾਵਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਬੀਬੀ ਪ੍ਰਕਾਸ਼ ਕੌਰ ਪਿਛਲੇ ਕੁਝ ਸਾਲਾਂ ਤੋਂ ਆਪਣੇ ਬੇਟੇ ਰੁਪਿੰਦਰ ਸਿੰਘ ਕੋਲ ਟੋਰਾਂਟੋ ‘ਚ ਰਹਿ ਰਹੇ ਸਨ।

Parkash-Kaur-sister-of-Shaheed-Bhagat-Singh-passes-away-in-Canada-e1411990821730

ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਪ੍ਰਕਾਸ਼ ਕੌਰ ਨੇ ਕਨੇਡਾ ਵਿੱਚ ਕੀਤਾ ਅਕਾਲ ਚਲਾਣਾ

90ਵਿਆਂ ਦੇ ਦੌਰ ਵਿੱਚ ਪੰਜਾਬ ਪੁਲਿਸ ਵੱਲੋਂ ਘਰੋਂ ਚੁੱਕ ਕੇ ਮਾਰੇ ਗਏ ਆਪਣੇ ਜਵਾਈ ਹਰਭਜਨ ਸਿੰਘ ਢੱਟ ਦੇ ਭਰਾ ਕੁਲਜੀਤ ਸਿੰਘ ਢੱਟ ਦੀ ਪੁਲਿਸ ਹਿਰਾਸਤ ‘ਚ ਹੋਈ ਮੌਤ ਸਬੰਧੀ ਬੀਬੀ ਪ੍ਰਕਾਸ਼ ਕੌਰ ਨੇ ਹੀ ਸੁਪਰੀਮ ਕੋਰਟ ‘ਚ ਰਿੱਟ ਪਾਈ ਸੀ ਜਿਸ ਦੇ ਆਧਾਰ ‘ਤੇ ਪੰਜਾਬ ਪੁਲਿਸ ਦੇ ਪੰਜ ਪੁਲਿਸ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਹੋਇਆ ਸੀ, ਜਿਨ੍ਹਾਂ ‘ਚੋਂ ਤਿੰਨ ਨੂੰ ਇਸ ਸਾਲ ਮਈ ਮਹੀਨੇ 5-5 ਸਾਲ ਦੀ ਕੈਦ ਹੋਈ ਸੀ। ਦੋ ਪੁਲਿਸ ਅਧਿਕਾਰੀਆਂ ਦੀ ਕੇਸ ਦੇ ਚੱਲਦਿਆਂ ਮੌਤ ਹੋ ਗਈ ਸੀ।

ਕੁਲਜੀਤ ਸਿੰਘ ਢੱਟ ਦੇ ਪੰਜਾਬ ਪੁਲਿਸ ਵੱਲੋਂ ਕੀਤੇ ਕਤਲ ਕੇਸ ਵਿੱਚ ਬੀਬੀ ਪ੍ਰਕਾਸ਼ ਕੌਰ ਅਦਾਲਤ ਦੇ ਫ਼ੈਸਲੇ ਤੋਂ ਨਾਖੁਸ਼ ਸਨ। ਪਰਿਵਾਰ ਵਲੋਂ ਇਸ ਫ਼ੈਸਲੇ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਅਪੀਲ ਪਾਈ ਗਈ ਹੈ ਜਿਸ ਦੀ ਸੁਣਵਾਈ ਨਵੰਬਰ ਮਹੀਨੇ ਹੋਣੀ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਬੀਬੀ ਪ੍ਰਕਾਸ਼ ਕੌਰ ਸੁਪਰੀਮ ਕੋਰਟ ‘ਚ ਪੇਸ਼ ਹੋਏ ਸਨ ਤਾਂ ਸਬੰਧਤ ਜੱਜ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਬੜਾ ਅਦਬ ਦਿਖਾਇਆ ਸੀ।

ਬੀਬੀ ਪ੍ਰਕਾਸ਼ ਕੌਰ ਦਾ ਜਨਮ ਲਾਇਲਪੁਰ (ਹੁਣ ਪਾਕਿਸਤਾਨ) ਦੇ ਪਿੰਡ ਖਾਸੜੀਆਂ ਵਿਖੇ ਬੀਬੀ ਵਿਦਿਆਵਤੀ ਅਤੇ ਸ. ਕਿਸ਼ਨ ਸਿੰਘ ਦੇ ਘਰ ਹੋਇਆ ਸੀ। ਭਗਤ ਸਿੰਘ ਨੂੰ ਜਦੋਂ ਫ਼ਾਂਸੀ ਹੋਈ ਤਾਂ ਉਨ੍ਹਾਂ ਦੀ ਉਮਰ 12 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਉਨ੍ਹਾਂ ਦੀ ਹੁਸ਼ਿਆਰਪੁਰ ਰਹਿੰਦੀ ਭਾਣਜੀ ਭੁਪਿੰਦਰ ਕੌਰ ਪੁੱਤਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਦੀ ਵੰਡ ਵੇਲੇ ਪ੍ਰਕਾਸ਼ ਕੌਰ ਤੇ ਉਨ੍ਹਾਂ ਦੀ ਦੂਜੀ ਭੈਣ ਅਮਰ ਕੌਰ ਨੇ ਉਜੜ ਕੇ ਆਈਆਂ ਔਰਤਾਂ ਦੇ ਮੁੜ ਵਸੇਬੇ ਲਈ ਕਾਫ਼ੀ ਕੰਮ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,