ਖਾਸ ਖਬਰਾਂ » ਸਿੱਖ ਖਬਰਾਂ

ਨਾਨਕ ਸ਼ਾਹ ਫਕੀਰ ਫ਼ਿਲਮ ਰਿਲੀਜ਼ ਨਹੀਂ ਹੋਵੇਗੀ: ਸ਼੍ਰੋਮਣੀ ਕਮੇਟੀ

March 29, 2018 | By

ਅੰਮ੍ਰਿਤਸਰ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਪੈਦਾ ਹੋਏ ਸਿੱਖ ਰੋਹ ਅੱਗੇ ਝੁਕਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਨਾਨਕ ਸ਼ਾਹ ਫਕੀਰ ਦੀ ਰਿਲੀਜ਼ ਉੱਤੇ ਰੋਕ ਲਾਉਣ ਲਈ ਕਿਹਾ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਫ਼ਿਲਮ ਨਾਨਕਸ਼ਾਹ ਫਕੀਰ ਨੂੰ ਓਨਾ ਚਿਰ ਰਿਲੀਜ ਨਹੀਂ ਕੀਤਾ ਜਾ ਸਕੇਗਾ ਜਿਨ੍ਹਾਂ ਚਿਰ ਇਸ ਫ਼ਿਲਮ ਸੰਬੰਧੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਾਰੇ ਇਤਰਾਜ਼ ਦੂਰ ਨਹੀਂ ਹੋ ਜਾਂਦੇ।

ਉਨ੍ਹਾਂ ਕਿਹਾ ਕਿ ਸੰਗਤਾਂ ਦੀਆ ਭਾਵਨਾਵਾਂ ਦੀ ਕਦਰ ਕਰਦਿਆਂ ਫ਼ਿਲਮ ਦੀ ਪ੍ਰਵਾਨਗੀ ਸੰਬੰਧੀ ਪਹਿਲਾਂ ਜਾਰੀ ਕੀਤੀਆਂ ਪੱਤਰਕਾਵਾਂ ਦੇ ਅਮਲ ਤੇ ਰੋਕ ਲਗਾ ਦਿੱਤੀ ਹੈ। ਉਨ੍ਹਾ ਕਿਹਾ ਕਿ 2016 ਵਿੱਚ ਉਸ ਵੇਲੇ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਪ੍ਰਵਾਨਗੀ ਪੱਤਰ ਜਾਰੀ ਕੀਤਾ ਸੀ ਪਰ ਹੁਣ ਫ਼ਿਲਮ ਦੇ ਵੱਖ ਵੱਖ ਚੈਨਲਾਂ ਤੇ ਪ੍ਰੋਮੋ ਪ੍ਰਸਾਰਿਤ ਹੋਣ ਤੋਂ ਬਾਅਦ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਇਤਰਾਜ਼ ਕੀਤੇ ਗਏ ਹਨ। ਬਹੁਤ ਸਾਰੀਆਂ ਸੰਗਤਾਂ ਵੱਲੋਂ ਸੋਸ਼ਲ ਮੀਡੀਆ ਦੇ ਨਾਲ ਨਾਲ ਸ਼ਰੋਮਣੀ ਕਮੇਟੀ ਨੂੰ ਈਮੇਲ ਭੇਜ ਕੇ ਇਸ ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਵੱਲੋਂ ਫ਼ਿਲਮ ਲਈ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸ਼ਰੋਮਣੀ ਕਮੇਟੀ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ।

ਸਬੰਧਿਤ ਖ਼ਬਰ: ਖਾਸ ਰਿਪੋਰਟ: ਨਾਨਕ ਸ਼ਾਹ ਫਕੀਰ ਵਿਵਾਦਤ ਫਿਲਮ ਖਿਲਾਫ ਰੋਸ ਵਧਿਆ; ਪੰਥਕ ਸਖਸ਼ੀਅਤਾਂ ਨੇ ਫਿਲਮ ਰੱਦ ਕੀਤੀ

ਗੌਰਤਲਬ ਹੈ ਕਿ ਪਹਿਲਾਂ ਇਹ ਫਿਲਮ 2015 ਵਿਚ ਰਿਲੀਜ਼ ਹੋਣੀ ਸੀ ਪਰ ਸਿੱਖ ਰੋਹ ਦੇ ਚਲਦਿਆਂ ਉਸ ਸਮੇਂ ਇਸ ‘ਤੇ ਰੋਕ ਲਾ ਦਿੱਤੀ ਗਈ ਸੀ। ਪਰ ਹੁਣ ਦੁਬਾਰਾ ਫੇਰ ਇਸ ਨੂੰ 13 ਅਪ੍ਰੈਲ ਵਾਲੇ ਦਿਨ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਕਮੇਟੀ ਵਲੋਂ ਹਮਾਇਤ ਕੀਤੀ ਜਾ ਰਹੀ ਸੀ। ਪਰ ਸਿੱਖ ਰੋਹ ਅੱਗੇ ਝੁਕਦਿਆਂ ਅੱਜ ਸ਼੍ਰੋਮਣੀ ਕਮੇਟੀ ਨੇ ਆਪਣੀ ਹਮਾਇਤ ਵਾਪਿਸ ਲੈ ਲਈ ਹੈ। ਹੁਣ ਇਸ ਫਿਲਮ ਦੇ ਨਿਰਮਾਤਾ ਕੀ ਫੈਂਸਲਾ ਕਰਦੇ ਹਨ ਇਹ ਵੇਖਣਾ ਹੋਵੇਗਾ ਤੇ ਸਿੱਖ ਜਗਤ ਵਿਚ ਹੁਣ ਇਹ ਚਰਚਾ ਮੁੜ ਉੱਭਰ ਆਈ ਹੈ ਕਿ ਇਸ ਤਰ੍ਹਾਂ ਦੇ ਸਿਧਾਂਤ ਵਿਰੋਧੀ ਚਲਨ ਨੂੰ ਕਿਵੇਂ ਰੋਕਿਆ ਜਾਵੇ, ਜਿਸ ਵਿਚ ਗੁਰੂ ਸਾਹਿਬਾਨ ਨੂੰ ਫਿਲਮਾਉਣ ਦੀ ਇਕ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,