ਸਿੱਖ ਖਬਰਾਂ

ਸ਼ਹਾਰਨਪੁਰ ਸਿੱਖ-ਮੁਸਲਿਮ ਟਕਰਾਅ ਸਬੰਧੀ ਸ਼ੋਮਣੀ ਕਮੇਟੀ ਦੀ ਜਾਂਚ ਟੀਮ ਵਾਪਿਸ ਅੰਮ੍ਰਿਤਸਰ ਪਹੁੰਚੀ

July 27, 2014 | By

ਅੰਮ੍ਰਿਤਸਰ (26 ਜੁਲਾਈ  2014): ਯੂਪੀ ਦੇ ਸਹਾਰਨਪੁਰ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਸਬੰਧ ਵਿੱਚ ਸਿੱਖਾਂ ਅਤੇੁ ਮੁਸਲਮਾਨਾਂ ਵਿੱਚ ਹੋਏ ਖੂਨੀ ਟਕਰਾਅ ਅਤੇ ਉਸਤੋਂ ਬਾਅਦ ਪੈਦਾ ਹੋਏ ਹਾਲਾਤ ਦਾ ਜ਼ਾਇਜ਼ਾ ਲੈਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ  ਕੱਲ ਰਾਤ ਵਾਪਿਸ ਅੰਮ੍ਰਿਤਸਰ ਪਹੁੰਚ ਗਈ ਹੈ।

ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਸਾਰੀ ਘਟਨਾ ਦੀ ਜਾਂਚ ਲਈ ਗਠਿਤ ਸ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਭਾਈ ਰਜਿੰਦਰ ਸਿੰਘ ਮਹਿਤਾ ਤੇ ਸ: ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ ‘ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਤੇ ਕੋਆਰਡੀਨੇਟਰ ਮੀਤ ਸਕੱਤਰ ਸ: ਸੁਖਦੇਵ ਸਿੰਘ ਭੂਰਾ ਕੋਹਨਾ ਨੇ ਵਾਪਸੀ ਮੌਕੇ  ਦੱਸਿਆ ਕਿ ਗੁਰਦੁਆਰਾ ਸਾਹਿਬ ਵੱਲੋਂ ਕਾਫ਼ੀ ਸਮਾਂ ਪਹਿਲਾਂ ਮੁੱਲ ਖਰੀਦੀ ਜ਼ਮੀਨ ਸਬੰਧੀ ਕਿਸੇ ਸ਼ਰਾਰਤੀ ਅਨਸਰ ਨੇ ਅਫ਼ਵਾਹ ਫੈਲਾਅ ਦਿੱਤੀ ਕਿ ਇਸ ਜ਼ਮੀਨ ‘ਤੇ 1947 ਤੋਂ ਪਹਿਲਾਂ ਮਸਜਿਦ ਬਣੀ ਹੋਈ ਸੀ। ਜਦਕਿ ਮਾਲ ਵਿਭਾਗ ਦੇ ਰਿਕਾਰਡ ਤੇ ਪੁਰਾਣੇ ਸਮੇਂ ਤੋਂ ਉਥੇ ਰਹਿੰਦੇ ਲੋਕਾਂ ਤੋਂ ਅਜਿਹੇ ਕੋਈ ਵੇਰਵੇ ਨਹੀਂ ਮਿਲੇ।

 ਉਨ੍ਹਾਂ ਦੱਸਿਆ ਕਿ ਉੱਚ ਅਦਾਲਤ ‘ਚੋਂ ਕੇਸ ਗੁਰਦੁਆਰਾ ਸਾਹਿਬ ਦੇ ਹੱਕ ‘ਚ ਹੋਣ ਉਪਰੰਤ ਬੀਤੇ ਦਿਨੀਂ ਇਥੇ ਲੈਂਟਰ ਪਾਇਆ ਗਿਆ ਤੇ ਇਸ ਲੈਂਟਰ ਤੋਂ ਨਾਰਾਜ਼ ਦੂਸਰੇ ਫਿਰਕੇ ‘ਚ ਸ਼ਾਮਿਲ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਦੇਰ ਰਾਤ ਆ ਕੇ ਗੁਰਦੁਆਰਾ ਸਾਹਿਬ ਵਿਖੇ ਪਥਰਾਅ ਕੀਤਾ ਗਿਆ।

ਇਸ ਉਪਰੰਤ ਦੋਵਾਂ ਧਿਰਾਂ ‘ਚ ਵਿਵਾਦ ਪੈਦਾ ਹੋ ਗਿਆ ਤੇ ਦੂਸਰੇ ਫਿਰਕੇ ਵਲੋਂ ਚਲਾਈ ਗੋਲੀ ਨਾਲ ਇਕ ਰਾਹਗੀਰ ਵਪਾਰੀ ਦੀ ਮੌਤ ਹੋ ਗਈ, ਜਦਕਿ ਇਕ ਸਿੱਖ ਨੌਜਵਾਨ ਤੇ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਦੇ ਵਿਵਾਦ ‘ਚ ਪੁਲਿਸ ਵੱਲੋਂ ਦਖ਼ਲ ਦਿੰਦਿਆਂ ਹਾਲਾਤਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਦੂਜੀ ਧਿਰ ਵੱਲੋਂ ਸਿੱਖਾਂ ਨਾਲ ਸਬੰਧਿਤ 40 ਦੇ ਕਰੀਬ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ।

 ਇਸ ਉਪਰੰਤ ਸਿੱਖਾਂ ਨੇ ਪੁਲਿਸ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੂਸਰੀ ਧਿਰ ਨੇ ਥਾਣਾ ਘੇਰ ਲਿਆ ਤੇ ਮਜਬੂਰਨ ਪੁਲਿਸ ਨੂੰ ਗੋਲੀ ਚਲਾਉਣੀ ਪਈ, ਜਿਸ ਨਾਲ ਇਕ ਮੁਸਲਿਮ ਨੌਜਵਾਨ ਦੀ ਮੌਤ ਹੋ ਗਈ।

ਜਾਂਚ ਟੀਮ ਅਨੁਸਾਰ ਦੋਵੇਂ ਧਿਰਾਂ ਵਿਵਾਦ ਕਾਰਨ ਬੇਸ਼ੱਕ ਇਕ ਦੂਸਰੇ ਪ੍ਰਤੀ ਤਣਾਅ ਦੀ ਸਥਿਤੀ ‘ਚ ਹਨ ਪਰ ਆਪੋ ਆਪਣੇ ਖੇਤਰਾਂ ‘ਚ ਹੋਣ ਕਾਰਨ ਹੋਰ ਟਕਰਾਅ ਦੇ ਆਸਾਰ ਨਹੀਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,