ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਦੇ ਭੂਚਾਲ ਪੀੜਤਾਂ ਲਈ ਕਾਠਮਾਂਡੂ ਦੇ ਗੁਰਦੁਆਰਾ ਸਾਹਿਬ ਵਿੱਚ ਚਲਾਇਆ ਜਾ ਰਿਹਾ ਹੈ ਰਾਹਤ ਕੈਂਪ

April 30, 2015 | By

ਅੰਮ੍ਰਿਤਸਰ (29 ਅਪਰੈਲ, 2015): ਨੇਪਾਲ ਵਿੱਚ ਆਏ ਭੂਚਾਲ ਦੌਰਾਨ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਤੇ ਇਮਾਰਤਾਂ ਸੁਰੱਖਿਅਤ ਹਨ। ਕਾਠਮੰਡੂ ਸਥਿਤ ਇੱਕ ਗੁਰਦੁਆਰੇ ਵਿੱਚ ਰਾਹਤ ਕੈਂਪ ਵੀ ਚਲਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਨੇਪਾਲ ਪੁੱਜੀ ਟੀਮ ਵੱਲੋਂ ਉਥੇ ਹੋਏ ਨੁਕਸਾਨ ਅਤੇ ਪੀੜਤ ਲੋਕਾਂ ਦੀਆਂ ਲੋੜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਿਸ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਰਾਹਤ ਸਮੱਗਰੀ ਭੇਜੀ ਜਾਵੇਗੀ।

ਸ਼੍ਰੋਮਣੀ ਕਮੇਟੀ ਵੱਲੋਂ ਉਥੇ ਸਥਾਈ ਲੰਗਰ ਵੀ ਸ਼ੁਰੂ ਕੀਤਾ ਜਾ ਸਕਦਾ ਹੈ, ਜਿਵੇਂ ਕਿ ਸ੍ਰੀਨਗਰ ਵਿੱਚ ਹੜ੍ਹ ਪੀੜਤਾਂ ਲਈ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪੀੜਤਾਂ ਨੂੰ ਰਾਹਤ ਮੁਹੱਈਆ ਕਰਵਾੳੁਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਟੀਮ ਨੂੰ ਰਕਮ ਭੇਜ ਦਿੱਤੀ ਗਈ ਹੈ, ਜਿਸ ਨਾਲ ਉਹ ਬਿਹਾਰ ਅਤੇ ਨੇਪਾਲ ਵਿੱਚ ਪੀੜਤਾਂ ਨੂੰ ਲੋੜੀਂਦੀ ਰਾਹਤ ਮੁਹੱਈਆ ਕਰਵਾੳੁਣਗੇ।

 ਉਨ੍ਹਾਂ ਦੱਸਿਆ ਕਿ ਨੇਪਾਲ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਇਮਾਰਤਾਂ ਸੁਰੱਖਿਅਤ ਹਨ। ਇਹ ਗੁਰਦੁਆਰੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ। ਇਥੇ ਹੀ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਕੇਂਦਰ ਸਥਾਪਤ ਕੀਤਾ ਗਿਆ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਦੇ ਭੂਚਾਲ ਪੀੜਤਾਂ ਦੀ ਮਦਦ ਲਈ ਭਾਈ ਗੁਰਦਾਸ ਹਾਲ ਵਿਖੇ ਦਫ਼ਤਰ ਵੀ ਖੋਲ੍ਹਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਕਿਹਾ ਕਿ ਭੁਪਿੰਦਰ ਸਿੰਘ ਨੂੰ ਦਫ਼ਤਰ ਇੰਚਾਰਜ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਸੱਜਣ ਭੂਚਾਲ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਹੋਣ, ਉਹ ਦਾਲ, ਚੌਲ਼, ਕੱਪੜੇ, ਆਦਿ ਭਾਈ ਗੁਰਦਾਸ ਹਾਲ ਵਿਖੇ ਜਮ੍ਹਾਂ ਕਰਾਉਣ।

ਉਨ੍ਹਾਂ ਦੱਸਿਆ ਕਿ ਕਾਠਮੰਡੂ ਵਿਖੇ ਰਾਹਤ ਕੈਂਪ ਲਾਇਆ ਗਿਆ ਹੈ ਤੇ ਉਥੇ ਹੀ ਲੰਗਰ ਤਿਆਰ ਕਰ ਕੇ ਪੀੜਤਾਂ ਨੂੰ ਛਕਾਇਆ ਜਾਵੇਗਾ। ਰੂਪ ਸਿੰਘ ਅਨੁਸਾਰ ਨੇਪਾਲ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਮੰਜੀ ਸਾਹਿਬ ਦੀਵਾਨ ਹਾਲ ਵਿਖੇ 30 ਅਪਰੈਲ ਨੂੰ ਅਾਖੰਡ ਪਾਠ ਆਰੰਭ ਹੋਵੇਗਾ ਅਤੇ ਦੋ ਮਈ ਨੂੰ ਭੋਗ ਪਾਏ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: