ਸਿਆਸੀ ਖਬਰਾਂ

ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਵਾਧੇ ਸਣੇ ਕਈ ਹੋਰ ਫ਼ੈਸਲੇ

September 30, 2016 | By

ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਇਤਿਹਾਸਕ ਅਸਥਾਨ ਗੁਰਦੁਆਰਾ ਦੇਗਸਰ ਸਾਹਿਬ (ਕਟਾਣਾ ਸਾਹਿਬ) ਵਿਖੇ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੋਗ ਮਤੇ ਪਾਏ ਗਏ।

ਗੁਰਦੁਆਰਾ ਦੇਗਸਰ ਸਾਹਿਬ (ਕਟਾਣਾ ਸਾਹਿਬ) ਵਿਖੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਅਵਤਾਰ ਸਿੰਘ ਮੱਕੜ

ਗੁਰਦੁਆਰਾ ਦੇਗਸਰ ਸਾਹਿਬ (ਕਟਾਣਾ ਸਾਹਿਬ) ਵਿਖੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਅਵਤਾਰ ਸਿੰਘ ਮੱਕੜ

ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਪਾਰਟੀ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਜੋ ਵੀ ਢੁਕਵਾਂ ਫ਼ੈਸਲਾ ਲਿਆ ਜਾਵੇਗਾ, ਉਹ ਸਵੀਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਿਤੀ ਤਣਾਅਪੂਰਨ ਬਣਨ ਕਾਰਨ ਸਰਹੱਦੀ ਖੇਤਰ ਦੇ ਜਿਹੜੇ ਲੋਕ ਇਲਾਕਾ ਖਾਲੀ ਕਰਕੇ ਆਉਣਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀ ਦੇਖਭਾਲ ਤੇ ਲੰਗਰ ਆਦਿ ਦਾ ਪ੍ਰਬੰਧ ਕਰੇਗੀ। ਇਸ ਸਬੰਧੀ ਸਾਰੇ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ।

ਉਨ੍ਹਾਂ ਵੱਖ-ਵੱਖ ਸ਼ਹਿਰਾਂ ਦੇ ਸਕੂਲਾਂ ਵਿੱਚ ਸਿੱਖ ਵਿਦਿਆਰਥੀਆਂ ਨਾਲ ਨਸਲੀ ਵਿਤਕਰੇ ਖ਼ਿਲਾਫ਼ ਕੈਲੀਫੋਰਨੀਆ ਅਸੈਂਬਲੀ ਵੱਲੋਂ ਬਿੱਲ ਪਾਸ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੀ ਪਛਾਣ ਬਾਰੇ ਬਰੋਸ਼ਰ ਛਪ ਕੇ ਤਿਆਰ ਹੋ ਗਿਆ ਹੈ ਜੋ ਵਿਦੇਸ਼ਾਂ ਵਿੱਚ ਵੱਖ-ਵੱਖ ਅਸੈਂਬਲੀਆਂ ਤੱਕ ਪਹੁੰਚਾਇਆ ਜਾਵੇਗਾ। 1984 ਸਮੇਂ ਜਿਹੜੇ ਸਿੱਖ ਫ਼ੌਜੀਆਂ ਨੇ ਬੈਰਕਾਂ ਛੱਡੀਆਂ ਤੇ ਕੋਰਟ ਮਾਰਸ਼ਲ ਹੋਏ, ਉਨ੍ਹਾਂ ਨੂੰ ਸਹਾਇਤਾ ਦੇਣ ਸਬੰਧੀ ਸਬ ਕਮੇਟੀ ਬਣਾਈ ਗਈ ਹੈ।

ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮਾਂ ਨੂੰ 6 ਫ਼ੀਸਦ ਮਹਿੰਗਾਈ ਭੱਤੇ ਦੇ ਨਾਲ 10 ਹਜ਼ਾਰ ਰੁਪਏ ਬੇਸਿਕ ਤਨਖ਼ਾਹ ਵਾਲੇ ਮੁਲਾਜ਼ਮ ਨੂੰ 800 ਰੁਪਏ, 10 ਤੋਂ 20 ਹਜ਼ਾਰ ਵਾਲੇ ਨੂੰ 600 ਤੇ 20 ਹਜ਼ਾਰ ਤੋਂ ਉੱਪਰ ਬੇਸਿਕ ਵਾਲੇ ਮੁਲਾਜ਼ਮ ਦੀ ਤਨਖ਼ਾਹ ’ਚ 500 ਰੁਪਏ ਦਾ ਵਾਧਾ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ। ਮੱਕੜ ਨੇ ਦੱਸਿਆ ਕਿ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸਾਢੇ ਤਿੰਨ ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ।

ਇਕੱਤਰਤਾ ਵਿੱਚ ਲਏ ਫ਼ੈਸਲਿਆਂ ਬਾਰੇ ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਪਟਿਆਲਾ ਦੀ ਹੈਂਡਬਾਲ ਖਿਡਾਰਨ ਪੂਜਾ ਕੁਮਾਰੀ ਦੇ ਪਰਿਵਾਰ ਅਤੇ ਦੋ ਮੈਂਬਰਾਂ ਦੇ ਵਿਆਹ ਲਈ ਚਾਰ ਲੱਖ ਰੁਪਏ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਬਹਾਦਰਗੜ੍ਹ, ਪਟਿਆਲਾ ਵੱਲੋਂ ਐਮਏ ਸਿੱਖ ਸਟੱਡੀਜ਼ ਦੇ 15 ਵਿਦਿਆਰਥੀਆਂ ਦੀ ਦੂਜੇ ਸਾਲ ਦੀ ਰਜਿਟਰੇਸ਼ਨ ਫ਼ੀਸ, ਸਮੈਸਟਰ ਦੀ ਪ੍ਰੀਖਿਆ ਫੀਸ ਤੇ ਸਾਲਾਨਾ ਫੀਸ ਵਜੋਂ 87.875 ਰੁਪਏ ਅਦਾ ਕਰਨ, ਗੁਰਦੁਆਰਾ ਗੁਰੂ ਨਾਨਕ ਦੇਵ ਜੀ ਪਿੰਡ ਦਿਹਾਣਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਨੈਸ਼ਨਲ ਗੱਤਕਾ ਮੁਕਾਬਲਾ ਕਰਵਾਉਣ ਲਈ 51 ਹਜ਼ਾਰ ਰੁਪਏ ਦੀ ਹੋਰ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਰਘੁਬੀਰ ਸਿੰਘ ਵਿਰਕ, ਮੀਤ ਪ੍ਰਧਾਨ ਕੇਵਲ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਦਿਆਲ ਸਿੰਘ ਕੋਲਿਆਂਵਾਲੀ ਤੇ ਰਾਜਿੰਦਰ ਸਿੰਘ ਮਹਿਤਾ ਆਦਿ ਹਾਜ਼ਰ ਸਨ, ਜਦੋਂਕਿ ਕਰਨੈਲ ਸਿੰਘ ਪੰਜੋਲੀ ਕਿਸੇ ਹੋਰ ਸਮਾਗਮ ਕਾਰਨ ਮੀਟਿੰਗ ’ਚ ਨਹੀਂ ਪੁੱਜੇ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ 15 ਸਤੰਬਰ ਨੂੰ ਕੀਤੇ ਫ਼ੈਸਲੇ ਅਧੀਨ ਕੇਂਦਰ ਸਰਕਾਰ ਵੱਲੋਂ ਸਹਿਜਧਾਰੀ ਸਿੱਖਾਂ ਨੂੰ ਵੋਟ ਨਾ ਪਾਉਣ ਦੇ ਹੱਕ ਬਾਰੇ ਜਾਰੀ ਨੋਟੀਫ਼ਿਕੇਸ਼ਨ ਨੂੰ ਕਾਨੂੰਨੀ ਰੂਪ ਵਿੱਚ ਮਾਨਤਾ ਦਿੱਤੇ ਜਾਣ ਤੋਂ ਬਾਅਦ ਹੁਣ ਨਵੀਂ ਸਥਿਤੀ ਕਿਵੇਂ ਹੋਵੇਗੀ, ਇਸ ਬਾਰੇ ਹਾਲੇ ਤਕ ਵੀ ਸਥਿਤੀ ਸਪੱਸ਼ਟ ਨਹੀਂ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: