ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਨੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਮੁੱਖ ਸਕੱਤਰ ਦੇ ਅਹੁਦੇ ਲਈ ਹਰਚਰਨ ਸਿੰਘ ਨੂੰ ਕੀਤਾ ਨਿਯੁਕਤ

August 26, 2015 | By

ਸ੍ਰੀ ਅਨੰਦਪੁਰ ਸਾਹਿਬ (25 ਅਗਸਤ, 2015): ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ ‘ਚ ਸ. ਹਰਚਰਨ ਸਿੰਘ ਨੂੰ ਉੱਚ ਪੱਧਰੀ ਸਿਆਸੀ ਦਬਾਅ ਦੇ ਚੱਲਦਿਆਂ ਕਮੇਟੀ ਦਾ ਮੁੱਖ ਸਕੱਤਰ ਨਿਯੁਕਤ ਕਰਨ ਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ।

ਮੀਟਿੰਗ ਉਪਰੰਤ ਜਥੇ: ਅਵਤਾਰ ਸਿੰਘ ਨੇ ਇਸ ਨਵੀਂ ਨਿਯੁਕਤੀ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਨੂੰ ਅਸਿੱਧੇ ਢੰਗ ਨਾਲ ਟਾਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਧੇ ਹੋਏ ਕੰਮਕਾਜ ਨੂੰ ਮੁੱਖ ਰੱਖਦਿਆਂ ਸਬ ਕਮੇਟੀ ਵੱਲੋਂ ਕੀਤੀ ਸਿਫਾਰਸ਼ ਦੇ ਆਧਾਰ ‘ਤੇ ਅੰਤਿ੍ੰਗ ਕਮੇਟੀ ਵੱਲੋਂ ਸ. ਹਰਚਰਨ ਸਿੰਘ ਨੂੰ 3 ਸਾਲ ਲਈ ਠੇਕੇ ਦੇ ਆਧਾਰ ‘ਤੇ ਕਮੇਟੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ ।ਜਿਨ੍ਹਾਂ ਦੀ ਤਨਖਾਹ 3 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ ।ਇਸ ਦੇ ਨਾਲ-ਨਾਲ ਆਉਣ ਜਾਣ ਲਈ ਕਾਰ ਅਤੇ ਦਫ਼ਤਰੀ ਅਮਲੇ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਨਵੇਂ ਨਿਯੁਕਤ ਕੀਤੇ ਮੁੱਖ ਸਕੱਤਰ ਆਪਣੇ ਅਹੁਦੇ ਦਾ ਕਾਰਜਭਾਰ 27 ਅਗਸਤ ਨੂੰ ਸੰਭਾਲਣਗੇ ।

ਮੁੱਖ ਸਕੱਤਰ ਦੀ ਨਿਯੁਕਤੀ ਖਿਲਾਫ ਧਰਨਾ ਦਿੰਦੇ ਸਿੱਖ ਸਦਭਾਵਨਾ ਦਲ ਦੇ ਮੈਂਬਰ

ਮੁੱਖ ਸਕੱਤਰ ਦੀ ਨਿਯੁਕਤੀ ਖਿਲਾਫ ਧਰਨਾ ਦਿੰਦੇ ਸਿੱਖ ਸਦਭਾਵਨਾ ਦਲ ਦੇ ਮੈਂਬਰ

ਸ਼ੋ੍ਰਮਣੀ ਕਮੇਟੀ ‘ਚ ਮੁੱਖ ਸਕੱਤਰ ਦੀ ਨਿਯੁਕਤੀ ਦੇ ਖਿਲਾਫ਼ ਅੱਜ ਸਿੱਖ ਸਦਭਾਵਨਾ ਦਲ ਦੇ ਬੈਨਰ ਹੇਠ ਸਿੱਖ ਸੰਗਤਾਂ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ‘ਚ ਇਕੱਤਰ ਹੋਏ ਸਿੱਖਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਆਉਂਦੇ ਮੁੱਖ ਰਸਤੇ ‘ਤੇ ਲੰਮਾ ਸਮਾਂ ਬੈਠ ਕੇ ‘ਸਤਿਨਾਮੁ ਵਾਹਿਗੁਰੂ’ ਦਾ ਜਾਪ ਕੀਤਾ ਅਤੇ ਹੱਥਾਂ ਵਿਚ ‘ਗੁਰੂ ਦੀ ਗੋਲਕ ‘ਤੇ ਤਰਸ ਕਰੋ’, ‘ਮੁੱਖ ਸਕੱਤਰ ਦਾ ਅਹੁਦਾ ਰੱਦ ਕਰੋ’, ‘ਅੰਤਿ੍ਗ ਕਮੇਟੀ ਮੈਂਬਰ ਜ਼ਮੀਰ ਦੀ ਆਵਾਜ਼ ਸੁਣਨ’ ਅਤੇ ‘ਸਿਆਸੀ ਦਖ਼ਲਅੰਦਾਜ਼ੀ ਬੰਦ ਕਰੋ’ ਦੇ ਬੈਨਰ ਫੜੇ੍ਹ ਹੋਏ ਸਨ ।

ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ‘ਚ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ‘ਤੇ ਪ੍ਰਮੁੱਖ ਸਕੱਤਰ ਦੀ ਨਿਯੁਕਤੀ ਸਿੱਧੇ ਤੌਰ ‘ਤੇ ਗੁਰੂ ਘਰ ਦੀ ਗੋਲਕ ‘ਤੇ ਡਾਕਾ ਹੈ।ਜੇਕਰ ਸ਼ੋ੍ਰਮਣੀ ਕਮੇਟੀ ਨੇ ਮੁੱਖ ਸਕੱਤਰ ਦੀ ਨਿਯੁਕਤੀ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਸ ਫ਼ੈਸਲੇ ਦੇ ਵਿਰੁੱਧ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਆਗੂ ਕੁਲਦੀਪ ਸਿੰਘ ਭਾਗੋਵਾਲੀਆ, ਮਾਤਾ ਗੁਰਦੇਵ ਕੌਰ, ਗੁਰਵਿੰਦਰ ਸਿੰਘ ਬਜਾਜ, ਭਾਈ ਇਕਬਾਲ ਸਿੰਘ, ਭਾਈ ਗੁਰਭੇਜ ਸਿੰਘ ਵਡਾਲਾ, ਸੁਖਦੇਵ ਸਿੰਘ ਵੈਦ ਅਤੇ ਹਰਮਨਪ੍ਰੀਤ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: