ਲੇਖ

ਨਾਨਕ ਸ਼ਾਹ ਫਕੀਰ ਫ਼ਿਲਮ ਦਾ ਵਿਰੋਧ ਕਿਉਂ ?

March 30, 2018 | By

-ਸਨਦੀਪ ਸਿੰਘ ਤੇਜਾ

ਵਿਰੋਧ ਦਾ ਸਭ ਤੋਂ ਵੱਡਾ ਕਾਰਨ ਇਹੋ ਏ ਕਿ ਇਹ ਫਿਲਮ ਸਾਡੀ ਲੋੜ ਨਹੀਂ।

ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਇੱਦਾਂ ਹੋ ਹੀ ਨਹੀਂ ਸਕਦਾ। ਨਾ ਸਿੱਖ ਇੱਦਾਂ ਕਰਨਾ ਚਾਹੁੰਦੇ ਆ। ਜੇ ਚਾਹੁੰਦੇ ਹੋਣ ਤਾਂ ਅੱਜ ਦੀ ਤਰੀਕ ਚ ਉਹਨਾਂ ਨੂੰ ਹਿੰਦੀ ਸਿਨਮੇ ਵੱਲ ਵੇਖਣ ਦੀ ਜਰੂਰਤ ਨਹੀਂ। ਉਹ ਇਹ ਕੰਮ ਆਪ ਕਰ ਸਕਦੇ ਹਨ।ਸਾਡੇ ਕੋਲ ਇਹ ਸਭ ਸਾਧਨ ਮੌਜੂਦ ਨੇ। ਹਿੰਦੋਸਤਾਨੀ ਸਿਨਮੇ ਨੂੰ ਇਹ ਖੇਚਲ ਕਰਨ ਦੀ ਲੋੜ ਨਹੀਂ।

ਨੁਕਤਾ ਇਹ ਹੈ ਕਿ ਸਿੱਖੀ ਦਾ ਪ੍ਰਚਾਰ ਸਿਰਫ “ਗੁਰਬਾਣੀ” ਕਰ ਸਕਦੀ ਹੈ। ਗੁਰੂ ਸਾਹਿਬਾਨ ਵੀ ਇਵੇਂ ਹੀ ਕਰਦੇ ਰਹੇ ਹਨ।ਹੁਣ ਤੱਕ ਗੁਰਬਾਣੀ ਨਾਲ ਹੀ ਪ੍ਰਚਾਰ ਹੁੰਦਾ ਆਇਆ ਹੈ। ਸਗੋਂ ਗੁਰਬਾਣੀ ਦਾ ਸਹਾਰਾ ਲੈ ਕੇ ਕਈ ਡੇਰੇਦਾਰਾਂ ਆਪਣੀਆਂ ਹੱਟਾਂ ਚਲਾਈਆਂ ਹੋਈਆਂ ਨੇ। ਇਸ ਤੋਂ ਇਲਾਵਾ ਸਿੱਖਾਂ ਦਾ ‘ਅਕਸ’ ਤੇ ‘ਕਿਰਦਾਰ’ ਹੀ ਦੂਜਾ ਪ੍ਰਚਾਰ ਦਾ ਸਾਧਨ ਹੈ।

ਫਿਲਮਾਂ ਜਾਣਕਾਰੀ ਤਾਂ ਦੇ ਸਕਦੀਆਂ ਹਨ ਪਰ ਇੱਕ ਤਿੰਨ ਘੰਟੇ ਦੀ ਫਿਲਮ ਗੁਰੂ ਨਾਨਕ ਸਾਹਿਬ ਬਾਰੇ ਕੁੱਝ ਨਹੀਂ ਦੱਸ ਸਕਦੀ। ਉਹ ਕਹਿਣ ਕਥਨ ਤੋਂ ਬਾਹਰ ਹਨ। ਉਹ ਆਖਿਆ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਹੀ ਜਾਣ ਸਕਦੇ ਨੇ। ਅਸੀਂ ਇਹ ਜੁਰਤ ਨਹੀਂ ਕਰਨੀ। ਗੁਰੂ ਨਾਨਕ ਸਾਹਿਬ ਨੂੰ ਜਿੰਨੇ ਖੋਜਿਆ ਤਿਨੇ ਪਾਇਆ। ਇਹ ਗਿਆਨ ਕੋਈ ਪੁੜੀ ਬੰਨ ਕੇ ਦੇਣ ਵਾਲੀ ਸ਼ੈਅ ਨਹੀਂ।

ਰਹੀ ਗੱਲ ਫਿਲਮ ਦੀ ਤੇ ਦੱਸਾਂ ਕਿ ਕੋਈ ਫਿਲਮ ਦਸ ਬਟਾ ਦਸ ਨਹੀਂ ਹੁੰਦੀ। ਹਜਾਰਾਂ ਖਾਮੀਆਂ ਰਹਿ ਜਾਂਦੀਆਂ ਹਨ। ਇਹੋ ਜਹੇ ਵਿਸ਼ੇ ਚ ਕੋਈ ਇੱਕ ਖਾਮੀ ਵੀ ਬੇਹੱਦ ਨਿਰਾਸ਼ ਕਰ ਸਕਦੀ ਹੈ।

ਦੂਜਾ ਪੱਖ…

ਇਸ ਫਿਲਮ ਦੇ ਮੰਡੀ ਚ ਆਉਣ ਦੇ ਨੁਕਸਾਨ ਬੜੇ ਨੇ। ਸਭ ਤੋਂ ਪਹਿਲਾਂ ਇਹ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਸਾਖੀ ਨਾਲ ਛੇੜਛਾੜ ਭਾਵ ਗਲਤ ਬਿਆਨੀ ਹੋ ਸਕਦੀ ਹੈ। ਸਕ੍ਰਿਪਟ ਚ ਗਲਤੀ ਹੋਈ ਜਾਂ ਸਾਖੀ ਚ ਤਾਂ ਇਹ ਪੱਕਾ ਸਬੂਤ ਘੜਿਆ ਜਾਊ। ਉਦਾਂ ਵੀ ਇਹ ਵੇਖਣ ਵਾਲਿਆਂ ਦੇ ਮਨ ਚ ਪੱਕੀ ਵਸ ਜਾਊ।

ਦੂਜਾ ਇਹ ਉਹਨਾਂ ਦਾ ਕਿਰਦਾਰ ਆਪਣੀ ਸਮਝ ਮੁਤਾਬਕ ਪੇਸ਼ ਕਰਨਗੇ। ਸਮਝ ਜੋ ਕਦੇ ਪੂਰੀ ਨਹੀਂ ਹੁੰਦੀ ਤੇ ਉਮਰ ਦੇ ਹਰ ਲਮਹੇ ਨਾਲ ਵਧਦੀ ਹੈ । ਸੋ ਗੁਰੂ ਸਾਹਿਬਾਨ ਦੀ ਜਿੰਦਗੀ ਨੂੰ ਪਰਦੇ ਤੇ ਉਹਨਾਂ ਨੂੰ ਉਤਾਰਨਾ ਮਖੌਲ ਕਰਨ ਨਿਆਂਈ ਹੈ।

ਸਨਦੀਪ ਸਿੰਘ ਤੇਜਾ

ਤੀਜਾ ਇਹ ਗੁਰੂ ਨਾਨਕ ਸਾਹਿਬ ਦੇ ਅਕਸ ਨੂੰ ਖਰਾਬ ਕਰਨ ਦੀ ਸੋਚੀ ਸਮਝੀ ਚਾਲ ਵੀ ਹੋ ਸਕਦੀ ਹੈ। ਉਹ ਉਹਨਾਂ ਦੀ ਵਿਚਾਰਧਾਰਾ ਨੂੰ ਆਪਣੇ ਰਾਜਨੀਤਿਕ ਤੇ ਹੋਰ ਮੁਫਾਦਾਂ ਲਈ ਮੋੜਨ ਤੋੜਨ ਦੀ ਕੋਸ਼ਿਸ਼ ਕਰ ਸਕਦੇ ਨੇ। ਇਹ ਸਿੱਖੀ ਦੇ ਵਿਖਿਆਨ ਚ ਸਦਾ ਲਈ ਕੋਹਜ ਬਣ ਨਿੱਬੜੂ।

ਚੌਥਾ ਇਹ ਗਲਤ ਪਿਰਤ ਪਊਗੀ। ਇਸ ਤੋਂ ਬਾਅਦ ਦਸ ਹੋਰ ਫਿਲਮਾਂ ਤਿਆਰ ਹੋਣਗੀਆਂ। ਉਹਨਾਂ ਸਾਰੀਆਂ ਤੇ ਚੈੱਕ ਰੱਖਣਾ ਕੌਮ ਲਈ ਨਵੀਂ ਪ੍ਰੇਸ਼ਾਨੀ ਦਾ ਸਬੱਬ ਬਣੂ। ਕੌਮ ਤੇ ਫਿਲਮਾਂ ਸਹੀ ਕਰਾਉਣ ਜੋਗੀ ਹੀ ਰਹਿ ਜਾਊ।

ਪੰਜਵਾਂ ਇਹ ਕਿ ਇਸ ਤੋਂ ਬਾਅਦ ਨਾਟਕ ਵੀ ਸ਼ੁਰੂ ਹੋ ਸਕਦੇ ਨੇ। ਤੇ ਤੁਹਾਨੂੰ ਕੋਈ ਗੁਰੂ ਨਾਨਕ ਸਾਹਿਬ ਬਣਿਆ ਕਲਾਕਾਰ ਵਿਹਲੇ ਵਕਤ ਨਸ਼ੇ ਕਰਦਾ ਵੀ ਨਜ਼ਰ ਆ ਸਕਦਾ ਹੈ। ਮੋਟਰਸਾਈਕਲ ਸਵਾਰ ਹੋਇਆ ਵੀ ਨਜ਼ਰੀਂ ਪੈ ਸਕਦਾ ਹੈ।

ਰਹੀ ਗੱਲ ਕਿਰਦਾਰ ਨਿਭਾਉਣ ਦੀ ਤਾਂ ਇਹ ਗੱਲ ਪੱਕੀ ਹੈ ਕਿ ਤੁਹਾਡਾ ਦਾਨੇ ਤੋਂ ਦਾਨਾਂ ਕਲਾਕਾਰ ਵੀ ਅਸੀਂ ਇਸ ਕਾਬਲ ਨਹੀਂ ਸਮਝਦੇ ਕਿ ਉਹ ਗੁਰੂ ਕੀ ਨਗਰੀ ਦੇ ਚੌਕੀਦਾਰ ਦਾ ਕਿਰਦਾਰ ਨਿਭਾ ਲਵੇ।

ਅੱਗੇ ਤਸਵੀਰਾਂ ਅਪਨਾਅ ਚੁੱਕੀ ਕੌਮ ਦੇ ਹੋਰ ਨਿੱਘਰ ਜਾਣ ਦੇ ਸਵੱਬ ਵੀ ਇਸ ਚੋਂ ਲੱਭੇ ਜਾ ਸਕਦੇ ਨੇ। ਸਭ ਤੋਂ ਖਤਰਨਾਕ ਇਹ ਹੋਊ ਕਿ ਤੁਸੀਂ ਮੋਬਾਈਲ ਤੇ “ਡੱਬ” ਹੋਈਆਂ ਗੁਰੂ ਨਾਨਕ ਸਾਹਿਬ ਦੀਆਂ ਕਲਿੱਪਾਂ ਵੀ ਵੇਖਿਆ ਕਰੋਗੇ ਜਿਸ ਵਿਚ ਗੁਰੂ ਨਾਨਕ ਸਾਹਿਬ ਚੁਟਕਲੇ ਸੁਣਾਇਆ ਕਰਨਗੇ।

ਅਸੀਂ ਗਰਕਦੇ ਗਰਕਦੇ ਗਰਕ ਜਾਵਾਂਗੇ। ਸਾਡੇ ਲਈ, ਸਿੱਖੀ ਲਈ ਸਿਰ ਵਢਾਉਣ ਤੇ ਤਨ ਚਿਰਾਉਣ ਵਾਲਿਆਂ ਨੂੰ ਮੂੰਹ ਵਿਖਾਉਣ ਦੇ ਕਾਬਲ ਨਹੀਂ ਰਵਾਂਗੇ। ਸਾਡੇ ਕਰਮਾਂ ਚ ਨਿੱਤ ਦੀ ਜੰਗ ਲਿਖੀ ਹੈ। ਆਪਣਾ ਆਪਣਾ ਰੋਲ ਨਿਭਾਅ ਕੇ ਇਸ ਥੜੇ ਤੋਂ ਉਤਰਦੇ ਹੋਈਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,