ਚੋਣਵੀਆਂ ਲਿਖਤਾਂ » ਲੇਖ

ਸਾਕਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਪ੍ਰਬੰਧ ਦੇ ਮੌਜੂਦਾ ਹਾਲਾਤ

February 21, 2011 | By

(ਹਫਤਾਵਾਰੀ ਚੜ੍ਹਦੀਕਲਾ, ਕੈਨੇਡਾ ਵਿਚੋਂ ਧੰਨਵਾਦ ਸਹਿਤ)

1849 ਈਸਵੀ ਵਿੱਚ ਸਿੱਖ ਰਾਜ, ਅੰਗਰੇਜਾਂ ਵਲੋਂ ਹਥਿਆ ਲੈਣ ਤੋਂ ਬਾਅਦ, ਸਿੱਖ ਧਰਮ ਨੂੰ ਢਾਹ ਲਾਉਣ ਲਈ, ਨਵੇਂ ਅੰਗਰੇਜ਼ ਹਾਕਮਾਂ ਨੇ ਗੁਰਦੁਆਰਿਆਂ ਦੀ ਮਾਲਕੀ, ਪੱਕੇ ਤੌਰ ’ਤੇ ਉਦਾਸੀ ਮਹੰਤਾਂ ਨੂੰ ਸੌਂਪ ਦਿੱਤੀ ਤੇ ਇਸ ਤਰ੍ਹਾਂ ‘ਮਹੰਤੀ ਦੌਰ’ ਦਾ ਆਰੰਭ ਹੋਇਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਅੰਗਰੇਜ਼ਾਂ ਨੇ ਸਿੱਧੇ ਤੌਰ ’ਤੇ ਆਪਣੇ ਕੋਲ ਰੱਖਿਆ। ਇਨ੍ਹਾਂ ਅਸਥਾਨਾਂ ਦਾ ਕਰਤਾ-ਧਰਤਾ, ਜਿਸ ਨੂੰ ਸਰਬਰਾਹ ਕਿਹਾ ਜਾਂਦਾ ਸੀ – ਅੰਗਰੇਜ਼ ਹਾਕਮਾਂ ਵਲੋਂ ਨਿਯੁਕਤ ਕੀਤਾ ਜਾਂਦਾ ਸੀ। ਸਰਬਰਾਹ – ਅੰਗਰੇਜ਼ਾਂ ਦਾ ਪੱਕਾ ਪਿੱਠੂ ਹੁੰਦਾ ਸੀ ਤੇ ਉਹ ਹੀ ਅੱਗੋਂ ਪੁਜਾਰੀਆਂ ਆਦਿ ਦੀ ਨਿਯੁਕਤੀ ਕਰਦਾ ਸੀ। ਇਸ ਤਰਕੀਬ ਨਾਲ ਅੰਗਰੇਜ਼ਾਂ ਨੇ 1849 ਤੋਂ ਲੈ ਕੇ ਲਗਭਗ 1920 – 21 ਤੱਕ (71-72 ਸਾਲ) ਸਿੱਖ ਗੁਰਦੁਆਰਿਆਂ ਨੂੰ ਸਿੱਖੀ ਜੀਵਨ ਜਾਂਚ ਦੇ ਪ੍ਰੇਰਣਾ-ਸ੍ਰੋਤ ਬਣਨ ਦੀ ਥਾਂ ਬ੍ਰਾਹਮਣਵਾਦੀ ਪਤਿਤਪੁਣੇ ਤੇ ਅੱਯਾਸ਼ੀ ਦੇ ਅੱਡੇ ਬਣਾ ਕੇ ਰੱਖ ਦਿੱਤਾ।

ਇਸ ਸਮੇਂ ਦੌਰਾਨ, ਸਿੰਘ ਸਭਾ ਲਹਿਰ ਦੇ ਮੋਢੀ, ਭਾਈ (ਪ੍ਰੋਫੈਸਰ) ਗੁਰਮੁਖ ਸਿੰਘ ਨੂੰ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਦੇ ਪੁਜਾਰੀਆਂ ਵਲੋਂ ਸਿੱਖੀ ’ਚੋਂ ਖਾਰਜ ਕਰਨ, ਤੋਸ਼ੇਖਾਨੇ ਦੀਆਂ ਵਸਤਾਂ ਨੂੰ ‘ਰਾਣੀ’ ਦੀ ਵਰਤੋਂ ਲਈ ਇੰਗਲੈਂਡ ਪਹੁੰਚਾਉਣ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਨਿਖੇਧੀ ਕਰਨ ਅਤੇ ਗਦਰ ਲਹਿਰ ਵਿੱਚ ਸ਼ਾਮਲ ਸਿੱਖਾਂ ਨੂੰ ‘ਸਿੱਖ’ ਨਾ ਮੰਨਣ ਆਦਿ ਦੇ ਅਖੌਤੀ ਹੁਕਮਨਾਮੇ ਸਰਕਾਰੀ ‘ਪਿੱਠੂਆਂ’ ਵਲੋਂ ਜਾਰੀ ਹੋਏ ਪਰ ਪੰਥ-ਗਫਲਤ ਦੀ ਨੀਂਦ ਵਿੱਚ ਸੁੱਤਾ ਹੋਇਆ ਇਹ ਸਭ ਬਰਦਾਸ਼ਤ ਕਰਦਾ ਰਿਹਾ। ਰਾਜ-ਭਾਗ ਖੁੱਸ ਜਾਣ ਨੇ ਏਨੀ-ਹੀਣਤਾ ਪੈਦਾ ਕਰ ਦਿੱਤੀ ਕਿ ਹਰਿਮੰਦਰ ਸਾਹਿਬ ਵਿੱਚ ਕੰਜਰੀਆਂ ਨਚਾਉਣ ਵਾਲੇ ਮੱਸਾ ਰੰਘੜ ਦਾ ਸਿਰ ਵੱਢਣ ਵਾਲਿਆਂ ਦੇ ਵਾਰਸ, ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਅੰਦਰ ਮਹੰਤ ਨਰੈਣੂ ਤੇ ਉਸ ਦੇ ਪੂਰਵਜਾਂ ਵਲੋਂ ਕਰਵਾਏ ਜਾਂਦੇ ਕੰਜਰੀ ਨਾਚਾਂ ਨੂੰ ਚੁੱਪ ਕਰਕੇ ਸਹਾਰਦੇ ਰਹੇ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਈਆਂ ਕਈ ਬੀਬੀਆਂ ਜਬਰ ਜਿਨਾਹ ਦਾ ਸ਼ਿਕਾਰ ਹੋਈਆਂ। ਤਰਨਤਾਰਨ ਦੀ ਮੱਸਿਆ ਗੰਦੀਆਂ ਬੋਲੀਆਂ, ਸ਼ਰਾਬ ਪਾਰਟੀਆਂ ਤੇ ਬੀਬੀਆਂ ਦੇ ਉਧਾਲੇ ਜਾਣ ਦਾ ਖਾਸ ਅਵਸਰ ਬਣ ਗਈ-ਮੁੱਖ ਤੌਰ ’ਤੇ ਕੌਮ ਸੁੱਤੀ ਰਹੀ। ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ ਦੀ ਕਾਰਗੁਜ਼ਾਰੀ-ਆਸ ਦੀਆਂ ਕਿਰਨਾਂ ਸਨ ਪਰ ਪੂਰਨ ਅਧੋਗਤੀ ਦੇ ਸਨਮੁੱਖ ਇਹ ਗੋਹੜੇ ’ਚੋਂ ਪੂਣੀ ਕੱਤਣ ਵਾਲੀ ਗੱਲ ਹੀ ਸੀ। ਪਰ ਦਸਮੇਸ਼ ਪਿਤਾ ਨੇ ਆਪਣੇ ਪੰਥ ਨੂੰ ਇੱਕ ਝਟਕੇ ਨਾਲ ਗਫਲਤ ਦੀ ਨੀਂਦ ’ਚੋਂ ਜਗਾ ਕੇ ਤਿਆਰ-ਬਰ-ਤਿਆਰ ਖਾਲਸਾ ਬਣਾ ਕੇ ਖੜ੍ਹਾ ਕਰ ਦਿੱਤਾ।

13 ਅਪਰੈਲ, 1919 ਨੂੰ ਜਲ੍ਹਿਆਂ ਵਾਲੇ ਬਾਗ ਵਿੱਚ, ਸੈਂਕੜਿਆਂ ਮਾਸੂਮਾਂ ਦੇ ਕਾਤਲ ਜਨਰਲ-ਡਾਇਰ ਨੂੰ ਅਗਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਸੱਦ ਕੇ ਸਰਬਰਾਹ ਅਰੂੜ ਸਿੰਘ ਤੇ ਪੁਜਾਰੀਆਂ ਵਲੋਂ ਸਿਰੋਪਾਓ ਦੇਣ ਦਾ ਵਾਕਿਆ-ਸਿੱਖ ਜਗਤ ਨੂੰ ਹਲੂਣਾ ਦੇਣ ਵਿੱਚ ਸਹਾਈ ਹੋਇਆ। ਸਿੱਖ ਪੰਥ ਦੇ ਰੋਹ ਸਾਹਮਣੇ, ਅਰੂੜ ਸਿੰਘ ਨੂੰ ਆਪਣੇ ਗਲ ਵਿੱਚ ਪੱਲਾ ਪਾ ਕੇ ਸਿੱਖ ਸੰਗਤਾਂ ਤੋਂ ਮੁਆਫੀ ਮੰਗਣੀ ਪਈ ਤੇ ਅਹੁਦਾ ਛੱਡਣਾ ਪਿਆ। ਦਲਿਤ ਸਿੱਖਾਂ ਦੇ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ, ਉਨ੍ਹਾਂ ਦਾ ਲਿਆਂਦਾ ਕੜਾਹ ਪ੍ਰਸ਼ਾਦਿ ਸ੍ਰੀ ਅਕਾਲ ਤਖਤ ਸਾਹਿਬ ਦੇ ਪੁਜਾਰੀਆਂ ਵਲੋਂ ਨਾ-ਮਨਜ਼ੂਰ ਕਰਣ ਦੀ ਘਿਨਾਉਣੀ ਕਾਰਵਾਈ ਨੇ ਪਹਿਲਾਂ ਦੀ ਸੁਧਾਰਕ ਲਹਿਰ ਦੀ ਸ਼ੁਰੂਆਤ ਕਰ ਦਿੱਤੀ ਸੀ ਅਤੇ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੈਰ-ਸਰਕਾਰੀ ਸ਼੍ਰੋਮਣੀ ਕਮੇਟੀ ਦੀ ਬਣਤਰ ਵੱਲ ਕਦਮ ਪੁੱਟੇ ਗਏ ਸਨ। ਗੁਰਦੁਆਰਾ ਬਾਬੇ ਦੀ ਬੇਰ, ਸਿਆਲਕੋਟ ਪਹਿਲਾ ਗੁਰਦੁਆਰਾ ਸੀ, ਜਿਸ ਦਾ ਪ੍ਰਬੰਧ ਪੰਥ ਦੇ ਹੱਥਾਂ ਵਿੱਚ ਆਇਆ ਪਰ ਮਹੰਤਾਂ ਤੋਂ ਗੁਰਦੁਆਰੇ ਵਾਪਸ ਪੰਥ ਦੇ ਹੱਥਾਂ ਵਿੱਚ ਆਉਣ ਵਿੱਚ 20 ਫਰਵਰੀ, 1921 ਨੂੰ ਵਾਪਰੇ ਸਾਕਾ ਨਨਕਾਣਾ ਸਾਹਿਬ ਨੇ ਕੇਂਦਰੀ ਭੂਮਿਕਾ ਨਿਭਾਈ।

20 ਫਰਵਰੀ, 1921 ਨੂੰ ਭਾਈ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਵਿਚਲੇ ਲਗਭਗ 150 ਸਿੱਖਾਂ ਦੇ ਜਥੇ ਨਾਲ, ਜੋ ਕਹਿਰ ਮਹੰਤ ਨਰੈਣੂ ਦੇ ਗੁੰਡਿਆਂ ਨੇ ਗੁਜ਼ਾਰਿਆ ਤੇ ਉਨ੍ਹਾਂ ਦੇ ਦਿਲ ਕੰਬਾਊ ਜ਼ੁਲਮਾਂ ਦੇ ਰੂ-ਬ-ਰੂ ਜਿਵੇਂ ਗੁਰੂ ਪਿਆਰਿਆਂ ਨੇ ਪੂਰਣ ਜਾਬਤੇ ਵਿੱਚ ਰਹਿੰਦਿਆਂ-

‘ਤਨ ਮਨ ਕਾਟ ਕਾਟ ਸਭ ਅਰਪੀ

ਵਿਚਿ ਅਗਨੀ ਆਪ ਜਲਾਈ।’

ਦੇ ਮਹਾਂਵਾਕ ਨੂੰ ਅਮਲੀ-ਅਰਥ ਦਿੱਤੇ, ਉਹ ਸਿੱਖ ਇਤਿਹਾਸ ਹੀ ਨਹੀਂ, ਦੁਨੀਆਂ ਦੇ ਇਤਿਹਾਸ ਦੀ ਕਾਬਲੇ-ਫ਼ਖਰ ਗਾਥਾ ਹੈ। ਲਗਭਗ ਸਾਰਾ ਜਥਾ ਹੀ ਸ਼ਹੀਦੀ ਜਾਮ ਪੀ ਗਿਆ ਤੇ ਜਥੇ ਤੋਂ ਬਾਅਦ ਵਿੱਚ ਆਏ ਭਾਈ ਜੀਵਨ ਸਿੰਘ ਤੇ ਭਾਈ ਵਰਿਆਮ ਸਿੰਘ ਨੂੰ ਵੀ ਸ਼ਹੀਦੀ ਦੇਗ ਮਿਲੀ। 21 ਫਰਵਰੀ ਨੂੰ ਸਮੁੱਚਾ ਪੰਥ ਹੀ, ਗੁਰਸਿੱਖੀ ਪਿਆਰ ਦੇ ਹੰਝੂ ਕੇਰਦਾ, ਨਨਕਾਣੇ ਦੀ ਜੂਹ ਵਿੱਚ ਆ ਜੁੜਿਆ। ਸਰਕਾਰ ਨੇ ਰੋਹ ਭਰੇ ਖਾਲਸੇ ਦੇ ਸਾਹਮਣੇ, ਬਿਨਾਂ ਚੂੰ-ਚਾਂ ਕੀਤਿਆਂ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਆ ਧਰੀਆਂ। ਸਮੁੱਚੇ ਸ਼ਹੀਦ ਸਿੰਘਾਂ ਦਾ ਇਕੱਠਾ ਅੰਗੀਠਾ ਤਿਆਰ ਕਰਕੇ, 23 ਫਰਵਰੀ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਉਨ੍ਹਾਂ ਦਾ ਦਾਹ ਸਸਕਾਰ ਕੀਤਾ ਗਿਆ। ਸਸਕਾਰ ਤੋਂ ਪਹਿਲਾਂ ਵੈਰਾਗ-ਗੜੂੰਦ ਪੰਥ ਨੂੰ ਸੰਬੋਧਨ ਕਰਦਿਆਂ ਇੱਕ ਬੁਲਾਰੇ ਨੇ ਕਿਹਾ-‘ਇਸ ਧਰਮ ਅਸਥਾਨ ਅੰਦਰ ਕੀਤੇ ਗਏ ਬੱਜਰ ਗੁਨਾਹਾਂ ਨੂੰ ਧੋਣ ਲਈ ਪਵਿੱਤਰ ਲਹੂ ਦੇ ਹੜ੍ਹ ਦੀ ਲੋੜ ਸੀ। ਇਹ ਗੁਨਾਹ ਹੁਣ ਧੋਤੇ ਗਏ ਹਨ। (ਪ੍ਰੋ. ਤੇਜਾ ਸਿੰਘ-1922)

(ਠਹੲ ਚਰਮਿੲਸ ਚੋਮਮਟਿਟੲਦ ਨਿ ਟਹੲ ਹੋਲੇ ਟੲਮਪਲੲ ਰੲਤੁਰਿੲਦ ੳ ਡਲੋਦ ੋਡ ਨਿਨੋਚੲਨਟ ਬਲੋਦ ਟੋ ਬੲ ਾੳਸਹੲਦ ੳਾੳੇ. 1ਨਦ ਟਹਏ ਹੳਵੲ ਬੲੲਨ ਾੳਸਹੲਦ ੳਾੳੇ – ਫਰੋਡ. ਠੲਜੳ ਸ਼ਨਿਗਹ, 1922)

ਨਨਕਾਣਾ ਸਾਹਿਬ ਦੇ ਸਾਕੇ ਨੇ ਨਾ ਸਿਰਫ ਗੁਰਦੁਆਰਾ ਸੁਧਾਰ ਲਹਿਰ ਨੂੰ ਚੜ੍ਹਤ ਦਿੱਤੀ ਬਲਕਿ ਇਸ ਨਾਲ ‘ਅਕਾਲੀ’ ਸ਼ਬਦ ਅਤਿ ਸਤਿਕਾਰਤ ਬਣ ਗਿਆ। ਹਜ਼ਾਰਾਂ ਸਿੱਖ ਧੜਾਧੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਲੱਗੇ। ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਲਹਿਰ-ਸਮ-ਅਰਥਕ ਸ਼ਬਦ ਬਣ ਗਏ। ਇਸ ਤੋਂ ਬਾਅਦ ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ ਅਤੇ ਜੈਤੋ ਦਾ ਮੋਰਚਾ ਆਦਿਕ ਮੋਰਚੇ, ਪੰਥਕ ਆਨ-ਸ਼ਾਨ ਅਤੇ ਦ੍ਰਿੜਤਾ ਦੇ ਪ੍ਰਤੀਕ ਹੋ ਨਿੱਬੜੇ। 9 ਜੁਲਾਈ, 1925 ਨੂੰ ਪੰਜਾਬ ਲੈਜੀਸਲੇਟਿਵ ਕੌਂਸਲ ਵਲੋਂ ਗੁਰਦੁਆਰਾ ਐਕਟ ਰਾਹੀਂ, ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਆਇਆਂ ਲਗਭਗ 86 ਵਰ੍ਹੇ ਬੀਤ ਚੁੱਕੇ ਹਨ। ਕੀ ਇਹਨਾਂ 86 ਸਾਲਾਂ ਵਿੱਚ ਸਿੱਖੀ ਪ੍ਰਚਾਰ ਵੱਲ ਕਦਮ ਪੁੱਟੇ ਗਏ। ਪੰਜਾਬ ਦੇ ਪਿੰਡਾਂ ਵੱਲ ਇੱਕ ਨਜ਼ਰ ਮਾਰਿਆਂ ਹੀ ਇਸ ਦਾ ਜਵਾਬ ਮਿਲ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬੱਜਟ 300 ਕਰੋੜ ਤੋਂ ਜ਼ਿਆਦਾ ਹੈ ਅਤੇ ਇਸ ਵਿੱਚ ਦਸ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਹਨ। ਭ੍ਰਿਸ਼ਟਾਚਾਰ ਦਾ ਹਾਲ, ਇੱਕ ‘ਬਿਰਧ’ ਮੁਲਾਜ਼ਮ ਦੇ ਸ਼ਬਦਾਂ ਵਿੱਚ ਇਹ ਹੈ -‘ਭ੍ਰਿਸ਼ਟਾਚਾਰ ਤਾਂ ਹਰ ਪਾਸੇ ਹੈ। ਫਰਕ ਇਹ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਪੈਸੇ ਦੇ ਕੇ ਕੰਮ ਹੋ ਜਾਂਦਾ ਹੈ ਪਰ ਸ਼੍ਰੋਮਣੀ ਕਮੇਟੀ ਵਿੱਚ ਭ੍ਰਿਸ਼ਟਾਚਾਰ ਦਾ ਹਾਲ ਇਹ ਹੈ ਕਿ ਕੰਮ ਕਰਵਾਉਣ ਵਾਲੇ ਪੈਸੇ ਵੀ ਖਾ ਜਾਂਦੇ ਹਨ ਅਤੇ ਕੰਮ ਵੀ ਨਹੀਂ ਕਰਦੇ।’ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦਾ ‘ਘਟੀਆ ਸਿਆਸੀਕਰਨ’ ਹੋਇਆ ਹੈ – ਉਸ ਦੀ ਉਦਾਹਰਣ ਪ੍ਰਕਾਸ਼ ਸਿੰਘ ਬਾਦਲ ਵਲੋਂ, ਅਵਤਾਰ ਸਿੰਘ ਮੱਕੜ ਨੂੰ ਵਾਰ- ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣ ਤੋਂ ਹੀ ਮਿਲ ਜਾਂਦੀ ਹੈ। ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰਾਂ ਨੂੰ ਬਾਦਲਪ੍ਰਸਤੀ ਲਈ ਵਰਤਿਆ ਜਾ ਰਿਹਾ ਹੈ – ਉਸ ਨੇ ਸਿੱਖ ਹਿਰਦਿਆਂ ਨੂੰ ਅਤੀ ਦੁਖਿਤ ਕੀਤਾ ਹੋਇਆ ਹੈ। ਆਰ. ਐਸ. ਐਸ. ਦੀ ਸਿੱਖ ਸਫਾਂ ਵਿੱਚ ਘੁਸਪੈਠ ਲਈ ਵੀ ਬਾਦਲ ਦੀ ‘ਹਿੰਦੂਤਵੀ ਸੋਚ’ ਹੀ ਜ਼ਿੰਮੇਵਾਰ ਹੈ। ਜੇ ਬਾਦਲ ਦੀ ਪਤਨੀ ਸੁਰਿੰਦਰ ਕੌਰ, ਆਸ਼ੂਤੋਸ਼ ਦੀ ਚੇਲੀ ਬਣਦੀ ਹੈ ਅਤੇ ਸਬੂਤਾਂ ਦੇ ਬਾਵਜੂਦ, ਜਥੇਦਾਰ ਅਕਾਲ ਤਖਤ ਸਾਹਿਬ ਖਾਮੋਸ਼ ਰਹਿੰਦੇ ਹਨ ਤਾਂ ਇਸ ਨੂੰ ਕੀ ਕਿਹਾ ਜਾਵੇ? ਜਿਸ ਬਲਾਤਕਾਰੀ ਧਨਵੰਤ ਸਿੰਘ ਨੂੰ, ਅਕਾਲ ਤਖਤ ਦੇ ਜਥੇਦਾਰ ‘ਕਲੀਨ ਚਿੱਟ’ ਦੇਂਦੇ ਹਨ – ਉਸ ਨੂੰ ਅਦਾਲਤ 10 ਸਾਲ ਕੈਦ ਦੀ ਸਜ਼ਾ ਸੁਣਾਉਂਦੀ ਹੈ – ਅਕਾਲ ਤਖਤ ਦਾ ਇਨਸਾਫ ਤੇ ਵੱਕਾਰ ਕਿੱਥੇ ਖੜ੍ਹਾ ਹੈ? ਜਥੇਦਾਰ ਅਕਾਲ ਤਖਤ ਸਾਹਿਬ ਦਾ ਇੱਕਪਾਸੜ ਬਾਦਲ ਪੱਖੀ ਰੋਲ, ਸਾਡੀਆਂ ਧਾਰਮਿਕ ਸਖਸ਼ੀਅਤਾਂ ਦਾ ਨਿੱਘਰਿਆ ਰੂਪ ਪੇਸ਼ ਕਰਦਾ ਹੈ। ਕੂੜ ਸੌਦਾ ਡੇਰੇ ਦੇ ਮੁੱਦੇ ’ਤੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਰੌਸ਼ਨੀ ਵਿੱਚ ਖਾਲਸਾ ਮਾਰਚ ਕਰਣ ਵਾਲਿਆਂ ਦੀਆਂ ਗ੍ਰਿਫਤਾਰੀਆਂ ਅਤੇ ਸੌਦਾ ਡੇਰਿਆਂ ਨੂੰ ‘ਸੁਰੱਖਿਆ’ ਪ੍ਰਦਾਨ ਕਰਨ ਵਾਲੀ ਬਾਦਲ ਸਰਕਾਰ ਦੀ ਨੀਤੀ ਦੇ ਸਾਹਵੇਂ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰਾਂ ਨੇ ਕਿਉਂ ਕਬੂਤਰ ਵਾਂਗ ਅੱਖਾਂ ਮੀਟੀਆਂ ਹੋਈਆਂ ਹਨ? ਬਹੁਗਿਣਤੀ ਸ਼੍ਰੋਮਣੀ ਕਮੇਟੀ ਮੈਂਬਰ ਆਪ ਸ਼ਰਾਬੀ, ਦੁਰਾਚਾਰੀ ਅਤੇ ਦਾੜ੍ਹੀਆਂ ਰੰਗਣ ਵਾਲੇ ਹੋਣ ਅਤੇ ਉਨ੍ਹਾਂ ਦੇ ਬੱਚੇ ਪਤਿਤਪੁਣੇ ਦੀ ਡੂੰਘੀ ਖੱਡ ਵਿੱਚ ਡਿੱਗੇ ਹੋਣ ਤਾਂ ਇਹਨਾਂ ਨੂੰ ਮਹੰਤ ਨਰੈਣੂ ਦੀ ‘ਬਰਗੇਡ’ ਤੋਂ ਕਿਵੇਂ ਵੱਖ ਵੇਖਿਆ ਜਾ ਸਕਦਾ ਹੈ? ਜੁਝਾਰੂ ਸਿੰਘਾਂ ਦੀਆਂ ਮਾਤਾਵਾਂ, ਭੈਣਾਂ ਅਤੇ ਬਜ਼ੁਰਗ ਪਿਤਾਵਾਂ ਨੂੰ ਤਾਂ ਗੁਰਦੁਆਰਿਆਂ ਵਿੱਚੋਂ ਧੱਕੇ ਮਾਰੇ ਜਾ ਰਹੇ ਹੋਣ (ਰਹਿਣ ਲਈ ਥਾਂ ਨਾ ਮਿਲੇ) ਪਰ ਉਹਨਾਂ ਗੁਰਦੁਆਰਿਆਂ ਵਿੱਚ ਸਮੱਗਲਰਾਂ ਅਤੇ ਡਰੱਗਜ਼ ਵੇਚਣ ਵਾਲਿਆਂ ਨੂੰ ਸਪੈਸ਼ਲ ਕਮਰੇ ਅਲਾਟ ਕੀਤੇ ਹੋਣ ਤਾਂ ਇਸ ਨੂੰ ਕੀ ਆਖਿਆ ਜਾਵੇ?

ਗੁਰੂ ਰਾਮਦਾਸ ਸਰਾਂ ਵਿੱਚ ਮੁਸਾਫਰ ਬੀਬੀਆਂ ਦੀ ਇੱਜ਼ਤ ਨੂੰ ਹੱਥ ਪਾਉਣਾ, ਬੀਬੀਆਂ ਦੇ ਇਸ਼ਨਾਨ ਪੌਣੇ ਵਿੱਚ (ਹਰਿਮੰਦਰ ਸਾਹਿਬ ਦੀ ਪ੍ਰਕਰਮਾ ’ਚ) ਦਰਬਾਰ ਸਾਹਿਬ ਦੇ ਅਸਿਸਟੈਂਟ ਮੈਨੇਜਰ ਦਾ ਜਾ ਵੜਨਾ, ਮੱਕੜ ਦੇ ਪੀ. ਏ. ਰਹੇ ਦਲਜੀਤ ਸਿੰਘ ਬੇਦੀ ਦੀ ਆਚਰਣਹੀਣਤਾ – ਇਹ ਕਰਤੂਤਾਂ ਨਰੈਣੂ ਦੇ ਕੰਜਰੀਆਂ ਦਾ ਨਾਚ ਕਰਾਉਣ ਨਾਲੋਂ ਕਿਵੇਂ ਛੋਟੀਆਂ ਹਨ? ਇਹ ਸਭ ਦਾ ਇਲਾਜ ਕੀ ਹੈ?

ਮਹੰਤਾਂ ਦੀਆਂ ਬਦਕਾਰ, ਅਸਿੱਖ ਨੀਤੀਆਂ ਦਾ ਅੰਤ, ਪੰਥ ਨੇ ਉਹਨਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਕੱਢ ਕੇ ਕੀਤਾ ਸੀ। ਕੀ ਅਜੋਕਾ ਖਾਲਸਾ ਪੰਥ, ਬਾਦਲਦਲੀਆਂ ਦੀਆਂ ਸਿੱਖ ਮਾਰੂ ਨੀਤੀਆਂ ਤੇ ਜਨਸੰਘੀ ਜੀਵਨ ਜਾਂਚ ਨੂੰ ਇਵੇਂ ਹੀ ਬਰਦਾਸ਼ਤ ਕਰਦਾ ਰਹੇਗਾ? ਕੀ ਗੰਗੂ-ਚੰਦੂ-ਨਰੈਣੂ ਦੀ ਸੋਚ ’ਤੇ ਖਾਖੀ ਨਿੱਕਰ ਪਾ ਕੇ ਪਹਿਰਾ ਦੇ ਰਿਹਾ ਪ੍ਰਕਾਸ਼ ਸਿੰਘ ਬਾਦਲ ਇਵੇਂ ਹੀ ਸਿੱਖਾਂ ਨੂੰ ਵਿਕਾਊ ਮਾਲ ਬਣਾਈ ਰੱਖੇਗਾ ਅਤੇ ਅਸੀਂ ਮੂਕ-ਦਰਸ਼ਕ ਬਣੇ ਰਹਾਂਗੇ? ਅਕਾਲੀ ਮਹੰਤਾਂ ਤੋਂ ਪੰਥ ਤੇ ਗੁਰਦੁਆਰੇ ਅਜ਼ਾਦ ਕਰਵਾਉਣਾ ਹੀ ਅਜੋਕੀ ਦੁਰਦਸ਼ਾ ’ਚੋਂ ਪੰਥ ਨੂੰ ਬਾਹਰ ਕੱਢ ਸਕਦਾ ਹੈ।

ਉੱਠੋ! ਵਗਰਨਹ ਮਹੱਸਰ (ਸਵੇਰ) ਨਾ ਹੋਗਾ ਫਿਰ ਕਭੀ!

ਦੌੜੋ! ਜ਼ਮਾਨਾ ਚਾਲ ਕਿਆਮਤ ਕੀ ਚਲ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: