ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਵੋਟਾਂ ਵੰਡੇ ਜਾਣ ਤੋਂ ਰੋਕਣ ਲਈ ਆਵਾਜ਼-ਏ-ਪੰਜਾਬ ਨਾਲ ਸੀਟਾਂ ਬਾਰੇ ਗੱਲ ਕਰਨ ਨੂੰ ਤਿਆਰ ਅਮਰਿੰਦਰ ਸਿੰਘ

September 28, 2016 | By

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਵਿਰੋਧੀ ਲਹਿਰ ਨੂੰ ਖਿੰਡਣ ਤੋਂ ਬਚਾਉਣ ਲਈ ਧਰਮ ਨਿਰਪੱਖ ਪਾਰਟੀਆਂ ਨੂੰ ਇਕਜੁੱਟ ਕਰਨ ਵਾਸਤੇ ਆਵਾਜ਼-ਏ-ਪੰਜਾਬ ਨਾਲ ਚੋਣਾਂ ਤੋਂ ਪਹਿਲਾਂ ਸਮਝੌਤਾ ਕਰਨ ਲਈ ਤਿਆਰ ਹੈ। ਮੀਡੀਆਂ ‘ਚ ਛਪੀਆਂ ਖਬਰਾਂ ਮੁਤਾਬਕ ਕੈਪਟਨ ਨੇ ਕਿਹਾ ਕਿ ਉਹ ਚੋਣਾਂ ਵਿੱਚ ਆਵਾਜ਼-ਏ-ਪੰਜਾਬ ਦੇ ਆਗੂਆਂ ਨਾਲ ਸੀਟਾਂ ਦੀ ਵੰਡ ਬਾਰੇ ਵੀ ਖੁੱਲ੍ਹੇ ਮਨ ਨਾਲ ਵਿਚਾਰ ਕਰ ਸਕਦੇ ਹਨ। ਨਵਜੋਤ ਸਿੱਧੂ ਦੀ ਅਗਵਾਈ ਵਾਲੇ ਇਸ ਫਰੰਟ ਬਾਰੇ ਕੈਪਟਨ ਨੇ ਕਿਹਾ,‘ਇਸ ਫਰੰਟ ਦੇ ਆਗੂਆਂ ਦਾ ਆਪਣਾ ਜਨ ਅਧਾਰ ਹੈ। ਪ੍ਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਨ। ਉਹ ਇਸ ਵੇਲੇ ਵਿਧਾਇਕ ਹਨ ਤੇ ਉਹ ਪੰਜਾਬ ਵਿੱਚ ਜਿਥੋਂ ਮਰਜ਼ੀ ਚੋਣ ਜਿੱਤ ਸਕਦੇ ਹਨ। ਬੈਂਸ ਭਰਾਵਾਂ ਦੇ ਆਪਣੇ ਹਲਕੇ ਹਨ।

ਨਵਜੋਤ ਸਿੱਧੂ ਨੇ ਕਿਹਾ ਹੈ ਉਹ ਚੋਣ ਨਹੀਂ ਲੜਨਗੇ ਪਰ ਜੇ ਉਹ ਚਾਹੁਣ ਤਾਂ ਉਨ੍ਹਾਂ ਦੀ ਪਤਨੀ ਵਿਧਾਇਕ ਬਣ ਸਕਦੀ ਹੈ।’ ਉਨ੍ਹਾਂ ਕਿਹਾ ਕਿ ਕੌਣ ਕਿਹੜੀ ਸੀਟ ਤੋਂ ਚੋਣ ਲੜੇਗਾ, ਇਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਚੋਣਾਂ ਤੋਂ ਪਹਿਲਾਂ ਭਾਈਵਾਲਾਂ ਵਿੱਚ ਸਿਆਸੀ ਸਹਿਮਤੀ ਬਣ ਜਾਵੇ। ਇਸ ਲਈ ਕਾਂਗਰਸ ਵੱਲੋਂ ਘੱਟੋ ਘੱਟੋ ਸਾਂਝਾ ਪ੍ਰੋਗਰਾਮ ਤਿਆਰ ਕੀਤਾ ਜਾ ਸਕਦਾ ਹੈ। ਇਸ ਦੇ ਤਿਆਰ ਹੋਣ ਤੋਂ ਬਾਅਦ ਸੀਟਾਂ ਦੀ ਵੰਡ ਕੋਈ ਵੱਡੀ ਸਮੱਸਿਆ ਨਹੀਂ ਰਹੇਗੀ।

ਕੈਪਟਨ ਅਮਰਿੰਦਰ ਸਿੰਘ, ਪਰਗਟ ਸਿੰਘ ਅਤੇ ਨਵਜੋਤ ਸਿੱਧੂ (ਫਾਈਲ ਫੋਟੋ)

ਕੈਪਟਨ ਅਮਰਿੰਦਰ ਸਿੰਘ, ਪਰਗਟ ਸਿੰਘ ਅਤੇ ਨਵਜੋਤ ਸਿੱਧੂ (ਫਾਈਲ ਫੋਟੋ)

ਪੰਜਾਬ ਵਿੱਚ ਇਸ ਵਾਰ ਚੋਣਾਂ ਕਾਫ਼ੀ ਰੋਮਾਂਚਕ ਹੋਣ ਦੀ ਸੰਭਾਵਨਾ ਹੈ ਕਿਉਂਕਿ ਰਾਜ ਵਿੱਚ ਅਕਾਲੀ-ਭਾਜਪਾ ਸਰਕਾਰ ਵਿਰੋਧੀ ਵੋਟ ਆਮ ਆਦਮੀ ਪਾਰਟੀ, ਕਾਂਗਰਸ, ਆਵਾਜ਼-ਏ-ਪੰਜਾਬ, ਧਰਮਵੀਰ ਗਾਂਧੀ ਦੇ ਚੌਥੇ ਫਰੰਟ ਅਤੇ ‘ਆਪ’ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਿੱਚ ਵੰਡੇ ਜਾਣ ਦਾ ਖਦਸ਼ਾ ਹੈ, ਜਿਸ ਦਾ ਸਿੱਧਾ ਲਾਭ ਸੱਤਾਧਾਰੀ ਧਿਰ ਨੂੰ ਹੋ ਸਕਦਾ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੀਆਂ ਵੋਟਾਂ ਨੂੰ ਖਿੱਚਣ ਲਈ ਇਨ੍ਹੀਂ ਦਿਨੀਂ ਲੰਡਨ ਦੌਰੇ ‘ਤੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,