ਸਿਆਸੀ ਖਬਰਾਂ

ਆਰ.ਐੱਸ. ਐੱਸ ਮੁਖੀ ਅਤੇ ਡੇਰਾ ਰਾਧਾ ਸੁਆਮੀ ਗੁਰਿੰਦਰ ਸਿੰਘ ਵਿੱਚ ਹੋਈ ਬੰਦ ਕਮਰਾ ਮੀਟਿੰਗ, ਕਿਆਸ ਅਰਾਈਆਂ ਜਾਰੀ

May 31, 2014 | By

 ਮਾਨਸਾ (30 ਮਈ 2014): ਅੱਜ ਮਾਨਸਾ ਵਿੱਚ ਰਾਸ਼ਟਰੀ ਸਵੈਮ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੂੰ ਅੱਜ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵਿਚਕਾਰ ਮੁਲਾਕਾਤ ਹੋਈ  । ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੀ ਪਹਿਲੀ ਵਾਰ ਕਿਸੇ ਧਾਰਮਿਕ ਸੰਗਠਨ ਦੇ ਮੁਖੀ ਨਾਲ ਅਜਿਹੀ ਗੁਪਤ ਮੀਟਿੰਗ ਹੋਈ ਹੈ। ਇਸ ਨੂੰ ਰਾਜਸੀ ਅਤੇ ਧਾਰਮਿਕ ਹਲਕਿਆਂ ਵਿੱਚ ਬੜੀ ਅਹਿਮੀਅਤ ਨਾਲ ਲਿਆ ਜਾ ਰਿਹਾ ਹੈ।

ਦੋਵਾਂ ਨੇ ਨਰਾਇਣ ਸ਼ਿਖਸ਼ਾ ਕੇਂਦਰ ਵਿੱਚ ਕਰੀਬ 27 ਮਿੰਟ ਬੰਦ ਕਮਰਾ ਮੁਲਾਕਾਤ ਕੀਤੀ। ਸੰਘ ਮੁਖੀ ਮੋਹਨ ਭਾਗਵਤ ਤਿੰਨ ਦਿਨ ਪਹਿਲਾਂ ਰੇਲ ਗੱਡੀ ਰਾਹੀਂ ਮਾਨਸਾ ਪੁੱਜੇ ਸਨ ਤੇ ਉਸ ਦਿਨ ਤੋਂ ਹੀ ਡੇਰਾ ਮੁਖੀ ਦੇ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ। ਇਸ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਤੇ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ ਤੇ ਇਸ ਦੀ ਕਮਾਂਡ ਖੁਦ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭੁਪਿੰਦਰ ਸਿੰਘ ਖੱਟੜਾ ਨੇ ਸੰਭਾਲੀ ਹੋਈ ਸੀ। ਡੇਰਾ ਰਾਧਾ ਸੁਆਮੀ ਤੇ ਨਰਾਇਣ ਸ਼ਿਕਸ਼ਾ ਕੇਂਦਰ ਬਰਨਾਲਾ ਮਾਰਗ ‘ਤੇ ਨੇੜੇ-ਨੇੜੇ ਹੀ ਬਣੇ ਹੋਏ ਹਨ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖਬਰ ਅਨੁਸਾਰ ਅੱਜ ਸਵੇਰ ਤੋਂ ਹੀ ਡੇਰਾ ਰਾਧਾ ਸੁਆਮੀ ਵਿੱਚ ਡੇਰੇ ਦੇ ਪੈਰੋਕਾਰ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ।ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਆਪਣੇ ਪਰਿਵਾਰ  ਸਮੇਤ ਹੈਲੀਕਾਪਟਰ ਰਾਹੀਂ 11.50 ਮਿੰਟ ‘ਤੇ ਡੇਰਾ ਪੁੱਜੇ ਤੇ ਉਨ੍ਹਾਂ ਕਰੀਬ 14 ਮਿੰਟ ਹਾਲ ਵਿੱਚ ਡੇਰੇ ਦੇ ਪੈਰੋਕਾਰਾਂ  ਨੂੰ ਦਰਸ਼ਨ ਦੇਣ ਤੋਂ ਬਾਅਦ ਪ੍ਰਵਚਨ ਕੀਤੇ। ਫਿਰ 12.20 ‘ਤੇ ਉਹ ਇਨੋਵਾ ਗੱਡੀ ‘ਤੇ ਸੰਘ ਪ੍ਰਮੁੱਖ ਮੋਹਨ ਭਾਗਵਤ ਨੂੰ ਮਿਲਣ ਲਈ ਰਵਾਨਾ ਹੋ ਗਏ।

ਨਰਾਇਣ ਸ਼ਿਕਸ਼ਾ ਕੇਂਦਰ ਵਿੱਚ ਕਰੀਬ 27 ਮਿੰਟ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਸੰਘ ਪ੍ਰਮੁੱਖ ਮੋਹਨ ਭਾਗਵਤ ਨੇ ਸ਼ੀਸ਼ਿਆਂ ਵਾਲੇ ਬੰਦ ਕਮਰੇ ਵਿਚ ਮੁਲਾਕਾਤ ਕੀਤੀ। ਬੇਸ਼ੱਕ ਇਸ ਨੂੰ ਇਕ ਆਮ ਮੁਲਾਕਾਤ ਤੇ ਦੋਵਾਂ ਵਿੱਚ ਪਹਿਲਾਂ ਦੀ ਜਾਣ-ਪਛਾਣ ਹੋਣਾ ਦੱਸਿਆ ਜਾ ਰਿਹਾ ਹੈ, ਪਰ ਦੋਵਾਂ ਦੀ ਮੁਲਾਕਾਤ ਨੂੰ ਰਾਜਨੀਤਿਕ ਗਲਿਆਰਿਆਂ ਵਿੱਚ ਵੀ ਬੇਸਬਰੀ ਤੇ ਉਤਸੁਕਤਾ ਨਾਲ ਲਿਆ ਗਿਆ ਤੇ ਕਈ ਤਰ੍ਹਾਂ ਦੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਡੇਰਾ ਮੁਖੀ ਤੇ ਸੰਘ ਪ੍ਰਮੁੱਖ ਪਹਿਲੀ ਵਾਰ ਹੀ ਮਾਨਸਾ ਆਏ ਹਨ ਤੇ ਡੇਰਾ ਮੁਖੀ ਦੀ ਆਮਦ ਨੂੰ ਲੈ ਕੇ  ਪੈਰੋਕਾਰਾਂ ਵੱਲੋਂ ਦੋ ਦਿਨਾਂ ਵਿੱਚ ਹੀ ਹੈਲੀਪੈਡ ਵੀ ਬਣਾਇਆ ਗਿਆ।

ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਡੇਰਾ ਰਾਧਾ ਸੁਆਮੀ ਬਿਆਸ ਤੇ ਡੇਰਾ ਮੁਖੀ ਸੰਘ ਪ੍ਰਮੁੱਖ ਨੂੰ ਚੋਣਾਂ ਤੋਂ ਪਹਿਲਾਂ ਨਾਗਪੁਰ ਮਿਲ ਚੁੱਕੇ ਹਨ। ਇਸ ਮੌਕੇ ਡੇਰਾ ਮੁਖੀ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 350 ਆਰ.ਐਸ.ਐਸ. ਵਰਕਰਾਂ ਨਾਲ ਵੀ ਗੱਲ ਕੀਤੀ।

ਦੋਵਾਂ ਦੀ ਮੁਲਾਕਾਤ ਤੇ ਆਮਦ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਪੁਲੀਸ ਦਾ ਸਖਤ ਪਹਿਰਾ ਲਗਾਇਆ ਗਿਆ ਤੇ ਕਿਸੇ ਨੂੰ ਵੀ ਕੋਈ ਵਸਤੂ ਆਦਿ ਲੈ ਕੇ ਅੰਦਰ ਜਾਣ ਦੀ ਆਗਿਆ ਨਹੀਂ ਸੀ। ਸੰਘ ਕੇਂਦਰ ਤੇ ਡੇਰੇ ਵਿੱਚ ਹਰ ਵਿਅਕਤੀ ‘ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਮੁਲਾਕਾਤ ਨੂੰ ਇਕ ਆਮ ਮਿਲਣੀ ਦੱਸਿਆ ਗਿਆ। ਇੱਥੋਂ ਤੱਕ ਕਿ ਪਹਿਲੀ ਸ਼੍ਰੇਣੀ ਵਾਲੇ ਅਫਸਰ, ਨੇਤਾ ਆਦਿ ਵੀ ਨੇੜੇ-ਤੇੜੇ ਫਟਕਣ ਨਹੀਂ ਦਿੱਤੇ ਗਏ।

ਡੇਰਾ ਮੁਖੀ 12:58 ‘ਤੇ ਮੁਲਾਕਾਤ ਕਰਕੇ ਕੇਂਦਰ ਵਿੱਚੋਂ ਬਾਹਰ ਆਏ ਤੇ ਫਿਰ ਕੁਝ ਸਮਾਂ ਡੇਰਾ ਰੁਕਣ ਤੋਂ ਬਾਅਦ ਪਰਿਵਾਰ ਸਮੇਤ 1.25 ਮਿੰਟ ਤੇ ਹਿਮਾਚਲ ਲਈ ਹੈਲੀਕਾਪਟਰ ਰਾਹੀਂ ਰਵਾਨਾ ਹੋ ਗਏ। ਸੰਘ ਦੇ ਮੁਖੀ ਮੋਹਨ ਭਾਗਵਤ ਭਲਕੇ ਮਾਨਸਾ ਤੋਂ ਰਵਾਨਾ ਹੋਣਗੇ।

ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭੁਪਿੰਦਰ ਸਿੰਘ ਖੱਟੜਾ ਨੇ ਕਿਹਾ ਕਿ ਡੇਰਾ ਮੁਖੀ ਤੇ ਸੰਘ ਪ੍ਰਮੁੱਖ ਦੀ ਕਰੀਬ ਅੱਧਾ ਘੰਟਾ ਆਪਸੀ ਗੱਲਬਾਤ ਹੋਈ ਹੈ, ਜਿਸ ਲਈ ਪੁਲੀਸ ਦੇ ਸਖ਼ਤ ਪ੍ਰਬੰਧ ਸਨ ਅਤੇ ਇਸ ਤੋਂ ਵੱਧ ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ।  ਦੂਜੇ ਪਾਸੇ ਮਾਲਵਾ ਪੱਟੀ, ਜਿਸ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿੱਚ  ਦੋਨੇਂ ਆਗੂਆਂ ਦੀ ਅਜਿਹੀ ਮੀਟਿੰਗ ਨੂੰ ਰਾਜ ਦੀ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੀ ਅਹਿਮੀਅਤ ਦੇ ਕੇ ਇਸ ਦੀਆਂ ਕੰਨਸੋਆਂ ਲੈਣ ਲਈ ਇੰਟੈਲੀਜੈਂਸੀ ਦੀ ਵਿਸ਼ੇਸ ਡਿਊਟੀ ਲਗਾਈ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,