ਵਿਦੇਸ਼ » ਸਿੱਖ ਖਬਰਾਂ

ਬਰਤਾਨਵੀ ਨਾਗਰਿਕ ਪ੍ਰਿੰਸੀਪਲ ਗੁਰਮੱਖ ਸਿੰਘ ਨੂੰ ਨਵੇਂ ਵਰ੍ਹੇ ਮਹਾਰਾਣੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ

December 31, 2015 | By

ਲੰਡਨ ( 30 ਦਸੰਬਰ, 2015): ਬਰਤਾਨੀਆਂ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਬਰਤਾਨਵੀ ਨਾਗਰਿਕ ਪ੍ਰਿੰਸੀਪਲ ਗੁਰਮੱਖ ਸਿੰਘ ਨੂੰ ਬਰਤਾਨੀਆਂ ਸਰਕਾਰ ਵੱਲੋਂ ਨਵੇ ਵਰ੍ਹੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।

ਪ੍ਰਿੰਸੀਪਲ ਗੁਰਮੱਖ ਸਿੰਘ

ਪ੍ਰਿੰਸੀਪਲ ਗੁਰਮੱਖ ਸਿੰਘ

ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੈੱਥ ਵੱਲੋਂ ਨਵੇਂ ਵਰ੍ਹੇ ਸ਼ਾਹੀ ਮਹੱਲ ਵੱਲੋਂ ਦਿੱਤੇ ਜਾਣ ਵਾਲੇ ਸਨਮਾਨਾਂ ਦੀ ਸੂਚੀ ‘ਚ ਉਨ੍ਹਾਂ ਦਾ ਨਾਮ ਸ਼ਾਮਿਲ ਕਰਦਿਆਂ ਓ. ਬੀ. ਈ. (ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ) ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਨੇੜੇ ਘੁੱਗ ਵੱਸਦੇ ਪਿੰਡ ਬੱਸੀਆਂ ਨਾਲ ਸਬੰਧਤ ਗੁਰਮੁੱਖ ਸਿੰਘ ਦਾ ਜਨਮ 1938 ਨੂੰ ਗੁਜਰਾਤ ਦੇ ਕੱਛ ਇਲਾਕੇ ਦੇ ਭੁੱਜ ਸ਼ਹਿਰ ‘ਚ ਹੋਇਆ ਪਰ ਉਨ੍ਹਾਂ ਦੇ ਜੀਵਨ ਦਾ ਵੱਡਾ ਹਿੱਸਾ ਮਲੇਸ਼ੀਆ ‘ਚ ਬੀਤਿਆ ਜਿੱਥੇ ਉਨ੍ਹਾਂ ਸਾਰੀ ਵਿੱਦਿਆ ਪ੍ਰਾਪਤ ਕੀਤੀ ਅਤੇ 1960 ਵਿੱਚ ਉਹ ਬਰਤਾਨੀਆ ਆ ਕੇ ‘ਟਰੇਡ ਐਂਡ ਇੰਡਸਟਰੀ’ ਸਰਕਾਰੀ ਵਿਭਾਗ ਵਿੱਚ ਕੰਮ ਕਰਦੇ ਰਹੇ।

ਸਿੱਖੀ ‘ਚ ਪਰਪੱਕ ਹੋਣ ਕਰਕੇ ਯੂਰਪੀ ਤੇ ਅੰਤਰਰਾਸ਼ਟਰੀ ਵਪਾਰਕ ਸੰਸਥਾਵਾਂ ਵਿੱਚ ਬਰਤਾਨਵੀ ਸਰਕਾਰ ਦੇ ਟਰੇਡ ਡੈਲੀਗੇਸ਼ਨਾਂ ਵਿੱਚ ਉਹ ਹਮੇਸ਼ਾ ਖਿੱਚ ਦਾ ਕੇਂਦਰ ਬਣੇ। 1987 ਵਿੱਚ ਸਿਵਲ ਸਰਵਿਸ ਦੇ ਇਸ ਉੱਚ ਅਹੁਦੇ ਲਈ ਸੇਵਾਵਾਂ ਦੇਣ ਵਾਲੇ ਉਹ ਪਹਿਲੇ ਦਸਤਾਰਧਾਰੀ ਸਾਬਤ ਸੂਰਤ ਸਿੱਖ ਸਨ।

10 ਸਾਲ ਦੇ ਲਗਭੱਗ ਪ੍ਰਿੰਸੀਪਲ ਅਫ਼ਸਰ ਦੇ ਅਹੁਦੇ ‘ਤੇ ਨੌਕਰੀ ਕਰਨ ਉਪਰੰਤ 1996 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਬਰਤਾਨਵੀ ਸਿੱਖਾਂ ਦੀ ਪਛਾਣ, ਲੋੜਾਂ ਅਤੇ ਸਿੱਖ ਮਸਲਿਆਂ ਲਈ ਕੰਮ ਕਰਨਾ ਸ਼ੁਰੂ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਤੇ ਉਦੇਸ਼ਾਂ ਦਾ ਸਿੱਖ ਭਾਈਚਾਰੇ ‘ਤੇ ਪੈਣ ਵਾਲੇ ਅਸਰ ਤੋਂ ਸਿੱਖਾਂ ਨੂੰ ਜਾਗਰੂਕ ਕਰਨਾ,ਸਿੱਖ ਅਤੇ ਬ੍ਰਿਟਿਸ਼ ਕਦਰਾਂ-ਕੀਮਤਾਂ ਦੀ ਸਾਂਝ ਮਜ਼ਬੂਤ ਕਰਨ, ਬ੍ਰਿਟਿਸ਼ ਸਿੱਖ ਕਨਸਲਟੇਟਿਵ ਫੋਰਮ ਰਾਹੀਂ ਸਿੱਖ ਮਸਲੇ ਉਭਾਰਨਾ, ਖ਼ਾਲਸਾ ਏਡ ਚੈਰਿਟੀ ਸੰਸਥਾ ਨੂੰ ਸਹਿਯੋਗ ਦੇਣਾ, ਸਿੱਖ ਕੌਂਸਲ ਯੂ.ਕੇ. ਵਿੱਚ ਬੋਰਡ ਆਫ਼ ਜਥੇਦਾਰਜ਼ ਦਾ ਮੈਂਬਰ ਬਣ ਕੇ ਕੰਮ ਕਰਨਾ, ਸਿੱਖ ਮਿਸ਼ਨਰੀ ਸੁਸਾਇਟੀ ਯੂ.ਕੇ., ਐਂਗਲੋ ਸਿੱਖ ਵਿਰਸੇ ਨਾਲ ਸਬੰਧਤ ਪ੍ਰਾਜੈਕਟਾਂ ਵਿਚ ਯੋਗਦਾਨ ਅਤੇ ਪਹਿਲੀ ਸੰਸਾਰ ਜੰਗ ਬਾਬਤ ਲੜੀਵਾਰ ਇਤਿਹਾਸਕ ਲੇਖ ਲਿਖ ਕੇ ਲੋਕਾਂ ਵਿੱਚ ਸਿੱਖਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਸਮੇਤ ਆਦਿ ਕਾਰਜ਼ ਕਰਨ ਬਦਲੇ ਉਨ੍ਹਾਂ ਦੀਆਂ ਭਾਈਚਾਰੇ ਅਤੇ ਦੇਸ਼ ਨੂੰ ਦਿੱਤੀਆਂ ਸੇਵਾਵਾਂ ਨੂੰ ਵੇਖਦੇ ਹੋਏ ਮਹਾਰਾਣੀ ਐਲਿਜ਼ਾਬੈੱਥ ਵੱਲੋਂ ਸ. ਗੁਰਮੁੱਖ ਸਿੰਘ ਨੂੰ ਸਨਮਾਨਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,