ਲੇਖ

ਸਿੱਖ ਵਿਰੋਧੀ ਪੱਤਰਕਾਰ ਕੁਲਦੀਪ ਨਈਅਰ ਦੇ ਬਚਾਅ ਲਈ ਪ੍ਰਸਿੱਧ ਸਿੱਖ ਵਕੀਲ ਸ. ਐਚ. ਐਸ. ਫੂਲਕਾ ਬਣੇ ਢਾਲ

July 25, 2012 | By

– ਡਾ. ਅਮਰਜੀਤ ਸਿੰਘ*

ਕੁਲਦੀਪ ਨਈਅਰ ਦੇ ਮੁੱਦੇ ’ਤੇ, ਲਗਾਤਾਰਤਾ ਨਾਲ ਇਹ ਸਾਡੀ ਤੀਸਰੀ ਲਿਖਤ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਲਗਭਗ ਅੱਧੀ ਸਦੀ ਸਿੱਖ-ਦੋਸਤ ਬਣ ਕੇ ਸਿੱਖਾਂ ਨੂੰ ‘ਉੱਲੂ’ ਬਣਾਉਂਦਾ ਰਿਹਾ ਨਈਅਰ, ਇਸ ਦੁਨੀਆਂ ਤੋਂ ਕੂਚ ਕਰਣ ਤੋਂ ਪਹਿਲਾਂ, ਸਿੱਖ ਕੌਮ ਦੀ ਕਚਹਿਰੀ ਵਿੱਚ ਬੇ-ਨਕਾਬ ਅਤੇ ਬੇ-ਆਬਰੂ ਹੋਇਆ ਖੜ੍ਹਾ ਹੈ। ਪ੍ਰਸਿੱਧ ਪੱਤਰਕਾਰ ਸ. ਜਗਤਾਰ ਸਿੰਘ ਸਿੱਧੂ ਨੇ ਇੱਕ ਟਾਕ-ਸ਼ੋਅ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ, ‘ਨਈਅਰ ਸਬੰਧੀ ਛਿੜੀ ਤਾਜ਼ਾ ਬਹਿਸ ’ਚੋਂ ਇੱਕ ਗੱਲ ਸਾਫ ਤੇ ਸਪੱਸ਼ਟ ਹੋ ਕੇ ਉੱਭਰਦੀ ਹੈ ਕਿ ਉਹ ਸਿੱਖਾਂ ਵਿੱਚ ਆਪਣੀ ਪ੍ਰਮਾਣਿਕਤਾ ਤੇ ਸਤਿਕਾਰ ਗਵਾ ਚੁੱਕਾ ਹੈ।’ ਪਿਛਲੇ ਦਿਨੀਂ ਭਾਈ ਗੁਰਦਾਸ ਹਾਲ, ਸ੍ਰੀ ਅੰਮ੍ਰਿਤਸਰ ਵਿੱਚ ਹੋਈ ਪੰਥਕ ਜਥੇਬੰਦੀਆਂ ਦੀ ਮੀਟਿੰਗ ਨੇ, ਕੁਲਦੀਪ ਨਈਅਰ ਦੇ ਅਖੌਤੀ ਮੁਆਫੀਨਾਮੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਮੰਗ ਕੀਤੀ ਹੈ ਕਿ ਕੁਲਦੀਪ ਨਈਅਰ ਸਿੱਧੇ ਤੌਰ ’ਤੇ, ਆਪਣੇ ਲੈਟਰ-ਹੈੱਡ ’ਤੇ ਮੁਆਫੀਨਾਮਾ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਭੇਜੇ ਅਤੇ ਆਪਣੀ ਲਿਖਤੀ ਪੁਸਤਕ ‘ਬਿਯੌਂਡ ਦੀ ਲਾਈਨਜ਼- ਐਨ ਆਟੋਬਾਇਗਰਾਫੀ’ ਪੁਸਤਕ ਦੀਆਂ ਸਾਰੀਆਂ ਕਾਪੀਆਂ ਮਾਰਕੀਟ ਵਿੱਚੋਂ ਵਾਪਸ ਮੰਗਵਾਏ ਜਾਂ ਇਨ੍ਹਾਂ ਵਿੱਚ ਸੋਧ ਪੱਤਰ ਛਾਪ ਕੇ ਇਨ੍ਹਾਂ ਨੂੰ ਵੇਚਿਆ ਜਾਵੇ। ਇਸ ਲਈ ਨਈਅਰ ਨੂੰ ਇੱਕ ਹਫਤੇ ਦਾ ਨੋਟਿਸ ਦਿੱਤਾ ਗਿਆ ਹੈ। ਐਸਾ ਨਾ ਕਰਨ ਦੀ ਸੂਰਤ ਵਿੱਚ ਪੰਥਕ ਜਥੇਬੰਦੀਆਂ, ਅਕਾਲ ਤਖਤ ਨੂੰ ਅਪੀਲ ਕਰਨਗੀਆਂ ਕਿ ਨਈਅਰ ਨੂੰ ਦਿੱਤਾ ਗਿਆ ਸਨਮਾਨ ਵਾਪਸ ਲਿਆ ਜਾਵੇ ਅਤੇ ਸਿੱਖ ਸੰਗਤਾਂ ਨੂੰ ਨਈਅਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਸੱਦਾ ਦਿੱਤਾ ਜਾਵੇਗਾ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਮੁੱਦੇ ’ਤੇ ਅਜੇ ਤੱਕ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਸੰਤ ਸਮਾਜ, ਬਾਦਲੀ ਸਿੱਖ ਸਟੂਡੈਂਟਸ ਫੈਡਰੇਸ਼ਨ (ਨਾਮ ਨਿਹਾਦ) ਆਦਿ ਨੇ ਆਪਣੀ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ।

ਪੰਜਾਬੀ ਦੀ ਪ੍ਰਸਿੱਧ ਅਜੀਤ ਅਖਬਾਰ ਵਿੱਚ ਵੀ ਕੁਲਦੀਪ ਨਈਅਰ ਦਾ ਕਾਲਮ ਲਗਾਤਾਰਤਾ ਨਾਲ ਛਪ ਰਿਹਾ ਹੈ ਹਾਲਾਂਕਿ ਇਸ ਅਖਬਾਰ ਨੇ ਨਈਅਰ ਵਿਰੋਧੀ ਖਬਰਾਂ ਨੂੰ ਵੀ ਪ੍ਰਕਾਸ਼ਿਤ ਕੀਤਾ ਹੈ।

ਇਸ ਸਥਿਤੀ ਦੀ ਇੱਕ ਵੱਡੀ ਤ੍ਰਾਸਦੀ ਇਹ ਹੈ ਕਿ ਦਿੱਲੀ ਦੇ ਪ੍ਰਸਿੱਧ ਸਿੱਖ ਵਕੀਲ ਸ. ਐਚ. ਐਸ. ਫੂਲਕਾ (ਜਿਨ੍ਹਾਂ ਨੇ ਨਵੰਬਰ-84 ਦੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਸਿੱਖ ਪਰਿਵਾਰਾਂ ਦੇ ਕੇਸਾਂ ਨੂੰ ਦਿੱਲੀ ਦੀਆਂ ਅਦਾਲਤਾਂ ਵਿੱਚ ਬੜੀ ਹਿੰਮਤ ਤੇ ਦਲੇਰੀ ਨਾਲ ਲੜਿਆ) ਕੁਲਦੀਪ ਨਈਅਰ ਦੀ ‘ਢਾਲ’ ਬਣ ਕੇ ਸਾਹਮਣੇ ਆਏ ਹਨ। ਸ. ਫੂਲਕਾ ਦੀ ਇਸ ਸਬੰਧੀ ਤਿੰਨ ਸਫਿਆਂ ਦੀ ਇੱਕ ਲਿਖਤ ਮੀਡੀਏ ਅਤੇ ਪੰਥਕ ਹੱਥਾਂ ਵਿੱਚ ਪਹੁੰਚੀ ਹੈ। ਇਸ ਲਿਖਤ ਵਿੱਚ ਸ. ਫੂਲਕਾ ਨੇ ਨਈਅਰ ਵਲੋਂ ਆਪਣੀ ਸ੍ਵੈ-ਜੀਵਨੀ ਵਿੱਚ ਕੀਤੀਆਂ ਗਈਆਂ ਗਲਤ ਬਿਆਨੀਆਂ ਲਈ ਤਾਂ ਸਿਰਫ ਅੱਧੀ ਲਾਈਨ ਹੀ ਦਿੱਤੀ ਹੈ –

‘ਇਸ ਕਿਤਾਬ ਵਿੱਚ ਲਿਖੀਆਂ ਕਈ ਗੱਲਾਂ ਨਾਲ, ਮੈਂ ਵੀ ਸਹਿਮਤ ਨਹੀਂ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਨਸਾਨ ਦੇ ਪਿਛਲੇ ਕੀਤੇ ’ਤੇ ਪਾਣੀ ਫੇਰ ਕੇ, ਇਸਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਈਏ।’ ਪਰ ਉਨ੍ਹਾਂ ਕੁਲਦੀਪ ਨਈਅਰ ਨੂੰ 18ਵੀਂ ਸਦੀ ਦੇ ਸਿੱਖ-ਦੋਸਤ ਦੀਵਾਨ ਕੌੜਾ ਮੱਲ ਦਾ ‘ਅਵਤਾਰ’ ਸਾਬਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸ. ਫੂਲਕਾ ਨੇ ਨਈਅਰ ਨਾਲ 1985 ਤੋਂ ਆਰੰਭ ਹੋਈ ਉਨ੍ਹਾਂ ਦੀ ਸਾਂਝ ਤੋਂ ਸ਼ੁਰੂ ਕਰਕੇ, ਹੁਣ ਤੱਕ ਉਨ੍ਹਾਂ ਦੇ ਸਿੱਖ ਦੋਸਤ ਹੋਣ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਹਨ। ਇਸ ਵਿੱਚ ਮਿਸ਼ਰਾ ਕਮਿਸ਼ਨ ਸਾਹਮਣੇ ਕੇਸ ਦੀ ਪੇਸ਼ੀ, 1987 ਵਿੱਚ ਐਮਰਜੈਂਸੀ ਵਿਰੋਧੀ ਮੰਚ, ਜੋਧਪੁਰ ਜੇਲ੍ਹ ਦੇ ਕੈਦੀਆਂ ਦੀ ਰਿਹਾਈ ਲਈ ਇੰਡੀਆ ਗੇਟ ਅੱਗੇ ਕੀਤਾ ਗਿਆ ਮੁਜ਼ਾਹਰਾ, ਨਾਨਾਵਤੀ ਕਮਿਸ਼ਨ ਦੀ ਸਥਾਪਨਾ, ਟਾਈਟਲਰ ਤੋਂ ਅਸਤੀਫਾ ਦਿਵਾਉਣਾ ਅਤੇ ਸਿੱਖਾਂ ਦੇ ਹੱਕ ਵਿੱਚ ਲਿਖੇ ‘ਕਈ ਲੇਖ’ ਆਦਿ ਦਾ ਵੇਰਵੇ ਨਾਲ ਜ਼ਿਕਰ ਕੀਤਾ ਗਿਆ ਹੈ। ਇਸ ਲੰਬੇ-ਚੌੜੇ ‘ਨਈਅਰ ਗੁਣਗਾਨਾਂ’ ਤੋਂ ਬਾਅਦ ਸ. ਫੂਲਕਾ ਅਖੀਰ ਵਿੱਚ ਸਿੱਖ ਕੌਮ ਨੂੰ ‘ਉਨ੍ਹਾਂ ਦੀ ਭਲਾਈ’ ਦਾ ਰਸਤਾ ਸੁਝਾਉਂਦੇ ਲਿਖਦੇ ਹਨ, ‘ਹੁਣ ਜਦੋਂ ਕੁਲਦੀਪ ਨਈਅਰ ਨੇ ਮੁਆਫੀ ਮੰਗ ਲਈ ਹੈ ਤਾਂ ਇਸਨੂੰ ਮਨਜ਼ੂਰ ਕਰਕੇ, ਇਹ ਮਾਮਲਾ ਇੱਥੇ ਹੀ ਖਤਮ ਕਰਨਾ ਚਾਹੀਦਾ ਹੈ, ਇਸੇ ਵਿੱਚ ਕੌਮ ਦੀ ਭਲਾਈ ਹੈ।’

ਅਸੀਂ ਸ. ਫੂਲਕਾ ਦੇ ਪ੍ਰਸ਼ੰਸਕ ਹਾਂ ਕਿਉਂਕਿ ਉਨ੍ਹਾਂ ਨੇ ਜਗਦੀਸ਼ ਟਾਈਟਲਰ, ਐਚ. ਕੇ. ਐਲ. ਭਗਤ, ਸੱਜਣ ਕੁਮਾਰ ਵਰਗੇ ਗੁੰਡਿਆਂ ਦੀਆਂ ਧਮਕੀਆਂ ਦੇ ਬਾਵਜੂਦ, ਨਵੰਬਰ-84 ਦੇ ਸਿੱਖ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਆਪਣੀ ਲੜਾਈ ਜਾਰੀ ਰੱਖੀ। ਬਾਹਰਲੇ ਦੇਸ਼ਾਂ ਵਿੱਚ ਆਪਣੀ ਯਾਤਰਾ ਦੌਰਾਨ ਖਾਲਿਸਤਾਨ ਦੇ ਮੁੱਦੇ ਦੀ ਵਿਰੋਧਤਾ ਕਰਦਿਆਂ, ਉਨ੍ਹਾਂ ਭਾਰਤੀ ਸੰਵਿਧਾਨ ਵਿੱਚ ਆਸਥਾ ਪ੍ਰਗਟ ਕਰਕੇ, ਆਪਣੇ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਸ਼ਾਇਦ ਨਈਅਰ ਦੇ ਹੱਕ ਵਿੱਚ ਉਨ੍ਹਾਂ ਦਾ ‘ਤਾਜ਼ਾ ਸਟੈਂਡ’ ਵੀ ਬਿਬੇਕਬੁੱਧੀ ਨਾਲੋਂ ਜ਼ਿਆਦਾ ‘ਦੋਸਤੀ’ ਅਤੇ ‘ਚੈਲੇਂਜ ਕਰਨ ਦੇ ਹੌਂਸਲੇ’ ਤੋਂ ਉਪਜਿਆ ਹੈ। ਨਹੀਂ ਤਾਂ ਜੇ ਸ. ਫੂਲਕਾ ਨਈਅਰ ਦੀ ਪੁਸਤਕ ’ਤੇ ਕੋਈ ਟਿੱਪਣੀ ਨਾਂਹਪੱਖੀ ਨਹੀਂ ਵੀ ਕਰਨਾ ਚਾਹੁੰਦੇ ਸਨ ਤਾਂ ਘੱਟੋਘੱਟ ‘ਚੁੱਪ’ ਜ਼ਰੂਰ ਰਹਿ ਸਕਦੇ ਸਨ।

ਸ. ਫੂਲਕਾ ਦੀ ਲਿਖਤ ਦਾ, ਦਲ ਖਾਲਸਾ ਜਥੇਬੰਦੀ ਨੇ ਗੰਭੀਰ ਨੋਟਿਸ ਲੈਂਦਿਆਂ, ਇਸ ਸਬੰਧੀ ਉਨ੍ਹਾਂ ਨੂੰ ਖੁੱਲ੍ਹਾ ਪੱਤਰ – ਮੁਖਾਤਬ ਕੀਤਾ ਹੈ, ਜਿਸ ਦਾ ਹੂਬਹੂ ਉਤਾਰਾ ਅਸੀਂ ਆਪਣੀ ਅੰਗਰੇਜ਼ੀ ਲਿਖਤ ਵਿੱਚ ਦਿੱਤਾ ਹੈ। ਦਲ ਖਾਲਸਾ ਦਾ ਕਹਿਣਾ ਹੈ ਕਿ, ‘‘ਨਈਅਰ ਨੇ ਆਪਣੀ ਤਾਜ਼ਾ ਲਿਖਤ ਵਿੱਚ ਜੂਨ-84 ਦੇ ਸ਼ਹੀਦਾਂ ਦੀ ਯਾਦ ਵਿੱਚ ਬਣ ਰਹੀ ਯਾਦਗਾਰ ਅਤੇ ਸਿੱਖ ਸੰਸਥਾਵਾਂ ਦਾ ਵਿਰੋਧ ਤਾਂ ਕੀਤਾ ਹੀ ਹੈ ਪਰ ਉਸਨੇ ਸਾਰੇ ਹੱਦਾਂ-ਬੰਨੇ ਟੱਪਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੋਗ ਪਾ ਦੇਣ ਦੀ ਵਕਾਲਤ ਵੀ ਕੀਤੀ ਹੈ। ਨਈਅਰ ਨੇ ਜੇ ਸਿੱਖਾਂ ਦੇ ਖਿਲਾਫ ਹੋ ਰਹੇ ਅਨਿਆਂ ਦੇ ਖਿਲਾਫ ਅਵਾਜ਼ ਉਠਾਈ ਵੀ ਹੋਵੇ ਤਾਂ ਇਸ ਨਾਲ ਉਸਨੂੰ ਇਹ ਲਾਇਸੈਂਸ ਤਾਂ ਨਹੀਂ ਮਿਲ ਜਾਂਦਾ ਕਿ ਉਹ ਸਿੱਖਾਂ ਦੇ ਧਰਮ, ਰਵਾਇਤਾਂ ਅਤੇ ਸਿੱਖੀ ਕਦਰਾਂ-ਕੀਮਤਾਂ ਨੂੰ ਆਪਣੇ ਘਟੀਆ ਹਮਲੇ ਦਾ ਬੇਰੋਕਟੋਕ ਸ਼ਿਕਾਰ ਬਣਾ ਸਕਦਾ ਹੈ। …..ਜਿੱਥੋਂ ਤੱਕ ਉਸਦੀ ਅਖੌਤੀ ਮੁਆਫੀ ਦਾ ਸਬੰਧ ਹੈ, ਇਹ ਉਸ ਵਲੋਂ ਸਿੱਧੇ ਤੌਰ ’ਤੇ ਨਹੀਂ ਆਈ, ਇਸ ਲਈ ਇਸ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ……ਇੱਕ ਗੱਲ ਨਿਸਚੇਵਾਚਕ ਹੈ ਕਿ ਨਈਅਰ ਨੂੰ ਸਿੱਖ ਕੌਮ ਦੀ ਡਾਂਟ-ਫਿਟਕਾਰ ਦੀ ਡਾਢੀ ਲੋੜ ਹੈ। ਆਖਿਰ ਕਦੋਂ ਤੱਕ ਸਿੱਖ ਆਪਣੇ ਸ਼ਹੀਦਾਂ ਦਾ ਅਪਮਾਨ ਸਹਿੰਦੇ ਰਹਿਣਗੇ? ਹੁਣ ਬਹੁਤ ਹੋ ਚੁੱਕਾ ਹੈ! ਸਥਿਤੀ ਦੀ ਤ੍ਰਾਸਦੀ ਇਹ ਹੈ ਕਿ ਤੁਹਾਡੇ ਵਰਗੇ ਸਤਿਕਾਰਤ ਸਿੱਖ, ਉਸ ਬੰਦੇ ਦੇ ‘ਡਿਫੈਂਸ’ ਲਈ ਅੱਗੇ ਆਏ ਹਨ, ਜਿਸਨੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ। ਜੇ ਕੁਲਦੀਪ ਨਈਅਰ ‘ਦੁਸ਼ਮਣ’ ਨਾ ਵੀ ਹੋਵੇ ਤਾਂ ਵੀ ਉਹ ‘ਦੋਸ਼ੀ’ ਜ਼ਰੂਰ ਹੈ….।’’

ਅਸੀਂ ਦਲ ਖਾਲਸਾ ਵਲੋਂ ਸੱਭਿਅਕ ਅੰਦਾਜ਼ ਵਿੱਚ ਲਏ ਪੁਰ-ਦਲੀਲ ਸਟੈਂਡ ਦੀ ਮੁਕੰਮਲ ਹਮਾਇਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸ. ਫੂਲਕਾ ਆਪਣੇ ਮਿੱਤਰ ਨਈਅਰ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਹੋਣਗੇ ਕਿ ਉਹ ਸਿੱਖ ਕੌਮ ਤੋਂ ਆਪਣੀਆਂ ਖੁਨਾਮੀਆਂ ਦੀ ਬਿਨਾ-ਸ਼ਰਤ ਮੁਆਫੀ ਮੰਗੇ ਅਤੇ ਆਪਣੀ ਪੁਸਤਕ ਨੂੰ ਮਾਰਕੀਟ ਵਿੱਚੋਂ ਵਾਪਸ ਮੰਗਵਾ ਕੇ, ਸੁਧਾਈ ਕਰਕੇ ਮੁੜ ਪ੍ਰਕਾਸ਼ਤ ਕਰੇ। ਵੈਸੇ ਕਿਉਂਕਿ ਸ. ਫੂਲਕਾ ਨਵੰਬਰ-84 ਦੇ ਕੇਸਾਂ ਨਾਲ ਭਾਰੀ ਭਾਵੁਕ ਸਾਂਝ ਰੱਖਦੇ ਹਨ, ਇਸ ਲਈ ਚੰਗਾ ਹੋਵੇਗਾ ਕਿ ਉਹ ਇਸ ਸਬੰਧੀ 15 ਨਵੰਬਰ, 1984 ਨੂੰ ਕੁਲਦੀਪ ਨਈਅਰ ਵਲੋਂ ‘ਜੱਗ ਬਾਣੀ’ ਅਖਬਾਰ ਵਿੱਚ ਲਿਖੀ ਲਿਖਤ, ‘ਸਿੱਖ ਮਸਲੇ ਨੂੰ ਸੂਝਬੂਝ ਨਾਲ ਹੱਲ ਕਰਨ ਦੀ ਲੋੜ’ ’ਤੇ ਇੱਕ ਝਾਤ ਵੀ ਜ਼ਰੂਰ ਮਾਰ ਲੈਣ। ਯਾਦ ਰਹੇ ਇਹ ਲਿਖਤ ਉਨ੍ਹਾਂ ਦਿਨਾਂ ਵਿੱਚ ਲਿਖੀ ਗਈ ਜਦੋਂ ਅਜੇ ਦਿੱਲੀ ਦੀਆਂ ਗਲੀਆਂ ਵਿੱਚ ਕੁੱਤੇ, ਸਿੱਖ ਲਾਸ਼ਾਂ ਨੂੰ ਖਾ ਰਹੇ ਸਨ। ਨਈਅਰ ਦੀ ਅਖੌਤੀ ‘ਸਿੱਖ ਦੋਸਤੀ’ ਦੀ ਇੱਕ ਝਲਕ ਵੇਖੋ!

ਨਈਅਰ ਅਨੁਸਾਰ, ‘‘ਹਿੰਦੂ ਇਹ ਕਦੀ ਪ੍ਰਵਾਨ ਨਹੀਂ ਕਰਨਗੇ ਕਿ ਸਿੱਖ ਇੱਕ ਵੱਖਰੀ ਕੌਮ ਹਨ। ਭਾਰਤ ਅੰਦਰ ਸਿੱਖਾਂ ਦੀ ਇੱਕ ਫਿਰਕੇ ਵਜੋਂ, ਓਨਾ ਚਿਰ ਹੀ ਮਹੱਤਤਾ ਹੈ, ਜਿੰਨਾ ਚਿਰ ਉਹ ਇਸ ਰਾਸ਼ਟਰ ਦਾ ਅਨਿੱਖੜਵਾਂ ਅੰਗ ਹਨ। ਸਿੱਖਾਂ ਨੇ, ਜੇ ਇਸ ਤੋਂ ਇਲਾਵਾ ਕੋਈ ਹੋਰ ਭੂਮਿਕਾ ਨਿਭਾਈ ਤਾਂ ਇਹ ਉਨ੍ਹਾਂ ਲਈ ਖਤਰੇ ਤੋਂ ਖਾਲੀ ਨਹੀਂ…….’’ ਇਹ ਪੜ੍ਹਨ ਤੋਂ ਬਾਅਦ ਵੀ ਜੇ ਸਰਦਾਰ ਫੂਲਕਾ ਜਾਂ ਉਨ੍ਹਾਂ ਦੀ ਸੋਚ ਵਾਲੇ, ਸਿੱਖਾਂ ਵਿਚਲੇ ‘ਮਾਫੀ ਬ੍ਰਿਗੇਡ’ ਨੂੰ ਕੁਲਦੀਪ ਨਈਅਰ ਬਾਰੇ ਕੋਈ ਭੁਲੇਖਾ ਰਹਿ ਜਾਏ, ਤਾਂ ਫੇਰ ਗੁਰੂ ਹੀ ਰਾਖਾ ਹੈ।

ਕਬੀਰ ਸਾਹਿਬ ਦੇ ਇਸ ਫੁਰਮਾਨ ਨਾਲ ਅਸੀਂ ਆਪਣੀ ਲਿਖਤ ਸੰਕੋਚਦੇ ਹਾਂ –

‘ਕਬੀਰ ਮਨ ਜਾਨਤ ਸਭ ਬਾਤ

ਜਾਨਤ ਹੀ ਅਉਗਣ ਕਰੇ॥

ਕਾਹੇ ਕੀ ਕੁਸਲਾਤ

ਹਾਥ ਦੀਪ ਕੂੰਏ ਪਰੇ॥

(*ਇਹ ਲਿਖਤ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਵੱਲੋਂ ਸਿੱਖ ਸਿਆਸਤ ਨੂੰ ਭੇਜੀ ਗਈ ਹੈ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।