ਸਿੱਖ ਖਬਰਾਂ

ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਨੂੰ ਜਮਾਨਤ ਮਿਲੀ; ਅਗਲੇ ਹਫਤੇ ਰਿਹਾਈ ਦੀ ਆਸ

February 17, 2012 | By

ਚੰਡੀਗੜ੍ਹ, ਪੰਜਾਬ (17 ਫਰਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਅਤੇ ਪਿਛਲੇ ਲੰਮੇ ਸਮੇਂ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਨਜ਼ਰਬੰਦ ਸੰਘਰਸ਼ਸ਼ੀਲ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਅਖੀਰ ਮਾਨਸਾ ਕੇਸ ਵਿਚੋਂ ਜਮਾਨਤ ਮਿਲ ਗਈ। ਇਸ ਨਾਲ ਭਾਈ ਦਲਜੀਤ ਸਿੰਘ ਦੀ ਰਿਹਾਈ ਵਿਚਲਾ ਆਖਰੀ ਅੜਿੱਕਾ ਦੂਰ ਹੋ ਗਿਆ ਹੈ। ਸਿੱਖ ਸਿਆਸਤ ਨੈਟਵਰਕ ਇਹ ਜਾਣਕਾਰੀ ਨੂੰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਪੰਚ ਪ੍ਰਧਾਨੀ ਦੇ ਨੌਜਵਾਨ ਆਗੂ ਭਾਈ ਮਨਧੀਰ ਸਿੰਘ ਰਾਹੀਂ ਪ੍ਰਾਪਤ ਹੋਈ ਹੈ।

ਭਾਈ ਮਨਧੀਰ ਸਿੰਘ ਨੇ “ਸਿੱਖ ਸਿਆਸਤ” ਨੂੰ ਦੱਸਿਆ ਹੈ ਕਿ ਮਾਨਸਾ ਕੇਸ ਵਿਚ ਜਮਾਨਤ ਦੀ ਸੁਣਵਾਈ ਅੱਜ ਬਾਅਦ ਦੁਪਹਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਲੋਕ ਸਿੰਘ ਦੀ ਅਦਾਲਤ ਵਿਚ ਹੋਈ ਤੇ ਅਦਾਲਤ ਨੇ ਭਾਈ ਦਲਜੀਤ ਸਿੰਘ ਨੇ ਵਕੀਲ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਭਾਈ ਦਲਜੀਤ ਸਿੰਘ ਦੀ ਜਮਾਨਤ ਮਨਜੂਰ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਰਕਾਰੀ ਧਿਰ ਦੇ ਵਕੀਲ ਦੀਆਂ ਦਲੀਲਾਂ ਨੂੰ ਅਦਾਲਤ ਵੱਲੋਂ ਨਕਾਰ ਦਿੱਤਾ ਗਿਆ।

ਮੌਜੂਦਾ ਪੰਜਾਬ ਸਰਕਾਰ ਨੇ ਸਾਲ 2009 ਵਿਚ ਭਾਈ ਦਲਜੀਤ ਸਿੰਘ ਨੂੰ ਸਿਆਸੀ ਕਾਰਨਾਂ ਕਰਕੇ ਨਜ਼ਰਬੰਦ ਕਰ ਦਿੱਤਾ ਸੀ ਤੇ ਉਨ੍ਹਾਂ ਉੱਤੇ ਝੂਠੇ ਮੁਕਦਮੇਂ ਦਰਜ਼ ਕਰ ਦਿੱਤੇ ਸਨ ਜੋ ਲਗਾਤਾਰ ਅਦਾਲਤਾਂ ਵਿਚ ਢਹਿ-ਢੇਰੀ ਹੋਈ ਹਨ। ਪਿਛਲੇ ਸਾਲਾਂ ਦੌਰਾਨ ਪੰਜਾਬ ਤੇ ਭਾਰਤ ਸਰਕਾਰ ਅਤੇ ਦੇਸ਼ ਦਾ ਖੂਫੀਆ ਤੰਤਰ ਅਦਾਲਤੀ ਕਾਰਵਾਈ ਨੂੰ ਪ੍ਰਭਾਵਤ ਕਰਕੇ ਭਾਈ ਦਲਜੀਤ ਸਿੰਘ ਦੀ ਰਿਹਾਈ ਨੂੰ ਰੋਕਣ ਵਿਚ ਕਾਮਯਾਬ ਰਿਹਾ ਸੀ, ਹੁਣ ਹੇਠਲੀਆਂ ਅਦਾਲਤਾਂ ਵਿਚ ਚੱਲ ਰਹੇ ਮੁਕਦਮੇਂ ਇੰਨੇ ਅਧਾਰਹੀਣ ਸਾਬਤ ਹੋ ਰਹੇ ਸਨ ਕਿ ਕਾਨੂੰਨੀ ਮਾਹਰ ਅਤੇ ਵਕੀਲ ਭਾਈ ਦਲਜੀਤ ਸਿੰਘ ਦੀ ਜਲਦ ਰਿਹਾਈ ਦੀ ਆਸ ਕਰ ਰਹੇ ਸਨ।

ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬਾਦਲ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਕਾਂਗਰਸ ਦੀ ਅਗਵਾਈ ਵਾਲੀ ਭਾਰਤ ਦੀ ਕੇਂਦਰੀ ਸਰਕਾਰ ਦਾ ਸਾਂਝਾ ਮਨੋਰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕੇਂਦਰ ਪੱਖੀ ਬਾਦਲ ਧਿਰ ਦਾ ਕਬਜ਼ਾ ਕਾਇਮ ਰੱਖਣਾ ਤੇ ਪੰਜਾਬ ਚੋਣਾਂ ਵਿਚ ਸਿੱਖ ਅਤੇ ਪੰਜਾਬ ਦੇ ਮੁੱਦਿਆਂ ਦਾ ਖਾਤਮਾ ਕਰਨ ਲਈ ਭਾਈ ਦਲਜੀਤ ਸਿੰਘ ਨੂੰ ਸਿਆਸੀ ਅਤੇ ਜਨਤਕ ਪਿੜ੍ਹ ਵਿਚੋਂ ਬਾਹਰ ਰੱਖਣਾ ਸੀ। ਇਸ ਵਿਚ 2007 ਦੇ ਡੇਰਾ ਸਿਰਸਾ ਦੇ ਮਾਮਲੇ ਤੋਂ ਬਾਅਦ ਭਾਈ ਦਲਜੀਤ ਸਿੰਘ ਦੇ ਯਤਨਾਂ ਸਦਕਾ ਉੱਭਰ ਰਹੀ ਸਾਂਝੇ ਮੁਹਾਂਦਰੇ ਵਾਲੀ ਸਿੱਖ ਧਿਰ ਕੇਂਦਰ ਤੇ ਪੰਜਾਬ ਸਰਕਾਰ ਅਤੇ ਖੂਫੀਆ ਪ੍ਰਣਾਲੀ ਲਈ ਵੱਡਾ ਅੜਿੱਕਾ ਨਜ਼ਰ ਆ ਰਹੀ ਸੀ, ਇਸੇ ਕਾਰਨ ਲੰਮੀ ਵਿਚਾਰ ਤੋਂ ਭਾਈ ਦਲਜੀਤ ਸਿੰਘ ਤੇ ਉਨ੍ਹਾਂ ਨਾਲ ਸੰਬੰਧਤ ਅਨੇਕਾਂ ਸਿੱਖ ਆਗੂਆਂ ਤੇ ਪੰਚ ਪ੍ਰਧਾਨੀ ਦੇ ਵਰਕਰਾਂ ਨੂੰ ਅਗਸਤ 2009 ਵਿਚ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਗਿਆ ਸੀ।

ਭਾਈ ਦਲਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਹੁਣ ਤੱਕ ਦੇ ਸਮੇਂ ਵਿਚ ਪੰਜਾਬ ਤੇ ਖਾਸ ਕਰ ਸਿੱਖ ਹਲਕਿਆਂ ਵਿਚ ਵਾਪਰੀਆਂ ਘਟਨਾਵਾਂ ਨੇ ਸਿੱਖ ਸਿਆਸਤ ਦੇ ਰਿਵਾਇਤੀ ਮੁਹਾਂਦਰੇ ਵਿਚ ਚੋਖੀ ਤਬਦੀਲੀ ਲਿਆਂਦੀ ਹੈ। ਪਿਛਲੇ ਲੰਮੇ ਸਮੇਂ ਸਿੱਖ ਸੰਘਰਸ਼ਨ ਨਾਲ ਜੁੜੇ ਆ ਰਹੇ ਨਾਂ, ਸਖਸ਼ੀਅਤਾਂ ਤੇ ਧਿਰਾਂ ਮੌਕਾਪ੍ਰਸਤ ਸਿਆਸਤ ਦੀ ਪ੍ਰਤੀਕ ਤੇ ਭਾਰਤ-ਸਿੱਖ ਸੰਘਰਸ਼ ਵਿਚ ਭਾਰਤ ਦੀ ਕੇਂਦਰੀ ਸ਼ਕਤੀ ਦੀ ਪੂਰਕ “ਬਾਦਲ ਧਿਰ” ਨਾਲ ਖੁੱਲ੍ਹੇਆਮ ਜਾ ਖੜ੍ਹੇ ਹੋਏ ਹਨ। ਇਨ੍ਹਾਂ ਵਿਚ ਸੰਤ ਸਮਾਜ ਦਾ ਮੁੱਖ ਧੜਾ ਤੇ ਦਮਦਮੀ ਟਕਸਾਲ ਦਾ ਮਹਿਤਾ ਧੜਾ ਅਤੇ ਰੋਡੇ ਪਰਵਾਰ ਨਾਲ ਸੰਬੰਧਤ ਨਾਮਚੀਨ ਆਗੂ ਵੀ ਸ਼ਾਮਲ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਭਾਈ ਦਲਜੀਤ ਸਿੰਘ ਦੀ ਰਿਹਾਈ ਨਾਲ ਪੰਜਾਬ ਵਿਚਲੀ ਸਿੱਖ ਸਿਆਸਤ ਵਿਚ ਜ਼ਮੀਨੀ ਪੱਧਰ ਤੱਕ ਹਿਲਜੁਲ ਸ਼ੁਰੂ ਹੋਵੇਗੀ ਪਰ ਪੰਥਕ ਏਜੰਡੇ ਅਤੇ ਪੰਜਾਬ ਦੇ ਬੁਨਿਆਦੀ ਮਸਲਿਆਂ ਉੱਤੇ ਧਿਆਨ ਕੇਂਦ੍ਰਤ ਕਰਨ ਵਾਲੀ ਧਿਰ ਦਾ ਉਭਾਰ ਇਸ ਬਦਲੇ ਹੋਏ ਮਾਹੌਲ ਵਿਚ ਕਾਫੀ ਵੱਡੀ ਚੁਣੌਤੀ ਵੱਜੋਂ ਦੇਖਿਆ ਜਾ ਰਿਹਾ ਹੈ। ਪੰਜਾਬ ਵਿਚ ਇਸ ਧਿਰ ਦੇ ਉਭਾਰ ਲਈ ਪੰਜਾਬ ਅਤੇ ਵਿਦੇਸ਼ਾਂ ਦੀ ਸਮੁੱਚੀ ਸੁਹਿਰਦ ਅਤੇ ਸੰਘਰਸ਼ ਪੱਖੀ ਲੀਡਰਸ਼ਿਪ ਨੂੰ ਰਿਵਾਇਤੀ ਤੇ ਚਲੰਤ ਢੰਗ-ਤਰੀਕਿਆਂ ਤੋਂ ਹਟਵੇਂ ਅਤੇ ਬੁਨਿਆਦੀ ਕਿਸਮ ਦੇ ਫੈਸਲੇ ਲੈਣੇ ਪੈ ਸਕਦੇ ਹਨ। ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਆਉਂਦੇ ਦਿਨਾਂ ਵਿਚ ਉਸਾਰੂ ਸੋਚ ਦੇ ਉਭਾਰ ਵੱਲ ਅਤੇ ਕਾਰਗਰ ਕਾਰਜਸ਼ੈਲੀ ਉਲੀਕਣ ਲਈ ਗੰਭੀਰ ਯਤਨ ਦੇਖਣ ਨੂੰ ਮਿਲਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।