ਵਿਦੇਸ਼ » ਸਿਆਸੀ ਖਬਰਾਂ

ਪਾਕਿਸਤਾਨੀ ਮੀਡੀਆ ਮੁਤਾਬਕ ਹਾਫਿਜ਼ ਸਈਦ ਦੀ ਨਜ਼ਰਬੰਦੀ ਲਈ ਅਮਰੀਕੀ ਦਬਾਅ

January 31, 2017 | By

ਇਸਲਾਮਾਬਾਦ: ਆਪਣੀ ਨਜ਼ਰਬੰਦੀ ਤੋਂ ਐਨ ਪਹਿਲਾਂ ਹਾਫਿਜ਼ ਸਈਦ ਨੇ ਸੋਸ਼ਲ ਮੀਡੀਆ ਜ਼ਰੀਏ ਇਕ ਬਿਆਨ ਜਾਰੀ ਕੀਤਾ। ਇਸ ਵਿਚ ਉਸਨੇ ਆਪਣੀ ਗ੍ਰਿਫਤਾਰੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਦੋਸਤੀ ਨੂੰ ਦੱਸਿਆ ਹੈ। ਕਸ਼ਮੀਰ ਮੁੱਦੇ ਦੀ ਗੱਲ ਕਰਦੇ ਹੋਏ ਹਾਫਿਜ਼ ਸਈਦ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਜ਼ਰੀਏ ਪਾਕਿਸਤਾਨ ‘ਤੇ ਦਬਾਅ ਵਧਾ ਰਿਹਾ ਹੈ। ਹਾਫਿਜ਼ ਸਈਦ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਅਮਰੀਕਾ ਅਤੇ ਭਾਰਤ ਅੱਗੇ ਝੁਕਣ ਕਰਕੇ ਸਖਤ ਹੱਥੀਂ ਲਿਆ।

ਮੀਡੀਆ ਰਿਪੋਰਟਾਂ ਮੁਤਾਬਕ, 20 ਜਨਵਰੀ ਨੂੰ ਟਰੰਪ ਦੇ ਅਧਿਕਾਰਤ ਤੌਰ ‘ਤੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਪਾਕਿਸਤਾਨ ‘ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਜਨਵਰੀ ਦੇ ਦੂਜੇ ਹਫਤੇ ਅਮਰੀਕਾ ਦੇ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਪਾਕਿਸਤਾਨੀ ਰਾਜਦੂਤ ਜਲੀਲ ਅੱਬਾਸ ਜਿਲਾਨੀ ਨਾਲ ਮੁਲਾਕਾਤ ਕਰਕੇ “ਇਨਤਹਾ ਪਸੰਦਾਂ” ਖਿਲਾਫ ਸਖਤ ਕਦਮ ਚੁੱਕਣ ਲਈ ਕਿਹਾ ਸੀ। ਹਾਫਿਜ਼ ਸਈਦ ਦੀਆਂ ਜਥੇਬੰਦੀਆਂ ਚਾਹੇ ਉਹ ਜਮਾਤ-ਉਦ-ਦਾਵਾ ਹੋਵੇ ਜਾਂ ਫਲਾਹ-ਏ-ਇਨਸਾਨੀਅਤ ਫਾਂਉਂਡੇਸ਼ਨ ਦੇ ਸਬੰਧ ‘ਚ ਅਮਰੀਕਾ ਨੇ ਪਾਕਿਸਤਾਨ ਸਾਹਮਣੇ ‘ਹਵਾਲਾ’ ਜ਼ਰੀਏ ਏਸ਼ੀਆ ਪੈਸਿਫਿਕ ਗਰੁੱਪ ਦੀ ਰਿਪੋਰਟ ਨੂੰ ਰੱਖਿਆ। ਪਾਕਿਸਤਾਨੀ ਮੀਡੀਆ ਮੁਤਾਬਕ ਅਜਿਹੀ ਰਿਪੋਰਟ ਦਿਖਾ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਸਖਤ ਕਾਰਵਾਈ ਕਰਨ ਲਈ ਦਬਾਅ ਬਣਾਇਆ। ਪਾਕਿਸਤਾਨੀ ਮੀਡੀਆ ਮੁਤਾਬਕ ਅਮਰੀਕਾ ਨੇ ਸਖਤ ਕਾਰਵਾਈ ਨਾ ਕਰਨ ਦੀ ਸੂਰਤ ਵਿਚ ਪਾਕਿਸਤਾਨ ‘ਤੇ ਪਾਬੰਦੀਆਂ ਆਇਦ ਕਰਨ ਦੀ ਧਮਕੀ ਦਿੱਤੀ।

ਹਾਫਿਜ਼ ਸਈਦ (ਫਾਈਲ ਫੋਟੋ)

ਹਾਫਿਜ਼ ਸਈਦ (ਫਾਈਲ ਫੋਟੋ)

ਹਾਫਿਜ਼ ਸਈਦ ਦੀ ਗ੍ਰਿਫਤਾਰੀ ਤੇ ਨਜ਼ਰਬੰਦੀ ਤਾਂ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ। ਪਰ ਪਾਕਿਸਤਾਨ ਮੀਡੀਆ ਮੁਤਾਬਕ ਇਸ ਵਾਰ ਦੀ ਨਜ਼ਰਬੰਦੀ ਕੁਝ ਵੱਖਰੇ ਕਿਸਮ ਦੀ ਹੈ।

ਦੂਜੇ ਪਾਸੇ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਅਮਰੀਕਾ ਦੀ ਯਾਤਰਾ ‘ਤੇ ਪਾਬੰਦੀਆਂ ਲਾਏ ਗਏ ਮੁਸਲਮਾਨ ਬਹੁਗਿਣਤੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਨੂੰ ਸ਼ਾਮਲ ਕਰਨ ਦੀਆਂ ਅਫਵਾਹਾਂ ਖਿਲਾਫ ਟਰੰਪ ਪ੍ਰਸ਼ਾਸਨ ਨੂੰ ਹੁਸ਼ਿਆਰ ਕੀਤਾ ਕਿ ਇਹੋ ਜਿਹੇ ਕਦਮਾਂ ਨਾਲ ਦੋਵਾਂ ਦੇਸ਼ਾਂ ਵਿਚ “ਦੁਸ਼ਮਣੀ” ਪੈਦਾ ਹੋਵੇਗੀ।

ਹਾਫਿਜ਼ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਵਾ ਮੁਤਾਬਕ (ਪਾਕਿਸਤਾਨੀ) ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸਈਦ ਦੀ ਨਜ਼ਰਬੰਦੀ ਦਾ ਹੁਕਮ ਜਾਰੀ ਕੀਤਾ ਅਤੇ ਲਾਹੌਰ ਪੁਲਿਸ ਨੇ ਚੌਬੁਰਜੀ ਸਥਿਤ ਜਮਾਤ-ਉਦ-ਦਾਵਾ ਦੇ ਮੁੱਖ ਦਫਤਰ ਪਹੁੰਚ ਕੇ ਇਸ ਹੁਕਮ ਨੂੰ ਲਾਗੂ ਕਰਵਾਇਆ। ਜਮਾਤ ਦੇ ਇਕ ਸੀਨੀਅਰ ਅਧਿਕਾਰੀ ਅਹਿਮਦ ਨਦੀਮ ਨੇ ਦੱਸਿਆ ਕਿ ਹਾਫਿਜ਼ ਸਈਦ ‘ਮਸਜਿਦ-ਏ’ਕਦਸਿਆ ਚੌਬੁਰਜੀ’ ‘ਚ ਹੈ ਅਤੇ ਵੱਡੀ ਗਿਣਤੀ ‘ਚ ਪੁਲਿਸ ਨੇ ਜਮਾਤ ਦੇ ਮੁੱਖ ਦਫਤਰ ਨੂੰ ਘੇਰ ਕੇ ਰੱਖਿਆ ਹੈ। ਨਦੀਮ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਕੋਲ ਜਮਾਤ ਦੇ ਮੁਖੀ ਨੂੰ ਨਜ਼ਰਬੰਦ ਕਰਨ ਦੇ ਹੁਕਮ ਆਏ ਹਨ ਜਿਹੜੇ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ ਜੂਨ 2014 ‘ਚ ਜਮਾਤ-ਉਦ-ਦਾਵਾ ਨੂੰ ‘ਅੱਤਵਾਦੀ’ ਜਥੇਬੰਦੀ ਐਲਾਨ ਦਿੱਤਾ ਸੀ। ਪਾਕਿਸਤਾਨੀ ਅਖ਼ਬਾਰ ਦ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬ, ਅਮਰੀਕਾ ਦੇ ਡੋਨਾਲਡ ਟਰੰਪ ਨੇ ਸੱਤਾ ਸੰਭਾਲਣ ਤੋਂ ਕੁਝ ਦਿਨਾਂ ਬਾਅਦ ਹੀ ਪਾਬੰਦੀਆਂ ਦੀ ਚਿਤਾਵਨੀ ਆਈ ਹੈ। ਜਮਾਤ ਨੂੰ ਅਮਰੀਕਾ ਨੇ ਵੀ 2014 ‘ਚ ‘ਅੱਤਵਾਦੀ’ ਜਥੇਬੰਦੀ ਐਲਾਨ ਦਿੱਤਾ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Pakistan Authorities put JuD chief Hafiz Saeed under House Arrest …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,