ਲੇਖ

ਅਪਰੇਸ਼ਨ ‘ਬਲੂ ਸਟਾਰ’ ਤੋਂ ‘ਗਰੀਨ ਹੰਟ’ ਤਕ

October 24, 2010 | By

ਲੰਘੇ ਐਤਵਾਰ ਸੰਸਾਰ ਪ੍ਰਸਿੱਧ ਲੇਖਿਕਾ ਤੇ ਲੋਕ ਹਿਤਾਂ ਦੀ ਡਟਵੀਂ ਪੈਰਵਾਈ ਕਰਨ ਵਾਲੀ ਅਰੁੰਧਤੀ ਰਾਏ ਨੇ ਜਲੰਧਰ ਦੇ ਦੇਸ਼ ਭਗਤ ਹਾਲ ਵਿਚ ਲੋਕਾਂ ਦੇ ਭਰਵੇਂ ਇਕੱਠ ਸਾਹਮਣੇ ਬਹੁਤ ਹੀ ਸਿਧਾਂਤ ਭਰਪੂਰ ਤੇ ਧੜੱਲੇਦਾਰ ਭਾਸ਼ਣ ਦਿਤਾ। ਉਹ ਪੰਜਾਬ ਅੰਦਰ  ਖੱਬੇ ਪੱਖੀਆਂ, ਖਾਸ ਕਰਕੇ ਨਕਸਲੀ ਧੜਿਆਂ ਦੇ ਸੱਦੇ ‘ਤੇ ਬੋਲਣ ਲਈ ਆਈ ਸੀ, ਉਸ ਦੇ ਸਰੋਤੇ ਵੀ ਮੁੱਖ ਤੌਰ ‘ਤੇ ਖੱਬੇ ਪੱਖੀ ਕਾਰਕੁੰਨ ਹੀ ਸਨ, ਪਰ ਉਸ ਦੀ ਸਿਧਾਂਤਕ ਸੁਰ ਖੱਬੇ ਪੱਖੀਆਂ ਨਾਲੋਂ ਅਹਿਮ ਰੂਪ ਵਿਚ ਵੱਖਰੀ ਸੀ। ਹਰ ਕੋਈ ਜਾਣਦਾ ਹੈ ਕਿ ਅਰੁੰਧਤੀ ਰਾਏ ਛਤੀਸਗੜ੍ਹ ਤੇ ਹੋਰਨਾਂ ਥਾਵਾਂ ਦੇ ਕਬਾਇਲੀਆਂ ਵੱਲੋਂ ਮਾਓਵਾਦੀਆਂ ਦੀ ਅਗਵਾਈ ਹੇਠ ਭਾਰਤੀ ਰਾਜ ਵਿਰੁੱਧ ਲੜੀ ਜਾ ਰਹੀ ਹਥਿਆਰਬੰਦ ਲੜਾਈ ਦੀ ਡਟਵੀਂ ਹਮਾਇਤਣ ਹੈ। ਪਰ ਇਸ ਦੇ ਨਾਲ ਹੀ, ਉਹ ਮਾਓਵਾਦੀਆਂ ਦੀ ਵਿਚਾਰਧਾਰਾ ਤੇ ਉਨ੍ਹਾਂ ਦੇ ਦ੍ਰਿਸ਼ਟੀ-ਚੌਖਟੇ ਦੀ ਅੰਨ੍ਹੀ ਹਮਾਇਤ ਨਹੀਂ ਕਰਦੀ। ਉਸ ਵੱਲੋਂ ਮਾਓਵਾਦੀਆਂ ਦੀ ਹਮਾਇਤ ਕਰਨ ਦਾ ਸਿਧਾਂਤਕ ਅਧਾਰ ਕਾਫੀ ਵੱਖਰਾ ਹੈ। ਉਸ ਦਾ ਦ੍ਰਿਸ਼ਟੀਕੋਣ ਕਾਮਰੇਡਾਂ ਵਾਂਗ ਤੰਗਨਜ਼ਰੀ ਦਾ ਗ੍ਰਹਿਣਿਆ ਹੋਇਆ ਨਹੀਂ। ਉਹ ਮਾਓਵਾਦੀਆਂ ਦੇ ਸੰਘਰਸ਼ ਤੇ ਇਸ ਵਿਰੁੱਧ ਭਾਰਤੀ ਸਟੇਟ ਵੱਲੋਂ ਚਲਾਈ ਜਾ ਰਹੀ ਜਬਰ ਦੀ ਲਹਿਰ ਨੂੰ ਇਕ ਵੱਡੇ ਸੰਦਰਭ ਵਿਚ ਰੱਖ ਕੇ ਦੇਖਦੀ ਹੈ। ਉਸ ਦੇ ਸਰੋਕਾਰ ਕਾਮਰੇਡਾਂ ਨਾਲੋਂ ਕਿਤੇ ਵੱਧ ਵਿਸ਼ਾਲ ਤੇ ਪਵਿਤਰ ਕਹੇ ਜਾ ਸਕਦੇ ਹਨ। ਉਸ ਦਾ ਕਹਿਣਾ ਹੈ ਕਿ ਇਸ ਵੇਲੇ ਭਾਰਤੀ ਸਟੇਟ ਵੱਲੋਂ ਛਤੀਸਗੜ੍ਹ ਦੇ ਕਬਾਇਲੀਆਂ ਦੇ ਖਿਲਾਫ਼ ਜੋ ਵਹਿਸ਼ੀਆਨਾ ਜੁ਼ਲਮਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਉਨ੍ਹਾਂ ਨੇ ਫੌਜੀ ਭਾਸ਼ਾ ਵਿਚ ‘ਓਪਰੇਸ਼ਨ ਗਰੀਨ ਹੰਟ’ ਦਾ ਨਾਂ ਦੇ ਰੱਖਿਆ ਹੈ, ਇਸ ਨੂੰ ਕਿਸੇ ਟੁੱਟਵੀਂ ਤੇ ‘ਕੱਲੀ ‘ਕਹਿਰੀ ਘਟਨਾ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਕਾਰਵਾਈ ਉਸ ਜੰਗ ਦੀ ਹੀ ਇਕ ਕੜੀ ਹੈ ਜੋ ਭਾਰਤ ਦੇ ਹਾਕਮਾਂ ਨੇ 1947 ਤੋਂ ਹੀ ਦੇਸ਼ ਦੇ ਲੋਕਾਂ ਦੇ ਖਿਲਾਫ਼ ਵਿੱਢ ਰੱਖੀ ਹੋਈ ਹੈ। ਕਹਿਣ ਨੂੰ ਭਾਵੇਂ ਭਾਰਤ ਨੂੰ ‘ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ’ ਦਾ ਵਡਿਆਈਖੋਰਾ ਨਾਂ ਦਿਤਾ ਜਾਂਦਾ ਹੈ, ਪਰ ਸੱਚ ਇਹ ਹੈ ਕਿ ਭਾਰਤ ਅੰਦਰ ਆਪਣੇ ਹੱਕਾਂ ਤੇ ਹਿਤਾਂ ਲਈ ਜੂਝਣ ਵਾਲੇ ਲੋਕਾਂ ਦੇ ਖਿਲਾਫ਼ ਫੌਜ ਦੀ ਵਰਤੋਂ ਕਰਨੀ ਇਕ ਆਮ ਵਰਤਾਰਾ ਬਣਿਆ ਹੋਇਆ ਹੈ। ਮਨੀਪੁਰ ਹੋਵੇ ਜਾਂ ਨਾਗਾਲੈਂਡ, ਤਿਲੰਗਾਨਾ ਹੋਵੇ ਜਾਂ ਨਕਸਲਬਾੜੀ, ਕਸ਼ਮੀਰ ਹੋਵੇ ਜਾਂ ਪੰਜਾਬ, ਜਿਥੇ ਵੀ ਲੋਕਾਂ ਨੇ ਆਪਣੇ ਹਿਤਾਂ ਦੀ ਰਾਖੀ ਲਈ ਭਾਰਤੀ ਹਾਕਮਾਂ ਦੇ ਖਿਲਾਫ਼ ਸੰਘਰਸ਼ ਕਰਨ ਦੀ ‘ਗੁਸਤਾਖੀ’ ਕੀਤੀ, ਉਥੇ ਹੀ ਭਾਰਤ ਦੀਆਂ ‘ਸੁਰੱਖਿਆ ਫੋਰਸਾਂ’ ਨੂੰ ਲੋਕਾਂ ਉਤੇ ਝਪਟ ਪੈਣ ਲਈ ਖੁਲ੍ਹਾ ਛੱਡਿਆ ਗਿਆ। ਅਰੁੰਧਤੀ ਰਾਏ ਦੀ ਵੱਖਰੀ ਤੇ ਕਾਬਲੇ-ਤਾਰੀਫ਼ ਗੱਲ ਇਹ ਹੈ ਕਿ ਉਹ ਕਾਮਰੇਡਾਂ ਦੀ ਤਰ੍ਹਾਂ ‘ਲੋਕਾਂ ਦੇ ਹਿਤਾਂ’ ਨੂੰ ਸਿਰਫ ਤੇ ਸਿਰਫ ਆਰਥਕ ਮੁੱਦਿਆਂ ਤਕ ਸੁੰਗੇੜ ਕੇ ਨਹੀਂ ਦੇਖਦੀ। ਉਸ ਦਾ ਕਹਿਣਾ ਹੈ ਕਿ ਭਾਰਤੀ ਸਟੇਟ ਲੋਕਾਂ ਕੋਲੋਂ ਸਿਰਫ ਉਨ੍ਹਾਂ ਦੀਆਂ ਜ਼ਮੀਨਾਂ ਹੀ ਨਹੀਂ ਖੋਹ ਰਹੀ, ਉਹ ਲੋਕਾਂ ਦੀਆਂ ਜ਼ੁਬਾਨਾਂ ਤੇ ਸਭਿਆਚਾਰਾਂ ਨੂੰ ਵੀ ਹੜੱਪ ਕਰ ਰਹੀ ਹੈ। ਲੋਕਾਂ ਨੂੰ ਮਾਰਨ ਲਈ ਸਿਰਫ ਗੋਲੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਦੋਂ ਲੋਕਾਂ ਕੋਲੋਂ ਉਨ੍ਹਾਂ ਦੀ ਜ਼ੁਬਾਨ ਤੇ ਸਭਿਆਚਾਰ ਖੋਹ ਲਿਆ ਜਾਂਦਾ ਹੈ, ਤਾਂ ਉਨ੍ਹਾਂ ਦੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ। ਫਿਰ ਉਨ੍ਹਾਂ ਨੂੰ ਗੁਲਾਮ ਬਣਾਉਣਾ ਤੇ ਲੁੱਟਣਾ ਬਹੁਤ ਆਸਾਨ ਹੋ ਜਾਂਦਾ ਹੈ। ਅਰੁੰਧਤੀ ਰਾਏ ਇਸ ਵਰਤਾਰੇ ਦੀ ਤਹਿ ਤਕ ਜਾਂਦੀ ਹੈ ਅਤੇ ਇਸ ਪਿੱਛੇ ਕੰਮ ਕਰਦੇ ਉਸ ਫਲਸਫੇ ਦੀ ਨਿਸ਼ਾਨਦੇਹੀ ਕਰਦੀ ਹੈ, ਜਿਸ ਨੂੰ ਅਧੁਨਿਕਵਾਦ ਦਾ ਨਾਂ ਦਿਤਾ ਜਾਂਦਾ ਹੈ। ਇਸ ਸੋਚ ਦਾ ਪਿੱਛਾ ਲੱਗਭੱਗ ਤਿੰਨ ਸਦੀਆਂ ਪਹਿਲਾਂ ਯੂਰਪ ਅੰਦਰ ਸ਼ੁਰੂ ਹੋਈ ਗਿਆਨ-ਚਿੰਤਨ ਦੀ ਲਹਿਰ (ਐਨਲਾਈਟਨਮੈਂਟ) ਨਾਲ ਜਾ ਜੁੜਦਾ ਹੈ। ਵਿਗਿਆਨ ਦੀ ਸਹਾਇਤਾ ਨਾਲ ਅੰਧਾਧੁੰਦ ਵਿਕਾਸ ਵਿਚ ਸ਼ਕਤੀਵਰ ਵਿਸ਼ਵਾਸ ਅਧੁਨਿਕਵਾਦ ਦਾ ਪ੍ਰਮੁੱਖ ਪਹਿਲੂ ਹੈ। ਇਹ ਇਕ ਅਜਿਹੀ ਵਿਚਾਰਧਾਰਾ ਤੇ ਪ੍ਰਕਿਰਿਆ ਹੈ ਜੋ ਵਿਸ਼ਵ ਨੂੰ ਵਿਗਿਆਨ, ਤਕਨੋਲੋਜੀ, ਅਤੇ ਤਰਕ ਰਾਹੀਂ ਏਕਤਾ ਵਿਚ ਬੰਨ੍ਹਣ ਦਾ ਯਤਨ ਕਰਦੀ ਹੈ। ਇਹ ਵਿਚਾਰਧਾਰਾ ਰੱਬ ਦਾ ਸਥਾਨ ਪੂੰਜੀ ਨੂੰ ਬਖਸ਼ਦੀ ਹੈ। ਇਹ ਪੂੰਜੀ ਸਮਾਜਵਾਦੀ ਸੰਗਠਨਾਂ ਰਾਹੀਂ ਵਰਤੀ ਜਾਵੇ ਜਾਂ ਪੂੰਜੀਵਾਦੀ ਸੰਗਠਨਾਂ ਰਾਹੀ। ਇਸ ਦੇ ਦੁਆਲੇ ਮਹਾਂ-ਪ੍ਰਬੰਧ ਜਾਂ ਮਹਾਂ-ਬਿਰਤਾਂਤ ਉਸਾਰ ਦਿਤੇ ਗਏ ਜੋ ਅਲਪ ਬਿਰਤਾਤਾਂ ਨੂੰ ਹਜ਼ਮ ਕਰਨ ਲੱਗੇ। ਇਹ ਪ੍ਰਚਾਰਿਆ ਗਿਆ ਕਿ ਮਨੁੱਖ ਦੀ ਮੁਕਤੀ ਇਨ੍ਹਾਂ ਮਹਾਂ-ਪ੍ਰਬੰਧਾਂ ਦਾ ਅਗਿਆਪਾਲਣ ਕਰਨ ਨਾਲ ਹੀ ਹੋ ਸਕਦੀ ਹੈ। ਪੂੰਜੀ ਦੀਆਂ ਲੋੜਾਂ ਨੂੰ ਸਿਰਮੌਰ ਰੱਖ ਕੇ ਜੋ ਵਿਕਾਸ ਕੀਤਾ ਜਾਂਦਾ ਹੈ, ਉਹ ਆਪਣੇ ਮੂਲ ਖਾਸੇ ਪੱਖੋਂ ਹੀ ਲੋਕ-ਦੋਖੀ ਹੈ। ਮਹਾਂ-ਪ੍ਰਬੰਧ ਉਸਾਰਨ ਲਈ ਰਵਾਇਤੀ ਸੰਗਠਨਾਂ ਦਾ ਘਾਤ ਕੀਤਾ ਜਾਂਦਾ ਹੈ। ਮਹਾਂ-ਪ੍ਰਬੰਧਾਂ ਦੀ ਸੁਰਖਿਆ ਲਈ ਸਭਿਆਚਾਰਕ ਵਖਰੇਵਿਆਂ ਨੂੰ ਸ਼ੱਕ ਤੇ ਹਿਕਾਰਤ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਵਿਕਾਸ ਦੇ ਨਾਂ ਉਤੇ ਲੋਕਾਂ ਦੇ ਰਵਾਇਤੀ ਜੀਵਨ ਪ੍ਰਬੰਧਾਂ ਨੂੰ ਗਿਣ ਮਿਥ ਕੇ ਤਬਾਹ ਕੀਤਾ ਜਾਂਦਾ ਹੈ। ਇਹ ਵਰਤਾਰਾ ਕਿਸੇ ਇਕ ਦੇਸ਼ ਜਾਂ ਖੇਤਰ ਤਕ ਸੀਮਤ ਨਹੀਂ ਰਿਹਾ। ਇਸ ਨੇ ਕੁੱਲ ਸੰਸਾਰ ਤੇ ਕਾਇਨਾਤ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਇਕ ਗਲੋਬਲੀ ਸਰਮਾਇਆ ਹੋਂਦ ਵਿਚ ਆ ਗਿਆ ਹੈ, ਜੋ ਸਾਰੇ ਸੰਸਾਰ ਉਤੇ ਆਪਣੀ ਚੁਣੌਤੀ ਰਹਿਤ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ। ਇਹ ਗਲੋਬਲੀ ਸਰਮਾਇਆ ਇਸ ਯਤਨ ਮੂਹਰੇ ਅੜਨ ਵਾਲੇ ਲੋਕਾਂ ਤੇ ਭਾਈਚਾਰਿਆਂ ਨੂੰ ਬੇਰਹਿਮੀ ਨਾਲ ਕੁਚਲ ਦੇਣ ਦੀ ਧੁੱਸ ਅਪਣਾ ਕੇ ਚੱਲ ਰਿਹਾ ਹੈ। ਇਸ ਕਰਕੇ ਲੜਾਈ ਛਤੀਸਗੜ੍ਹ ਵਿਚ ਲੜੀ ਜਾ ਰਹੀ ਹੋਵੇ ਜਾਂ ਅਫਗਾਨਿਸਤਾਨ ਵਿਚ, ਇਸ ਲੜਾਈ ਪਿੱਛੇ ਕੰਮ ਕਰਦੇ ਮਨੋਰਥ ਸਾਂਝੇ ਹਨ। ਅਰੁੰਧਤੀ ਰਾਏ ਨੇ ਪੂਰੇ ਵਿਸਥਾਰ ਵਿਚ ਇਸ ਸੱਚਾਈ ਉਤੇ ਚਾਨਣਾ ਪਾਇਆ ਕਿ ਭਾਰਤ ਦੀ ਅਜੋਕੀ ਰਾਜਨੀਤਕ ਸਥਿਤੀ ਇਹ ਹੈ ਕਿ ‘ਜਮਹੂਰੀਅਤ’ ਦੇ ਨਾਂ ਹੇਠ ਅਧੁਨਿਕ ਸਟੇਟ ਬੇਹੱਦ ਬਲਸ਼ਾਲੀ ਤੇ ਅੱਤ ਦਰਜੇ ਦੀ ਜ਼ਾਲਮ ਬਣ ਗਈ ਹੈ ਅਤੇ ਇਸਨੇ ਸਿਲਸਿਲੇਬੱਧ ਢੰਗਾਂ ਨਾਲ ਸਮਾਜ ਦੇ ‘ਗੈਰ-ਅਧੁਨਿਕ’ ਵਰਗਾਂ ਨੂੰ ਦਰਕਿਨਾਰ ਕਰਕੇ ਰੱਖ ਦਿਤਾ ਹੈ। ਇਹ ਵਰਗ ਰਾਜਸੀ ਪ੍ਰਬੰਧ ਅੰਦਰ ਆਪਣੀ ਮੁਕੰਮਲ ਹਿੱਸੇਦਾਰੀ ਦਾ ਜਮਹੂਰੀ ਹੱਕ ਜਤਾਉਣ ਲੱਗੇ ਹਨ। ਇਥੇ ਸਭਿਆਚਾਰ ਦੱਬੇ-ਕੁਚਲੇ ਲੋਕਾਂ ਦਾ ਸੰਸਾਰ-ਨਜ਼ਰੀਆ ਹੈ, ਉਨ੍ਹਾਂ ਦੇ ਵਿਰੋਧ ਦੀ ਭਾਸ਼ਾ ਹੈ, ਜਦੋਂ ਕਿ ਗਾਲਬ ਵਰਗਾਂ ਦਾ ਸੰਸਾਰ-ਨਜ਼ਰੀਆ ਅਧੁਨਿਕਵਾਦੀ ਹੈ। ਦੋ ਦ੍ਰਿਸ਼ਟੀਕੋਣਾਂ ਦੀ ਟੱਕਰ ਹੈ ਇਹ। ਅਜੋਕੀ ਭਾਰਤੀ ਸਟੇਟ ‘ਨੈਸ਼ਨਲ-ਸਕਿਉਰਿਟੀ ਸਟੇਟ’ ਬਣ ਗਈ ਹੈ। ਸਟੇਟ ਦੇ ਜੋ ਤਿੰਨ ਕਾਰਜ-ਸੁਰੱਖਿਆ, ਵਿਕਾਸ ਤੇ ਅਧੁਨਿਕ ਵਿਗਿਆਨ-ਮਿਥੇ ਗਏ ਹਨ, ਉਹ ਦੇਸ਼ ਅੰਦਰ ਅੰਦਰੂਨੀ ਬਸਤੀਆਂ ਤੇ ਨਵੀਆਂ ਕਿਸਮ ਦੀ ਊਚ ਨੀਚ ਪੈਦਾ ਕਰ ਰਹੇ ਹਨ। ਅਧੁਨਿਕੀਕਰਨ ਦੇ ਨਾਂ ਹੇਠ ਇਕ ਛੋਟਾ ਜਿਹਾ ਕੁਲੀਨ ਵਰਗ ਲੋਕਾਂ ਦੀ ਕਮਾਈ ਨੂੰ ਹੜੱਪ ਕਰਕੇ ਮਾਲਾਮਾਲ ਹੋ ਰਿਹਾ ਹੈ, ਜਦ ਕਿ ਆਮ ਲੋਕ ਕੰਗਾਲੀ ਵੱਲ ਧੱਕੇ ਜਾ ਰਹੇ ਹਨ। ਕੌਮ, ਰਾਸ਼ਟਰਵਾਦ, ਤਰੱਕੀ ਤੇ ਵਿਕਾਸ, ਸੈਕੂਲਰਿਜ਼ਮ-ਇਹ ਸਾਰੇ ਪੱਛਮੀ ਸੰਕਲਪ ਹਨ। ਅਧੁਨਿਕਤਾ ਦੇ ਮੁਰੀਦ ਭਾਰਤੀ ਚਿੰਤਕ ਤੇ ਰਾਜਸੀ ਰਹਿਬਰ ਇਨ੍ਹਾਂ ਪੱਛਮੀ ਸੰਕਲਪਾਂ ਨੂੰ ਦੇਸੀ ਘਿਉ ਦਾ ਤੜਕਾ ਲਾ ਕੇ ਜਨਤਾ ਸਾਹਮਣੇ ਪ੍ਰੋਸ ਰਹੇ ਹਨ। ਇਹ ਸੰਕਲਪ ਅੱਜ ਪੱਛਮ ਦੇ ਕੁੱਝ ਵਰਗਾਂ ਅੰਦਰ ਓਨੇ ਮਕਬੂਲ ਨਹੀਂ ਰਹਿ ਗਏ। ਪਰ ਭਾਰਤੀ ਅਧੁਨਿਕਤਵਾਦੀਆਂ ਲਈ ਇਹ ਅਜੇ ਵੀ ਪੂਜਣਯੋਗ ਬਣੇ ਹੋਏ ਹਨ। ਤਰਾਸਦੀ ਇਹ ਹੈ ਕਿ ਪੰਜਾਬ ਦੇ ਕਾਮਰੇਡ ਇਕ ਪਾਸੇ ਛਤੀਸਗੜ੍ਹ ਦੇ ਕਬਾਇਲੀਆਂ ਦੁਆਰਾ ਲੜੀ ਜਾ ਰਹੀ ਲੜਾਈ ਦੀ ਹਮਾਇਤ ਕਰ ਰਹੇ ਹਨ, ਪਰ ਦੂਜੇ ਪਾਸੇ ਉਹ ਅਧੁਨਿਕਵਾਦੀ ਵਿਚਾਰਧਾਰਾ ਦੇ ਜ਼ੋਸ਼ੀਲੇ ਮੁਰੀਦ ਬਣੇ ਹੋਏ ਹਨ। ਇਸ ਕਰਕੇ ਉਨ੍ਹਾਂ ਕੋਲੋਂ ਅਪਰੇਸ਼ਨ ਗਰੀਨ ਹੰਟ ਤੇ ਅਪਰੇਸ਼ਨ ਬਲੂ ਸਟਾਰ ਨੂੰ ਜੋੜਨ ਵਾਲੀ ਤੰਦ ਨਹੀਂ ਪਛਾਣੀ ਜਾਂਦੀ। ਨਤੀਜੇ ਵਜੋਂ ਉਹ ਛਤੀਸਗੜ੍ਹ ਵਿਚ ਤਾਂ ਭਾਰਤੀ ਹਾਕਮਾਂ ਵੱਲੋਂ ਲੋਕਾਂ ਦੇ ਸੰਘਰਸ਼ ਨੂੰ ਕੁਚਲਣ ਲਈ ‘ਸਲਵਾ ਜੂਡਮ’ ਨਾਂ ਦੀ ਜਥੇਬੰਦੀ ਖੜ੍ਹੀ ਕੀਤੇ ਜਾਣ ਦੇ ਲੋਕ-ਵਿਰੋਧੀ ਕਰਮ ਦਾ ਤਿੱਖਾ ਵਿਰੋਧ ਕਰ ਰਹੇ ਹਨ, ਪਰ ਸਿੱਖ ਸੰਘਰਸ਼ ਦੇ ਮਾਮਲੇ ਵਿਚ ਉਨ੍ਹਾਂ ਦਾ ਆਪਣਾ ਰੋਲ ‘ਸਲਵਾ ਜੂਡਮ’ ਤੋਂ ਵੱਖਰਾ ਨਹੀਂ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,