ਸਿਆਸੀ ਖਬਰਾਂ

ਧਾਰਾ 370 ਦੇ ਮੁਦੇ ‘ਤੇ ਕਸ਼ਮੀਰੀ ਪਾਰਟੀਆਂ ਅਤੇ ਭਗਵਾ ਬ੍ਰਿਗੇਡ ਆਮੋ – ਸਾਹਮਣੇ

May 29, 2014 | By

ਸ੍ਰੀਨਗਰ/ਨਵੀਂ ਦਿੱਲੀ (28 ਮਈ 2014): ਮੋਦੀ ਸਰਕਾਰ ਦੇ ਰਾਜ ਮੰਤਰੀ ਜਤਿੰਦਰ ਸਿੰਘ ਵੱਲੌਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੰਵਿਧਾਨਿਕ ਰਾਜ ਦਾ ਦਰਣਾ ਦੇਣ ਵਾਲੀ ਧਾਰਾ ਬਾਰੇ ਵਿਵਾਦ ਮਈ ਬਿਆਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਧਾਰਾ ‘ਤੇ ਬਹਿਸ ਲਈ ਸਬੰਧਿਤ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ, ਦੇ ਕਾਰਨ ਧਾਰਾ 370 ਉੱਤੇ ਵਿਵਾਦ ਉਦੋਂ ਹੋਰ ਭਖ ਪਿਆ, ਜਦੋਂ ਅੱਜ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਤੋਂ  ਉਨ੍ਹਾਂ ‘ਧਿਰਾਂ’ ਬਾਰੇ ਜਾਨਣਾ ਚਾਹਿਆ, ਜਿਨ੍ਹਾਂ ਨਾਲ ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਕੀਤੇ ਜਾਣ ਬਾਰੇ ‘ਗੱਲਬਾਤ’ ਸ਼ੁਰੂ ਹੋ ਚੁੱਕੀ ਹੈ।

ਧਾਰਾ 370 ਸਬੰਧੀ ਭਾਜਪਾ ਦੇ ਮੰਤਰੀ ਵੱਲੋਂ ਦਿੱਤੇ ਇਸ ਬਿਆਨ ਦਾ ਸਖਤ ਨੋਟਿਸ ਲੈਦਆਂ ਕਸ਼ਮੀਰ ਦੀਆਂ ਸਾਰੀਆਂ ਪਾਰਟੀਆਂ ਨੇ ਹੀ ਇਸ ਦੀ ਕਰੜੀ ਅਲੋਚਨਾ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਕਸ਼ਮੀਰ ਦੇ ਹਾਲਾਤ ਫਿਰ ਖਰਾਬ ਹੋ ਜਾਣਗੇ ਅਤੇ ਉਸਦੀ ਜਿਮੇਵਾਰ ਮੋਦੀ ਸਰਕਾਰ ਹੋਵੇਗੀ ।

ਉਮਰ ਅਬਦੁੱਲਾ ਦੇ ਬਿਆਨ ਤੇ ਔਖੀ ਹੋਈ ਆਰਐਸਐਸ ਨੇ ਹੈਂਕੜ ਭਰੇ ਅੰਦਾਜ਼ ਵਿੱਚ ਕਿਹਾ  ਕਿ ਬਹਿਸ ਕਰਵਾਏ ਜਾਣ ਦੇ ਸੱਦੇ ’ਤੇ ਕਿਸੇ ਨੂੰ ਵੀ ਇਸ ਤਰ੍ਹਾਂ ਤੈਸ਼ ਵਿੱਚ ਨਹੀਂ ਆ ਜਾਣਾ ਚਾਹੀਦਾ ਤੇ ਉਮਰ ਅਬਦੁੱਲਾ ਜਤਿੰਦਰ ਸਿੰਘ ਦੇ ਬਿਆਨ ਨੂੰ ਰਾਈ ਦਾ ਪਹਾੜ ਬਣਾ ਰਹੇ ਹਨ। ਉਮਰ ਦੀਆਂ ਟਿੱਪਣੀਆਂ ’ਤੇ ਆਰਐਸਐਸ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਕਿਹਾ ਹੈ ਕਿ ਧਾਰਾ 370 ਰਹੇ ਜਾਂ ਨਾ ਰਹੇ, ਪਰ ਜੰਮੂ-ਕਸ਼ਮੀਰ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਹੇਗਾ। ਸ੍ਰੀ ਮਾਧਵ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸੂਬੇ ਨੂੰ ਆਪਣੇ ‘ਪਿਓ-ਦਾਦੇ ਦੀ ਜਾਇਦਾਦ’ ਸਮਝ ਰਹੇ ਹਨ, ਪਰ ਧਾਰਾ 370 ’ਤੇ ਖੁੱਲ੍ਹੀ ਬਹਿਸ ਦੇ ਸੱਦੇ ’ਤੇ ਕਿਸੇ ਨੂੰ ਵੀ ਤੈਸ਼ ਵਿੱਚ ਨਹੀਂ ਆਉਣਾ ਚਾਹੀਦਾ।

ਕਸ਼ਮੀਰ ਦੀ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਵੀ ਜਤਿੰਦਰ ਸਿੰਘ ਦੇ ਬਿਆਨ ’ਤੇ ਰੋਸ ਪ੍ਰਗਟਾਇਆ ਸੀ।ਕਾਂਗਰਸ ਨੇ ਚੇਤਾਵਨੀ ਦਿੱਤੀ ਹੈ ਕਿ ਭਾਜਪਾ ਅਜਿਹੀਆਂ ਗੱਲਾਂ ਨਾ ਕਰੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਹੈ ਕਿ ਉਹ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਸਮਝਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਉਣ ਕਿ ਧਾਰਾ 370 ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ।

 ਮੁੱਖ ਮੰਤਰੀ ਅਬਦੁੱਲਾ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਸੂਬੇ ਦੇ ਕਾਨੂੰਨਾਂ ਵਿੱਚ ਦਖ਼ਲ ਨਾ ਦੇਵੇ।

ਉਮਰ ਅਬਦੁੱਲਾ ਨੇ ਅੱਜ ਇਹ ਵੀ ਸਪੱਸ਼ਟ ਕੀਤਾ ਹੈ ਕਿ ਧਾਰਾ 370 ਨੂੰ ਉਦੋਂ ਤੱਕ ਖ਼ਤਮ  ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਜੰਮੂ ਤੇ ਕਸ਼ਮੀਰ ਦੇ ਭਾਰਤ ਵਿੱਚ ਰਲ਼ੇਵੇਂ ਨੂੰ ਮਾਨਤਾ ਦੇਣ ਵਾਲੀ ‘ਕਾਨੂੰਨ ਘੜਨ ਵਾਲੀ ਅਸੈਂਬਲੀ’ ਮੁੜ ਨਹੀਂ ਬੁਲਾਈ ਜਾਂਦੀ।

 ਕੱਲ੍ਹ ਪ੍ਰਧਾਨ ਮੰਤਰੀ ਦੇ ਸਕੱਤਰੇਤ ਵਿੱਚ ਇਕ ਰਾਜ ਮੰਤਰੀ ਜਤਿੰਦਰ ਸਿੰਘ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਸੀ ਕਿ ਨਵੀਂ ਸਰਕਾਰ ਨੇ ਧਾਰਾ 370 ਨੂੰ ਖ਼ਤਮ ਕਰਨ ਲਈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਉਸ ਤੋਂ ਮਗਰੋਂ ਜਤਿੰਦਰ ਸਿੰਘ ਇਹ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ‘ਗ਼ਲਤ ਢੰਗ ਨਾਲ ਪੇਸ਼’ ਕੀਤਾ ਗਿਆ ਹੈ।

ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਕੋਰ ਗਰੁੱਪ ਨੇ ਵੀ ਸ੍ਰੀਨਗਰ ’ਚ ਮੀਟਿੰਗ ਕਰਕੇ ਮੰਤਰੀ ਦੇ ਬਿਆਨ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਨਾਲ ਜੰਮੂ ਤੇ ਕਸ਼ਮੀਰ ਦੇ ਲੋਕਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ ਅਤੇ ਇਸ ਨਾਲ ਦੇਸ਼ ਦੀ ਸੁਰੱਖਿਆ ਤੇ ਅਖੰਡਤਾ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।