ਸਿੱਖ ਖਬਰਾਂ

ਗੁਰੂ ਨਾਨਕ ਜੀ ਦੇ ਨਾਂ ਨਾਲ “ਸ਼ਾਹ ਫਕੀਰ” ਜੋੜ ਕੇ ਨਵਾਂ ਵਿਵਾਦ ਨਾ ਖੜ੍ਹਾ ਕਰਨ ਡਾ. ਹਿੰਮਤ ਸਿੰਘ, ਨਾਦ ਪ੍ਰਗਾਸ ਅਤੇ ਗਰੇਸ਼ੀਅਸ ਪਬਲੀਕੇਸ਼ਨ

May 25, 2019 | By

ਪਰਮਿੰਦਰ ਸਿੰਘ *

ਹਾਲ ਹੀ ਵਿੱਚ ਇਕ ਕਿਤਾਬ ‘ਸਯਾਹਤੋ ਬਾਬਾ ਨਾਨਕ’ ਦਾ ਜ਼ਿਕਰ ਆਇਆ ਹੈ ਜਿਸਦੇ ਮੂਲ ਲੇਖਕ ਦਾ ਨਾਮ ਤਾਜੁਦੀਨ ਮੁਫ਼ਤੀ ਸ਼ਾਹ ਫ਼ਕੀਰ ਦੱਸਿਆ ਗਿਆ ਹੈ ਦੇ ਉਲੇਖਕਾਰ ਪ੍ਰਿਥੀਪਾਲ ਸਿੰਘ ਅਤੇ ਸੰਪਾਦਕ ਡਾ. ਹਿੰਮਤ ਸਿੰਘ ਹਨ। ਇਹ ਕਿਤਾਬ ਨਾਦ ਪ੍ਰਗਾਸ ਤੇ ਗ੍ਰੇਸ਼ੀਅਸ ਬੁੱਕਸ, ਪਟਿਆਲਾ ਵੱਲੋਂ ਛਾਪੀ ਜਾ ਰਹੀ ਹੈ। ਇਸ ਕਿਤਾਬ ਦੇ ਸਿਰਲੇਖ ‘ਸਯਾਹਤੋ ਬਾਬਾ ਨਾਨਕ’ ਨਾਲ਼ ਹੀ ‘ਸ਼ਾਹ ਫ਼ਕੀਰ’ ਵੀ ਲਿਖਿਆ ਗਿਆ ਹੈ ਜਿਸ ਨਾਲ਼ ਇਹ ਭੁਲੇਖਾ ਪੈਦਾ ਹੁੰਦਾ ਕਿ ਇਸ ਕਿਤਾਬ ਦਾ ਪੂਰਾ ਨਾਮ ‘ਸਯਾਹਤੋ ਬਾਬਾ ਨਾਨਕ ਸ਼ਾਹ ਫ਼ਕੀਰ’ ਹੈ। ਇੱਥੋਂ ਹੀ ਇਸ ਕਿਤਾਬ ਦੇ ਨਾਮ ਦਾ ਵਿਰੋਧ ਸ਼ੁਰੂ ਹੋਇਆ। ਸੰਪਾਦਕ ਦਾ ਆਖਣਾ ਹੈ ਕਿ ‘ਸ਼ਾਹ ਫ਼ਕੀਰ’ ਅਸਲ ਵਿੱਚ ਕਿਤਾਬ ਦਾ ਮੂਲ ਲੇਖਕ ਦੀ ਅੱਲ ਹੈ ਅਤੇ ਉਹ ਗੁਰੂ ਸਾਹਿਬ ਨਾਲ ਆਪਣੀ ਇਕਮਿੱਕਤਾ ਦਿਖਾਉਂਦਾ ਹੈ ਤਾਂ ਕਰਕੇ ਉਹਨਾਂ ਉਸਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਨਾਲੋ-ਨਾਲ ਲਿਖਿਆ ਗਿਆ। ਦਰਅਸਲ ਕਿਤਾਬ ਦਾ ਮੂਲ ਲੇਖਕ ਤਾਜੁਦੀਨ ਮੁਫ਼ਤੀ ਹੈ ਅਤੇ ਜੇਕਰ ਸੰਪਾਦਕ ਜੀ ਦੀ ਮੰਨੀਏ ਤਾਂ ਲੋਕਾਂ ਉਸਨੂੰ ‘ਸ਼ਾਹ ਫ਼ਕੀਰ’ ਆਖਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਉਸਦਾ ਨਾਮ ਇੰਝ ਹੀ ਲਿਖਿਆ ਗਿਆ। ਸਾਡਾ ਹਰਜ ਲੇਖਕ ਨਾਲ ਜਾਂ ਉਸਦੇ ਨਾਮ ਨਾਲ ਬਿਲਕੁਲ ਨਹੀਂ ਹੈ ਸਗੋਂ ‘ਸ਼ਾਹ ਫ਼ਕੀਰ’ ਨੂੰ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਲਗਾਉਣ ਤੋਂ ਹੈ।

ਇਸ ਕਿਤਾਬ ਦੇ ਤਿੰਨ ਰੂਪ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੇ ਹਨ, ਪਹਿਲਾ ਅੰਗਰੇਜ਼ੀ ਵਿੱਚ “Tajudin’s Diary” ਅਤੇ ਦੂਜਾ “ਬਾਬੇ ਦੀ ਬਗ਼ਦਾਦ ਫੇਰੀ” ਅਤੇ ਤੀਜਾ “ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ”। ਕਿਸੇ ਵੀ ਕਿਤਾਬ ਦੇ ਸਰਵਰਕ ‘ਤੇ ਨਾਨਕ ਸ਼ਾਹ ਫ਼ਕੀਰ ਦਾ ਜ਼ਿਕਰ ਨਹੀਂ ਕੀਤਾ ਗਿਆ।

ਕਿਤਾਬ ਦੇ ਪਹਿਲਾਂ ਛਪ ਚੁੱਕੇ ਤਿੰਨਾਂ ਰੂਪਾਂ ਨਾਲ ਜੂੜੀਆਂ ਤਸਵੀਰਾਂ/ਸਰਵਰਕ

ਸੰਪਾਦਕ ਜੀ ਦਾ ਕਹਿਣਾ ਹੈ ਕਿ ਮੂਲ ਖਰੜੇ ਦਾ ਨਾਮ “ਸਯਾਹਤੋ ਬਾਬਾ ਨਾਨਕ ਫ਼ਕੀਰ” ਹੈ, ਫਿਰ ਵੀ ‘ਸ਼ਾਹ’ ਨਹੀਂ ਆਉਂਦਾ। ਤਾਜੁਦੀਨ ਦਾ ਮੂਲ ਖਰੜਾ ਕਿਸੇ ਕੋਲ ਵੀ ਨਹੀਂ ਹੈ। ਪਹਿਲਾਂ ਛਪੀਆਂ ਕਿਤਾਬਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਲਿਖਿਆ ਹੀ ਮਿਲਦਾ ਹੈ। ਗੁਰੂ ਸਾਹਿਬ ਦੇ ਨਾਮ ਨਾਲ ‘ਸ਼ਾਹ ਫ਼ਕੀਰ’ ਲਾਉਣ ਦੀ ਸਿਰਫ਼ ਜ਼ਿੱਦ ਕੀਤੀ ਜਾ ਰਹੀ ਹੈ ਜਿਸਦਾ ਲੁਕਵਾਂ ਮੰਤਵ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਹੈ।

ਕਿਤਾਬ ਦੇ ਪਹਿਲਾਂ ਜਾਰੀ ਕੀਤਾ ਗਿਆ ਵਿਵਾਦਤ ਸਰਵਰਕ

ਸੱਯਦ ਮੁਹੰਮਦ ਲਤੀਫ਼ ਆਪਣੀ ਇੱਕ ਕਿਰਤ ‘ਹਿਸਟਰੀ ਆਫ਼ ਦੀ ਪੰਜਾਬ’ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਿਰਫ਼ ‘ਨਾਨਕ’ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਬੰਦਾ’ ਲਿਖਦਾ ਹੈ। ਪਰ ਜਦੋਂ ਡਾ. ਗੰਡਾ ਸਿੰਘ ਜੀ ਇਸਦਾ ਉਲਥਾ ਕਰਦੇ ਹਨ ਤਾਂ ਉਹ ਬਾਕਾਇਦਾ ਬਰੈਕਟ ਨਾਲ਼ ਦੇ ਕੇ (ਗੁਰੂ) ਨਾਨਕ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ਼ (ਸਿੰਘ) ਸ਼ਬਦ ਇੰਝ ਜੋੜਦੇ ਹਨ। ਉਹ ਨਾਮ ਆਪਣੀ ਰਵਾਇਤ ਨੂੰ ਗੁਰੂ ਅਤੇ ਸਿੰਘ ਦੇ ਲਕਬ ਤੋਂ ਬਿਨ੍ਹਾਂ ਪ੍ਰਵਾਨ ਨਹੀਂ ਕੀਤਾ। ਇੰਝ ਹੀ ‘ਸਯਾਹਤੋ ਬਾਬਾ ਨਾਨਕ’ ਕਿਤਾਬ ਦੇ ਸੰਪਾਦਕ ਨੂੰ ਸੂਝ ਦਿਖਾਉਂਦੇ ਹੋਏ ਬੇਲੋੜਾ ‘ਸ਼ਾਹ ਫ਼ਕੀਰ’ ਨਾਲੋਂ ਪਹਿਲਾਂ ਹੀ ਹਟਾ ਦੇਣਾ ਚਾਹੀਦਾ ਸੀ। ਗੁਰੂ ਵੱਡਾ ਰੁਤਬਾ ਹੈ ਅਤੇ ਪੀਰ ਫ਼ਕੀਰ ਅਕਾਲ ਪੁਰਖ ਦੀ ਦਰਗਾਹ ਵਿੱਚ ਪੈਗੰਬਰ ਦੀ ਥਾਂ ਨਹੀਂ ਪਾਉਂਦੇ ਜੋ ਸਿੱਖਾਂ ਵਿੱਚ ਗੁਰੂ ਨਾਨਕ ਸਾਹਿਬ ਲਈ ਬਣੀ ਥਾਂ ਹੈ। ਸਾਨੂੰ ਇਸ ਗੱਲ ਦਾ ਜ਼ਰੂਰੀ ਧਿਆਨ ਰੱਖਣਾ ਬਣਦਾ ਹੈ।

ਕਿਤਾਬ ਦਾ ਦੂਜੀ ਵਾਰ ਜਾਰੀ ਕੀਤਾ ਗਿਆ ਵਿਵਾਦਤ ਸਰਵਰਕ

‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਦੇ ਰੀਲੀਜ਼ ਦੌਰਾਨ ਵੀ ਉਸਦੇ ਨਾਮ ਦਾ ਵਿਰੋਧ ਕੀਤਾ ਗਿਆ ਅਤੇ ਇਹ ਦੱਸਿਆ ਗਿਆ ਕਿ ਇਹ ਨਾਮ ਦਯਾ ਨੰਦ ਸਰਸਵਤੀ ਨੇ ਕਿਸੇ ਸਮੇਂ ਸਿੱਖਾਂ ਨੂੰ ਚਿੜਾਉਣ ਲਈ ਆਪਣੀ ਵਿਵਾਦਤ ਕਿਤਾਬ ‘ਸਤਯਾਰਥ ਪ੍ਰਕਾਸ਼’ ਵਿੱਚ ਗੁਰੂ ਸਾਹਿਬ ਦੀ ਹਸਤੀ ਪ੍ਰੀਤੀ ਤਿਰਸਕਾਰ ਦੇ ਪ੍ਰਗਟਾਵੇ ਅਤੇ ਕਕਾਰਾਂ ਦੀ ਬੇਅਦਬੀ ਲਈ ਲਿਿਖਆ ਸੀ ਕਿ ਇਹ ਸਮੇਂ ਦੇ ਹਾਣੀ ਨਹੀਂ ਹਨ ਅਤੇ ਨਾਲ਼ ਹੀ ਆਰੀਆ ਸਮਾਜ ਦੇ ਪਰਚੇ ‘ਆਰਯਾ ਸਮਾਚਾਰ’ ਵਿੱਚ ਗੁਰੂ ਸਾਹਿਬ ਦੀ ਤੌਹੀਨ ਕੀਤੀ -“ਨਾਨਕ ਸ਼ਾਹ ਫ਼ਕੀਰ ਨੇ ਨਯਾ ਚਲਾਇਆ ਪੰਥ, ਇਧਰ ਉਧਰ ਸੇ ਜੋੜ ਕਰ ਲਿਖ ਮਾਰਾ ਏਕ ਗ੍ਰੰਥ,ਪਹਿਲੇ ਚੇਲੇ ਕਰ ਲੀਏ, ਪੀਛੇ ਬਦਲਾ ਭੇਸ਼,ਸਰ ਪਰ ਸਾਫਾ ਬਾਂਧ ਕਰ ਰਖ ਲੀਨੇ ਸਭ ਕੇਸ” ਇਹ ਨਾਮ ਵਿੱਚ ਆਰੀਆ ਸਮਾਜ ਦੀ ਗੁਰੂ ਸਾਹਿਬ ਅਤੇ ਗੁਰੂ ਘਰ ਵੱਲ ਪੈਂਦੀ ਟੇਢੀ ਨਿਗਾਹ ਨੂੰ ਭਲੀਭਾਂਤ ਵੇਖਿਆ ਜਾ ਸਕਦਾ ਹੈ। ਸਾਨੂੰ ਇਹਨਾਂ ਚਾਲਾਂ ਤੋਂ ਸੁਚੇਤ ਹੋ ਇਸ ਨਾਮ ਨੂੰ ਪ੍ਰਵਾਣਿਤ ਨਹੀਂ ਹੋਣ ਦੇਣਾ ਚਾਹੀਦਾ।

ਇਸ ਸੰਬੰਧੀ ਜਦੋਂ ਸੰਪਾਦਕ ਜੀ ਅਤੇ ਪ੍ਰਕਾਸ਼ਕ (ਗਰੇਸ਼ੀਅਸ ਪਬਲੀਸ਼ਰਜ਼ ਦੇ ਨਿਸ਼ਾਂਤ ਸੂਦ) ਜੀ ਨਾਲ਼ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਇਸ ਗੱਲ ਦਾ ਭਰੋਸਾ ਦਿਵਾਇਆ ਗਿਆ ਕਿ ਉਹ ਸਰਵਰਕ ਨੂੰ ਜ਼ਰੂਰ ਬਦਲ ਦੇਣਗੇ ਅਤੇ ਕਿਤਾਬ ਦਾ ਨਾਮ ‘ਸਯਾਹਤੋ ਬਾਬਾ ਨਾਨਕ’ ਹੀ ਰੱਖਿਆ ਜਾਵੇਗਾ ਅਤੇ ‘ਸ਼ਾਹ ਫ਼ਕੀਰ’ ਨੂੰ ਅਸਲ ਲੇਖਕ ਦੇ ਨਾਮ ਨਾਲ਼ ਜੋੜ ਕੇ ਭੁਲੇਖਾ ਦੂਰ ਕੀਤਾ ਜਾਵੇਗਾ। ਪਰ ਜਦੋਂ ਉਹਨਾਂ ਨੇ ਨਵਾਂ ਸਰਵਰਕ ਜਾਰੀ ਕੀਤਾ ਹੈ ਤਾਂ ਫਿਰ ਸ਼ਾਹ ਫ਼ਕੀਰ ਮੂਲ ਲੇਖਕ ਤੋਂ ਵੱਖਰਾ ਹੀ ਦਿਖਾਇਆ ਹੈ। ਇਸ ਕਿਤਾਬ ਨੂੰ ਜਦੋਂ ਅੰਦਰੋਂ ਪੜਿਆ ਗਿਆ ਤਾਂ ਕਈ ਕਿਸਮ ਦੀਆਂ ਗ਼ਲਤੀਆਂ ਵੀ ਮਿਲੀਆਂ ਜਿਸ ਦਾ ਸਪਸ਼ਟ ਜੁਆਬ ਸੰਪਾਦਕ ਜੀ ਕੋਲ਼ ਮੌਜੂਦ ਨਹੀਂ ਸੀ। ਉਹਨਾਂ ਦੀ ਪਹੁੰਚ ਵੀ ਸਾਕਾਰਾਤਮਕ ਨਹੀਂ ਸੀ ਸਗੋਂ ਕਿਤਾਬ ਨੂੰ ਕਿਸੇ ਹੋਰ ਪ੍ਰਕਾਸ਼ਕ ਤੋਂ ਛਪਵਾਉਣ ਲਈ ਜ਼ਿੱਦ ਕਰਨ ਲੱਗੇ। ਇਸ ਕਿਸਮ ਦੀ ਜ਼ਿੱਦ ਤੋਂ ਇਹ ਕਿਤਾਬ ਮੂਲੋਂ ਹੀ ਸ਼ੱਕੀ ਕਿਸਮ ਦੀ ਜਾਪਦੀ ਹੈ ਜੋ ਇਸਦੇ ਅੰਦਰੂਨੀ ਹਵਾਲਿਆਂ ਤੋਂ ਸਿੱਧ ਹੁੰਦਾ ਹੈ। ਪੁਸਤਕ ਵਿੱਚ ‘ਸ਼ਾਹ ਫ਼ਕੀਰ’ ਦਾ ਤਾਜੁਦੀਨ ਨਾਲ਼ ਸੰਬੰਧ ਦਰਸਾਉਣ ਦਾ ਵਾਅਦਾ ਜ਼ਰੂਰ ਕੀਤਾ ਗਿਆ ਹੈ ਪਰ ਸਰਵਰਕ ‘ਤੇ ਇਸ ਕਿਸਮ ਦੀ ਜ਼ਿੱਦ ਕਿਉਂ? ਕਿਤੇ ਇਹ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਛੇੜਛਾੜ ਤਾਂ ਨਹੀਂ? ਕਿਤੇ ਗੁਰੂ ਸਾਹਿਬ ਦੇ ਨਾਮ ਨੂੰ ‘ਸ਼ਾਹ ਫ਼ਕੀਰ’ ਦੀ ਪ੍ਰਵਾਨਗੀ ਦਿਵਾਉਣਾ ਤਾਂ ਨਹੀਂ? ਅਜਿਹਾ ਪਹਿਲਾਂ ਫਿਲਮ ‘ਨਾਨਕ ਸ਼ਾਹ ਫ਼ਕੀਰ’ ਅਤੇ ਕੇਵਲ ਧਾਲੀਵਾਲ ਦੇ ਨਾਟਕ ‘ਨਾਨਕ ਸ਼ਾਹ ਫ਼ਕੀਰ’ ਵੇਲੇ ਵੀ ਵੇਖਿਆ ਗਿਆ। ਉਹਨਾਂ ਦੋਵਾਂ ਕੋਸ਼ਿਸ਼ਾਂ ਨੂੰ ਤਾਂ ਸਿੱਖ ਸੰਗਤਾਂ ਦੇ ਵਿਰੋਧ ਨੇ ਰੋਕ ਲਿਆ ਪਰ ਇਹ ਕਿਤਾਬ ਰਾਹੀਂ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਪ੍ਰਵਾਣਿਤ ਕਰਨ ਦੀਆਂ ਕੋਸ਼ਿਸ਼ਾਂ ਫਿਰ ਤੋਂ ਕੀਤੀਆਂ ਜਾ ਰਹੀਆਂ ਹਨ।

ਪ੍ਰਕਾਸ਼ਕ ਨੇ ਆਖਿਆ ਸੀ ਕਿ ‘ਤਾਜੁਦੀਨ ਸ਼ਾਹ ਫ਼ਕੀਰ’ ਕਰਕੇ ਨਾਮ ਛਾਪਿਆ ਜਾਵੇਗਾ ਜੋ ਕਿ ਨਵੇਂ ਸਰਵਰਕ ਵਿੱਚ ਵੀ ਨਹੀਂ ਕੀਤਾ ਗਿਆ। ਸ਼ਾਹ ਫ਼ਕੀਰ ਠੀਕ ਨਹੀਂ ਕੀਤਾ। ਕਿਤਾਬ ਦੀ ਵੱਖੀ (ਸਪਾਇਨ) ‘ਤੇ ਅਤੇ ਸਾਹਮਣੇ ਸਰਵਰਕ’ ਤੇ ਓਸੇ ਤਰ੍ਹਾਂ ਲਿਖ ਦਿੱਤਾ ਗਿਆ ਹੈ। ਪ੍ਰਕਾਸ਼ਕ ਅਤੇ ਸੰਪਾਦਕ ਜੀ ਨੇ ਆਪਣੀ ਚਾਲ ਨੂੰ ਸਾਬਿਤ ਕਰ ਦਿੱਤਾ।

ਇਸ ਕਿਤਾਬ ਦੇ ਸਰਵਰਕ ਉੱਤੇ ਪ੍ਰਕਾਸ਼ਕ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਭੁਲੇਖਾ ਪਾਊ ਹੈ। ਪ੍ਰਕਾਸ਼ਕ ਬਾਰੇ ਜਾਣਕਾਰੀ ਇੰਝ ਅੰਕਤ ਹੈ : “ਨਾਦਪ੍ਰਗਾਸ ਸ਼੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਗਰੇਸ਼ੀਅਸ ਪਬਲੀਕੇਸ਼ਨ ਵਲੋਂ ਪ੍ਰਕਾਸ਼ਤ”। ਇਸ ਜਾਣਕਾਰੀ ਦੇ ਉੱਪਰ ਨਾਦ ਪ੍ਰਗਾਸ ਦਾ ਪ੍ਰਤੀਕ (ਲੋਗੋ) ਲੱਗਾ ਹੋਇਆ ਹੈ। ਨਾਦ ਪ੍ਰਗਾਸ ਦਾ ਨਾਂ ਵੀ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ ਤੇ ਗਰੇਸ਼ੀਅਸ ਪਬਲੀਕੇਸ਼ਨ ਦਾ ਉਸ ਤੋਂ ਛੋਟਾ ਕਰਕੇ। ਇਹ ਗੱਲ ਵੀ ਸ਼ੱਕ ਪੈਦਾ ਕਰਨ ਵਾਲੀ ਹੈ ਕਿਉਂਕਿ ਮੁੱਖ ਪ੍ਰਕਾਸ਼ਕ ਨਾਲੋਂ ਸਹਿਯੋਗੀ ਨੂੰ ਇੰਨੀ ਪ੍ਰਮੁੱਖ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਸਹਿਯੋਗੀ ਹੀ ਕਿਤਾਬ ਦਾ ਅਸਲ ਪ੍ਰਕਾਸ਼ਕ ਪ੍ਰਤੀਤ ਹੁੰਦਾ ਹੈ ਤੇ ਗੱਲ ਹੋ ਵੀ ਇਵੇਂ ਹੀ ਸਕਦੀ ਹੈ ਕਿ ਇਸ ਪਿੱਛੇ ਮੁੱਖ ਭੂਮਿਕਾ ਨਾਦ ਪ੍ਰਗਾਸ ਦੀ ਹੀ ਹੋਵੇ ਪਰ ਇਹ ਪਤਾ ਹੋਣ ਕਰਕੇ ਕਿ ਇਸ ਮਾਮਲੇ ਤੇ ਵਿਵਾਦ ਖੜ੍ਹਾ ਹੋਣਾ ਹੈ ਤੇ ਸਿੱਖਾਂ ਨੇ ਇਸ ਦਾ ਵਿਰੋਧ ਕਰਨਾ ਹੈ, ਨਾਦ ਪ੍ਰਗਾਸ ਵਲੋਂ ਗਰੇਸ਼ੀਅਸ ਪਬਲੀਕੇਸ਼ਨ ਦਾ ‘ਸਾਥ ਦਿੱਤਾ’ (ਸਹਾਰਾ ਲਿਆ) ਜਾ ਰਿਹਾ ਹੈ।

ਨਾਦ ਪ੍ਰਗਾਸ ਦੇ ਪ੍ਰੋ. ਜਗਦੀਸ਼ ਸਿੰਘ ਨਾਲ ਇਸ ਬਾਰੇ ਉਨ੍ਹਾਂ ਦਾ ਪੱਖ ਜਾਨਣ ਲਈ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਤਾਬ ਦੇ ਪਿੱਛੇ ਜੋ ਅੱਖਰ ਮੇਰੇ ਵੱਲੋਂ ਲਿਖੇ ਹਨ ਉਹੀ ਮੇਰਾ ਪੱਖ ਹੈ ਉਹ ਪੜ੍ਹ ਲਓ। ਜਦੋਂ ਉਨ੍ਹਾਂ ਨੂੰ ਕਿਹਾ ਕਿ ਪਹਿਲਾਂ ਛਪੀਆਂ ਕਿਤਾਬਾਂ ਵਿਚੋਂ ਕਿਸੇ ਨੇ ਵੀ ਨਾਨਕ ਸ਼ਾਹ ਫਕੀਰ ਨਾਂ ਨਹੀਂ ਰੱਖਿਆ ਤਾਂ ਪ੍ਰੋ. ਸਾਹਿਬ ਨੇ ਨੁਕਤੇ ਦਾ ਜਵਾਬ ਨਹੀਂ ਦਿੱਤਾ।

ਅਸੀਂ ਇਸ ਕਿਤਾਬ ਦਾ ਵਿਰੋਧ ਕਰਦੇ ਹਾਂ। ਸੰਪਾਦਕ ਜੀ ਅਤੇ ਪ੍ਰਕਾਸ਼ਕ ਜੀ ਨੂੰ ਮਿਲ ਕੇ ਵੀ ਸਾਡੇ ਤੌਖਲੇ ਦੂਰ ਨਹੀਂ ਹੋਏ, ਉਹ ਕਿਸੇ ਗੱਲ ਵਿੱਚ ਵੀ ਸਪਸ਼ਟ ਜੁਆਬ ਨਹੀਂ ਦੇ ਪਾ ਰਹੇ ਸਨ ਸਗੋਂ ਗੱਲ ਨੂੰ ਆਪਣੀਆਂ ਖ਼ੂਬੀਆਂ ਦਰਸਾ ਵਡਿਆ ਹੀ ਰਹੇ ਸਨ ਜੋ ਕਿ ਇਸ ਕਿਤਾਬ ਨੂੰ ਹੋਰ ਸ਼ੱਕੀ ਬਣਾਉਂਦੀ ਹੈ। ਆਸ ਕਰਦੇ ਹਾਂ ਕਿ ਅਜਿਹੀਆਂ ਭੁੱਲਾਂ ਨੂੰ ਪ੍ਰਕਾਸ਼ਕ ਅਤੇ ਲੇਖਕ/ਸੰਪਾਦਕ ਦਰੁਸਤ ਕਰਨਗੇ ਅਤੇ ਅੱਗੇ ਤੋਂ ਪਹਿਲਾਂ ਹੀ ਸੁਚੇਤ ਰਹਿਣਗੇ ਤਾਂ ਜੋ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਸਿੱਖ ਸੰਗਤਾਂ ਨੂੰ ਇਸ ਬਾਰੇ ਸੁਚੇਤ ਹੋ ਕੇ ਇਕ ਜੁੱਟ ਰੂਪ ਚ ਆਪਣਾ ਵਿਰੋਧ ਪ੍ਰਗਟਾਉਣਾ ਚਾਹੀਦਾ ਹੈ ਤਾਂ ਕਿ “ਨਾਨਕ ਸ਼ਾਹ ਫਕੀਰ” ਫਿਲਮ ਰੁਕਵਾਉਣ ਤੋਂ ਬਾਅਦ ਆ ਰਹੀ ਇਸ ਨਵੀਂ ਚਣੌਤੀ ਨੂੰ ਵੀ ਠੱਲ੍ਹ ਪਾਈ ਜਾ ਸਕੇ।

* ਪਰਮਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਖੋਜਾਰਥੀ ਹੈ। ਲੇਖਕ ਨਾਲ ਬਿਜਲ-ਪਤੇ parmindersallanh (at) gmail (dot) com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,