ਸਿਆਸੀ ਖਬਰਾਂ

ਮਹਾਂਰਾਸ਼ਟਰ: ਭਾਜਪਾ ਦੇ ਕਿਲ੍ਹੇ ਵਿਚ ਪਾੜ੍ਹ ਪਿਆ ਪਰ ਕੀ ਵਿਰੋਧੀ ਧਿਰ ਫਾਇਦਾ ਲੈ ਸਕੇਗੀ?

November 27, 2019 | By

ਚੰਡੀਗੜ੍ਹ: ਸਾਲ 2014 ਤੋਂ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਸੱਤਾ ਦੇ ਕਿਲ੍ਹੇ ਵਿਚ ਪਹਿਲੀ ਵਾਰ ਟਕਾ ਕੇ ਪਾੜ ਪਿਆ ਹੈ। ਮਹਾਂਰਾਸ਼ਟਰ ਵਿਚ ਗਣਿਤ ਦੀ ਖੇਡ ਜਿਸ ਹੱਦ ਤੱਕ ਜਾ ਕੇ ਭਾਜਪਾ ਨੇ ਖੇਡਣੀ ਚਾਹੀ ਅਤੇ ਜਿਵੇਂ ਦੀ ਹਾਰ ਦਾ ਇਸ ਨੂੰ ਮੂੰਹ ਵੇਖਣਾ ਪਿਆ ਹੈ ਉਹ ਯਕੀਨਨ ਹੀ ਭਾਜਪਾ ਲਈ ਵੱਡਾ ਝਟਕਾ ਹੈ।

ਭਾਜਪਾ ਦੀ ਜਥੇਬੰਦਕ ਤਾਕਤ ਤੋਂ ਅੱਜ ਦੇ ਸਮੇਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਪਰ ਸੱਤਾ ਦੀ ਖੇਡ ਵਿਚ ਹਾਲੀਆ ਸਮੇਂ ਦੌਰਾਨ ਭਾਜਪਾ ਦੀ ਅਸਲ ਤਾਕਤ ਬਿਰਤਾਂਤ ਖੜ੍ਹਾ ਕਰਨ ਵਿਚ ਰਹੀ ਹੈ, ਜਿਸ ਦੇ ਚੱਲਦਿਆਂ ਭਾਜਪਾ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਸਿਰੇ ਦੇ ਨਾਕਾਮੀ ਭਰੇ ਫੈਸਲਿਆਂ ਨੂੰ ਵੀ ਲੋਕਾਂ ਵਿਚ ਜਚਾਉਣ ਵਿਚ ਕਾਮਯਾਬ ਰਹੀ ਹੈ।

ਖੱਬਿਓਂ-ਸੱਜੇ: ਸ਼ਰਦ ਪਵਾਰ, ਅਜੀਤ ਪਵਾਰ, ਦਵਿੰਦਰ ਫੜਨਵੀਸ ਅਤੇ ਊਧਵ ਠਾਕਰੇ (ਪੁਰਾਣੀਆਂ ਤਸਵੀਰਾਂ)

2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਖੇਤਰੀ ਜਾਂ ਜਿਮਨੀ ਚੋਣਾਂ ਵਿਚ ਭਾਜਪਾ ਨੂੰ ਕਸਾਰੇ ਲੱਗੇ ਸਨ ਪਰ ਉਹਦੇ ਬਾਵਜੂਦ ਭਾਜਪਾ ਕੋਲ ਉਹਨਾਂ ਕਸਾਰਿਆਂ ਬਾਰੇ ਪੇਸ਼ ਕਰਨ ਤੇ ਉਸ ਤੋਂ ਉੱਭਰਣ ਲਈ ਆਪਣਾ ਇਕ ਬਿਰਤਾਂਤ ਹੁੰਦਾ ਸੀ। ਪਰ ਮਹਾਂਰਾਸ਼ਟਰ ਦੇ ਝਟਕੇ ਬਾਰੇ ਭਾਜਪਾ ਕੋਲ ਕੋਈ ਬਿਰਤਾਂਤ ਨਹੀਂ ਹੈ, ਇਹੀ ਕਾਰਨ ਹੈ ਕਿ ਇਹ ਸੱਤਾਧਾਰੀ ਦਲ ਖਾਮੋਸ਼ ਹੈ।

ਭਾਵੇਂ ਕਿ ਮਹਾਂਰਾਸ਼ਟਰ ’ਚ ਸ਼ਰਦ ਪਵਾਰ ਨੇ ਭਾਜਪਾ ਨੂੰ ਪ੍ਰਤੱਖ ਸ਼ਿਕਸਤ ਦੇ ਦਿੱਤੀ ਹੈ ਪਰ ਕੀ ਉਪਮਹਾਂਦੀਪ ਪੱਧਰ ਉੱਤੇ ਵਿਰੋਧੀ ਧਿਰ ਇਸ ਦਾ ਕੋਈ ਲਾਹਾ ਚੁੱਕ ਸਕੇਗੀ, ਇਹ ਸਵਾਲ ਸਭ ਤੋਂ ਵੱਧ ਅਹਿਮ ਹੈ। ਵਿਰੋਧੀ ਧਿਰ ਭਾਜਪਾ ਨੂੰ ਲੱਗਣ ਵਾਲੇ ਝਟਕਿਆਂ ’ਤੇ ਪੈਂਦੀ ਸੱਟੇ ਕੱਛਾਂ ਵਜਾਉਣ ਲੱਗ ਜਾਂਦੀ ਹੈ ਤੇ ਇਸ ਵਲੋਂ ਭਾਜਪਾ ਦੀ ਹਾਲਤ ਬਾਰੇ ਕੋਈ ਵੱਡਾ ਬਿਰਤਾਂਤ ਖੜ੍ਹਾ ਕਰਨ ਸਮੇਤ ਹੋਰ ਲੋੜੀਂਦੇ ਕਦਮ ਨਹੀਂ ਚੁੱਕੇ ਜਾਂਦੇ। ਨਤੀਜੇ ਵੱਸ ਬੀਤੇ ਵਿਚ ਅਜਿਹਾ ਵਾਪਰਿਆ ਹੈ ਕਿ ਹਾਲਾਤ ਮੁੜ ਮੋੜਾ ਖਾ ਜਾਂਦੇ ਰਹੇ ਹਨ। ਸੋ, ਮਹਾਂਰਸ਼ਟਰ ਵਿਚੋਂ ਭਾਜਪਾ ਦੇ ਕਿਲ੍ਹੇ ਵਿਚ ਪਏ ਪਾੜ ਦਾ ਫਾਇਦਾ ਵਿਰੋਧੀ ਧਿਰ ਨੂੰ ਮਿਲਣਾ ਸਵੈਸਿੱਧ ਗੱਲ ਨਹੀਂ ਹੈ ਬਲਕਿ ਇਹ ਗੱਲ ਵਿਰੋਧੀ ਦੀ ਕਾਬਲੀਅਤ ਉੱਤੇ ਨਿਰਭਰ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,