ਲੇਖ

ਮੱਤੇਵਾੜਿਓਂ ਟਲੀ ਬਲਾ ਹੁਣ ਸ਼ਹੀਦਾਂ ਦੀ ਧਰਤੀ ਦੇ ਗਲ ਪਾਉਣ ਦੀ ਤਿਆਰੀ…

August 30, 2022 | By

ਫਤਹਿਗੜ੍ਹ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ। ਇਹ ਉਹ ਧਰਤੀ ਵੀ ਹੈ, ਜਿਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਬੇ-ਜ਼ਮੀਨਿਆਂ ਨੂੰ ਜਗੀਰਾਂ ਵੰਡ ਕੇ ਸਰਦਾਰ ਬਣਾਇਆ ਸੀ । ਸੱਤਾ ਭੋਗ ਚੁੱਕੇ ਤੇ ਸੱਤਾ ਮਾਣ ਰਹੇ ਲੋਕ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਕਰਜ਼ਦਾਰ ਹਨ।

ਦਰਿਆਈ ਅਤੇ ਜ਼ਮੀਨੀ ਪਾਣੀਆਂ ਨੂੰ ਗੰਦਾ ਕਰਕੇ ਕੈਂਸਰ ਅਤੇ ਹੋਰ ਬਿਮਾਰੀਆਂ ਵੰਡਣੇ ਕਾਰਖਾਨਿਆਂ ਦਾ ਸਮੂਹ , ਜੋ ਕਿ ਪਹਿਲਾਂ ਸਤਲੁਜ ਕੰਢੇ, ਮੱਤੇਵਾੜਾ ਵਿਖੇ ਲੱਗਣਾ ਸੀ, ਲੋਕਾਂ ਦੇ ਵੱਡੇ ਵਿਰੋਧ ਤੋਂ ਬਾਅਦ “ਮੱਤੇਵਾੜਾ ਕਾਰਖਾਨਾ ਪਾਰਕ” ਨੂੰ ਰੱਦ ਕਰ ਦਿੱਤਾ ਗਿਆ । ਲੋਕਾਂ ਦੇ ਵਿਰੋਧ ਦੇ ਦੋ ਵੱਡੇ ਕਾਰਨ ਸਨ ।

  • ਇਕ ਸੀ ਕਿ ਤਜਵੀਜ਼ੀ ਕਾਰਖਾਨਾ ਪਾਰਕ ਦੇ ਨਾਲ ਲੱਗਦਾ ਮੱਤੇਵਾੜਾ ਜੰਗਲ ਅਤੇ ਦੋ ਹੋਰ ਰਾਖਵੇਂ ਜੰਗਲ ਨੁਕਸਾਨੇ ਜਾਣਗੇ ।
  • ਦੂਜਾ ਸੀ ਕਿ ਇਹ ਕਾਰਖਾਨੇ ਗੰਦਾ ਪਾਣੀ ਸਿੱਧਾ ਸਤਲੁਜ ‘ਚ ਪਾਉਣਗੇ, ਕਿਉਂਕਿ ਸਤਲੁਜ ਦਰਿਆ ਦਾ ਧੁੱਸੀ ਬੰਨ ਤਜਵੀਜ਼ੀ ਜਗ੍ਹਾ ਤੋਂ ਕੇਵਲ ਤੀਹ ਮੀਟਰ ਦੂਰ ਸੀ । ਲੋਕ ਸ਼ੱਕ ਕਰਨ ਵੀ ਕਿਉਂ ਨਾ? ਸਰਕਾਰ ਭਾਵੇਂ ਸਮੇਂ ਸਮੇਂ ਤੇ ਇਹ ਕਹਿੰਦੀ ਰਹੀ ਕਿ ਕਿਸੇ ਨੂੰ ਵੀ ਪਾਣੀ ਨੂੰ ਗੰਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਪਰ ਬੁੱਢੇ ਦਰਿਆ ‘ਚ ਪੈ ਰਿਹਾ ਗੰਦਾ ਪਾਣੀ ਨਾ ਪਿਛਲੀਆਂ ਸਰਕਾਰਾਂ ਤੋਂ ਰੁਕਿਆ ਤੇ ਨਾ ਮੌਜ਼ੂਦਾ ਸੱਤਾ ਧਿਰ ਤੋਂ।

ਕਿਸੇ ਨੂੰ ਇਹ ਵੀ ਲੱਗ ਸਕਦਾ ਹੈ ਕਿ ਇੱਥੇ ਕਿਹੜਾ ਸਤਲੁਜ ਚ ਪਾਣੀ ਕਿਹੜਾ ਪਾਇਆ ਜਾਣਾ ਹੈ? ਜਾਂ ਕਿਹੜਾ ਕੋਈ ਜੰਗਲੀ ਖੇਤਰ ਲਾਗੇ ਆਦਿ। ਜਾਂ ਅਜਿਹੀਆਂ ਦਲੀਲਾਂ ਪ੍ਰਸ਼ਾਸ਼ਨ /ਸਰਕਾਰ ਵੱਲੋਂ ਦਿੱਤੀਆਂ ਜਾ ਸਕਦੀਆਂ ਹਨ ।

ਪਰ ਜੀਰੇ ਨੇੜੇ ਮਨਸੂਰਵਾਲ ਵਾਲਾ ਮੋਰਚਾ ਤੁਹਾਡੇ ਧਿਆਨ ‘ਚ ਹੋਵੇਗਾ । ਇਥੋਂ ਦੀ ਇੱਕ ਨਿਜੀ ਸ਼ਰਾਬ ਫੈਕਟਰੀ (ਮਾਲਬ੍ਰੋਜ਼) ਵੱਲੋਂ ਗੰਦਾ ਪਾਣੀ ਧਰਤੀ ਹੇਠ ਪਾਉਣ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦਾ ਪਾਣੀ ਜ਼ਮੀਨੀ ਪਾਣੀ ਗੰਧਲਾ ਹੋ ਚੁੱਕਾ ਹੈ । ਇਸੇ ਗੰਦੇ ਪਾਣੀ ਕਰਕੇ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਦੀ ਜਾਣਕਾਰੀ ਸਥਾਨਕ ਲੋਕ ਦਿੰਦੇ ਹਨ । ਰੰਗਾਈ ਵਾਲੇ ਕਾਰਖਾਨਿਆਂ ਦੀ ਮਾਰ ਝੱਲਦੇ ਵਿਅਕਤੀ ਦੀ ਮੌਤ ਦੀ ਖਬਰ ਮੱਤੇਵਾੜਾ ਮੋਰਚੇ ਵੇਲੇ ਵੀ ਕਾਫ਼ੀ ਚੱਲੀ ਸੀ। ਇਸੇ ਤਰ੍ਹਾਂ ਮਾਰਚ ਮਹੀਨੇ ਚ ਮਾਲਬਰੋਜ਼ ਕਾਰਖਾਨੇ ਦੀ ਜ਼ਹਿਰੀਲੀ ਸਵਾਹ ਕਰਕੇ ਲੋਕਾਂ ਦੀਆਂ ਮੱਝਾਂ ਮਾਰੀਆਂ ਸਨ, ਜਿਸ ਦਾ ਫੈਕਟਰੀ ਵੱਲੋਂ ਮੁਆਵਜ਼ਾ ਵੀ ਦਿੱਤਾ ਗਿਆ ਸੀ । ਹੁਣ ਇਸੇ ਹੀ ਕਾਰਖਾਨੇ ਵੱਲੋਂ ਗੰਦਾ ਪਾਣੀ ਬੋਰ ਕਰਕੇ ਹੇਠਾਂ ਪਾਉਣ ਕਰਕੇ ਆਲੇ ਦੁਆਲੇ ਦੇ ਕਈ ਪਿੰਡਾਂ ਦਾ ਜ਼ਮੀਨੀ ਪਾਣੀ ਗੰਧਲਾ ਹੋ ਚੁੱਕਾ ਹੈ। ਸਿੱਟੇ ਵਜੋਂ ਲੋਕ ਕਿਸਾਨ ਮੋਰਚੇ ਵਾਂਗ ਪੱਕਾ ਧਰਨਾ ਲਾਈ ਬੈਠੇ ਹਨ।

ਇਨ੍ਹਾਂ ਕੁਝ ਸਪਸ਼ਟ ਹੋਣ ਦੇ ਬਾਵਯੂਦ ਸਰਕਾਰੀ ਅਤੇ ਪ੍ਰਸ਼ਾਸਨਿਕ ਕਾਰਵਾਈਆਂ ਇਨ੍ਹਾਂ ਕਾਰਖਾਨਿਆਂ ਦੀ ਪਿੱਠ ਥਾਪੜਦਿਆਂ ਹੀ ਦੇਖੀਆਂ ਨੇ। ਅਸਲ ‘ਚ ਇਹ ਕੈਂਸਰ ਵੰਡਣੇ ਕਾਰਖਾਨੇ ਪੰਜਾਬ ਦੀ ਲੋੜ ਨਹੀਂ, ਬਲਕਿ ਪੰਜਾਬ ਇਹਨਾਂ ਦੀ ਲੋੜ ਹੈ। ਤਾਹੀਂ ਕਦੇ ਮੱਤੇਵਾੜਾ, ਕਦੇ ਗੁਰਦਾਸਪੁਰ, ਕਦੇ ਅੰਮ੍ਰਿਤਸਰ, ਕਦੇ ਬਠਿੰਡੇ ਤੇ ਹੁਣ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਹੋ ਤੁਰੇ ਨੇ। ਵੱਖ ਵੱਖ ਪਾਰਟੀਆਂ ਨੇ ਕਾਰਖਾਨਾ ਮਾਲਕਾਂ ਤੋਂ ਮੋਟੇ ਫੰਡ ਲੈਣੇ ਹੋਣ ਕਰਕੇ ਇਹ ਓਹਨਾਂ ਦੀ ਮਜ਼ਬੂਰੀ ਹੋ ਸਕਦੀ ਹੈ। ਪਰ ਲੋਕਾਂ ਦੀ ਮਜ਼ਬੂਰੀ ਓਸ ਤੋਂ ਵੀ ਵੱਡੀ ਹੈ। ਲੋਕਾਂ ਨੂੰ ਆਪਣੀ ਹੋਂਦ ਦੀ ਲੜਾਈ ਲਈ ਸੰਘਰਸ਼ ਕਰਨੇ ਪਏ ਹਨ ਤੇ ਪੈਂਦੇ ਰਹਿਣਗੇ।

ਸਰਕਾਰਾਂ ਦੇ ਹੁਣ ਤੱਕ ਦੇ ਹਲਾਤ ਤਾਂ ਲੋਕਤੰਤਰ ਦੀ ਪਰਿਭਾਸ਼ਾ “ਲੋਕਤੰਤਰ ਲੋਕਾਂ ਦੁਆਰਾ, ਲੋਕਾਂ ਤੇ ਅਤੇ ਲੋਕਾਂ ਲਈ ਕੀਤਾ ਜਾਂਦਾ ਰਾਜ ਹੈ” ਨੂੰ ਛਿੱਕੇ ਟੰਗਦੇ ਹੀ ਦਿਖੇ ਹਨ। ਜ਼ਹਿਰ ਵੰਡਣੇ ਕਾਰਖਾਨੇ ਲਾਉਣ ਲਈ ਤਰਲੋ ਮੱਛੀ ਹੁੰਦੇ ਫਿਰਨਾ “ਲੋਕਾਂ ਲਈ” ਕੀਤਾ ਜਾਂਦਾ ਰਾਜ ਤਾਂ ਨਹੀਂ ਹੋ ਸਕਦਾ। ਲੋਕਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਦੀ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ, ਨੁਮਾਇੰਦੇ ਭਾਵੇਂ ਉਹ ਕਿਸੇ ਵੀ ਧਿਰ ਦੇ ਹੋਣ। ਸਭ ਤੋਂ ਜ਼ਰੂਰੀ ਹੈ ਕਿ ਲੋਕ ਸਮੱਸਿਆ ਪ੍ਰਤੀ ਜਾਗਰੂਕ ਹੋ ਕੇ ਜਥੇਬੰਦ ਹੋਣ।

ਸਭ ਤੋਂ ਜ਼ਰੂਰੀ ਹੈ ਕਿ ਲੋਕ ਸਮੱਸਿਆ ਪ੍ਰਤੀ ਜਾਗਰੂਕ ਹੋ ਕੇ ਜਥੇਬੰਦ ਹੋਣ।

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
9056684184

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,