ਵਿਦੇਸ਼

ਉੱਤਰੀ ਅਮਰੀਕਾ ਦੀ ਸਿੱਖ ਜਥੇਬੰਦੀ ਵੱਲੋਂ ਭਾਰਤੀ ਸੰਵਿਧਾਨ ਦੀ ਧਾਰਾ 25 ਵਿਚ ਸੋਧ ਦੀ ਮੰਗ

May 25, 2012 | By

ਕੈਲੀਫੋਰਨੀਆ, ਅਮਰੀਕਾ (24 ਮਈ, 2012): ਹਾਲ ਵਿਚ ਅਨੰਦ ਮੈਰਿਜ ਐਕਟ ਵਿਚ ਕੀਤੇ ਗਏ ਸੋਧ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਸਮੁਚੇ ਉੱਤਰੀ ਅਮਰੀਕਾ ਦੀਆਂ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਕਿਹਾ ਹੈ ਕਿ ਕੇਵਲ ਅਨੰਦ ਮੈਰਿਜ ਐਕਟ ਵਿਚ ਸੋਧ ਕਰਨਾ ਸਿਖ ਧਰਮ ਦੀ ਵਖਰੀ ਪਛਾਣ ਤੇ ਰੁਤਬੇ ਦੀ ਬਹਾਲੀ ਲਈ ਕਾਫੀ ਨਹੀਂ ਹੈ। ਸਿਖ ਜਥਬੰਦੀਆਂ ਨੇ ਸਿਖ ਧਰਮ ਦੇ ਵਖਰੇ ਰੁਤਬੇ ਦੀ ਬਹਾਲੀ ਲਈ ਭਾਰਤੀ ਸਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਦੀ ਮੰਗ ਕੀਤੀ ਹੈ।

ਸਿਖ ਧਰਮ ਇਕ ਵਖਰਾ ਧਰਮ ਹੈ ਤੇ ਤੇ ਇਸ ਦੀ ਪੁਸ਼ਟੀ ਸਮੁੱਚੇ ਵਿਸ਼ਵ ਵਿਚ ਕੀਤੀ ਗਈ ਹੈ ਸਿਵਾਏ ਭਾਰਤੀ ਨਿਆਂ ਪ੍ਰਣਾਲੀ ਵਿਚ ਕਿਉਂਕਿ ਭਾਰਤੀ ਸਵਿਧਾਨ ਦੀ ਧਾਰਾ 25 ਨੇ ਸਿਖ ਧਰਮ ਨੂੰ ਹਿੰਦੂ ਧਰਮ ਵਿਚ ਜ਼ਜਬ ਕਰ ਦਿੱਤਾ ਹੈ। ਸਵਿਧਾਨ ਤਹਿਤ ਸਿਖ ਧਰਮ ਦੇ ਵਖਰੇ ਰੁਤਬੇ ਦੀ ਮੰਗ ਦਾ ਸਮਰਥਨ ਭਾਰਤ ਦੇ ਸਾਬਕਾ ਚੀਫ ਜਸਟਿਸ ਐਮ ਐਨ ਵੈਂਕਟਚਲਈਆ ਦੀ ਅਗਵਾਈ ਵਾਲੇ ਸਵਿਧਾਨ ਦੇ ਕੰਮ ਕਾਜ ਦੀ ਸਮੀਖਿਆ ਬਾਰੇ ਕੌਮੀ ਕਮਿਸ਼ਨ (ਐਨ ਸੀ ਆਰ ਡਬਲਯੂ ਸੀ) ਵਲੋਂ ਕੀਤਾ ਗਿਆ ਹੈ ਜਿਸ ਨੇ ਆਪਣੀ ਰਿਪੋਰਟ ਵਿਚ ਸਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਦੀ ਸਿਫਾਰਿਸ਼ ਕੀਤੀ ਸੀ ਤਾਂ ਜੋ ਸਿਖ ਧਰਮ ਦਾ ਵਖਰੇ ਧਰਮ ਵਜੋਂ ਰੁਤਬਾ ਬਹਾਲ ਕੀਤਾ ਜਾ ਸਕੇ।

ਸਿਖ ਅਧਿਕਾਰਾਂ ਦੀ ਕੌਮਾਂਤਰੀ ਪਧਰ ’ਤੇ ਆਵਾਜ਼ ਬੁਲੰਦ ਕਰਨ ਵਾਲੀ ਮਨੁੱਖੀ ਅਧਿਕਾਰ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਅਨੰਦ ਮੈਰਿਜ ਐਕਟ ਵਿਚ ਹਾਲ ਵਿਚ ਕੀਤੇ ਗਏ ਸੋਧ ਨਾਲ ਭਾਰਤ ਜਾਂ ਦੁਨੀਆ ਵਿਚ ਕਿਤੇ ਵੀ ਰਹਿ ਰਹੇ ਸਿਖਾਂ ਦੀ ਵਖਰੀ ਪਛਾਣ ਨਹੀਂ ਬਣਦੀ ਜਿਵੇਂ ਕਿ ਇਸ ਨੂੰ ਬਣਾਉਣ ਵਾਲਿਆਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਨੂ ਨੇ ਕਿਹਾ ਕਿ ਦੇਸ਼ ਦੇ ਸਰਬ ਉਚ ਕਾਨੂੰਨ, ਭਾਰਤ ਸਵਿਧਾਨ ਤਹਿਤ ਸਿਖ ਧਰਮ ਸਵਿਧਾਨ ਦੀ ਧਾਰਾ 25 ਅਨੁਸਾਰ ਹਿੰਦੂ ਧਰਮ ਦੇ ਮਤਹਿਤ ਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਖ ਧਰਮ ਦੀ ਮੰਗ ਹੈ ਕਿ ਸਵਿਧਾਨ ਦੀ ਧਾਰਾ 25 ਵਿਚ ਸੋਧ ਕੀਤੀ ਜਾਵੇ ਜਿਸ ਨੂੰ ਭਾਰਤ ਸਰਕਾਰ ਵਲੋਂ ਲਗਾਤਾਰ ਅਣਗੌਲਿਆ ਜਾ ਰਿਹਾ ਹੈ।

ਸਮੁੱਚੇ ਕੈਨੇਡਾ ਦੇ ਗੁਰਦੁਆਰਿਆਂ ਦੀ ਸੰਗਠਿਤ ਜਥੇਬੰਦੀ ਓਂਟਾਰੀਓ ਗੁਰਦੁਆਰਾਸ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਅਨੰਦ ਮੈਰਿਜ ਐਕਟ ਵਿਚ ਸੋਧ ਇਕ ਸ਼ਰਮ ਵਾਲੀ ਗਲ ਹੈ ਕਿਉਂਕਿ ਇਹ ਸਿਖਾਂ ਨੂੰ ਵਖਰੀ ਪਛਾਣ ਦੇਣ ਵਿਚ ਨਾਕਾਮ ਹੈ ਜਿਸ ਦੀ ਭਾਈਚਾਰੇ ਵਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ।

ਸਮੁੱਚੇ ਅਮਰੀਕਾ ਦੇ ਗੁਰਦੁਆਰਿਆਂ ’ਤੇ ਆਧਾਰਿਤ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਮਾਨ ਅਨੁਸਾਰ ਅਨੰਦ ਮੈਰਿਜ ਐਕਟ ਵਿਚ ਸੋਧ ਸਿਖ ਵਿਆਹਾਂ ਨੂੰ ਰਜਿਸਟਰ ਕਰਨ ਲਈ ਕੇਵਲ ਇਸ ਪ੍ਰਸ਼ਾਸਨਿਕ ਪ੍ਰਬੰਧ ਹੈ ਤੇ ਸਿਖ ਪਛਾਣ ਬਾਰੇ ਵੱਡਾ ਮੁੱਦਾ ਅਜੇ ਵੀ ਉਵੇਂ ਹੀ ਅਣਸੁਲਝਿਆ ਹੈ।

ਉੱਤਰ ਪੂਰਬੀ ਅਮਰੀਕਾ ਵਿਚ ਸਥਿਤ ਸਿਖਾਂ ਦੇ ਸਭ ਤੋਂ ਪੁਰਾਤਨ ਗੁਰਦੁਆਰਿਆਂ ਵਿਚੋਂ ਇਕ ਸਿਖ ਕਲਚਰਲ ਸੁਸਾਇਟੀ ਆਫ ਰਿਚਮੰਡ ਹਿਲ ਨਿਊਯਾਰਕ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਸਿਖਾਂ ਦੇ ਮੰਗ ਸਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਦੀ ਹੈ ਜਿਸ ਨਾਲ ਸਿਖਾਂ ਨੂੰ ਵਖਰੀ ਪਛਾਣ ਦਾ ਦਰਜਾ ਮਿਲੇਗਾ ਤੇ ਅਨੰਦ ਮੈਰਿਜ ਐਕਟ ਵਿਚ ਸੋਧ ਸਿਖ ਭਾਈਚਾਰੇ ਦੀ ਇਹ ਮੰਗ ਪੂਰੀ ਨਹੀਂ ਕਰਦੀ।

ਦਸਮੇਸ਼ ਦਰਬਾਰ ਗੁਰਦੁਆਰਾ ਕਾਰਟਰੇਟ ਨਿਊਜਰਸੀ ਦੇ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਨੇ ਇਸ ਗਲ ਨੂੰ ਸਿਰੇ ਤੋਂ ਖਾਰਜ ਕੀਤਾ ਕਿ ਅਨੰਦ ਮੈਰਿਜ ਐਕਟ ਵਿਚ ਹਾਲ ਵਿਚ ਕੀਤੀ ਸੋਧ ਨਾਲ ਉੱਤਰੀ ਅਮਰੀਕਾ ਦੇ ਸਿਖਾਂ ਦੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਸਾਡਾ ਸੰਘਰਸ਼ ਸਿਖਾਂ ਦੀ ਵਖਰੀ ਪਛਾਣ ਨੂੰ ਲੈਕੇ ਹੈ ਜੋ ਕਿ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਭਾਰਤੀ ਸਵਿਧਾਨ ਦੀ ਧਾਰਾ 25 ਵਿਚ ਸੋਧ ਨਹੀਂ ਕੀਤੀ ਜਾਂਦੀ।

ਬਾਬਾ ਮਖਣ ਸ਼ਾਹ ਲੁਬਾਣਾ ਰਿਚਮੰਡ ਹਿਲ ਨਿਊਯਾਰਕ ਦੇ ਪ੍ਰਧਾਨ ਗੁਰਮੇਜ ਸਿੰਘ ਹਰਿਆਣਾ ਨੇ ਕਿਹਾ ਕਿ ਉੱਤਰੀ ਅਮਰੀਕਾ ਵਿਚ ਰਹਿੰਦੇ ਸਿਖਾਂ ਨੂੰ ਅਨੰਦ ਮੈਰਿਜ ਐਕਟ ਵਿਚ ਸੋਧ ਨਾਲ ਕੋਈ ਲਾਭ ਨਹੀਂ ਜਦ ਤਕ ਕਿ ਭਾਰਤੀ ਸਵਿਧਾਨ ਦੀ ਧਾਰਾ 25 ਵਿਚ ਸੋਧ ਨਹੀਂ ਕੀਤੀ ਜਾਂਦੀ।

ਧਾਰਾ 25 ਵਿਚ ਸੋਧ ਸਬੰਧੀ ਐਨ ਸੀ ਆਰ ਡਬਲਯੂ ਸੀ ਦੀਆਂ ਸਿਫਾਰਿਸ਼ਾਂ ਦਾ ਜ਼ਿਕਰ ਕਰਦਿਆਂ ਅਟਾਰਨੀ ਪੰਨੂ ਨੇ ਕਿਹਾ ਕਿ ਸਿਖਸ ਫਾਰ ਜਸਟਿਸ ਸਮੁੱਚੇ ਉੱਤਰੀ ਅਮਰੀਕਾ ਦੇ ਸਮਰਥਨ ਨਾਲ ਕੌਮਾਂਤਰੀ ਪੱਧਰ ’ਤੇ ‘ਧਾਰਾ 25 ਸੋਧ ’ ਲਹਿਰ ਸ਼ੁਰੂ ਕਰੇਗੀ ਤਾਂ ਜੋ ਭਾਰਤੀ ਸੰਸਦ ’ਤੇ ਦਬਾਅ ਪਾਇਆ ਜਾ ਸਕੇ ਕਿ ਸਿਖ ਧਰਮ ਦੇ ਵਖਰੇ ਰੁਤਬੇ ਦੀ ਬਹਾਲੀ ਲਈ ਐਨ. ਸੀ. ਆਰ. ਡਬਲਯੂ ਸੀ ਦੀ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।