ਖਾਸ ਖਬਰਾਂ » ਸਿੱਖ ਖਬਰਾਂ

ਜਗਦੀਸ਼ ਗਗਨੇਜਾ, ਦੁਰਗਾ ਪ੍ਰਸਾਦ ‘ਤੇ ਹਮਲੇ ਦੀ ਜ਼ਿੰਮੇਵਾਰੀ ਦਸਮੇਸ਼ ਰੈਜੀਮੈਂਟ ਨਾਂ ਦੀ ਜਥੇਬੰਦੀ ਨੇ ਲਈ

September 29, 2016 | By

ਜਲੰਧਰ: ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ, “ਗਗਨੇਜਾ ਨੂੰ ਮਾਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ” ਦੇ ਅਗਲੇ ਹੀ ਦਿਨ ਮੀਡੀਆ ਨੂੰ “ਦਸ਼ਮੇਸ਼ ਰੈਜੀਮੈਂਟ” ਨਾਂ ਦੀ ਜਥੇਬੰਦੀ ਵਲੋਂ ਈ-ਮੇਲ ਅਤੇ ਵਾਟਸਐਪ ‘ਤੇ ਜਗਦੀਸ਼ ਗਗਨੇਜਾ, ਖੰਨਾ ਵਿਖੇ ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਅਤੇ ਲੁਧਿਆਣਾ ਵਿਖੇ ਆਰ.ਐਸ.ਐਸ. ਸ਼ਾਖਾ ‘ਤੇ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਲਈ ਗਈ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਸੇ ਨਾਂ ਦੀ ਖਾੜਕੂ ਜਥੇਬੰਦੀ ਜੋ ਕਿ ਖਾਲਿਸਤਾਨ ਆਰਮਡ ਫੋਰਸ ਨਾਲ ਮਿਲ ਕੇ ਕੰਮ ਕਰਦੀ ਸੀ, 1980 ਦੇ ਦਹਾਕੇ ਦੌਰਾਨ ਸਰਗਰਮ ਸੀ।

ਮੀਡੀਆ ਦੀ ਰਿਪੋਰਟਾਂ ਅਨੁਸਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਂ ਦੀ ਕੋਈ ਜਥੇਬੰਦੀ ਸਰਗਰਮ ਨਹੀਂ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂ ਤਾਂ ਇਹ ਜਾਅਲੀ ਪ੍ਰੈਸ ਨੋਟ ਹੈ ਜਾਂ ਫਿਰ ਕੋਈ ਨਵੀਂ ਜਥੇਬੰਦੀ ਸਰਗਰਮ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਕੋਈ ਨਵਾਂ ਗਰੁੱਪ ਇਸ ਜਥੇਬੰਦੀ ਦਾ ਨਾਂ ਵਰਤਣ ਲੱਗ ਗਿਆ ਹੋਵੇ।

rajnath-at-gagneja-rasam-kirya-01

ਦਸਮੇਸ਼ ਰੈਜੀਮੈਂਟ ਦੀ ਜ਼ਿੰਮੇਵਾਰੀ ਤੋਂ ਇਕ ਦਿਨ ਪਹਿਲਾਂ ਹੀ ਗਗਨੇਜਾ ਦੀ ਰਸਮ ਕਿਰਿਆ ‘ਤੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗਗਨੇਜਾ ਨੂੰ ਸ਼ਰਧਾਂਜਲੀ ਦਿੱਤੀ ਸੀ ਅਤੇ ਕਿਹਾ ਸੀ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ

ਪੰਜਾਬ ਪੁਲਿਸ ਨੇ ਈ-ਮੇਲ ਅਤੇ ਅਤੇ ਫੋਨ ਨੰਬਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਥੋਂ ਇਹ ਪ੍ਰੈਸ ਨੋਟ ਆਇਆ। ਸੀ.ਬੀ.ਆਈ. ਇਸ ਕੇਸ ਦੀ ਪਹਿਲਾਂ ਹੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ‘ਤੇ 6 ਅਗਸਤ ਨੂੰ ਜਲੰਧਰ ਵਿਖੇ ਉਦੋਂ ਹਮਲਾ ਹੋਇਆ ਸੀ ਜਦੋਂ ਉਹ ਆਪਣੀ ਪਤਨੀ ਨਾਲ ਬਜ਼ਾਰ ਵਿਚ ਸੀ। ਗਗਨੇਜਾ ਨੂੰ 6 ਗੋਲੀਆਂ ਲੱਗੀਆਂ ਸੀ ਅਤੇ ਉਸਦਾ ਇਲਾਜ ਲੁਧਿਆਣਾ ਦੇ ਦਇਅਨੰਦ ਮੈਡੀਕਲ ਕਾਲਜ (DMC) ‘ਚ ਚੱਲ ਰਿਹਾ ਸੀ। ਪਿਛਲੇ ਵੀਰਵਾਰ ਨੂੰ ਉਸਦੀ ਮੌਤ ਹੋ ਗਈ ਸੀ।

ਦਸਮੇਸ਼ ਰੈਜਮੈਂਟ ਵੱਲੋਂ ਇਹ ਪੱਤਰ 28 ਸਤੰਬਰ ਨੂੰ ਮਤਾ ਨੰਬਰ 501/2016 ਤਹਿਤ ਰਾਜਿੰਦਰ ਸਿੰਘ ਜਿੰਦਾ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ ਹੈ। ਇਸ ਪੱਤਰ ’ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ’ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਸਿੱਖ ਜਵਾਨੀ ਦਾ ਨਸ਼ਿਆਂ ਰਾਹੀਂ ਘਾਣ ਕੀਤਾ ਹੈ ਅਤੇ ਇਸ ਲਈ ਜਥੇਬੰਦੀ ਨੇ ਪੰਜਾਬ ਦੀਆਂ ਦੂਜੀਆਂ ਰਾਜਸੀ ਪਾਰਟੀਆਂ ਨੂੰ ਵੀ ਬਰਾਬਰ ਦੀਆਂ ਦੋਸ਼ੀ ਦੱਸਿਆ ਹੈ।

ਉਨ੍ਹਾਂ ਨੇ ਪੰਜਾਬ ’ਚ ਚਿੱਟਾ ਤੇ ਸਮੈਕ ਵੇਚਣ ਵਾਲਿਆਂ ਬਾਰੇ ਸਬੂਤਾਂ ਸਮੇਤ ਜਥੇਬੰਦੀ ਨੂੰ ਸੂਚਿਤ ਕਰਨ ਲਈ ਕਿਹਾ ਹੈ। ਜਿਹੜੇ ਜਿਹੜੇ ਦੋਸ਼ੀ ਪਾਏ ਗਏ ਸਾਰਿਆਂ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਰਕਾਰੀ ਹੱਥਠੋਕਾ ਦੱਸਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਣ ਤੋਂ ਬਾਜ਼ ਆਵੇ।

ਇੰਡੀਆ ਐਕਸਪ੍ਰੈਸ ਮੁਤਾਬਕ ਇਸ ਸਬੰਧੀ ਜਦੋਂ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਕੋਲ ਇਸ ਤਰ੍ਹਾਂ ਦੇ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਸੰਬੰਧਤ ਖ਼ਬਰ:

ਆਪਣੇ ਆਪ ‘ਤੇ ਹਮਲੇ ਦਾ ਡਰਾਮਾ ਕਰਨ ਵਾਲਾ ਸ਼ਿਵ ਸੈਨਾ ਆਗੂ ਅਮਿਤ ਅਰੋੜਾ,ਗਗਨੇਜਾ ਕੇਸ ‘ਚ ਪੁਲਿਸ ਰਿਮਾਂਡ ‘ਤੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,