ਆਮ ਖਬਰਾਂ

ਨਾਭਾ ਜੇਲ੍ਹ ਬ੍ਰੇਕ: ਯੂ.ਪੀ. ਤੋਂ ਗ੍ਰਿਫਤਾਰ ਪਲਵਿੰਦਰ ਦੇ ਮਾਪਿਉਂ ਕੋਲੋਂ ਪੰਜਾਬ ਪੁਲਿਸ ਨੇ ਪੁੱਛਗਿੱਛ ਕੀਤੀ

November 29, 2016 | By

ਜਲੰਧਰ: ਨਾਭਾ ਜੇਲ੍ਹ ਬ੍ਰੇਕ ਕੇਸ ‘ਚ ਮਦਦ ਕਰਨ ਵਾਲੇ ਪਲਵਿੰਦਰ ਸਿੰਘ ਪਿੰਦਾ ਦੇ ਪਿਤਾ ਰੇਸ਼ਮ ਸਿੰਘ ਸੰਧੂ ਕੋਲੋਂ ਪੰਜਾਬ ਪੁਲਿਸ ਨੇ ਪੁੱਛਗਿੱਛ ਕੀਤੀ ਹੈ।

ਨਾਭਾ ਜੇਲ੍ਹ ’ਚੋਂ ਦੋ ਖਾੜਕੂਆਂ ਸਮੇਤ 6 ਕੈਦੀਆਂ ਨੂੰ ਛੁਡਾਉਣ ‘ਚ ਮਦਦ ਕਰਨ ਵਾਲਾ ਪਲਵਿੰਦਰ ਸਿੰਘ ਪਿੰਦਾ ਉੱਤਰ ਪ੍ਰਦੇਸ਼ ਦੇ ਸ਼ਹਿਰ ਸ਼ਾਮਲੀ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਪਲਵਿੰਦਰ ਉਰਫ਼ ਪਿੰਦਾ ਪੁੱਤਰ ਰੇਸ਼ਮ ਸਿੰਘ ਸੰਧੂ ਪਿੰਡ ਨਿਹਾਲੂਵਾਲ ਦਾ ਰਹਿਣ ਵਾਲਾ ਹੈ।

ਆਪਣੇ ਪਿੰਡ ਨਿਹਾਲੂਵਾਲ ਸਥਿਤ ਘਰ ਵਿੱਚ ਪਲਵਿੰਦਰ ਪਿੰਦਾ ਦੇ ਪਿਤਾ ਰੇਸ਼ਮ ਸਿੰਘ ਸੰਧੂ

ਆਪਣੇ ਪਿੰਡ ਨਿਹਾਲੂਵਾਲ ਸਥਿਤ ਘਰ ਵਿੱਚ ਪਲਵਿੰਦਰ ਪਿੰਦਾ ਦੇ ਪਿਤਾ ਰੇਸ਼ਮ ਸਿੰਘ ਸੰਧੂ

ਪਿੰਦਾ ਬਾਰੇ ਹੋਰ ਜਾਣਕਾਰੀ ਲੈਣ ਲਈ ਡੀਐਸਪੀ ਸ਼ਾਹਕੋਟ ਗੁਰਪ੍ਰੀਤ ਸਿੰਘ, ਐਸਐਚਓ ਸ਼ਾਹਕੋਟ ਸਨਬੀਰ ਸਿੰਘ ਬਰਾੜ, ਐਸਐਚਓ ਲੋਹੀਆਂ ਖਾਸ ਅਵਤਾਰ ਸਿੰਘ ਅਤੇ ਸੀਆਈਏ ਸਟਾਫ ਜਲੰਧਰ ਦੇ ਇੰਚਾਰਜ ਹਰਿੰਦਰ ਸਿੰਘ ਭਾਰੀ ਫੋਰਸ ਸਮੇਤ ਪਿੰਦਾ ਦੇ ਘਰ ਗਏ। ਉਨ੍ਹਾਂ ਮੁਲਜ਼ਮ ਦੇ ਮਾਪਿਆਂ ਕੋਲੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ। ਪੁਲਿਸ ਅਧਿਕਾਰੀਆਂ ਨੂੰ ਮੁਲਜ਼ਮ ਦੇ ਮਾਪਿਆਂ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਜਲੰਧਰ ਵਿੱਚ ਇੱਕ ਥਾਣੇਦਾਰ ਦਾ ਕਤਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਘਰ ਤੋਂ ਫਰਾਰ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਪਿੰਦਾ ਨਾਲ ਕਦੇ ਸੰਪਰਕ ਨਹੀਂ ਹੋਇਆ।

ਬਜ਼ੁਰਗ ਮਾਪਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਉਮਰ ਕਰੀਬ 29-30 ਸਾਲ ਹੈ। ਉਹ ਪਿੰਡ ਤੋਂ ਬਾਹਰ ਇੱਕ ਡੇਰੇ ’ਤੇ ਰਹਿੰਦੇ ਹਨ ਅਤੇ ਖੇਤੀਬਾੜੀ ਦਾ ਧੰਦਾ ਕਰਦੇ ਹਨ। ਕੁਝ ਸਮਾਂ ਪਹਿਲਾਂ ਜਦੋਂ ਜਲੰਧਰ ਦੇ ਇੱਕ ਥਾਣੇਦਾਰ ਦੇ ਕਤਲ ਕਾਂਡ ਵਿੱਚ ਉਨ੍ਹਾਂ ਦੇ ਪੁੱਤਰ ਦਾ ਨਾਮ ਆਇਆ ਸੀ ਤਾਂ ਉਸ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਬੇਹੱਦ ਤੰਗ/ਪ੍ਰੇਸ਼ਾਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਨਾਭਾ ਜੇਲ੍ਹ ਦੀ ਘਟਨਾ ਕਾਰਨ ਇੱਕ ਵਾਰ ਫਿਰ ਉਨ੍ਹਾਂ ਦੇ ਲੜਕੇ ਦਾ ਨਾਮ ਆਉਣ ’ਤੇ ਪੁਲਿਸ ਨੇ ਉਨ੍ਹਾਂ ਦੇ ਘਰ ਪੁੱਛ ਪੜਤਾਲ ਹੀ ਕੀਤੀ ਹੈ। ਡੀਐਸਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸ਼ਹਿਰ ਸ਼ਾਮਲੀ ’ਚੋਂ ਕਾਬੂ ਕੀਤੇ ਗਏ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਸਹਿਯੋਗੀ ਪਲਵਿੰਦਰ ਸਿੰਘ ਪਿੰਦਾ ਦਾ ਜੱਦੀ ਪਿੰਡ ਨਿਹਾਲੂਵਾਲ ਹੋਣ ਕਾਰਨ ਉਹ ਉਨ੍ਹਾਂ ਦੇ ਮਾਪਿਆ ਕੋਲੋਂ ਪੜਤਾਲ ਕਰਨ ਆਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,