ਆਮ ਖਬਰਾਂ » ਸਿਆਸੀ ਖਬਰਾਂ

ਨਾਭਾ ਜੇਲ੍ਹ ਬ੍ਰੇਕ: ਹੁਣ ਤਕ ਹਰਮਿੰਦਰ ਸਿੰਘ ਮਿੰਟੂ ਅਤੇ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀਆਂ

November 29, 2016 | By

ਨਵੀਂ ਦਿੱਲੀ: ਪੁਲਿਸ ਦੇ ਦਾਅਵਿਆਂ ਮੁਤਾਬਕ ਨਾਭਾ ਜੇਲ੍ਹ ’ਚੋਂ ਭੱਜੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਹਜ਼ਰਤ ਨਿਜ਼ਾਮੂਦੀਨ (ਦਿੱਲੀ) ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਸ਼ੇਸ਼ ਪੁਲਿਸ ਕਮਿਸ਼ਨਰ (ਸਪੈਸ਼ਲ ਸੈੱਲ) ਅਰਵਿੰਦ ਦੀਪ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਿੰਟੂ ਨੂੰ ਐਤਵਾਰ ਰਾਤ ਹੀ ਫੜ ਲਿਆ ਸੀ। ਇਸ ਦੌਰਾਨ ਪਟਿਆਲਾ ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਸਬੰਧਤ ਖ਼ਬਰਾਂ:

ਨਾਭਾ ਜੇਲ੍ਹ ਬ੍ਰੇਕ: ਦੇਹਰਾਦੂਨ ਪੁਲਿਸ ਨੇ 2 ਲੋਕ ਹਿਰਾਸਤ ‘ਚ ਲਏ …

ਅਰਵਿੰਦ ਦੀਪ ਨੇ ਦੱਸਿਆ ਕਿ ਪੰਜਾਬ ਪੁਲੀਸ ਨੂੰ ਸ਼ੱਕ ਸੀ ਕਿ ਮਿੰਟੂ ਦਿੱਲੀ ਆ ਸਕਦਾ ਹੈ ਅਤੇ ਉਨ੍ਹਾਂ ਇਸ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਪਹਿਲਾਂ ਹੀ ਦੇ ਦਿੱਤੀ ਸੀ। ਪੁਲਿਸ ਮੁਤਾਬਕ ਉਸ ਤੋਂ ਬਾਅਦ ਰੱਖੀ ਗਈ ਚੌਕਸੀ ਅਤੇ ਚੈਕਿੰਗ ਕਾਰਨ ਮਿੰਟੂ ਕਾਬੂ ਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਉਸ ਦੇ ਕਬਜ਼ੇ ’ਚੋਂ ਇਕ ਭਰਿਆ ਹੋਇਆ ਪਿਸਤੌਲ ਅਤੇ ਛੇ ਕਾਰਤੂਸ ਬਰਾਮਦ ਹੋਏ ਹਨ। ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 5 ਦਸੰਬਰ ਤਕ 7 ਦਿਨਾਂ ਲਈ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ।

ਸਬੰਧਤ ਖ਼ਬਰਾਂ:

ਨਾਭਾ ਜੇਲ੍ਹ ‘ਤੇ ਹਮਲਾ: ਭਾਈ ਹਰਮਿੰਦਰ ਸਿੰਘ ਮਿੰਟੂ ਸਣੇ ਚਾਰ ਹੋਰ ਫਰਾਰ …

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿੰਟੂ ਨੇ ਪਨਵੇਲ (ਮਹਾਰਾਸ਼ਟਰ) ਲਈ ਟਰੇਨ ਦੀ ਟਿਕਟ ਖ਼ਰੀਦੀ ਸੀ ਅਤੇ ਉਸ ਦੀ ਮੁੰਬਈ ਅਤੇ ਫਿਰ ਗੋਆ ਜਾਣ ਦੀ ਯੋਜਨਾ ਸੀ। ਉਸ ਦੇ ਗੋਆ ’ਚ ਚੰਗੇ ਸੰਪਰਕ ਹਨ ਕਿਉਂਕਿ ਉਹ 1989 ਤੋਂ 2007 ਤਕ 18 ਸਾਲ ਇਥੇ ਰਿਹਾ ਸੀ। ਸੂਤਰਾਂ ਮੁਤਾਬਕ ਮਿੰਟੂ ਬਾਅਦ ’ਚ ਜਰਮਨੀ ਜਾਂ ਮਲੇਸ਼ੀਆ ਭੱਜਣ ਦੀ ਫਿਰਾਕ ’ਚ ਸੀ। ਪੁੱਛ-ਗਿੱਛ ’ਚ ਉਸ ਨੇ ਕਬੂਲਿਆ ਕਿ ਜੇਲ੍ਹ ’ਚੋਂ ਭੱਜਣ ਦੀ ਯੋਜਨਾ ਪਿਛਲੇ ਛੇ ਮਹੀਨਿਆਂ ਤੋਂ ਬਣਾਈ ਜਾ ਰਹੀ ਸੀ।

ਅਰਵਿੰਦ ਦੀਪ ਨੇ ਦੱਸਿਆ ਕਿ ਮਿੰਟੂ ਨੂੰ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਇਕ ਅਤੇ ਦੋ ਵਜੇ ਦੇ ਵਿਚਕਾਰ ਫੜਿਆ ਗਿਆ। ਫ਼ਰਾਰ ਹੋਣ ਤੋਂ ਬਾਅਦ ਮਿੰਟੂ ਨੇ ਹਰਿਆਣਾ ’ਚ ਦਾਖ਼ਲ ਹੋਣ ਸਾਰ ਕੁਰੂਕਸ਼ੇਤਰ ਤੋਂ ਪਾਣੀਪਤ ਲਈ ਬੱਸ ਫੜੀ ਅਤੇ ਫਿਰ ਉਥੋਂ ਦਿੱਲੀ ਲਈ ਬੱਸ ਫੜੀ ਸੀ। ਡੀਸੀਪੀ (ਸਪੈਸ਼ਲ ਸੈੱਲ) ਪੀ ਐਸ ਕੁਸ਼ਵਾਹਾ ਨੇ ਦੱਸਿਆ ਕਿ ਸਟੇਸ਼ਨ ’ਤੇ ਚੌਕਸ ਪੁਲਿਸ ਮੁਲਾਜ਼ਮਾਂ ਨੇ ਇਕ ਵਿਅਕਤੀ ਨੂੰ ਦੇਖਿਆ ਜੋ ਸ਼ੱਕੀ ਜਾਪ ਰਿਹਾ ਸੀ। ਉਹ ਟਿਕਟ ਖ਼ਰੀਦਣ ਤੋਂ ਬਾਅਦ ਬਾਹਰ ਆਇਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ।

mintu-and-nabha-jail

ਫਾਈਲ ਫੋਟੋ ਹਰਮਿੰਦਰ ਸਿੰਘ ਮਿੰਟੂ, ਨਾਭਾ ਜੇਲ੍ਹ ਦਾ ਮੁੱਖ ਗੇਟ

ਜ਼ਿਕਰਯੋਗ ਹੈ ਕਿ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ’ਚੋਂ ਆਪਣੀ ਸਾਥੀਆਂ ਨੂੰ ਛੁਡਾਉਣ ‘ਚ ਮਦਦ ਕਰਨ ਵਾਲੇ ਪਲਵਿੰਦਰ ਸਿੰਘ ਪਿੰਦਾ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਪਹਿਲਾਂ ਹੀ ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ’ਚ ਗ੍ਰਿਫ਼ਤਾਰ ਕਰ ਲਿਆ ਸੀ। ਪਲਵਿੰਦਰ ਨੇ ਪੁੱਛ-ਗਿੱਛ ’ਚ ਖ਼ੁਲਾਸਾ ਕੀਤਾ ਹੈ ਕਿ ਉਹ ਦੇਹਰਾਦੂਨ ’ਚ ਛੁਪਿਆ ਹੋਇਆ ਸੀ ਅਤੇ ਨਾਭਾ ਜੇਲ੍ਹ ’ਤੇ 8 ਗੈਂਗਸਟਰਾਂ ਨੇ ਹਮਲਾ ਕੀਤਾ ਸੀ। ਉਹ ਵੱਟਸਐਪ ’ਤੇ ਇਕ-ਦੂਜੇ ਦੇ ਸੰਪਰਕ ’ਚ ਸਨ।

ਉਧਰ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਹੁਣ ਤਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਫ਼ਰਾਰ ਹੋਣ ਵਾਲਿਆਂ ‘ਚੋਂ ਗੁਰਪ੍ਰੀਤ ਸੇਖੋਂ ਜੇਲ੍ਹ ਬਰੇਕ ਦਾ ਮਾਸਟਰ ਮਾਈਂਡ ਹੈ। ਪਟਿਆਲਾ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਸੋਮਵਾਰ ਨੂੰ ਦੱਸਿਆ ਕਿ ਸੇਖੋਂ ਨੇ ਇਕ ਹੋਰ ਗੈਂਗਸਟਰ ਪ੍ਰੇਮ ਲਾਹੌਰੀਆ ਨਾਲ ਮਿਲ ਕੇ ਜੇਲ੍ਹ ’ਚੋਂ ਫ਼ਰਾਰ ਹੋਣ ਦੀ ਸਾਜ਼ਿਸ਼ ਘੜੀ ਸੀ ਅਤੇ ਪਲਵਿੰਦਰ ਸਿੰਘ ਪਿੰਦਾ ਨੇ ਯੋਜਨਾ ਨੂੰ ਅੰਜਾਮ ਦਿੱਤਾ। ਸੇਖੋਂ ਕਤਲ, ਅਗ਼ਵਾ, ਫਿਰੌਤੀ ਵਸੂਲਣ ਆਦਿ ਕੇਸਾਂ ’ਚ ਸ਼ਾਮਲ ਹੈ।

ਨਾਭਾ ਜੇਲ੍ਹ ਕਾਂਡ ਦੀ ਤਹਿਕੀਕਾਤ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਚੌਹਾਨ ਨੇ ਕਿਹਾ ਕਿ ਸਾਰੇ ਫ਼ਰਾਰ ਕੈਦੀਆਂ ਨੂੰ ਫੜਨ ਲਈ ਅਪਰੇਸ਼ਨ ਚਲਾਇਆ ਜਾ ਰਿਹਾ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਜੇਲ੍ਹ ’ਚੋਂ ਫ਼ਰਾਰ ਹੋਣ ਤੋਂ ਬਾਅਦ ਹਰਮਿੰਦਰ ਮਿੰਟੂ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਸੇਖੋਂ ਅਤੇ ਅਮਨਦੀਪ ਸਿੰਘ ਫਾਰਚੂਨਰ ’ਚ ਸਵਾਰ ਸਨ ਅਤੇ ਸੇਖੋਂ ਕਾਰ ਚਲਾ ਰਿਹਾ ਸੀ। ਕੁਰੂਕਸ਼ੇਤਰ ਤੋਂ 24 ਕਿਲੋਮੀਟਰ ਪਹਿਲਾਂ ਮਿੰਟੂ ਅਤੇ ਕਸ਼ਮੀਰ ਸਿੰਘ ਗੱਡੀ ’ਚੋਂ ਉਤਰ ਗਏ। ਉਨ੍ਹਾਂ ਨੂੰ ਸੇਖੋਂ ਦੇ ਭਰਾ ਮਨੀ ਨੇ 19 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ ਦੋਵੇਂ ਜਣੇ ਕਮਾਦ ਦੇ ਖੇਤਾਂ ’ਚ ਛਿਪ ਗਏ। ਸੂਤਰਾਂ ਮੁਤਾਬਕ ਕਸ਼ਮੀਰ ਅਤੇ ਹਰਮਿੰਦਰ ਕਸ਼ਮੀਰੀ ਗੇਟ ਬੱਸ ਟਰਮੀਨਲ ਤੋਂ ਵੱਖ ਹੋਏ।

ਨਾਭਾ ਜੇਲ੍ਹ ਦਾ ਦੌਰਾ ਕਰਨ ਆਏ ਪਟਿਆਲਾ ਰੇਂਜ ਦੇ ਆਈਜੀ ਪਰਮਰਾਜ ਉਮਰਾਨੰਗਲ ਨੇ ਦੱਸਿਆ ਕਿ ਪੁਲਿਸ ਨੇ ਪਲਵਿੰਦਰ ਸਿੰਘ ਪਿੰਦਾ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਅਤੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਮਰਾਨੰਗਲ ਨੇ ਦੱਸਿਆ ਕਿ ਭੱਜਣ ਲਈ ਵਰਤੀ ਗਈ ਫਾਰਚੂਨਰ ਅਤੇ ਇਕ ਐਸਐਲਆਰ ਹਰਿਆਣਾ ਦੇ ਪਿੰਡ ਧਾਨ ਤੋਂ ਕਬਜ਼ੇ ਵਿੱਚ ਲਈ ਹੈ। ਵਰਨਣਯੋਗ ਹੈ ਕਿ ਹਮਲਾਵਰ ਦੋ ਖਾੜਕੂਆਂ ਤੇ ਚਾਰ ਗੈਂਗਸਟਰਾਂ ਨੂੰ ਛੁਡਾਉਣ ਦੇ ਨਾਲ ਨਾਲ ਵਾਰਡਨ ਜਸਵਿੰਦਰ ਸਿੰਘ ਦੀ ਐਸਐਲਆਰ ਸਮੇਤ ਮੈਗਜ਼ੀਨ ਅਤੇ ਸੰਤਰੀ ਹੰਸ ਰਾਜ ਦੀ ਐਸਐਲਆਰ ਸਮੇਤ ਮੈਗਜ਼ੀਨ ਖੋਹ ਕੇ ਲੈ ਗਏ ਸਨ।

ਸਬੰਧਤ ਖ਼ਬਰ ਅਤੇ ਵੀਡੀਓ:

ਸਮਾਣਾ ਨੇੜੇ ਕਾਰ ‘ਤੇ ਫਾਇਰਿੰਗ ਕਰਕੇ ਪੰਜਾਬ ਪੁਲਿਸ ਫਰਾਰ: ਵੀਡੀਓ ਵਾਇਰਲ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,