ਸਿੱਖ ਖਬਰਾਂ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜੱਜਾਂ ਦੇ ਨਾਂ ਲਿਖੀ ਚਿੱਠੀ

October 18, 2010 | By

ਇਹੁ ਸਚੁ ਸਬੁਨਾ ਕਾ ਖਸਮੁ ਹੈ
ਜਿਸ ਬਖਸੇ ਸੋ ਜਨ ਪਾਵਹੇ॥

ਸਤਿਕਾਰਯੋਗ ਜੱਜ ਸਾਹਿਬ,
ਪੰਜਾਬ ਤੇ ਹਰਿਆਣਾ ਹਾਈਕੋਰਟ
ਚੰਡੀਗੜ੍ਹ।

ਸ. ਮਹਿਤਾਬ ਸਿੰਘ ਗਿੱਲ ਜੀ
ਸ੍ਰੀ ਅਰਵਿੰਦ ਕੁਮਾਰ ਜੀ

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਜੱਜ ਸਾਹਿਬ, ਮੈਂ ਹਿੰਦੋਸਤਾਨ ਦੀ ਇਸ ਅਦਾਲਤ ਦੀ ਜਾਣਕਾਰੀ ਲਈ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਦਾ ਸੂਰਜ ਹਨ। ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਲੋਕ ਇਸ ਸੂਰਜ ਤੇ ਲੱਗੇ ਹੋਏ ਇਕ ਗ੍ਰਹਿਣ ਵਾਂਗ ਹਨ। ਮੈਨੂੰ ਕਿਸੇ ਵੱਲੋਂ ਵੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਜਾਂ ਆਪਣਾ ਬਚਾਅ ਕਰਨ ਦੀ ਕਿਸੇ ਕੋਸ਼ਿਸ਼ ਤੇ ਕੋਈ ਇਤਰਾਜ਼ ਨਹੀਂ ਹੈ। ਪਰ ਬਚਾਅ ਪੱਖ ਵੱਲੋਂ ਇਹ ਕਹਿ ਕੇ ਕਿ ਇਹ ਕੇਸ ਮਨੁੱਖੀ ਬੰਬ ਦਾ ਕੇਸ ਹੀ ਨਹੀਂ ਹੈ, ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਮਜਾਕ ਉਡਾਇਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਦੀ ਇਸ ਕੋਸ਼ਿਸ਼ ਵਿੱਚੋਂ ਕਿਸੇ ਡੂੰਘੀ ਸਾਜਿਸ਼ ਦੀ ਬੂ ਆਉਂਦੀ ਹੈ। ਸਿਰਫ ਆਪਣੇ ਨਿੱਜੀ ਹਿੱਤਾਂ ਲਈ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਅਪਮਾਨ ਕਰਨਾ, ਉਨ੍ਹਾਂ ਮਹਾਨ ਸਿੱਖੀ ਪ੍ਰੰਪਰਾਵਾਂ ਦਾ ਅਪਮਾਨ ਕਰਨਾ ਹੈ ਜਿਹੜੀਆਂ ਸੂਰਵੀਰਾਂ ਨੇ ਮਹਾਨ ਸ਼ਹਾਦਤਾਂ ਦੇ ਕੇ ਕਾਇਮ ਕੀਤੀਆਂ ਹਨ। ਇਹੀ ਲੋਕ ਪਿਛਲੇ 15 ਸਾਲਾਂ ਤੋਂ ਅਖ਼ਬਾਰਾਂ ਰਸਾਲਿਆਂ ਰਾਹੀਂ ਇਹ ਪ੍ਰਚਾਰ ਕਰਦੇ ਰਹੇ ਕਿ ਇਨਾਂ ਨੇ ਹੀ ਭਾਈ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਤ ਕੀਤਾ ਸੀ ਅਤੇ ਉਸ ਦੀ ਕੁਰਬਾਨੀ ਨਾਲ ਆਪਣਾ ਨਾਮ ਜੋੜ ਕੇ ਉਸ ਦੀ ਕੁਰਬਾਨੀ ਨੂੰ ਨੋਚ ਨੋਚ ਕੇ ਖਾਂਦੇ ਰਹੇ, ਕੌਮ ਨੂੰ ਗੁਮਰਾਹ ਕਰਦੇ ਰਹੇ। ਇਨਾਂ ਹੀ ਲੋਕਾਂ ਦੇ ਕਾਨੂੰਨੀ ਨੁਮਾਇੰਦੇ ਅਦਾਲਤ ਵਿੱਚ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਮਜਾਕ ਉਡਾਉਂਦੇ ਰਹੇ। ਇਨਾਂ ਹੀ ਲੋਕਾਂ ਦੇ ਸਿਆਸੀ ਨੁਮਾਇੰਦੇ ਭਾਈ ਦਿਲਾਵਰ ਸਿੰਘ ਦੀ ਫੋਟੋ “ਸਿੱਖ ਅਜਾਇਬ ਘਰ” ਵਿੱਚ ਲਗਾਉਣ ਦੀ ਮੰਗ ਕਰਦੇ ਰਹੇ। ਇਹ ਦੋਹਰੀ ਮਾਨਸਿਕਤਾ ਵਾਲੇ ਲੋਕ ਕਿਸੇ ਭਾਰਤੀ ਖੁਫ਼ੀਆ ਏਜੰਸੀ ਦੇ ਮੋਹਰੇ ਤਾਂ ਹੋ ਸਕਦੇ ਹਨ, ਪਰ ਅਜਿਹੇ ਲੋਕਾਂ ਦਾ ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਭਾਈ ਦਿਲਾਵਰ ਸਿੰਘ ਦੇ ਝੂਠੇ ਵਾਰਿਸ ਬਣੇ ਫਿਰਦੇ ਇਨਾਂ ਲੋਕਾਂ ਵੱਲੋਂ ਭਾਈ ਸਾਹਿਬ ਦੀ ਕੁਰਬਾਨੀ ਤੋਂ ਮੁਨਕਰ ਹੋਣ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ 20 ਸਾਲ ਤੱਕ ਸ਼ਹੀਦੀ ਤੋਂ ਮੁਨਕਰ ਹੋਣ ਪਿੱਛੇ ਇੱਕੋ ਹੀ ਤਾਕਤਾਂ ਦੇ ਦਿਮਾਗ ਕੰਮ ਕਰ ਰਹੇ ਹਨ। ਜਦ ਕਿ ਕੌਮ ਦਾ ਬੱਚਾ-ਬੱਚਾ ਭਾਈ ਦਿਲਾਵਰ ਸਿੰਘ ਨੂੰ ਸਿੱਖ ਕੌਮ ਅਤੇ ਸਿੱਖਾਂ ਦੀ ਅਜਾਦੀ ਦੇ ਸੰਘਰਸ਼ ਦਾ ਮਹਾਨ ਸ਼ਹੀਦ ਮੰਨਦਾ ਹੈ।

ਜੱਜ ਸਾਹਿਬ ਸੀ. ਬੀ. ਆਈ ਵੱਲੋਂ ਇਹ ਕਹਿਣਾ ਗਲਤ ਹੈ ਕਿ ਭਾਈ ਇਲਾਵਰ ਸਿੰਘ ਨੂੰ ਮਨੁੱਖੀ ਬੰਬ ਬਣਨ ਲਈ ਕਿਸੇ ਹੋਰ ਨੇ ਪ੍ਰੇਰਿਤ ਕੀਤਾ। ਭਾਈ ਸਾਹਿਬ ਦੀ ਕੁਰਬਾਨੀ ਤੋਂ ਮੁਨਕਰ ਲੋਕ ਅਤੇ ਆਪਣੀ ਜਿੰਦਗੀ ਨੂੰ ਪਿਆਰ ਕਰਨ ਵਾਲੇ ਲੋਕ ਅਜਿਹਾ ਕਰ ਵੀ ਨਹੀਂ ਸਕਦੇ। ਭਾਈ ਦਿਲਾਵਰ ਸਿੰਘ ਨੂੰ ਪ੍ਰੇਰਿਤ ਕੀਤਾ ਉਸ ਦੇ ਅੰਦਰ ਕੁੱਟ-ਕੁੱਟ ਭਰੇ ਕੌਮੀ ਜਜ਼ਬੇ ਨੇ, ਨਿਰਦੋਸ਼ ਲੋਕਾਂ ਦੇ ਖੂਨਨਾਲ ਰੰਗੀ ਪੰਜ ਦਰਿਆਵਾਂ ਦੀ ਸਹਿਕਦੀ ਧਰਤੀ ਮਾਂ ਨੇ, ਸਿੱਖ ਕੌਮ ਤੇ ਹੋਏ ਬੇਹਿਸਾਬ ਜੁਲਮ ਨੇ, ਹਿੰਦੋਸਤਾਨੀ ਹਾਕਮਾਂ ਵੱਲੋਂ ਸਿੱਖਾਂ ਖਿਲਾਫ ਚਲਾਈਆਂ ਕੋਝੀਆਂ ਚਾਲਾਂ ਨੇ, ਜਦੋਂ ਇੱਕ ਗੈਰਤਮੰਦ ਇਨਸਾਨ ਦੀ ਆਤਮਾ ਅਜਿਹੇ ਜਾਲਮ ਹੁਕਮਰਾਨਾਂ ਦੀ ਈਨ ਮੰਨਣ ਤੋਂ ਇਨਕਾਰ ਕਰਦੀ ਹੈ। ਜਦੋਂ ਉਹ ਇਨਾਂ ਜਾਲਮ ਤਾਕਤਾਂ ਨਾਲ ਟਕਰਾ ਜਾਣਾ ਚਾਹੁੰਦੀ ਹੈ। ਅਜਿਹੀਆਂ ਭਾਵਾਨਾਂ ਹੀ ਇਕ ਮਨੁੱਖ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਤ ਕਰਦੀਆਂ ਹਨ, ਨਾ ਕਿ ਕੋਈ ਵਿਅਕਤੀ।

ਜੱਜ ਸਾਹਿਬ, ਉਸ ਸਮੇਂ ਦਿੱਲੀ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਲਗਾਏ ਗਏ “ਧਰਮ ਯੁੱਧ ਮੋਰਚੇ” ਦੌਰਾਨ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਜੂਨ 1984 ਅਤੇ ਨਵੰਬਰ 1984 ਨੂੰ ਸਿੱਖ ਕੌਮ ਨਾਲ ਜੋ ਕੀਤਾ, ਜੋ ਜੁਲਮ ਢਾਹੇ, ਇਨ੍ਹਾਂ ਨੂੰ ਵਾਰ ਵਾਰ ਲਿਖਣ ਦੀ ਜਰੂਰਤ ਨਹੀਂ ਹੈ।ਫਿਰ ਇਸੇ ਹੀ ਦਿੱਲੀ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਧੱਕੇ ਨਾਲ ਹੀ ਕਾਂਗਰਸ ਦੀ ਸਰਕਾਰ ਬਣਾਈ ਅਤੇ ਲੋਕਰਾਜੀ ਕਦਰਾਂ, ਕੀਮਤਾਂ ਦਾ ਕਤਲ ਕਰਕੇ ਬੇਅੰਤ ਸਿੰਘ ਨੂੰ ਧੱਕੇ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਫਿਰ ਇਸੇ ਦੇ ਰਾਹੀਂ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੂਨਨਾਲ ਰੰਗਿਆ। ਉਸ ਸਮੇਂ ਪੰਜਾਬ ਦੀ ਧਰਤੀ ਤੇ ਕਿਸੇ ਦੂਸਰੀ ਸਿਆਸੀ ਪਾਰਟੀ ਨੂੰ ਕੋਈ ਰੈਲੀ, ਧਰਨਾ ਜਾਂ ਕੋਈ ਸਿਆਸੀ ਸਮਾਗਮ ਕਰਨ ਦੀ ਇਜਾਜਤ ਨਹੀਂ ਸੀ। ਪੰਜਾਬ ਦੀ ਧਰਤੀ ਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਉਨਾਂ ਦੇ ਘਰਾਂ ਤੋਂ ਚੁੱਕ ਕੇ ਉਨਾਂ ਨੂੰ ਕਤਲ ਕਰਕੇ, ਉਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ, ਜਿਨਾਂ ਦੀ ਸ਼ਨਾਖਤ ਹੋਣੀ ਅਜੇ ਬਾਕੀ ਹੈ। ਹਿੰਦੋਸਤਾਨੀ ਹਕੂਮਤ ਨੇ ਬੇਅੰਤ ਸਿੰਘ ਰਾਹੀਂ ਸਿੱਖਾਂ ਦੀ ਨਸਲਕੁਸ਼ੀ ਕੀਤੀ। ਅਜਿਹਾ ਕਰਨ ਤੋਂ ਬਾਅਦ ਬਿਅੰਤ ਸਿੰਘ ਆਪਣੇ ਆਪ ਨੂੰ “ਰਾਮ ਅਵਤਾਰ” ਅਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਅਵਤਾਰ ਅਖਵਾਉਣ ਲੱਗ ਪਿਆ।

ਜੱਜ ਸਾਹਿਬ, ਇਹ ਸਭ ਦਿੱਲੀ ਦੀ ਕਾਂਗਰਸ ਸਰਕਾਰ ਵੱਲੋਂ ਅਤੇ ਹਿੰਦੋਸਤਾਨੀ ਖੁਫ਼ੀਆ ਏੁਜੰਸੀਆਂ ਵੱਲੋਂ ਸਿੱਖਾਂ ਤੇ ਕੀਤੇ ਗਏ ਸਿੱਧੇ ਹਮਲੇ (ਐਕਸ਼ਨ) ਸਨ। ਸਾਡੇ ਵੱਲੋਂ ਕੀਤਾ ਗਿਆ ਕਾਂਗਰਸ ਦੇ ਮੁੱਖ ਮੰਤਰੀ ਦਾ ਕਤਲ ਇਨਾਂ ਹੀ ਹਮਲਿਆਂ ਅਤੇ ਵਧੀਕੀਆਂ ਦੀ ਪ੍ਰਤੀਕ੍ਰਿਆ (ਰੀਐਕਸ਼ਨ) ਸੀ। 31 ਅਗਸਤ 1995 ਨੂੰ ਮੈਂ ਭਾਈ ਦਿਲਾਵਰ ਸਿੰਘ ਦੇ ਨਾਲ ਸੀ। ਮੇਰੇ ਹੀ ਇਨਾਂ ਹੱਥਾਂ ਨੇ ਭਾਈ ਸਾਹਿਬ ਦੇ ਸਰੀਰ ਨਾਲ ਬੰਬ ਬੰਨਿਆ ਸੀ। ਮੈਨੂੰ ਆਪਣਾ ਇਸ ਕਤਲ ਵਿੱਚ ਸ਼ਾਮਿਲ ਹੋਣ ਦਾ ਕੋਈ ਅਫਸੋਸ ਨਹੀਂ ਹੈ। ਮੈਂ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੇ ਮਾਣ ਕਰਦਾ ਹਾਂ ਅਤੇ ਇਸ ਅੱਗੇ ਸਿਜਦਾ ਕਰਦਾ ਹਾਂ।

ਜੱਜ ਸਾਹਿਬ, ਸੀ. ਬੀ. ਆਈ ਦਾ ਇਹ ਕਹਿਣਾ ਗਲਤ ਹੈ ਕਿ 31 ਅਗਸਤ 1995 ਨੂੰ ਅਸੀਂ ਸ਼ਾਮ ਦੇ ਪੰਜ ਵਜੇ ਦਾ ਸਮਾਂ ਚੁਣਿਆ, ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਕਤਲੇਆਮ ਕਰ ਸਕੀਏ। ਅਜਿਹਾ ਕਹਿ ਕੇ ਸੀ.ਬੀ.ਆਈ ਸਾਨੂੰ ਨਿਰਦੋਸ਼ਾਂ ਦੇ ਕਾਤਲ ਠਹਿਰਾਉਣ ਦਾ ਯਤਨ ਕਰ ਰਹੀ ਹੈ। ਜਦ ਕਿ ਸੱਚ ਇਹ ਹੈ ਕਿ ਅਸੀਂ ਦੁਪਹਿਰ ਦੋ ਵਜੇ ਤੋਂ ਹੀ ਕਾਂਗਰਸ ਦੇ ਕਾਤਲ ਮੁੱਖ ਮੰਤਰੀ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸੀ। ਸਾਡਾ ਨਿਸ਼ਾਨਾ ਆਮ ਲੋਕ ਨਹੀਂ ਸਨ, ਨਾ ਹੀ ਸਾਡਾ ਮਕਸਦ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਨਾ ਸੀ। ਸਗੋਂ ਸਾਡਾ ਮਕਸਦ ਤਾਂ ਨਿਰਦੋਸ਼ ਲੋਕਾਂ ਦੇ ਕਾਤਲ ਨੂੰ ਮਾਰਨਾ ਸੀ। ਸਮਾਂ ਵੀ ਉਸ ਨੇ ਬਾਹਰ ਆਉਣ ਦਾ ਖੁਦ ਹੀ ਨਿਸ਼ਚਿਤ ਕਰਨਾ ਸੀ।

ਜੱਜ ਸਾਹਿਬ, ਸੀ.ਬੀ.ਆਈ. ਦੇ ਦੋਹਰੇ ਮਾਪਦੰਡਾਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਇਨਾਂ ਨੂੰ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਾਤਲ ਬੇਅੰਤ ਸਿੰਘ ਦੇਸ਼ ਭਗਤ ਲੱਗਦਾ ਹੈ। ਇਨ੍ਹਾਂ ਨੂੰ ਜੂਨ 1984 ਦਾ ਕਹਿਰ ਵਰਤਾਉਣ ਵਾਲੇ ਲੋਕ ਅਤੇ ਨਵੰਬਰ 1984 ਨੂੰ ਕੀਤੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਰਾਜੀਵ ਗਾਂਧੀ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਵਰਗੇ ਕਾਤਲ ਲੋਕ ਦੇਸ਼ ਭਗਤ ਲੱਗਦੇ ਹਨ। ਉਨਾਂ ਦੇ ਖਿਲਾਫ ਕੇਸ ਵਾਪਿਸ ਕਰਵਾਉਣ ਜਾਂ ਕੇਸਾਂ ਨੂੰ ਕਮਜ਼ੋਰ ਕਰਨ ਦੀਆਂ ਹਰ ਸੰਭਵ ਅਤੇ ਅਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਹੁਕਮਰਾਨ ਅਤੇ ਏਜੰਸੀਆਂ ਇਨਾਂ ਨੂੰ ਜੇਲ ਭੇਜਣ ਦੀ ਥਾਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਇਨਾਂ ਲੋਕਾਂ ਨੂੰ “ਭੋਪਾਲ ਗੈਸ ਕਾਂਡ” ਦੇ ਦੋਸ਼ੀ 25,000 ਮਾਸੂਮ ਲੋਕਾਂ ਦੀ ਮੌਤ ਲਈ ਜਿੰਮੇਵਾਰ ਯੂਨੀਅਨ ਕਰਬਾਈਡ ਦੇ ਮੁਖੀ ਐਡਰਸਨ ਵਰਗੇ ਲੋਕ ਦੇਸ਼ ਭਗਤ ਲੱਗਦੇ ਹਨ। ਉਨਾਂ ਨੂੰ ਜੇਲ੍ਹ ਭੇਜ ਕੇ ਮੁਕਦਮੇ ਚਲਾਉਣ ਦੀ ਥਾਂ ਦੇਸ਼ ਦੇ ਹੁਕਮਰਾਨ ਉਨਾਂ ਲਈ ਹਵਾਈ ਜਹਾਜਾਂ ਦੇ ਇੰਤਜਾਮ ਕਰਦੇ ਹਨ, ਤਾਂ ਕਿ ਉਹ ਬਚ ਕੇ ਨਿਕਲ ਸਕਣ। ਦੇਸ਼ ਦੀਆਂ ਇਹ ਮਾਖੋਟਾ ਧਾਰੀ ਏਜੰਸੀਆਂ ਹਜਾਰਾਂ ਨਿਰਦੋਸ਼ ਲੋਕਾਂ ਦੇ ਕਾਤਲਾਂ ਦੀ ਹਿਫਾਜਤ ਕਰਦੀਆਂ ਹਨ ਅਤੇ ਅਜਿਹੇ ਕਿਸੇ ਕਾਤਲ ਨੂੰ ਮਾਰਨ ਵਾਲਿਆਂ ਨੂੰ ਵੱਧ ਤੋਂ ਵੱਧ ਸਜਾ ਦਿਵਾਉਣ ਲਈ ਜੀ-ਤੋੜ ਕੋਸਿਸ਼ ਕਰਦੀਆਂ ਹਨ।

ਜੱਜ ਸਾਹਿਬ, ਇਹ ਭਾਰਤੀ ਹੁਕਮਰਾਨ ਅਤੇ ਏਜੰਸੀਆਂ ਨੇ ਜਦੋਂ ਕਾਰਗਿਲ ਦੀਆਂ ਪਹਾੜੀਆਂ ਪਾਕਿਸਤਾਨ ਤੋਂ ਖਾਲੀ ਕਰਵਾਉਣੀਆਂ ਹੋਣ ਜਾਂ ਜਦੋਂ ਪਾਕਿਸਤਾਨ ਨਾਲ ਕੋਈ ਯੁੱਧ ਕਰਨਾ ਹੋਵੇ, ਤਾਂ ਇਹੀ ਲੋਕ ਸਿੱਖਾਂ ਦੀ ਇੱਕ “ਮਾਰਸ਼ਲ ਕੌਮ” ਕਹਿ ਕੇ ਵਡਿਆਈ ਕਰਦੀਆਂ ਹਨ। ਫਿਰ ਜਦੋਂ ੳਹੀ ਸਿੱਖ ਆਪਣੇ ਤੇ ਹੋਏ ਜੁਲਮ ਦੇ ਖਿਲਾਫ ਅਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ, ਵੱਖਵਾਦੀ ਕਹਿ ਕੇ ਭੰਡਿਆ ਜਾਂਦਾ ਹੈ।

ਜੱਜ ਸਾਹਿਬ, ਜਿਸ ਦੇਸ਼ ਵਿੱਚ ਕਿਸੇ ਕੌਮ ਤੇ ਇੰਨੇ ਜੁਲਮ ਹੋਏ ਹੋਣ ਜਿੰਨੇ ਸਿੱਖਾਂ ਤੇ ਪਿਛਲੇ ਸਮੇਂ ਦੌਰਾਨ ਹੋਏ ਹਨ। ਇਸ ਤੋਂ ਬਾਅਦ ਕਿਸੇ ਵੀ ਗੈਰਤਮੰਦ ਕੌਮ ਕੋਲ ਅਜਿਹੇ ਕਾਤਲਾਂ, ਲੁਟੇਰਿਆਂ, ਹੁਕਮਰਾਨਾਂ ਤੋਂ, ਦੇਸ਼ ਤੋਂ ਅਜਾਦੀ ਲੈਣ ਤੋਂ ਸਿਵਾਏ ਕੋਈ ਹੋਰ ਰਾਹ ਬਚਦਾ ਹੀ ਨਹੀਂ ਹੈ।

ਜੱਜ ਸਾਹਿਬ ਮੈਂ ਸਿੱਖ ਕੌਮ ਤੇ ਜੁਲਮ ਢਾਹੁਣ ਵਾਲੇ ਅਤੇ ਸਿੱਖਾਂ ਦੀ ਸਰਵ-ਉਚ ਅਦਾਲਤ “ਸ਼੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕਰਨ ਵਾਲੇ ਹਿੰਦੋਸਤਾਨ ਦੀ ਅਤੇ ਕਾਤਲ, ਲੁਟੇਰਿਆਂ ਦੀ ਹਿਫਾਜਤ ਕਰਨ ਵਾਲੇ, ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਜਾ ਚੁੱਕੇ ਅਤੇ ਅਮੀਰਾਂ ਦੀ ਕਠਪੁਤਲੀ ਬਣ ਚੁੱਕੇ ਇਸ ਭ੍ਰਿਸ਼ਟ ਨਿਆਇਕ ਸਿਸਟਮ ਦੀ ਈਨ ਮੰਨਣ ਤੋਂ ਇਨਕਾਰ ਕਰਦਾ ਹਾਂ। ਮੈਂ ਇਨਾਂ ਤੋਂ ਜਿੰਦਗੀ ਦੀ ਭੀਖ ਨਹੀਂ ਅਜਾਦੀ ਦੀ ਮੰਗ ਕਰਦਾ ਹਾਂ। ਮੈਂ ਹਿੰਦੋਸਤਾਨ ਤੋਂ ਖਾਲਿਸਤਾਨ ਦੀ ਮੰਗ ਕਰਦਾ ਹਾਂ।

ਖਾਲਿਸਤਾਨ-ਜਿੰਦਾਬਾਦ
ਸ਼ਹੀਦ ਭਾਈ ਦਿਲਾਵਰ ਸਿੰਘ-ਅਮਰ ਰਹੇ।
1-10-2010

ਵੱਲੋਂ:

ਬਲਵੰਤ ਸਿੰਘ ਰਾਜੋਆਣਾ
ਕੇਂਦਰੀ ਜੇਲ੍ਹ ਪਟਿਆਲਾ
ਕੋਠੀ ਨੰ: 16

ਭਾਈ ਬਲਵੰਤ ਸਿੰਘ ਦੀ ਉਕਤ ਚਿੱਠੀ ਦੀ ਨਲਕ ਹਾਸਿਲ ਕਰੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,