ਸਿੱਖ ਖਬਰਾਂ

ਸ੍ਰੀ ਕਰਤਾਰਪੁਰ ਸਾਹਿਬ ਦੀ ਵਿਰਾਸਤ ਕਾਇਮ ਰਹਿਣ ਦੀ ਆਸ ਬੱਝੀ

January 31, 2019 | By

ਸ੍ਰੀ ਕਰਤਾਰਪੁਰ ਸਾਹਿਬ: ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਰੋਵਾਲ ਪਾਕਿਸਤਾਨ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਪੂਰੀ ਹੋਣ ਤੋਂ ਬਾਅਦ ਪੂਰੀ ਦੁਨੀਆ ‘ਚ ਵੱਸਦੇ ਸਿੱਖ ਖੁਸ਼ੀ ਨਾਲ ਖੀਵੇ ਹਨ।

ਪਾਕਿਸਤਾਨ ਵਾਲੇ ਪਾਸਿੳਂ ਲਾਂਘੇ ਦੀ ਉਸਾਰੀ ਦੀਆਂ ਤਸਵੀਰਾਂ ਬਿਜਲ ਸੱਥ ਉੱਤੇ ਨਸ਼ਰ ਹੋਣ ਤੋਂ ਮਗਰੋਂ ਕੁਝ ਕੁ ਚੇਤੰਨ ਸਿੱਖਾਂ ਦੇ ਮਨ ਵਿੱਚ ਇਹ ਗੱਲ ਆਈ ਕਿ ਕਿੱਧਰੇ ਲਾਂਘੇ ਨੂੰ ਦਿਲਕਸ਼ ਬਣਾਉਂਦਿਆਂ-ਬਣਾੳਂਦਿਆਂ ਸ੍ਰੀ ਕਰਤਾਰਪੁਰ ਸਾਹਿਬ ਦੀ ਵਿਰਾਸਤ ਨਾ ਨੁਕਸਾਨੀ ਜਾਵੇ।

ਬਿਜਲ ਸੱਥ ‘ਤੇ ਬੀਬੀ ਗੁਰਮੀਤ ਕੌਰ ਅਤੇ ਹੋਰ ਅਨੇਕਾਂ ਕਾਰਕੁੰਨਾਂ ਅਤੇ ਵਿਦੇਸ਼ਾਂ ਵਿਚਲੀਆਂ ਜਥੇਬੰਦੀਆਂ ਨੇ ਲਾਂਘੇ ਦੀ ਵਿਰਾਸਤ ਨੂੰ ਕਾਇਮ ਰੱਖਣ ਦੀਆਂ ਭਰਵੀਆਂ ਅਪੀਲਾਂ ਕੀਤੀਆਂ, ਅਤੇ ਪਾਕਿਸਤਾਨੀ ਸਰਕਾਰ ਨੂੰ ਆਪਣੀਆਂ ਭਾਵਨਾਵਾਂ ਸੁਨੇਹਿਆਂ ਦੇ ਰੂਪ ਵਿਚ ਘੱਲੀਆਂ ਕਿ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਮੂਲ ਢਾਂਚੇ ‘ਚ ਕੋਈ ਤਬਦੀਲੀ ਨਾ ਕੀਤੀ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਦੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ 100 ਏਕੜ ਜ਼ਮੀਨ ਵਿਚਲੇ ਖੇਤਾਂ, ਦਰੱਖ਼ਤਾਂ, ਬਾਗ਼ਾਂ, ਖੂਹਾਂ ਆਦਿ ਦੀ ਮੌਲਿਕਤਾ ਨੂੰ ਬਰਕਰਾਰ ਅਤੇ ਸੁਰੱਖਿਅਤ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਸਿੱਖ ਸੰਗਤ ਕਰਤਾਰਪੁਰ ਸਾਹਿਬ ਜਾ ਕੇ ਹਰ ਉਸ ਥਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਜਿਥੇ ਗੁਰੂ ਨਾਨਕ ਦੇਵ ਜੀ ਰਹਿੰਦੇ ਸਨ, ਦਰੱਖ਼ਤਾਂ ਦੇ ਹੇਠਾਂ ਆਰਾਮ ਕਰਦੇ ਸਨ ਅਤੇ ਜਿਨ੍ਹਾਂ ਖੇਤਾਂ ‘ਚ ਆਪਣੇ ਹੱਥੀਂ ਖੇਤੀਬਾੜੀ ਕਰਦੇ ਸਨ।

ਗੁਰੂਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ ।

ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਪਾਕਿਸਤਾਨ ਦੀ ਸਰਕਾਰ ਨੇ ਪੱਕੇ ਤੌਰ ‘ਤੇ ਭਰੋਸਾ ਦਿੱਤਾ ਹੈ ਕਿ ਲਾਂਘੇ ਦੀ ਉਸਾਰੀ ਦੇ ਦੂਜੇ ਪੜਾਅ ਦੌਰਾਨ ਸੰਗਤਾਂ ਲਈ ਬਣਾਏ ਜਾਣ ਵਾਲੇ ਸ਼ਾਪਿੰਗ ਮਾਲ, ਉਡੀਕ-ਘਰ, 500 ਕਮਰਿਆਂ ਦੀ ਸਰਾਂ, ਲੰਗਰ ਭਵਨ, ਸਰੋਵਰ ਅਤੇ ਹੋਟਲ ਆਦਿ ਦੀ ਉਸਾਰੀ ਗੁਰਦੁਆਰਾ ਸਾਹਿਬ ਦੀ ਕੰਧ ਦੇ ਬਾਹਰ- ਬਾਹਰ ਕਰਵਾਈ ਜਾਵੇਗੀ।

ਪੰਜਾਬੀ ਅਖਬਾਰ ਅਜੀਤ ‘ਤੇ ਨਸ਼ਰ ਹੋਈ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦੀ ਵਿਰਾਸਤ ਨੂੰ ਬਚਾਉਣ ਲਈ 800 ਏਕੜ ਦੀ ਜਮੀਨ ਖਰੀਦਣ ਦੀ ਖਬਰ ਨੇ ਸਿੱਖ ਮਨਾਂ ਨੂੰ ਇਸ ਉਦਾਸੀ ਚੋਂ ਬਾਹਰ ਕੱਢ ਦਿੱਤਾ ਹੈ।
ਜਾਣਕਾਰੀ ਇਹ ਦੱਸਦੀ ਹੈ ਕਿ ਪਾਕਿਸਤਾਨੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਨਾਲ ਲੱਗਦੀ 800 ਏਕੜ ਜਮੀਨ ਖਰੀਦ ਲਈ ਹੈ, ਇਸ ਵਿਚੋਂ 300 ਏਕੜ ਜ਼ਮੀਨ ‘ਤੇ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਅਤੇ ਖ਼ੂਬਸੂਰਤ ਬੂਟੇ ਲਗਾਏ ਜਾਣਗੇ ਅਤੇ 100 ਏਕੜ ਜ਼ਮੀਨ ‘ਚ ਕਣਕ ਤੇ ਮੱਕੀ ਦੀ ਬਿਜਾਈ ਦੇ ਨਾਲ-ਨਾਲ ਝੋਨੇ ਦੀ ਪਨੀਰੀ ਅਤੇ ਮੌਸਮੀ ਸਬਜ਼ੀਆਂ ਬੀਜੀਆਂ ਜਾਣਗੀਆਂ ਇਸ ਦੇ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ‘ਤੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਬਾਗ਼ ਦੇ ਫ਼ਲ ਪ੍ਰਸ਼ਾਦ ਵਜੋਂ ਭੇਟ ਕਰਨ ਹਿਤ ਅਮਰੂਦਾਂ ਦਾ ਬਾਗ਼ ਵੀ ਲਗਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਕਰਤਾਰਪੁਰ) ਦੇ ਸੇਵਾਦਾਰਾਂ ਅਨੁਸਾਰ ਲਗਪਗ 4 ਏਕੜ ਜ਼ਮੀਨ ‘ਤੇ ਅਮਰੂਦਾਂ ਦਾ ਇਹ ਬਾਗ਼ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਲਗਾਇਆ ਜਾਵੇਗਾ, ਜਿਸ ਲਈ ਗੁਰਦੁਆਰਾ ਸਾਹਿਬ ਦੇ ਚੁਫੇਰੇ ਬਣੀ ਪੁਰਾਣੀ ਕੰਧ ਨੂੰ ਢਾਹ ਕੇ 300 ਫੁੱਟ ਲੰਬੀ ਨਵੀਂ ਕੰਧ ਬਣਾ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਜ਼ਮੀਨ ‘ਚ ਇਹ ਬਾਗ਼ ਲਗਵਾਇਆ ਜਾ ਰਿਹਾ ਹੈ, ਉਹ ਜ਼ਮੀਨ ਗੁਰੂ ਨਾਨਕ ਦੇਵ ਜੀ ਦੀ ਸਮਾਧ ਦੇ ਨਾਂਅ ‘ਤੇ ਹੈ ਲਾਂਘੇ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਅਮਰੂਦਾਂ ਅਤੇ ਹੋਰ ਫ਼ਲਾਂ ਦਾ ਬਾਗ਼ ਸੀ, ਜਿਸ ਨੂੰ ਉਸਾਰੀ ਦੇ ਚੱਲਦਿਆਂ ਖ਼ਤਮ ਕਰ ਦਿੱਤਾ ਗਿਆ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਲੰਗਰ ‘ਚ ਹੋਰਨਾਂ ਪਕਵਾਨਾਂ ਦੇ ਨਾਲ-ਨਾਲ ਗੁਰੂ ਜੀ ਦੇ ਖੇਤਾਂ ‘ਚ ਲਗਾਏ ਸਰ੍ਹੋਂ ਦੇ ਸਾਗ ਨਾਲ ਮੱਕੀ ਦੇ ਪ੍ਰਸ਼ਾਦੇ ਛਕਾਏ ਜਾਣਗੇ।

ਇਹਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਪੂਰੀ ਦੁਨੀਆ ‘ਚ ਵਸਦੇ ਸਿੱਖਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਣ ਰਹੇ ਵਿੱਦਿਅਕ ਸੰਸਥਾਨਾਂ, ਹੋਟਲਾਂ ਤੇ ਸਨਅਤਾਂ ‘ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।