ਵਿਦੇਸ਼ » ਸਿੱਖ ਖਬਰਾਂ

ਆਸਟ੍ਰੇਲੀਆ ਵਿਚ ਸਿੱਖਾਂ ਦੀ ਵੱਖਰੀ ਪਛਾਣ ਕਾਇਮ ਰੱਖਣ ਲਈ ਕੰਮ ਕਰਾਂਗੇ: ਸ਼ੌਰਟਨ

June 30, 2016 | By

ਸਿਡਨੀ: ਆਸਟਰੇਲੀਆ ’ਚ 2 ਜੁਲਾਈ ਨੂੰ ਵੋਟਾਂ ਪੈਣੀਆਂ ਹਨ। ਪਾਰਲੀਮੈਂਟ ਦੀਆਂ 150 ਅਤੇ ਸੈਨੇਟ ਦੀਆਂ 76 ਸੀਟਾਂ ਲਈ ਮਤਦਾਨ ਹੋਣ ਜਾ ਰਿਹਾ ਹੈ। ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ-ਨੈਸ਼ਨਲ ਪਾਰਟੀ ਗੱਠਜੋੜ ਅਤੇ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਵਿਚਕਾਰ ਹੈ। ਇਸ ਵਾਰ ਮੁਕਾਬਲਾ ਸਖ਼ਤ ਹੈ ਅਤੇ ਕਿਸੇ ਪਾਰਟੀ ਨੂੰ ਬਹੁਮੱਤ ਮਿਲਦਾ ਨਜ਼ਰ ਨਹੀਂ ਆਉਂਦਾ। ਖੱਬੇ ਪੱਖੀ ਗਰੀਨ ਪਾਰਟੀ ਵੀ ਮੈਦਾਨ ’ਚ ਹੈ। ਦਰਜਨ ਦੇ ਕਰੀਬ ਪਰਵਾਸੀ ਪੰਜਾਬੀ ਵੀ ਚੋਣ ਲੜ ਰਹੇ ਹਨ। ਉਂਜ ਇਨ੍ਹਾਂ ’ਚੋਂ ਕਿਸੇ ਦੀ ਜਿੱਤ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਉਹ ਆਪਣੀ ਹੋਂਦ ਦੱਸਣ ਅਤੇ ਆਸਟਰੇਲੀਅਨ ਰਾਜਨੀਤੀ ਨਾਲ ਜੁੜੇ ਹੋਣ ਦਾ ਪ੍ਰਗਟਾਵਾ ਕਰਨ ਲਈ ਚੋਣ ਮੈਦਾਨ ’ਚ ਹਨ। ਸਿਡਨੀ ’ਚ ਸਾਡੇ ਨੁਮਾਇੰਦੇ ਗੁਰਚਰਨ ਸਿੰਘ ਕਾਹਲੋਂ ਨੇ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਬਿੱਲ ਸ਼ੌਰਟਨ ਨਾਲ ਵੱਖ ਵੱਖ ਮੁੱਦਿਆਂ ਤੇ ਗੱਲਬਾਤ ਕੀਤੀ। ਪੇਸ਼ ਹਨ ਉਸ ਦੇ ਅੰਸ਼:

ਸਵਾਲ: ਕਿਹੜੇ ਮੁੱਖ ਮੁੱਦਿਆਂ ਨੂੰ ਲੈ ਕੇ ਲੇਬਰ ਪਾਰਟੀ ਚੋਣਾਂ ਲੜ ਰਹੀ ਹੈ?
ਜਵਾਬ: ਸਭ ਲਈ ਸਰਕਾਰੀ ਸੈੱਕਟਰ ਨੂੰ ਮਜ਼ਬੂਤ ਕਰਨਾ ਹੈ। ਸਿਹਤ, ਹਸਪਤਾਲ, ਦਵਾਈਆਂ, ਸਕੂਲ, ਬੁਨਿਆਦੀ ਢਾਂਚੇ ਨੂੰ ਠੀਕ ਕਰਨਾ, ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਛੋਟੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਆਦਿ ਮੁੱਖ ਮੁੱਦੇ ਹਨ।

ਆਸਟਰੇਲੀਅਨ ਲੇਬਰ ਪਰਟੀ ਮੁਖੀ ਬਿਲ ਸ਼ੌਰਟਨ

ਆਸਟਰੇਲੀਅਨ ਲੇਬਰ ਪਰਟੀ ਮੁਖੀ ਬਿਲ ਸ਼ੌਰਟਨ

ਸਵਾਲ: ਦੇਸੀ ਨਾਮ ਲਿਖਣ ਵਾਲਿਆਂ ਨੂੰ ਇੰਟਰਵਿਊ ਲਈ ਸੱਦਾ ਨਾ ਮਿਲਣ ਜਿਹੇ ਵਰਤਾਰੇ ਨੂੰ ਪ੍ਰਧਾਨ ਮੰਤਰੀ ਬਣਨ ਤੇ ਕਿਵੇਂ ਰੋਕੋਗੇ?
ਜਵਾਬ: ਤੁਹਾਡਾ ਇਹ ਸਵਾਲ ਕਿਸੇ ਇਕ ਭਾਈਚਾਰੇ ਲਈ ਨਹੀਂ ਸਗੋਂ ਹੋਰਨਾਂ ਨਾਲ ਵੀ ਸਬੰਧਤ ਹੈ। ਆਸਟਰੇਲੀਆ ਦੀ ਬੁਨਿਆਦ ਪਰਵਾਸੀ ਹਨ। ਇਥੇ ਐਬੋਰਿਜਨਲ (ਮੂਲਵਾਸੀਆਂ) ਨੂੰ ਛੱਡ ਕੇ ਸਾਰੇ ਹੀ ਪਰਵਾਸੀ ਹਨ। ਮੇਰਾ ਜਨਮ ਮੈਲਬਰਨ ’ਚ ਹੋਇਆ। ਮਾਂ ਐੱਨ ਮੈਕਗ੍ਰਾ ਆਇਰਿਸ਼ ਕੈਥੋਲਿਕ ਹਨ। ਉਸ ਨੂੰ ਪੱਖਪਾਤ ਦਾ ਸਾਹਮਣਾ ਕਰਨਾ ਪਿਆ। ਉਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ। ਮੈਂ ਇਸ ਪੀੜ ਨੂੰ ਨੇੜੇ ਤੋਂ ਸਮਝਦਾ ਹਾਂ। ਪਰਵਾਸੀਆਂ ਨਾਲ ਵਿਤਕਰਾ ਕਰਨਾ ਮੇਰੀ ਸਮਝ ’ਚ ਆਸਟਰੇਲੀਆ ਨਾਲ ਵਿਤਕਰਾ ਕਰਨਾ ਹੋਵੇਗਾ। ਇੰਗਲਿਸ਼ ਅਤੇ ਨਾਨ-ਇੰਗਲਿਸ਼ ਦੇ ਪਾੜੇ ਨੂੰ ਰੋਕਣਾ ਲੇਬਰ ਸਰਕਾਰਾਂ ਦੀ ਪ੍ਰਮੁੱਖਤਾ ਰਹੀ ਹੈ। ਜੇਕਰ ਅਸੀਂ ਸੱਤਾ ’ਚ ਆਏ ਤਾਂ ਹੋਰਨਾਂ ਦੇ ਸਹਿਯੋਗ ਨਾਲ ਅਜਿਹੇ ਮਾਹੌਲ ਨੂੰ ਨੱਥ ਪਾਵਾਂਗੇ।

ਸਵਾਲ: ਘੱਟ ਗਿਣਤੀ ਭਾਰਤੀਆਂ ਨੂੰ ਰਾਜਨੀਤੀ ’ਚ ਪ੍ਰਮੁੱਖਤਾ ਦੇਣ ਬਾਰੇ ਕੀ ਮਾਪਦੰਡ ਹਨ?
ਜਵਾਬ: ਕਿਸੇ ਵੀ ਵਿਅਕਤੀ ਨੂੰ ਰਾਜਨੀਤਕ ਕੱਰੀਅਰ ਨਾਲ ਜੁੜਨ ਤੋਂ ਪਹਿਲਾਂ ਸਮਾਜਿਕ ਸੇਵਾਵਾਂ ’ਚ ਵਿਚਰਨਾ ਜ਼ਰੂਰੀ ਹੈ। ਹੇਠਲੇ ਪੱਧਰ ਤੋਂ ਲੋਕਾਈ ਨਾਲ ਸਾਂਝ ਪਾਉਣੀ ਪੈਂਦੀ ਹੈ। ਲੋਕਾਂ ਦੀਆਂ ਮੁਸ਼ਕਲਾਂ ਉਜਾਗਰ ਕਰਨੀਆਂ ਅਤੇ ਉਨ੍ਹਾਂ ਦਾ ਹੱਲ ਤਲਾਸ਼ਣ ਵੱਲ ਵਧਣਾ ਹੋਵੇਗਾ। ਇਸ ਵਾਸਤੇ ਹਰ ਯੋਗ ਵਿਅਕਤੀ ਨੂੰ ਲੇਬਰ ਪਾਰਟੀ ਬਿਨਾਂ ਪੱਖਪਾਤ ਦੇ ਪਲੇਟਫਾਰਮ ਪ੍ਰਦਾਨ ਕਰਦੀ ਹੈ।

ਸਵਾਲ: ਮੁਲਕ ਦੇ ਕਈ ਸੂਬਿਆਂ ’ਚ ਲੇਬਰ ਪਾਰਟੀ ਦੀਆਂ ਸਰਕਾਰਾਂ ਹਨ। ਪੰਜਾਬੀਆਂ ਜਾਂ ਹੋਰਨਾਂ ਲਈ ਕੀ ਕੰਮ ਕੀਤੇ ਜਾ ਰਹੇ ਹਨ?
ਜਵਾਬ: ਲੇਬਰ ਪਾਰਟੀ ਸਾਂਝਾ ਭਾਈਚਾਰਕ ਮਾਹੌਲ ਸਿਰਜਦੀ ਹੈ। ਮਾਂ ਬੋਲੀ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਸਕੂਲ ਚਲ ਰਹੇ ਹਨ। ਸੜਕ ਮਾਰਗਾਂ ’ਤੇ ਭਾਸ਼ਾਈ ਬੋਰਡ ਵੇਖ ਸਕਦੇ ਹੋ। ਸਾਡੀ ਸਰਕਾਰ ਬਣਨ ’ਤੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਦੇ ਮਈ ’ਚ ਪਾਸ ਬਜਟ ਨਾਲੋਂ ਵਾਧੂ 9.7 ਮਿਲੀਅਨ ਡਾਲਰ ਅਗਲੇ ਵਿੱਤੀ ਸਾਲ ਲਈ ਅਤੇ ਆਉਂਦੇ ਚਾਰ ਸਾਲਾਂ ’ਚ ਇਸ ਨੂੰ ਵਧਾ ਕੇ 15.3 ਮਿਲੀਅਨ ਕਰਨ ਦਾ ਟੀਚਾ ਹੈ।

ਸਵਾਲ: ਸਿੱਖਾਂ ਦੀ ਵੱਖਰੀ ਪਛਾਣ ਹੈ ਪਰੰਤੂ ਚਿਹਰੇ ਅਤੇ ਪਹਿਰਾਵੇ ਨੂੰ ਲੈ ਕੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
ਜਵਾਬ: ਮੈਨੂੰ ਮਾਣ ਹੈ ਕਿ ਸਿੱਖ ਭਾਈਚਾਰਾ ਹਰ ਖੇਤਰ ’ਚ ਆਸਟਰੇਲੀਆ ਦੀ ਖੁਸ਼ਹਾਲੀ ’ਚ ਯੋਗਦਾਨ ਦੇ ਰਿਹਾ ਹੈ। ਅਸੀਂ ਹੋਰਨਾਂ ਭਾਈਚਾਰਿਆਂ ਦੀ ਪਹਿਚਾਣ ਨੂੰ ਦਰਸਾਉਣ ਵਾਂਗ ਸਿੱਖੀ ਨੂੰ ਵੀ ਪਛਾਣ ਦੇਣ ਲਈ ਥਾਂ ਦੇਵਾਂਗੇ। ਪੱਖਪਾਤ ਨੂੰ ਰੋਕਣ ਲਈ ਬਣੇ ਕਾਨੂੰਨ ਦੀ ਧਾਰਾ 18-ਸੀ ਦੀ ਮੱਦ ਨੂੰ ਲੇਬਰ ਨੇ ਵਿਰੋਧੀ ਧਿਰ ’ਚ ਰਹਿੰਦੇ ਹੋਏ ਬਚਾਇਆ।

ਸਵਾਲ: ਮਾਈਗਰੇਸ਼ਨ ਪਾਲਸੀ ਬਾਰੇ ਕੀ ਨਵੀਂ ਨੀਤੀ ਹੋਵੇਗੀ?
ਜਵਾਬ: ਮਾਈਗਰੇਸ਼ਨ ਆਸਟਰੇਲੀਆ ਦੀ ਜ਼ਰੂਰਤ ਹੈ। ਇਥੋਂ ਦੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਟ੍ਰੇਨਿੰਗ ਦੇ ਕੇ ਬੇਰੁਜ਼ਗਾਰੀ ਨੂੰ ਰੋਕਣਾ ਪਹਿਲਾ ਕਦਮ ਹੈ। ਵਿਦੇਸ਼ਾਂ ਤੋਂ ਆਉਂਦੇ ਪਰਵਾਸੀਆਂ ਦਾ ਸ਼ੋਸ਼ਣ ਰੋਕਣਾ, ਪਰਵਾਸੀਆਂ ਦੇ ਮਾਪੇ ਆਸਟਰੇਲੀਆ ’ਚ ਆਸਾਨ ਢੰਗ ਨਾਲ ਸੱਦਣ ਜਿਹੇ ਪ੍ਰਮੁੱਖ ਕੰਮ ਹਨ।

(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: