ਸਿੱਖ ਖਬਰਾਂ

ਕੌਮਾਂਤਰੀ ਭਾਈਚਾਰਾ ਚਿੱਠੀ ਸਿੰਘਪੁਰਾ ਕਤਲੇਆਮ ਦੀ ਸੱਚਾਈ ਉਜਾਗਰ ਕਰਨ ਲਈ ਭਾਰਤ ਉੱਤੇ ਦਬਾਅ ਪਾਵੇ – ਫੈਡਰੇਸ਼ਨ

November 24, 2009 | By

ਪਟਿਆਲਾ (24 ਨਵੰਬਰ, 2009): ‘ਜੋ ਸਰਕਾਰੀ ਤਾਕਤ ਨਿਰਦੋਸ਼ ਲੋਕਾਂ ਦੇ ਕਤਲਾਂ ਦੀ ਜਾਂਚ ਨੂੰ ਖੁਰਦ-ਬੁਰਦ ਕਰਕੇ ਉਨ੍ਹਾਂ ਨੂੰ ਇਨਸਾਫ ਦੇ ਮੁਢਲੇ ਅਮਲ ਤੋਂ ਹੀ ਵਾਞਿਆਂ ਕਰ ਦਿੰਦੀ ਹੈ ਉਸ ਨੂੰ ਕੋਈ ਹੱਕ ਨਹੀਂ ਕਿ ਉਹ ਨਿਆਂਸ਼ੀਲ ਅਤੇ ਲੋਕ ਹਿੱਤੂ ਹੋਣ ਦਾ ਦਾਅਵਾ ਕਰੇ। ਰਾਜ-ਸ਼ਕਤੀ ਦੀ ਮਾਨਤਾ ਦੀ ਇੱਕ ਮੁੱਢਲੀ ਸ਼ਰਤ ਇਨਸਾਫ ਹੈ ਅਤੇ ਜੇਕਰ ਰਾਜ-ਸ਼ਕਤੀ ਇਨਸਾਫ ਦੇਣ ਦੇ ਸਮਰੱਥ ਨਹੀਂ ਹੈ ਜਾਂ ਇਸ ਵਿੱਚ ਬੇ-ਈਮਾਨੀ ਕਰਦੀ ਹੈ ਤਾਂ ਲੋਕ ਉਸ ਦੀ ਮਾਨਤਾ ਰੱਦ ਕਰ ਸਕਦੇ ਹਨ। ਜਿਸ ਪੱਧਰ ਉੱਤੇ ਭਾਰਤ ਅੰਦਰ ਸੰਘਰਸ਼ਸ਼ੀਲ ਕੌਮਾਂ ਨਾਲ ਬੇ-ਇਨਸਾਫੀ ਹੋ ਰਹੀ ਹੈ ਉਹ ਇਨ੍ਹਾਂ ਕੌਮਾਂ ਦੇ ਸੰਘਰਸ਼ ਨੂੰ ਮਾਨਤਾ ਦਿੰਦੀ ਹੈ ਅਤੇ ਭਾਰਤੀ ਢਾਂਚੇ ਦੀ ਖੋਖਲੀ ਹੋਂਦ ਉਜਾਗਰ ਕਰਦੀ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਚਿੱਠੀ ਸਿੰਘਪੁਰਾ (ਜੰਮੂ-ਕਸ਼ਮੀਰ) ਦੇ 34 ਸਿੱਖਾਂ ਕੇ ਕਲਤੇਆਮ ਬਾਰੇ ਮੌਜੂਦਾ ਕੇਂਦਰ ਸਰਕਾਰ ਦੇ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ-ਮੰਤਰੀ ਜਨਾਬ ਫਾਰੂਕ ਅਬਦੁੱਲਾ ਦੇ ਉਸ ਬਿਆਨ ਦੇ ਸੰਧਰਭ ਵਿੱਚ ਕੀਤਾ ਹੈ ਜਿਸ ਵਿੱਚ ਉਨ੍ਹਾਂ ਇਹ ਖੁਲਾਸਾ ਕੀਤਾ ਸੀ ਕਿ ਭਾਰਤੀ ਰਾਜ ਤੰਤਰ ਵਿਚਲੀਆਂ ਕੁਝ ਅਹਿਮ ਤਾਕਤਾਂ ਨੇ ਭਾਰੀ ਦਬਾਅ ਪਾ ਕੇ ਚਿੱਠੀ ਸਿੰਘਪੁਰਾ ਦੇ ਸਿੱਖ ਕਤਲੇਆਮ ਦੀ ਨਿਰਪੱਖ ਜਾਂਚ ਹੀ ਨਹੀਂ ਹੋਣ ਦਿੱਤੀ।

ਫੈਡਰੇਸ਼ਨ ਦੇ ਸਕੱਤਰ ਸ. ਬਲਜੀਤ ਸਿੰਘ ਵੱਲੋਂ ਜਾਰੀ ਇੱਕ ਬਿਆਨ ਵਿੱਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ-ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਨੇ ਕਿਹਾ ਹੈ ਕਿ ਭਾਵੇਂ ਫਾਰੂਕ ਅਬਦੁੱਲਾ ਉਸ ਸਮੇਂ ਖੁਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸਨ ਤੇ ਉਕਤ ਕਤਲੇਆਮ ਦੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਉਨ੍ਹਾਂ ਦੀ ਜਿੰਮੇਵਾਰੀ ਸੀ ਤੇ ਜਿਸ ਸਬੰਧੀ ਆਪਣੀ ਨਾਕਾਮੀ ਨੂੰ ਉਹ ਖੁਦ ਸਵੀਕਾਰਦੇ ਹਨ ਪਰ ਜਿਸ ਤਰ੍ਹਾਂ ਉਨ੍ਹਾਂ ਇਹ ਤੱਥ ਕਬੂਲਿਆ ਹੈ ਤੇ ਇਹ ਭੇਤ ਖੋਲਿਆ ਹੈ ਕਿ ਕਿਂਝ ਭਾਰਤੀ ਢਾਂਚਾ ਆਪਣੇ ਕਾਲੇ ਕਰਮਾਂ ਦੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਸੱਚਾਈ ਅਤੇ ਹਿੰਮਤ ਭਰਿਆ ਕਦਮ ਹੈ ਜਿਸ ਦੀ ਕਦਰ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਫਾਰੂਕ ਅਬਦੱਲਾ ਦੀ ਇਸ ਸਲਾਹ ਦੀ ਵੀ ਕਦਰ ਕਰਦੇ ਹਨ ਕਿ ‘ਸਿੱਖਾਂ ਨੂੰ ਭਾਰਤ ਦੇ ਸਿੱਖ ਪ੍ਰਧਾਨ ਮੰਤਰੀ ਉੱਪਰ ਇਸ ਕਤਲੇਆਮ ਦੀ ਜਾਂਚ ਲਈ ਦਬਾਅ ਪਾਉਣਾ ਚਾਹੀਦਾ ਹੈ’ ਪਰ ਜੋ ਵਅਕਤੀ ਖੁਦ ਸਿੱਖਾਂ ਨੂੰ ਨਵੰਬਰ 1984 ਵਰਗੇ ਭਿਆਨਕ ਕਤਲੇਆਮ ਅਤੇ ਬੇ-ਇਨਸਾਫੀ ਭਰੇ 25 ਸਾਲ ‘ਭੁੱਲ ਜਾਣ’ ਦੀਆਂ ਸਲਾਹਾਂ ਦੇ ਸਕਦਾ ਹੈ ਉਸ ਤੋਂ ਸਿੱਖ ਕੀ ਆਸ ਰੱਖ ਸਕਦੇ ਹਨ? ਉਨ੍ਹਾਂ ਕਿਹਾ ਕਿ ਫਾਰੂਕ ਅਬਦੁੱਲਾ ਤੋਂ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਤੀ ਬਿਲ ਕਲਿੰਟਲ ਨੇ ਇਸ ਕਤਲੇਆਮ ਬਾਰੇ ਕਈ ਅਹਿਮ ਖੁਲਾਸੇ ਕੀਤੇ ਸਨ ਅਤੇ ਇੰਝ ਨਹੀਂ ਹੋ ਸਕਦਾ ਕਿ ਭਾਰਤ ਸਰਕਾਰ ਦੇ ਸਭ ਤੋਂ ਵੱਡੇ ਆਹੁਦੇ ਉੱਪਰ ਤਕਰੀਬਨ ਛੇ ਸਾਲ ਤੋਂ ਬਿਰਾਜਮਾਨ ਸ. ਮਨਮੋਹਣ ਸਿੰਘ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਚਿੱਠੀ ਸਿੰਘਪੁਰਾ ਦੇ 34 ਸਿੱਖਾਂ ਦੇ ਕਤਲ ਦੀ ਨਿਰਪੱਖ ਜਾਂਚ ਹੀ ਨਹੀਂ ਹੋ ਸਕੀ। ਉਨ੍ਹਾਂ ਅਫਸੋਸ ਜਾਹਿਰ ਕੀਤਾ ਕਿ ਸ. ਮਨਮੋਹਣ ਸਿੰਘ ਨੇ ਇੰਨੇ ਸਾਲਾਂ ਦੌਰਾਨ ਸੱਚ ਉਜਾਗਰ ਕਰਨ ਲਈ ਇੱਕ ਵੀ ਕਦਮ ਨਹੀਂ ਚੁੱਕਿਆ।

ਫੈਡਰੇਸ਼ਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਭਰਾਤੀ ਢਾਂਚਾ ਆਪਣੀ ਥੋੜੀ-ਬਹੁਤ ਬਚੀ ਹੋਈ ਮਾਨਤਾ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਸੰਘਰਸ਼ਸ਼ੀਲ ਕੌਮਾਂ ਨਾਲ ਵਾਪਰੇ ਜੁਲਮਾਂ ਦੀ ਸੱਚਾਈ ਉਜਾਗਰ ਕਰੇ ਅਤੇ ਸਭ ਲਈ ਇਕਸਾਰ ਇਨਸਾਫ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਅਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਚਿੱਠੀ ਸਿੰਘਪੁਰਾ ਕਤਲੇਆਮ ਦੀ ਸੱਚਾਈ ਉਜਾਗਰ ਕਰਨ ਲਈ ਭਾਰਤ ਉੱਤੇ ਦਬਾਅ ਪਾਉਣ ਲਈ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,