ਸਿਆਸੀ ਖਬਰਾਂ » ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਡੇਰਾ ਪ੍ਰੇਮੀਆਂ ਤੋਂ ਪਹਿਲਾਂ ਆਪਣੀ ਘਰ-ਵਾਪਸੀ ਕਰਨ: ਦਲ ਖਾਲਸਾ

August 31, 2017 | By

ਅੰਮ੍ਰਿਤਸਰ: ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਡੇਰਾ ਪ੍ਰੇਮੀਆਂ ਨੂੰ ‘ਘਰ ਵਾਪਸੀ’ ਦੀ ਕੀਤੀ ਗਈ ਅਪੀਲ ‘ਤੇ ਘੇਰਦਿਆਂ, ਦਲ ਖਾਲਸਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਕਿ ਉਹ ਪਹਿਲਾਂ ਆਪਣੀ ਘਰ-ਵਾਪਸੀ ਕਰਵਾਉਣ। ਜਥੇਬੰਦੀ ਦਾ ਮੰਨਣਾ ਹੈ ਕਿ ਗਿਆਨੀ ਗੁਰਬਚਨ ਸਿੰਘ ਗੁਰਮਤਿ ਵਿਰੋਧੀ ਡੇਰੇਦਾਰ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦੀ ਆਪਣੀ ਗਲਤੀ ਮੰਨਣ, ਸੰਸਥਾ ਦੇ ਵਕਾਰ ਅਤੇ ਮਰਯਾਦਾ ਨੂੰ ਢਾਹ ਲਾਉਣ ਲਈ ਖਾਲਸਾ ਪੰਥ ਤੋਂ ਖਿਮਾ ਯਾਚਨਾ ਕਰਨ ਅਤੇ ਅਸਤੀਫਾ ਦੇਣ।

ਦਲ ਖ਼ਾਲਸਾ ਦੇ ਆਗੂ ਮੀਡੀਆ ਨਾਲ ਗੱਲ ਕਰਦੇ ਹੋਏ

ਦਲ ਖ਼ਾਲਸਾ ਦੇ ਆਗੂ ਮੀਡੀਆ ਨਾਲ ਗੱਲ ਕਰਦੇ ਹੋਏ

ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਜਥੇਦਾਰ ਸਿੱਖ ਪੰਥ ਵਿੱਚ ਆਪਣਾ ਵਕਾਰ ਅਤੇ ਵਿਸ਼ਵਾਸ ਗੁਆ ਚੁੱਕੇ ਹਨ ਅਤੇ ਪੰਥ ਇਹਨਾਂ ਨੂੰ ਰੱਦ ਕਰ ਚੁੱਕਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਦਾ ਵੱਡਾ ਹਿੱਸਾ ਗਿਆਨੀ ਗੁਰਬਚਨ ਸਿੰਘ ਦੇ ਬਾਈਕਾਟ ਦਾ ਸੱਦਾ ਦੇ ਚੁੱਕਾ ਹੈ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਬਾਈਕਾਟ ਦਾ ਸਾਹਮਣਾ ਕਰ ਰਹੇ ਜਥੇਦਾਰ ਕਿਸ ਹੈਸੀਅਤ ਨਾਲ ਦੂਜਿਆਂ ਨੂੰ ਘਰ-ਵਾਪਸੀ ਲਈ ਸੱਦਾ ਦੇ ਰਹੇ ਹਨ।

ਸ. ਚੀਮਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਪ੍ਰੇਮੀਆਂ ਨੇ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਈਆਂ ਸਨ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਚੰਗਾ ਹੁੰਦਾ ਜੇ ਗਿਆਨੀ ਗੁਰਬਚਨ ਸਿੰਘ ਡੇਰਾ ਪ੍ਰੇਮੀਆਂ ਨੂੰ ਸਿੱਖੀ ਦੀ ਮੁੱਖਧਾਰਾ ਵਿੱਚ ਸ਼ਾਮਿਲ ਹੋਣ ਨਾਲੋਂ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ।

ਸਬੰਧਤ ਖ਼ਬਰ:

ਬਾਦਲ-ਡੇਰਾ ਸਿਰਸਾ ਭਾਈਵਾਲੀ: ਛੋਟੇ ਪੱਧਰ ਦੇ ਆਗੂ ਆਪਣੇ ਆਕਾਵਾਂ ਖਿਲਾਫ ਕਿਵੇਂ ਕਰਨਗੇ ਜਾਂਚ?: ਦਲ ਖ਼ਾਲਸਾ …

ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦੀ ਸ਼ਖਸੀਅਤ ਲੋਕਾਂ ਨੂੰ ਸਿੱਖੀ ਤੋਂ ਦੂਰ ਕਰਨ ਦਾ ਕਾਰਨ ਤਾਂ ਬਣਦੀ ਹੈ ਪਰ ਕਿਸੇ ਦੂਰ ਗਏ ਵਿਅਕਤੀ ਨੂੰ ਪੰਥ ਵਿੱਚ ਵਾਪਿਸ ਖਿੱਚ ਕੇ ਲਿਆਉਣ ਦੇ ਸਮੱਰਥ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਬਹੁਤ ਜਲਦ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬੰਡੂਗਰ ਨੂੰ ਮਿਲਕੇ ਇਸ ਸਬੰਧੀ ਕੌਮੀ ਚਿੰਤਾ ਅਤੇ ਆਪਣਾ ਪੱਖ ਰਖਾਂਗੇ। ਉਹਨਾਂ ਕਿਹਾ ਜੇਕਰ ਸ਼੍ਰੋਮਣੀ ਕਮੇਟੀ ਨੇ ਪੰਥ ਦੀ ਇਸ ਵੇਦਨਾ ਨੂੰ ਨਾ ਸਮਝਿਆ ਅਤੇ ਇਸ ਦਾਗੀ ਜਥੇਦਾਰ ਨੂੰ ਨਾ ਬਦਲਿਆ ਤਾਂ ਉਹ ਇਸ ਮੁੱਦੇ ਉਤੇ ਆਪਣਾ ਸੰਘਰਸ਼ ਤਿੱਖਾ ਕਰਨਗੇ।

ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)

ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)

ਮੀਟਿੰਗ ਵਿੱਚ ਪੰਥ ਅੰਦਰ ਬਣੀ ਗੰਭੀਰ ਸਥਿਤੀ ਉਤੇ ਵਿਚਾਰ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਮੌਜੂਦਾ ਦੌਰ ਅੰਦਰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਉਤੇ ਕੋਈ ਐਸੀ ਪ੍ਰਭਾਵਸ਼ਾਲੀ ਸ਼ਖਸੀਅਤ ਨਹੀਂ ਦਿੱਖ ਰਹੀ ਜੋ ਸਿੱਖੀ ਤੋਂ ਦੂਰ ਜਾ ਰਹੇ ਲੋਕਾਂ ਨੂੰ ਵਾਪਿਸ ਮੋੜ ਲਿਆਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੋਚ-ਢੰਗ ਅਤੇ ਕੰਮਕਾਜ ਵਿੱਚ ਇਨਕਲਾਬੀ ਬਦਲਾਅ ਲਿਆਉਣ ਅਤੇ ਅਕਾਲ ਤਖਤ ਸਾਹਿਬ ਉਤੇ ਬੇਮੁਹਤਾਜ ਅਤੇ ਨਿਡਰ ਸ਼ਖਸ਼ੀਅਤ ਦੀ ਨਿਯੁਕਤੀ ਅਤੇ ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਹੈ ਜਿਹਨਾਂ ਕਰਕੇ ਲੋਕ ਸਿੱਖੀ ਦੀ ਮੁੱਖ ਧਾਰਾ ਨੂੰ ਛੱਡ ਮਨਮੱਤੀ ਡੇਰਿਆਂ ਵੱਲ ਜਾ ਰਹੇ ਹਨ।

ਉਹਨਾਂ ਸਪੱਸ਼ਟ ਕੀਤਾ ਕਿ ਜਥੇਦਾਰ ਬਦਲਣ ਲਈ ਸ਼੍ਰੋਮਣੀ ਕਮੇਟੀ ਨੂੰ ਕਹਿਣ ਦਾ ਇਹ ਅਰਥ ਨਾ ਲਿਆ ਜਾਵੇ ਕਿ ਉਹਨਾਂ ਕਮੇਟੀ ਵਲੋਂ ਆਪ-ਮੁਹਾਰੇ ਜਥੇਦਾਰ ਲਾਉਣ ਦੀ ਪਿਰਤ ਨੂੰ ਮਨਜੂਰੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਜਥੇਦਾਰ ਬਦਲਣ ਅਤੇ ਨਵੀਂ-ਨਿਯੁਕਤੀ ਲਈ ਪੰਥਕ ਸੰਸਥਾਵਾਂ ਅਤੇ ਪਾਰਟੀਆਂ ਨੂੰ ਭਰੋਸੇ ਵਿੱਚ ਲਿਆ ਜਾਵੇ। ਉਹਨਾਂ ਕਿਹਾ ਕਿ ਦਲ ਖਾਲਸਾ ਜਥੇਦਾਰ ਦੀ ਪਦਵੀ ਸਬੰਧੀ ਨਿਯਮ ਅਤੇ ਵਿਧੀ-ਵਿਧਾਨ ਘੜੇ ਜਾਣ ਦਾ ਮੁਦਈ ਹੈ।

ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੰਵਰਪਾਲ ਸਿੰਘ, ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ, ਬਲਦੇਵ ਸਿੰਘ ਸਿਰਸਾ, ਰਣਬੀਰ ਸਿੰਘ, ਨੋਬਲਜੀਤ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

First Ensure Your Own ‘Ghar vapsi’- Dal Khalsa tells Gaini Gurbahcan Singh …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,