ਆਮ ਖਬਰਾਂ

ਕੱਟੇ ਨੂੰ ਥੇਈ ਦਾ ਕੀ ਭਾਅ: ਅੱਜ ਤੋਂ ਸਾਦਿਕ ਇਲਾਕੇ ਦੇ ਕਿਸਾਨਾ ਨੂੰ ਮਿਲੇਗੀ ਸਿਰਫ 6 ਘੰਟੇ ਬਿਜਲੀ

June 11, 2010 | By

ਸਾਦਿਕ ਵਿਖੇ ਨਵਾਂ ਤਿਆਰ ਹੋ ਰਿਹਾ 220 ਕੇ ਵੀ ਗਰਿੱਡ। ਤਸਵੀਰ: ਗੁਰਭੇਜ ਸਿੰਘ ਚੌਹਾਨ

ਸਾਦਿਕ ਵਿਖੇ ਨਵਾਂ ਤਿਆਰ ਹੋ ਰਿਹਾ 220 ਕੇ ਵੀ ਗਰਿੱਡ। ਤਸਵੀਰ: ਗੁਰਭੇਜ ਸਿੰਘ ਚੌਹਾਨ

ਫਰੀਦਕੋਟ (9 ਜੂਨ, 2010 – ਗੁਰਭੇਜ ਸਿੰਘ ਚੌਹਾਨ): ਭਾਵੇਂ ਅੱਜ ਤੋਂ ਪੰਜਾਬ ਦੇ ਕਿਸਾਨਾ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ  ਖੇਤੀ ਸੈਕਟਰ ਲਈ 8 ਘੰਟੇ ਬਿਜਲੀ ਸਪਲਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਜਨਰਲ ਖੇਤਰ ਦੇ ਟਿਊਬਵੈੱਲਾਂ ਨੂੰ ਰੋਜ਼ਾਨਾ ਤਿੰਨ ਗਰੁੱਪਾਂ ਵਿਚ 8 ਘੰਟੇ ਬਿਜਲੀ ਦਿੱਤੀ ਜਾਵੇਗੀ ਪਰ ਓਵਰਲੋਡਿਡ ਫੀਡਰ ਦੀ ਸਥਿੱਤੀ ਵਿਚ, ਜਿੱਥੇ ਚਾਰ ਗਰੁੱਪਾਂ ਵਿਚ ਸਪਲਾਈ ਦਿੱਤੀ ਜਾਂਦੀ ਹੈ,ਉਸਨੂੰ 8 ਘੰਟੇ ਦੀ ਬਜਾਏ 6 ਘੰਟੇ ਹੀ ਸਪਲਾਈ ਮਿਲੇਗੀ।

ਜਿਲ੍ਹਾ ਫਰੀਦਕੋਟ ਦੀ ਸਬ ਤਹਿਸੀਲ ਸਾਦਿਕ ਇਕ ਅਜਿਹਾ ਮੰਦਭਾਗਾ ਇਲਾਕਾ ਹੈ ਜਿਸਦਾ 132 ਕੇ ਵੀ ਗਰਿੱਡ ਓਵਰਲੋਡਿਡ ਹੋਣ ਕਾਰਨ ਪਿਛਲੇ ਕਈ ਸਾਲਾਂ ਤੋਂ ਚਾਰ ਗਰੁੱਪਾਂ ਵਿਚ ਹੀ ਚੱਲਦਾ ਰਿਹਾ ਹੈ ਜਿਸ ਕਰਕੇ ਜਿੱਥੇ ਕਿਸਾਨਾ ਨੂੰ ਰੋਜ਼ਾਨਾ 2 ਘੰਟੇ ਸਪਲਾਈ ਘੱਟ ਮਿਲਦੀ ਰਹੀ ਹੈ,ਉਥੇ ਵਾਰ ਵਾਰ ਨੁਕਸ ਪੈਣ ਨਾਲ ਨਾ ਤਾਂ ਬਕਾਇਆ ਬਿਜਲੀ ਮਿਲੀ ਤੇ ਨਾ ਹੀ ਪੂਰੇ ਛੇ ਘੰਟੇ। ਇਸ ਸਾਲ ਕਿਸਾਨਾ ਨੂੰ ਬੜੀ ਆਸ ਸੀ ਸਾਦਿਕ ਦਾ 220 ਕੇ ਵੀ ਗਰਿੱਡ ਝੋਨੇ ਦੇ ਸੀਜ਼ਨ ਵਿਚ ਚੱਲ ਪਵੇਗਾ ਅਤੇ ਉਨ੍ਹਾ ਨੂੰ ਸਪਲਾਈ ਵੀ ਪੂਰੀ ਮਿਲੇਗੀ ਅਤੇ ਲੋਡ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਪਰ ਰਾਜਨੀਤੀ ਦੀ ਭੇਟ ਚੜ੍ਹਿਆ ਇਹ ਗਰਿੱਡ ਅਜੇ ਆਪਣੀ ਉਸਾਰੀ ਮੁਕੰਮਲ ਨਹੀਂ ਕਰ ਸਕਿਆ ਅਤੇ ਅੱਜ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਹੈ।

ਪਿਛਲੇ ਦਿਨੀ ਇਸ ਪੱਤਰਕਾਰ ਵੱਲੋਂ ਇਹ ਖਬਰ ਲਗਾਕੇ ਕਿਸਾਨਾ ਨੂੰ ਖਬਰਦਾਰ ਕੀਤਾ ਗਿਆ ਸੀ ਕਿ ਇਹ ਗਰਿੱਡ ਝੋਨੇ ਦੇ ਸੀਜ਼ਨ ਵਿਚ ਚਾਲੂ ਨਹੀਂ ਹੋ ਸਕੇਗਾ,ਜਿਸਨੂੰ ਪੜ੍ਹਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਨੁਮਾਇੰਦਿਆਂ ਨੇ ਸੰਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ ਅਤੇ ਸੰਬੰਧਤ ਅਧਿਕਾਰੀਆਂ ਨੇ ਇਹ ਵਿਸ਼ਵਾਸ਼ ਦਿਵਾਇਆ ਸੀ ਇਕ ਮਹੀਨੇ ਵਿਚ ਗਰਿੱਡ ਦਾ ਕੰਮ ਮੁਕੰਮਲ ਹੋ ਜਾਵੇਗਾ ਪਰ ਅੱਜ ਦੀ ਜੋ ਸਥਿੱਤੀ ਹੈ ਉਸ ਮੁਤਾਬਕ ਗਰਿੱਡ ਦਾ ਕੰਮ ਤਾਂ ਲੱਗਪਗ ਮੁਕੰਮਲ ਦੇ ਨੇੜੇ ਹੈ ਪਰ ਇਸਨੂੰ ਸਪਲਾਈ ਦੇਣ ਵਾਲੀ ਟਾਵਰ ਲਾਈਨ ਦਾ ਕੰਮ ਸਮੇਂ ਸਿਰ ਮੁਕੰਮਲ ਹੁੰਦਾ ਨਜ਼ਰ ਨਹੀਂ ਆਉਂਦਾ, ਕਿਉਂ ਕਿ ਇਸ ਲਾਈਨ ਨੂੰ ਤਿਆਰ ਕਰਨ ਲਈ ਲੋੜੀਂਦਾ ਸਾਮਾਨ ਨਹੀਂ ਮਿਲ ਰਿਹਾ ਜਿਸ ਕਰਕੇ ਦੇਰੀ ਹੋ ਰਹੀ ਹੈ।

ਜਦੋਂ ਇਸ ਸੰਬੰਧੀ ਇਸ ਕੰਮ ਨਾਲ ਸੰਬੰਧਤ ਕਾਰਜਕਾਰੀ ਇੰਜਨੀਅਰ ਜੋਨਲ ਬਠਿੰਡਾ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾ ਇਹ ਕਿਹਾ ਕਿ ਮੈਨੂੰ ਲੋੜੀਂਦਾ ਸਾਮਾਨ ਮਿਲੇਗਾ ਤਾਂ ਹੀ ਮੈਂ ਲਾਈਨ ਤੇ ਕੰਮ ਕਰਵਾ ਸਕਾਂਗਾ। ਇਸਤੋਂ ਸਾਫ ਜਾਹਿਰ ਹੈ ਕਿ ਗਰਿੱਡ ਸਮੇਂ ਸਿਰ ਨਹੀਂ ਚੱਲ ਸਕੇਗਾ। ਜਿਸ ਕਰਕੇ ਹਾਲ ਦੀ ਘੜੀ ਝੋਨੇ ਦੇ ਸੀਜ਼ਨ ਵਿਚ ਕਿਸਾਨਾ ਨੂੰ ਪਿਛਲੀਆਂ ਸਮੱਸਿਆਵਾਂ ਦਰਪੇਸ਼ ਰਹਿਣਗੀਆਂ ਅਤੇ ਉਨ੍ਹਾ ਨੂੰ 8 ਦੀ ਬਜਾਏ 6 ਘੰਟੇ ਬਿਜਲੀ ਸਪਲਾਈ ਨਾਲ ਹੀ ਗੁਜ਼ਾਰਾ ਕਰਨਾ ਪਏਗਾ ਅਤੇ ਬਾਕੀ ਦਾ ਖੱਪਾ ਮਹਿੰਗੇ ਭਾਅ ਦਾ ਡੀਜ਼ਲ ਬਾਲਕੇ ਹੀ ਬੁੱਤਾ ਸਾਰਨਾ ਪਏਗਾ। ਸਾਦਿਕ ਇਲਾਕੇ ਦੇ ਕਿਸਾਨਾ ਨੂੰ ਇਹ ਸਪਲਾਈ ਏ ਗਰੁੱਪ ਨੂੰ ਦੁਪਹਿਰ 12.00 ਤੋਂ 06.00 ਬੀ ਨੂੰ 06.00 ਤੋਂ 12.00,ਸੀ ਗਰੁੱਪ ਨੂੰ 12.00 ਤੋਂ 06.00 ਡੀ ਗਰੁੱਪ ਨੂੰ 06-12.00 ਵਜੇ ਦਿੱਤੀ ਜਾਵੇਗੀ ਅਤੇ ਵਿਘਨ ਪੈਣ ਤੇ ਬਕਾਇਆ ਸਪਲਾਈ ਵੀ ਨਹੀਂ ਮਿਲੇਗੀ। ਕਿਸਾਨਾ ਦੀ ਇਹ ਸਮੱਸਿਆ ਦਾ ਮੂਲ ਕਾਰਨ ਰਾਜਨੀਤਕ ਧਿੰਗੋਜੋਰੀ ਹੀ ਬਣੀ ਹੈ ਅਤੇ ਪੇਸ਼ ਕਿਸਾਨਾ ਦੇ ਆ ਗਈ ਹੈ,ਤਾਂ ਹੀ ਕਿਹਾ ਜਾ ਰਿਹਾ ਹੈ ਕਿ ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।