ਚੋਣਵੀਆਂ ਲਿਖਤਾਂ » ਲੇਖ

ਸਿੱਖ ਨਿਆਂਪਾਲਿਕਾ ’ਚ ਭਰੋਸਾ ਕਿਵੇਂ ਰੱਖਣ…? – ਸ੍ਰ. ਜਸਪਾਲ ਸਿੰਘ ਹੇਰਾਂ

July 31, 2013 | By

– ਸ੍ਰ. ਜਸਪਾਲ ਸਿੰਘ ਹੇਰਾਂ
(ਸੰਪਾਦਕ, ਰੋਜਾਨਾ ਪਹਿਰੇਦਾਰ)

ਇਹ ਨੰਗਾ ਚਿੱਟਾ ਸੱਚ ਹੈ ਕਿ ਇਸ ਦੇਸ਼ ’ਚ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਅਥਵਾ ਨਾਗਰਿਕ ਨਹੀਂ ਮੰਨਿਆ ਜਾਂਦਾ। ਵਿਖਾਵੇ ਲਈ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਸੈਨਾ ਮੁਖੀ ਸਿੱਖੀ ਸਰੂਪ ਵਾਲਾ ਹੋ ਸਕਦਾ ਹੈ, ਪ੍ਰੰਤੂ ਅਸਲ ’ਚ ਸਿੱਖਾਂ ਪ੍ਰਤੀ ਇਸ ਦੇਸ਼ ਦੀ ਬਹੁਗਿਣਤੀ, ਸਰਕਾਰਾਂ, ਅਫ਼ਸਰਸ਼ਾਹੀ, ਨਿਆਪਾਲਿਕਾ ਤੇ ਮੀਡੀਆ, ਸਾਰੇ ਹੀ ਟੇਢੀ ਨਜ਼ਰ ਰੱਖਦੇ ਹਨ ਅਤੇ ਸਿੱਖਾਂ ਪ੍ਰਤੀ ਦੁਸ਼ਮਣੀ ਵਾਲੀ ਭਾਵਨਾ, ਉਨ੍ਹਾਂ ਤੇ ਹਮੇਸ਼ਾ ਭਾਰੂ ਵਿਖਾਈ ਦਿੰਦੀ ਹੈ। ਜਦੋਂ ਤੋਂ ਇਹ ਦੇਸ਼ ਅਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਇਕ ਨਹੀਂ, ਸੈਂਕੜੇ ਨਹੀਂ ਸਗੋਂ ਹਜ਼ਾਰਾਂ ਅਜਿਹੀਆਂ ਇਤਿਹਾਸਕ ਉਦਾਹਰਣਾਂ ਭਿਆਨਕ ਰੂਪ ’ਚ ਸਾਡੇ ਸਾਹਮਣੇ ਹਨ, ਜਦੋਂ ਸਿੱਖਾਂ ਨੂੰ ਸਿਰਫ਼ ਸਿੱਖ ਹੋਣ ਕਾਰਣ, ਇਸ ਦੇਸ਼ ’ਚ ਜ਼ੁਲਮ, ਤਸ਼ੱਦਦ, ਧੱਕੇਸ਼ਾਹੀ, ਬੇਇਨਸਾਫ਼ੀ ਤੇ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਣਾ ਪਿਆ ਹੈ।

ਅਸਲ ’ਚ ਉਹ ਤਾਕਤਾਂ ਜਿਹੜੀਆਂ ਸਿੱਖ ਕੌਮ ਨੂੰ ਹੜੱਪਣ ਲਈ ਕਾਹਲੀਆਂ ਸਨ, ਉਹ ਹਾਲੇਂ ਤੱਕ ਆਪਣੇ ਮਿਸ਼ਨ ’ਚ ਪੂਰਨ ਸਫ਼ਲ ਨਹੀਂ ਹੋ ਸਕੀਆਂ, ਭਾਵੇਂ ਉਨ੍ਹਾਂ ਸਿੱਖੀ ਦੇ ਬੂਟੇ ਨੂੰ ਸੁਕਾਉਣ ਲਈ, ਸਿੱਖੀ ਦੀਆਂ ਜੜ੍ਹਾਂ ਅਤੇ ਗੁਰਬਾਣੀ ’ਤੇ ਹਮਲੇ ਕੀਤੇ ਜਾ ਰਹੇ ਹਨ, ਸਿੱਖ ਇਤਿਹਾਸ ਨੂੰ ਤਰੋੜਿਆ-ਮਰੋੜਿਆ ਜਾ ਰਿਹਾ ਹੈ, ਸਿੱਖੀ ’ਚ ਆਡੰਬਰ, ਪਾਖੰਡ ਤੇ ਬ੍ਰਾਹਮਣੀ ਕਰਮਕਾਂਡ ਫਿਰ ਤੋਂ ਭਾਰੂ ਕਰਵਾਏ ਜਾ ਰਹੇ ਹਨ, ਸਿੱਖੀ ਦੀ ਨਵੀਂ ਪੀੜ੍ਹੀ ਨੂੰ ਖ਼ਤਮ ਕਰਨ ਲਈ ਨਸ਼ਿਆ ਤੇ ਲੱਚਰਤਾ ਦੇ ਦਰਿਆ ਵਗਾ ਛੱਡੇ ਹਨ ਅਤੇ ਡੇਰੇਵਾਦ ਦਾ ਸਿਓਂਕ ਲਾ ਦਿੱਤਾ ਗਿਆ ਹੈ। ਸਿੱਖਾਂ ਲਈ ਇਸ ਦੇਸ਼ ਦਾ ਸੰਵਿਧਾਨ, ਅੱਜ ਵੀ ਓਪਰਾ ਹੀ ਹੈ ਕਿਉਂਕਿ, ਇਸਨੂੰ ਸਿੱਖਾਂ ਨੇ ਪ੍ਰਵਾਨ ਹੀ ਨਹੀਂ ਕੀਤਾ ਸੀ, ਇਸ ਲਈ ਉਹ ਸੰਵਿਧਾਨ, ਸਿੱਖ ਹਿੱਤਾਂ ਦੀ ਰਾਖ਼ੀ ਦੇ ਸਮਰੱਥ ਹੀ ਨਹੀਂ। ਦੇਸ਼ ਦੀ ਨਿਆਂਪ੍ਰਣਾਲੀ ਵੀ ਸਿੱਖਾਂ ਨੂੰ ਵਾਰ-ਵਾਰ ਇਹ ਅਹਿਸਾਸ ਕਰਵਾ ਰਹੀ ਹੈ ਕਿ ਕਾਨੂੰਨ ਤੇ ਇਨਸਾਫ਼ ਸਿੱਖਾਂ ਲਈ ਨਹੀਂ, ਇਹ ਇਸ ਦੇਸ਼ ਦੀ ਬਹੁਗਿਣਤੀ ਦੀ ਰਾਖ਼ੀ ਲਈ ਹੈ। ਅਦਾਲਤ ਵੱਲੋਂ ਸਿੱਖ ਮਾਮਲਿਆਂ ਤੇ ਅੱਜ ਤੱਕ ਇੱਕ ਨਹੀਂ ਅਨੇਕਾਂ ਅਜਿਹੇ ਫੈਸਲੇ ਆ ਚੁੱਕੇ ਹਨ, ਜਿਥੇ ਇਨਸਾਫ਼ ਦਾ ਨੰਗਾ ਚਿੱਟਾ ਕਤਲ ਹੋਇਆ, ਹਰ ਆਮ ਆਦਮੀ ਨੂੰ ਵੀ ਸਾਫ਼-ਸਾਫ਼ ਦਿੱਸਦਾ ਹੈ।

28 ਸਾਲ ਬੀਤ ਜਾਣ ਤੇ ਵੀ ਸਿੱਖ ਕਤਲੇਆਮ ਦਾ ਇਨਸਾਫ਼ ਨਹੀਂ ਹੋਆਿ। ਭਾਈ ਕੇਹਰ ਸਿੰਘ ਵਰਗਿਆਂ ਨੂੰ ਸਬੂਤਾਂ ਦੀ ਪੂਰੀ ਅਣਹੋਂਦ ਦੇ ਬਾਵਜੂਦ ਫਾਂਸੀ ਚੜ੍ਹਾ ਦਿੱਤਾ ਗਿਆ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਸਿਰਫ਼ ਸਬਕ ਸਿਖਾਉਣ ਲਈ ਹੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਅਜਿਹੇ ਇਕ ਨਹੀਂ ਅਨੇਕਾਂ ਮਾਮਲੇ ਹਨ, ਜਿਥੇ ਕਾਨੂੰਨ ਨੇ ਸੱਚੀ-ਮੁੱਚੀ ਅੱਖਾਂ ਤੇ ਪੱਟੀ ਬੰਨ੍ਹ ਕੇ ਸਿੱਖ ਵਿਰੋਧੀ ਫੈਸਲੇ ਲਏ ਹਨ ਅਤੇ ਲਾਏ ਜਾ ਰਹੇ ਹਨ। ਬੀਤੇ ਦਿਨ ਸਿਰਸਾ ਦੀ ਅਦਾਲਤ ਨੇ ਸੌਦਾ ਸਾਧ ਦੇ ਪ੍ਰੇਮੀਆਂ ਤੇ ਸਿੱਖ ਸੰਗਤਾਂ ’ਚ ਡੱਬਵਾਲੀ ਵਿਖੇ 18 ਜੁਲਾਈ 2008 ਨੂੰ ਹੋਈਆਂ ਹਿੰਸਕ ਝੜਪਾਂ ਬਾਰੇ ਫੈਸਲਾ ਸੁਣਾਇਆ ਹੈ, ਜਿਸ ’ਚ ਅਦਾਲਤ ਨੇ 7 ਸਿੱਖਾਂ ਨੂੰ ਸੌਦਾ ਸਾਧ ਦੇ ਪ੍ਰੇਮੀਆਂ ਤੇ ਜਾਨ ਲੇਵਾ ਹਮਲਾ ਕਰਨ ਦੇ ਦੋਸ਼ ’ਚ 7-7 ਸਾਲ ਦੀ ਸਜ਼ਾ ਸੁਣਾ ਛੱਡੀ ਹੈ। ਜਦੋਂ ਕਿ ਇਸੇ ਝੜਪ ’ਚ ਜਿਹੜਾ ਸਿੱਖ ਭਾਈ ਹਰਮੰਦਰ ਸਿੰਘ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਸਦੇ ਕਤਲ ਵਿਰੁੱਧ 5 ਡੇਰਾ ਪ੍ਰੇਮੀਆਂ ਤੇ ਕੇਸ ਵੀ ਚੱਲਦਾ ਹੈ, ਉਸ ਕੇਸ ਨੂੰ ਹਾਲੇਂ ਤੱਕ ਦਰ ਕਿਨਾਰ ਹੀ ਕੀਤਾ ਹੋਇਆ ਹੈ। ਸਿੱਖਾਂ ਦੇ ਇਕ ਨੌਜਵਾਨ ਦਾ, ਸੌਦਾ ਸਾਧ ਵਾਲਿਆਂ ਕਤਲ ਕਰ ਦਿੱਤਾ, ਪ੍ਰੰਤੂ ਉਸ ਕਤਲ ਬਾਰੇ ਕੋਈ ਫੈਸਲਾ ਨਹੀਂ। ਪ੍ਰੰਤੂ ਉਸ ਇਕ ਲੜ੍ਹਾਈ ਦਾ ਜਿਸ ’ਚ ਸੌਦਾ ਸਾਧ ਦੇ ਕੁਝ ਚੇਲੇ ਜਖ਼ਮੀ ਹੋ ਗਏ ਸਨ, ਫੈਸਲਾ ਸੁਣਾ ਦਿੱਤਾ ਗਿਆ ਹੈ। ਜਿਸ ਦੇਸ਼ ’ਚ ਇਕ ਕੌਮ ਨੂੰ ਇਨਸਾਫ਼ ਮਿਲਣ ਦੀ ਉਮੀਦ ਹੀ ਖ਼ਤਮ ਹੋ ਜਾਵੇ, ਉਸ ਦੇਸ਼ ’ਚ ਆਪਣੇ ਆਪ ਨੂੰ ‘ਅਜ਼ਾਦ’ ਸਮਝਣਾ ਜਾਂ ਮੰਨਣਾ, ਮੂਰਖਾਂ ਦੀ ਦੁਨੀਆ ’ਚ ਰਹਿਣ ਵਰਗਾ ਹੈ। ਅਸੀਂ ਸਮਝਦੇ ਹਾਂ ਕਿ ਅਦਾਲਤ ਨੇ ਸਿਰਫ਼ ਸਿੱਖਾਂ ਵਿਰੁੱਧ ਫੈਸਲਾ ਸੁਣਾ ਕੇ, ਇਨਸਾਫ਼ ਦਾ ਨੰਗਾ-ਚਿੱਟਾ ਕਤਲ ਕੀਤਾ ਹੈ। ਸੌਦਾ ਸਾਧ, ਜਿਸ ਵਿਰੁੱਧ ਇਨਾਂ ਅਦਾਲਤਾਂ ’ਚ ਹੀ ਬਲਾਤਕਾਰ, ਕਤਲ, ਧੋਖਾਧੜੀ ਦੇ ਕੇਸ ਚੱਲ ਰਹੇ ਹਨ, ਉਸ ਸਾਧ ਦੀਆਂ ਕਾਰਵਾਈਆਂ ਦਾ ਵਿਰੋਧ ਅਦਾਲਤਾਂ ਨੂੰ ਹੀ ਗੁਨਾਹ ਕਿਉਂ ਲੱਗਦਾ ਹੈ?

ਇਕ ਪਾਸੇ ਇਕ ਸਿੱਖ ਦੀ ਜਾਨ ਲੈ ਲਈ ਗਈ, ਪ੍ਰੰਤੂ ਇਨਸਾਫ਼ ਦੇਣ ਵਾਲਾ ਫੈਸਲਾ ਅੱਜ ਤੱਕ ਨਹੀਂ ਆਇਆ ਹੈ, ਦੂਜੇ ਪਾਸੇ ਧਾਰਾ 307, ਜਿਹੜੀ ਕਿ ਹਰਿਆਣਾ ਪੁਲਿਸ ਨੇ ਵੋਟਾਂ ਦੇ ਦਬਾਅ, ਕਾਰਣ ਸਿੱਖਾਂ ਵਿਰੁੱਧ ਝੂਠੀ ਲਾਈ ਸੀ, ਉਸ ਧਾਰੇ ਦੇ ਜ਼ੇਰੇ, ਸਿੱਖਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਤੋਂ ਪਹਿਲਾ ਵੀ ਮੱਲਾਂ ਵਾਲਾ ’ਚ ਹੋਈ ਝੜਪ ਕਾਰਣ ਸਿਰਫ਼ ਸਿੱਖਾਂ ਨੂੰ ਹੀ ਤਿੰਨ-ਤਿੰਨ ਸਾਲ ਦੀ ਸਜ਼ਾ ਦਿੱਤੀ ਗਈ ਸੀ। ਅਸੀਂ ਸਮਝਦੇ ਹਾਂ ਕਿ ਦੇਸ਼ ਦੀਆਂ ਸਰਕਾਰਾਂ ਅਤੇ ਸਿਆਸੀ ਧਿਰਾਂ ਵੋਟ ਮੰਗਤੀਆਂ ਹਨ, ਅਤੇ ਵੋਟਾਂ ਦੇ ਦਬਾਅ ਥੱਲੇ, ਉਨ੍ਹਾਂ ਲਈ ਇਨਸਾਫ਼ ਦਾ ਕਤਲ ਕੋਈ ਵੱਡੀ ਗੱਲ੍ਹ ਨਹੀਂ। ਸਰਕਾਰ ਦੇ ਦਬਾਅ ਥੱਲੇ ਪੁਲਿਸ ਪਹਿਲਾ ਹੀ ਅਜਿਹਾ ਕੇਸ ਤਿਆਰ ਕਰਦੀ ਹੈ ਕਿ ਅਦਾਲਤਾਂ ਨੂੰ ਸਰਕਾਰ ਦੀ ਮਰਜ਼ੀ ਵਰਗਾ ਫੈਸਲਾ ਹੀ ਦੇਣਾ ਪੈਂਦਾ ਹੈ। ਪ੍ਰੰਤੂ ਕਿਉਂਕਿ ਅਦਾਲਤ ਦੇ ਹੱਥ ਇਨਸਾਫ਼ ਦੀ ਤੱਕੜੀ ਹੈ, ਇਸ ਲਈ ਉਸਨੂੰ ਸਰਕਾਰ ਤੇ ਪੁਲਿਸ ਵਾਲੀ ਐਨਕ ਦੀ ਥਾਂ, ਇਨਸਾਫ਼ ਦੀ ਐਨਕ ’ਚੋਂ ਵੇਖਣਾ ਚਾਹੀਦਾ ਹੈ। ਇੱਕੋ ਕਾਰਣ ਨੂੰ ਲੈ ਕੇ ਵਾਪਰੀ ਇਕ ਸਮੇਂ ਦੀ ਘਟਨਾ ਦਾ ਫੈਸਲਾ ਵੀ ਘੱਟੋ-ਘੱਟ ਇਕੋ ਸਮੇਂ ਹੋਣਾ ਚਾਹੀਦਾ ਸੀ, ਪ੍ਰੰਤੂ ਜੇ ਅਦਾਲਤ ਨੇ ਅਜਿਹਾ ਨਹੀਂ ਕੀਤਾ ਤਾਂ ਸਿੱਖਾਂ ਦਾ ਭਰੋਸਾ ਭਾਰਤੀ ਨਿਆਂ ਪ੍ਰਣਾਲੀ ਤੋਂ ਉਠਣਾ ਸੁਭਵਿਕ ਹੈ। ਜਥੇਦਾਰ ਨੰਦਗੜ੍ਹ ਵੱਲੋਂ ਦਿੱਤਾ ਗਿਆ ਇਹ ਬਿਆਨ ਕਿ ਅਦਾਲਤ ਨੇ ਸਿੱਖ ਵਿਰੋਧੀ ਤੇ ਇਕ ਪਾਸੜ ਫੈਸਲੇ, ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹਨ, ਉਸੇ ਪੀੜ੍ਹਾਂ ’ਚੋਂ ਹੀ ਨਿਕਲਿਆ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਨੂੰ ਹੁਣ ਆਪਣੀ ਹੋਂਦ ਤੇ ਅਜ਼ਾਦੀ ਨੂੰ ਲੈ ਕੇ ਆਤਮ-ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ। ਜੇ ਭਾਰਤੀ ਲੋਕਤੰਤਰ ਦੇ ਚਾਰੋਂ ਥੰਮ, ਇਸੇ ਤਰ੍ਹਾਂ ਸਿੱਖ ਵਿਰੋਧੀ ਭਾਵਨਾ ਨਾਲ ਓਤਪੋਤ ਰਹੇ ਤਾਂ ਸਾਡੀਆਂ ਗਰਦਨਾਂ ਦੁਆਲੇ ਗੁਲਾਮੀ ਦਾ ਰੱਸਾ ਹੋਰ ਕੱਸਿਆ ਜਾਵੇਗਾ ਤੇ ਫਿਰ ਆਖ਼ਰ ਸਿੱਖ ਕੌਮ ਨੂੰ ਸਾਹ ਕਦੋਂ ਤੱਕ ਆਉਂਦਾ ਰਹੇਗਾ।

ਉਕਤ ਲਿਖਤ ਰੋਜਾਨਾ ਪਹਿਰੇਦਾਰ ਦੇ 31 ਜੁਲਾਈ, 2013 ਨੂੰ ਛਪੀ ਸ੍ਰ. ਜਸਪਾਲ ਸਿੰਘ ਹੇਰਾਂ ਵੱਲੋਂ ਲਿਖੀ ਸੰਪਾਦਕੀ ਰਚਨਾ ਹੈ। ਇਸ ਨੂੰ ਸਿੱਖ ਸਿਆਸਤ ਦੇ ਪਾਠਕਾਂ ਲਈ ਇਥੇ ਮੁੜ ਛਾਪਿਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,