ਸਿੱਖ ਖਬਰਾਂ

ਪੰਜਾਬ ‘ਚ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਘਟਣ ‘ਤੇ ਈਕੋ ਸਿੱਖ ਨੇ ਚਿੰਤਾ ਜ਼ਾਹਿਰ ਕੀਤੀ

November 30, 2014 | By

ਵਾਸ਼ਿੰਗਟਨ ( 28 ਨਵੰਬਰ , 2014): ਵਾਤਾਵਰਣ ਸਬੰਧੀ ਕੰਮ ਕਰਨ ਵਾਲੀ ਅਤੇ ਲੋਕਾਂ ਵਿੱਚ ਚੇਤੰਨਤਾ ਪੈਦਾ ਕਰਨ ਦਾ ਕਮੰ ਕਰ ਰਹੀ ‘ਈਕੋ ਸਿੱਖ’ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਤੇ ਬਾਕੀ ਦੇ ਭਾਰਤ ਵਿੱਚ ਚੌਂਕਾ ਦੇਣ ਵਾਲੀ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ ਤੇ ਇਸ ਨਾਲ ਇੱਕ ਵੱਡਾ ਖਤਰਾ ਖੜ੍ਹਾ ਹੋ ਰਿਹਾ ਹੈ।ਅਮਰੀਕਾ ਦੀ ਵਾਤਾਵਰਨ ਨਾਲ ਸਬੰਧਤ ਇਕ ਜਥੇਬੰਦੀ ਨੇ ਖੇਤੀਬਾੜੀ ਵਾਲੇ ਸੂਬੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਹਿੱਸਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਚਲੇ ਜਾਣ ‘ਤੇ ਫ਼ਿਕਰ ਜ਼ਾਹਰ ਕੀਤਾ ਹੈ।

ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਅੰਦਰ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰਨ ਕਰਕੇ ਭਾਵੇਂ ਸਾਰੇ ਸੂਬੇ ਅੰਦਰ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਗਿਆ ਹੈ ਪਰ ਸਨਅਤੀ ਰਾਜਧਾਨੀ ਲੁਧਿਆਣਾ ‘ਚ ਚਾਰ ਦਹਾਕਿਆਂ ‘ਚ ਧਰਤੀ ਹੇਠਲਾ ਪਾਣੀ 30 ਫੁੱਟ ਤੋਂ 600 ਫੁੱਟ ਥੱਲੇ ਚਲਾ ਗਿਆ ਹੈ, ਜੋ ਗੰਭੀਰ ਚਿੰਤਾ ਦਾ ਕਾਰਣ ਬਣਦਾ ਜਾ ਰਿਹਾ ਹੈ।

EcoSikh Banner

ਈਕੋ ਸਿੱਖ

ਲੁਧਿਆਣਾ ਦੇ ਰਿਹਾਇਸ਼ੀ ਇਲਾਕਿਆਂ ‘ਚ ਅੱਜ ਤੋਂ 40 ਸਾਲ ਪਹਿਲਾਂ ਜਿਹੜੀ ਥਾਂ ‘ਤੇ 30 ਤੋਂ 40 ਫੁੱਟ ਦਾ ਬੌਰ ਕਰਕੇ ਧਰਤੀ ਦੇ ਹੇਠੋਂ ਪਾਣੀ ਕੱਢ ਲਿਆ ਜਾਂਦਾ ਸੀ, ਹੁਣ ਉਸੇ ਥਾਂ ‘ਤੇ 300 ਤੋਂ 400 ਫੁੱਟ ਹੇਠਾਂ ਜਾ ਕੇ ਸਾਫ਼ ਪਾਣੀ ਨਿਕਲਦਾ ਹੈ।

ਇਸ ਹਫਤੇ ਸੀਬੀਐਸ ਨਿਊਜ਼ ਦੇ ਨਾਮਵਰ ਖ਼ਬਰ ਪ੍ਰੋਗਰਾਮ ”60 ਮਿਨਟਸ” ਵਿੱਚ ਉਪਗ੍ਰਹਿ ਤੇ ਨਵੇਂ ਢੰਗ-ਤਰੀਕਿਆਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਮਾਤਰਾ ਬਾਰੇ ਸਾਹਮਣੇ ਆਏ ਤੱਥ ਪੇਸ਼ ਕੀਤੇ ਗਏ ਹਨ ।

ਈਕੋ ਸਿੱਖ ਜਥੇਬੰਦੀ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਕਿਹਾ ਕਿ ਇਹ ਸਾਫ ਹੈ ਕਿ ਭਾਰਤ ਦਾ ਅੰਨ ਭੰਡਾਰ (ਪੰਜਾਬ) ਗੰਭੀਰ ਸੰਕਟ ਵਿੱਚ ਹੈ ਤੇ ਇਸ ਮੁੱਦੇ ਨਾਲ ਫੌਰੀ ਨਜਿੱਠ ਕੇ ਫੌਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਇਕ ਵਿਆਪਕ ਚੇਤਨਾ ਲਹਿਰ ਦੇ ਨਾਲ-ਨਾਲ ਜਲ ਸਰੋਤਾਂ ਦੇ ਪ੍ਰਬੰਧਨ ਅਤੇ ਪਾਣੀ ਦੀ ਵਰਤੋਂ ਨੂੰ ਨਿਯਮਿਤ ਕੀਤੇ ਜਾਣ ਦੀ ਵੀ ਲੋੜ ਹੈ।

ਈਕੋ ਸਿੱਖ ਦੀ ਪੰਜਾਬ ਟੀਮ ਸਰਗਰਮੀਆਂ ਨਾਲ ਕੰਮ ਕਰ ਰਹੀ ਹੈ ਤੇ ਸਥਾਨਕ ਲੋਕਾਂ ਨੂੰ ”ਪਾਣੀ ਬਚਾਉਣਾ ਕਿਉਂ ਜ਼ਰੂਰੀ ਤੇ ਕਿਉਂ ਧਰਤੀ ਨਾਲ ਇਕ-ਮਿਕ ਹੋ ਕੇ ਰਹਿਣਾ ਲਾਜ਼ਮੀ ਹੈ”, ਬਾਰੇ ਦੱਸ ਰਹੀ ਹੈ।

ਜਥੇਬੰਦੀ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਦਾ ਗਰੀਨ ਨਗਰ ਕੀਰਤਨ ਲੋਕਾਂ ਨੂੰ ਪਾਣੀ ਬਚਾਉਣ ਦਾ ਉਪਰਾਲਾ ਕਰਨ ਦਾ ਤਰੀਕਾ ਦੱਸਦਾ ਹੈ।
ਈਕੋ ਸਿੱਖਸ ਨੇ ਹਾਲ ਹੀ ਵਿੱਚ ਗਰੀਨ ਨਗਰ ਕੀਰਤਨ ਸਜਾਏ ਤੇ ਚੌਥਾ ਸਮਾਗਮ ਲੁਧਿਆਣਾ ਵਿੱਚ ਕਰਾਇਆ ਗਿਆ, ਜਿੱਥੇ ਬਹੁਤ ਸਾਰੇ ਸਟਾਲਾਂ ‘ਤੇ ਵਾਤਾਵਰਨ ਪੱਖੀ ਕਾਗਜ਼ੀ ਪਲੇਟਾਂ ਤੇ ਸਟੀਲ ਦੇ ਗਲਾਸ ਲੰਗਰ ਲਈ ਵਰਤੇ ਗਏ।

ਪੰਜਾਬ ਟੀਮ ਦੇ ਕਨਵੀਨਰ ਰਣਜੋਧ ਸਿੰਘ ਨੇ ਦੱਸਿਆ ਕਿ ਉਹ ਛੋਟੇ- ਛੋਟੇ ਯਤਨ, ਕਚਰਾ ਘਟਾਉਣ, ਸਰੋਤਾਂ ਦੀ ਸਾਂਭ-ਸੰਭਾਲ ਤੇ ਕਾਇਨਾਤ ਨਾਲ ਇਕ-ਮਿਕ ਹੋ ਕੇ ਰਹਿਣ ਦੇ ਸਮੁੱਚੇ ਟੀਚੇ ਵੱਲ ਵੱਡੀ ਪੁਲਾਂਘ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,