ਸਿੱਖ ਖਬਰਾਂ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨੇਪਾਲ ਦੇ ਭੁਚਾਲ ਪੀੜਤਾਂ ਲਈ ਲੰਗਰ ਦੀ ਸੇਵਾ ਸ਼ੁਰੂ

April 30, 2015 | By

ਨਵੀਂ ਦਿੱਲੀ (30 ਅਪ੍ਰੈਲ, 2015): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇਪਾਲ ’ਚ ਕਾਠਮੰਡੂ ਦੇ ਨੇੜੇ ਦੇ ਦੋ ਪਿੰਡਾਂ ਵਿੱਚ ਲੰਗਰ ਪਕਾਉਣ ਅਤੇ ਛਕਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਨੁਮਾਇੰਦੇ ਪੁਨੀਤ ਸਿੰਘ ਚੰਢੋਕ ਨੇ ਦੱਸਿਆ ਕਿ ਕਾਠਮੰਡੂ ਸ਼ਹਿਰ ਤੋਂ ਉਤਰ ਵੱਲ 25 ਕਿਲੋਮੀਟਰ ਦੂਰ ਪਿੰਡ ਸ਼ੰਖੂ ਅਤੇ ਦੱਖਣ ਵੱਲ 25 ਕਿਲੋਮੀਟਰ ਦੂਰ ਖੋਖਣਾ ਵਿਖੇ ਲੰਗਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ।

ਚੰਢੋਕ ਨੇ ਕਿਹਾ ਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ ਪਕਾ ਕੇ ਜਦੋਂ ਕਾਠਮੰਡੂ ਭੇਜਿਆ ਜਾਂਦਾ ਹੈ ਤਾਂ ਇਸ ਭੇਜਣ ਸਮੇਂ ਦੌਰਾਨ ਵੱਖ-ਵੱਖ ਤਕਨੀਕੀ ਅਤੇ ਜਰੂਰੀ ਨਿਯਮਾਂ ਦਾ ਪਾਲਣ ਏਅਰਫੋਰਸ ਨੂੰ ਕਰਨਾ ਪੈਂਦਾ ਸੀ, ਜਿਸ ਕਰਕੇ ਲੰਗਰ ਨੂੰ ਸੁਚੱਜੇ ਢੰਗ ਨਾਲ ਕਾਠਮੰਡੂ ਤੱਕ ਪੁੱਜਣ ’ਚ ਕਾਫੀ ਦੇਰ ਲਗਦੀ ਸੀ।ਨੇਪਾਲ ਪ੍ਰਸ਼ਾਸ਼ਨ ਅਤੇ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਸਲਾਹ ਤੋਂ ਬਾਅਦ ਹੀ ਦਿੱਲੀ ਕਮੇਟੀ ਵੱਲੋਂ ਇਹਨਾਂ ਅਸਥਾਨਾਂ ’ਤੇ ਵੱਖ-ਵੱਖ ਲੰਗਰ ਕੈਂਪ ਸਥਾਪਤ ਕੀਤੇ ਜਾਣ ਦੀ ਗੱਲ ਚੰਢੋਕ ਨੇ ਕੀਤੀ।

ਚੰਢੋਕ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਦਿੱਲੀ ਤੋਂ ਫੂਡ ਪੈਕੇਟ ਦੇ ਇਲਾਵਾ, ਨਮਕ ਪਾਰੇ, ਸ਼ੱਕਰ ਪਾਰੇ, ਮੱਠੀਆਂ, ਕੰਬਲ, ਟੈਂਟ ਆਦਿ ਦੀ ਵੱਡੀ ਤਾਦਾਦ ਵਿੱਚ ਰੋਜ਼ਾਨਾ ਪੱਧਰ ’ਤੇ ਭਾਰਤੀ ਵਾਯੂ ਸੈਨਾ ਨੂੰ ਸੌਂਪੇ ਜਾ ਰਹੇ ਹਨ।

ਨੇਪਾਲ ਵਿੱਚ ਇਹਨਾਂ ਲੰਗਰ ਕੈਂਪਾਂ ਦੀ ਸੰਭਾਲ ਦਿੱਲੀ ਕਮੇਟੀ ਵੱਲੋਂ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਸਮਰਦੀਪ ਸਿੰਘ ਸੰਨੀ ਅਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਔਲਖ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਨਾਲ ਦਿੱਲੀ ਕਮੇਟੀ ਦੇ ਲਾਂਗਰੀ, ਸੇਵਾਦਾਰ ਅਤੇ ਸਥਾਨਕ ਪਿੰਡ ਵਾਸੀ ਲੰਗਰ ਪਕਾਉਣ ਅਤੇ ਵਰਤਾਉਣ ਵਿੱਚ ਸਹਿਯੋਗ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: