ਸਿੱਖ ਖਬਰਾਂ

ਮੱਲਾਂਵਾਲਾ (ਫਿਰੋਜ਼ਪੁਰ) ‘ਚ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ‘ਚ ਝੜਪ

February 26, 2017 | By

ਫ਼ਿਰੋਜ਼ਪੁਰ: ਫਿਰੋਜ਼ਪੁਰ ਤੋਂ 25 ਕਿਲੋਮੀਟਰ ਦੂਰ ਕਸਬਾ ਮੱਲਾਂਵਾਲਾ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਨਾਮ ਚਰਚਾ ਨੂੰ ਲੈ ਕੇ ਝੜਪ ਹੋ ਗਈ ਅਤੇ ਦੋਵਾਂ ਪਾਸਿਉਂ ਇੱਟਾਂ-ਰੋੜੇ ਚੱਲੇ। ਇਸ ਪੱਥਰਬਾਜ਼ੀ ਦੌਰਾਨ ਇੱਕ ਡੇਰਾ ਪ੍ਰੇਮੀ ਦੀ ਗੱਡੀ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੁਕਸਾਨੀ ਗਈ ਡੇਰਾ ਪ੍ਰੇਮੀ ਦੀ ਗੱਡੀ ‘ਚ ਕਾਫੀ ਗਿਣਤੀ ‘ਚ ਬੇਸ ਬਾਲ ਦੇ ਬੱਲੇ, ਡਾਂਗਾਂ ਅਤੇ ਹੋਰ ਤੇਜ਼ਧਾਰ ਹਥਿਆਰ ਸਨ।

ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਵੱਡੀ ਗਿਣਤੀ 'ਚ ਪਹੁੰਚੀ ਪੁਲਿਸ

ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ

ਮਿਲੀ ਜਾਣਕਾਰੀ ਮੁਤਾਬਕ ਮੱਲਾਂਵਾਲਾ ਦੇ ਭੰਗੀਦਾਸ ਰਾਮ ਆਸਰਾ ਦੇ ਘਰ ਸ਼ਨੀਵਾਰ ਸਵੇਰੇ ਡੇਰਾ ਪ੍ਰੇਮੀਆਂ ਨੇ “ਨਾਮ ਚਰਚਾ” ਰੱਖੀ ਹੋਈ ਸੀ। ਇਸ ਬਾਰੇ ਜਿਵੇਂ ਹੀ ਸਿੱਖ ਜਥੇਬੰਦੀਆਂ ਦੇ ਆਗੂਆਂ ਏਕ ਨੂਰ ਖਾਲਸਾ ਫੌਜ ਦੇ ਬਾਬਾ ਦਿਲਬਾਗ ਸਿੰਘ, ਰਾਜ ਕਰੇਗਾ ਖਾਲਸਾ ਫਾਰਮ ਦੇ ਗਿਆਨੀ ਮਲੂਕ ਸਿੰਘ, ਬਾਬਾ ਹਰਦੀਪ ਸਿੰਘ, ਬਾਬਾ ਸਰਵਨ ਸਿੰਘ, ਪੰਜਾਬ ਯੂਥ ਆਰਗੇਨਾਈਜ਼ੇਸ਼ਨ ਦੇ ਗੁਰਸੇਵਕ ਸਿੰਘ ਤੋਂ ਇਲਾਵਾ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਾਰਜ ਸਿੰਘ ਦੇ ਹੋਰ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਕੱਠੇ ਹੋ ਕੇ ਸਿੱਖ ਵਿਰੋਧੀ ਇਸ ਪ੍ਰੋਗਰਾਮ ਨੂੰ ਰੋਕਣ ਦਾ ਪ੍ਰੋਗਰਾਮ ਬਣਾ ਲਿਆ। ਸਿੱਖ ਸੰਗਤਾਂ ਨੇ ਡੇਰਾ ਸਿਰਸਾ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਸਬੰਧਤ ਖ਼ਬਰ:

ਲੁਧਿਆਣਾ-ਮਲਕੇਰਕੋਟਲਾ ਸੜਕ ‘ਤੇ ਸਥਿਤ ਡੇਰੇ ’ਚ ਡੇਰਾ ਪ੍ਰੇਮੀ ਪਿਉ-ਪੁੱਤ ਦਾ ਕਤਲ …

ਡੇਰਾ ਪ੍ਰੇਮੀਆਂ ਨੇ ਦੋਸ਼ ਲਾਇਆ ਕਿ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਨਾਮ ਚਰਚਾ ਰੋਕਣ ਲਈ ਉਨ੍ਹਾਂ ’ਤੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਡੇਰਾ ਪ੍ਰੇਮੀ ਦੇਵਾਨੰਦ ਮੁਤਾਬਿਕ ਇਸ ਦੌਰਾਨ ਸ਼ਹਿਰ ਵਿੱਚ ਹਫੜਾ-ਦਫ਼ੜੀ ਮੱਚ ਗਈ ਤੇ ਨੇੜਲੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਡੇਰਾ ਪ੍ਰੇਮੀਆਂ ਨੇ ਦੋਸ਼ ਲਾਇਆ ਕਿ ਸਿੱਖ ਨੌਜਵਾਨ ਨਾਮ ਚਰਚਾ ਵਾਲੇ ਘਰ ਦੇ ਨੇੜੇ ਸਥਿਤ ਗੁਰਦੁਆਰੇ ਦੀ ਛੱਤ ਤੋਂ ਰੋੜੇ ਚਲਾ ਰਹੇ ਸਨ।

ਸਬੰਧਤ ਖ਼ਬਰ:

ਮੱਖੂ ‘ਚ ਸਿੱਖ ਸੰਗਤਾਂ ਤੇ ਡੇਰਾ ਸਿਰਸਾ ਪ੍ਰੇਮੀਆਂ ’ਚ ਟਕਰਾਅ …

ਦੂਜੇ ਪਾਸੇ ਏਕ ਨੂਰ ਖਾਲਸਾ ਫੌਜ ਦੇ ਆਗੂ ਭਾਈ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਨਾਮ ਚਰਚਾ ਦਾ ਵਿਰੋਧ ਕਰਦੇ ਆ ਰਹੇ ਹਨ। ਅੱਜ ਵੀ ਸਿੱਖ ਨੌਜਵਾਨਾਂ ਨੇ ਜਦੋਂ ਨਾਮ ਚਰਚਾ ਦਾ ਵਿਰੋਧ ਕੀਤਾ ਤਾਂ ਕੁਝ ਡੇਰਾ ਪ੍ਰੇਮੀਆਂ ਨੇ ਦੋ ਸਿੱਖ ਨੌਜਵਾਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ, ਜਿਸ ਕਾਰਨ ਮਾਹੌਲ ਵਿਗੜ ਗਿਆ। ਉਨ੍ਹਾਂ ਦੱਸਿਆ ਕਿ ਇੱਟਾਂ ਰੋੜੇ ਦੋਵੇਂ ਪਾਸਿਆਂ ਤੋਂ ਚੱਲੇ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ, ਡਿਪਟੀ ਕਮਿਸ਼ਨਰ ਬੀਐਸ ਧਾਲੀਵਾਲ ਸਮੇਤ ਕਈ ਸੀਨੀਅਰ ਪੁਲਿਸ ਤੇ ਸਿਵਲ ਅਧਿਕਾਰੀ ਮੌਕੇ ’ਤੇ ਪੁੱਜ ਗਏ। ਇਸੇ ਦੌਰਾਨ ਪੁਲਿਸ ਨੇ ਡੇਰਾ ਪ੍ਰੇਮੀਆਂ ਦੀ ਸ਼ਿਕਾਇਤ ’ਤੇ ਏਕ ਨੂਰ ਖ਼ਾਲਸਾ ਫੌਜ ਦੇ ਬਾਬਾ ਦਿਲਬਾਗ ਸਿੰਘ ਤੋਂ ਇਲਾਵਾ 30-35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,