ਸਿੱਖ ਖਬਰਾਂ

ਸ਼ਿਵ ਸੈਨਾ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਦਲ਼ ਖਾਲਸਾ ਨੇ ਕਿਹਾ ਕਿ “ਭਾਰਤੀ ਸੰਵਿਧਾਨ ਵਿੱਚ ਰੱਖੇ ਜਾਣ ਜਾਂ ਕੱਢ ਦਿੱਤੇ ਜਾਣ,ਸਿੱਖਾਂ ਨੂੰ ਕੋਈ ਫਰਕ ਨਹੀ ਪੈਂਦਾ”

January 31, 2015 | By

ਸ਼੍ਰੀ ਅੰਮ੍ਰਿਤਸਰ ਸਾਹਿਬ( 30 ਜਨਵਰੀ,2015): ਸਿੱਖ ਜੱਥੇਬੰਦੀ ਦਲ ਦੇ ਬੁਲਾਰੇ ਸ੍ਰ ਕੰਵਰਪਾਲ ਸਿੰਘ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਭਾਰਤੀ ਸੰਵਿਧਾਨ ਵਿੱਚ ਦਰਜ ਸ਼ਬਦ ਧਰਮ ਨਿਰਪੱਖਤਾ ਅਤੇ ਸਮਾਜਵਾਦ ਤਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਖਾਉਣ ਅਤੇ ਗੁਮਰਾਹ ਕਰਨ ਲਈ ਹਨ , ‘ਸਾਨੂੰ ਭਲੀ ਭਾਂਤ ਪਤਾ ਹੈ ਕਿ ਭਾਰਤ ਇਕ ਹਿੰਦੂ ਦੇਸ਼ ਹੈ ਅਤੇ ਇਥੇ ਵੱਸ ਰਹੀਆਂ ਘੱਟ ਗਿਣਤੀਆਂ ਇਸਦਾ ਹਿੱਸਾ ਨਹੀ ਹਨ’।

Kanwar-Pal-Singh-Bittu-Dal-Khalsa-leader-225x300ਅਮਰੀਕੀ ਰਾਸ਼ਟਰਪਤੀ ਮਿਸਟਰ ਬਰਾਕ ਉਬਾਮਾ ਵਲੋਂ ਭਾਰਤ ਵਿੱਚ ਵੱਧ ਰਹੇ ਕੱਟੜਵਾਦ ਨੂੰ ਨਕੇਲ ਪਾਉਣ ਦੀ ਦਿੱਤੀ ਨਸੀਹਤ ਦੇ 24 ਘੰਟਿਆਂ ਬਾਅਦ ਹੀ ਭਾਜਪਾ ਦੇ ਇਕ ਹਿੱਸੇ ਸ਼ਿਵ ਸੈਨਾ ਵਲੋਂ ਭਾਰਤੀ ਸੰਵਿਧਾਨ ਵਿੱਚੋਂ ਸ਼ਬਦ ਸਮਾਜਵਾਦ ਅਤੇ ਧਰਮ ਨਿਰਪੱਖਤਾ ਕੱਢ ਦਿੱਤੇ ਜਾਣ ਦੇ ਸੁਝਾਅ ਤੇ ਤਿੱਖਾਂ ਪ੍ਰਤੀਕਰਮ ਦਿੰਦਿਆਂ ਦਲ ਖਾਲਸਾ ਨੇ ਕਿਹਾ ਹੈ ਕਿ ਇਹ ਸਪਸ਼ਟ ਸੰਕੇਤ ਹੈ ਕਿ ਸੰਘ ਪ੍ਰੀਵਾਰ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਵਜੋਂ ਹੀ ਵੇਖਣਾ ਚਾਹੁੰਦਾ ਹੈ ।

ਪਾਰਟੀ ਬੁਲਾਰੇ ਨੇ ਕਿਹਾ ਕਿ ਸ਼ਬਦ ਧਰਮ ਨਿਰਪੱਖ ਅਤੇ ਸਮਾਜਵਾਦ ,ਭਾਰਤੀ ਸੰਵਿਧਾਨ ਵਿੱਚ ਰੱਖੇ ਜਾਣ ਜਾਂ ਕੱਢ ਦਿੱਤੇ ਜਾਣ,ਸਿੱਖਾਂ ਨੂੰ ਕੋਈ ਫਰਕ ਨਹੀ ਪੈਂਦਾ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਦਰਜਾ ਤੇ ਸਥਾਨ ਹਿੰਦੂ ਭਾਰਤ ਵਿੱਚ ਬਰਾਬਰੀ ਦਾ ਨਹੀ ਹੈ ,ਉਹ ਜਾਂ ਤਾਂ ਮਜਬੂਰੀ ਹਿੱਤ ਜਾਂ ਤਾਕਤ ਨਾਲ ਰੱਖੇ ਜਾ ਰਹੇ ਹਨ ।

ਸ੍ਰ ਕੰਵਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਇਸ ਮਹਾਂਦੀਪ ਦਾ ਹਿੱਸਾ ਰਿਹਾ ਹੈ ਲੇਕਿਨ ਇਸ ਕਥਿਤ ਭਾਰਤ ਦਾ ਨਹੀਂ ,ਇਹ ਤਾਂ ਸਭਤੋਂ ਬਾਅਦ ਅੰਗਰੇਜਾਂ ਵਲੋਂ ਜੋੜਿਆ ਗਿਆ ਸੀ ਅਤੇ ਉਸ ਵੇਲੇ ਤੋਂ ਲੈਕੇ ਹੁਣ ਤੀਕ ਸਿੱਖ ਹਿੰਦੂ-ਭਾਰਤ ਤੋਂ ਅਜਾਦ ਹੋਣ ਦੇ ਇੱਛਕ ਰਹੇ ਹਨ।

ਦਲ ਖਾਲਸਾ ਬੁਲਾਰੇ ਨੇ ਕਿਹਾ ਕਿ ਅਜੇ ਆਏ ਮਹਿਮਾਨ ਨੂੰ ਭਾਰਤੀ ਮਿੱਟੀ ਛੱਡਿਆਂ ਕੁਝ ਘੰਟੇ ਹੀ ਹੋਏ ਹਨ ਕਿ ਹਿੰਦੂਤਵ ਪ੍ਰੀਵਾਰ ਨੇ ਆਪਣਾ ਅਸਲੀ ਰੰਗ ਵਿਖਾਕੇ ਬਰਾਕ ਉਬਾਮਾ ਨੂੰ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਨੂੰ ਉਬਾਮਾ ਦੀਆਂ ਨਸੀਹਤਾਂ ਦੀ ਕੋਈ ਜਰੂਰਤ ਨਹੀ।

ਸ੍ਰ ਕੰਵਰਪਾਲ ਸਿੰਘ ਨੇ ਕਿਹਾ ਕਿ ਕਿ ਸਾਡੇ ਵਾਂਗ ਅਮਰੀਕੀ ਰਾਸ਼ਟਰਪਤੀ ਅਤੇ ਵਿਸ਼ੇਸ਼ ਕਰਕੇ ਨਸਲਕੁਸ਼ੀ ਦਾ ਸ਼ਿਕਾਰ ਘੱਟ ਗਿਣਤੀਆਂ ,ਭਲੀ ਭਾਂਤ ਜਾਣਦੀਆਂ ਹਨ ਉਹ ਇਸ ਦੇਸ਼ ਵਿੱਚ ਹੁਣ ਜਿਆਦਾ ਕੱਟੜ ਹਿੰਦੂਤਵ ਦਾ ਸਾਹਮਣਾ ਕਰ ਰਹੀਆਂ ਹਨ।

ਬੁਲਾਰੇ ਨੇ ਇਸ ਗਲ ਤੇ ਚਿੰਤਾ ਪ੍ਰਗਟਾਈ ਕਿ ਅਮਰੀਕਨ ਨੀਤੀ ਵਿੱਚ ਵਿਸ਼ਾਲ ਬਦਲਾਵ ਆਇਆ ਹੈ ਤੇ ਵਿਸ਼ੇਸ਼ ਕਰਕੇ ਭਾਰਤੀ ਲੌਡਰਸ਼ਿਪ ਪ੍ਰਤੀ ਲਗਾਵ ਦੇ ਮਾਮਲੇ ਵਿੱਚ , ਕੱਲ ਤੀਕ ਜਿਸ ਮੌਜੂਦਾ ਭਾਰਤ ਦੇ ਪ੍ਰਧਾਨ ਮੰਤਰੀ ਲਈ ਅਮਰੀਕਾ ਦੇ ਰਾਹ ਬੰਦ ਸਨ ਅਤੇ ਅਮਰੀਕਾ ਮਨੁਖੀ ਅਧਿਕਾਰਾਂ ਦੇ ਪੀੜਤਾਂ ਲਈ ਚਿੰਤਤ ਸੀ ਤੇ ਅੱਜ ?

ਦਲ ਖਾਲਸਾ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਬਰਾਕ ਉਬਾਮਾ ,ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁਖੀ ਅਧਿਕਾਰਾਂ ਦੇ ਉਲੰਘਣ ਅਤੇ ਰਾਜਨੀਤਕ ਇਛਾਵਾਂ ਦਾ ਮਾਮਲਾ ਜਰੂਰ ਉਠਾਉਣਗੇ ਲੇਕਿਨ ਫਿਰ ਵੀ ਮਹਿਸੂਸ ਕਰਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਜੇਕਰ ਭਾਰਤ ਵਿੱਚ ਵੱਧ ਰਹੇ ਧਾਰਮਿਕ ਕੱਟੜਵਾਦ ਤੇ ਟਿਪਣੀ ਕੀਤੀ ਹੈ ਤਾਂ ਉਸਨੇ ਭਾਰਤ ਨੂੰ ਸ਼ੀਸ਼ਾ ਵਿਖਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,