ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲਾ ਕੇਸ ਮੁੜ ਖੁੱਲ੍ਹੇਗਾ: ਐਡਵੋਕੇਟ ਨਵਕਿਰਨ ਸਿੰਘ

August 31, 2017 | By

ਚੰਡੀਗੜ੍ਹ: ਵਕੀਲਾਂ ਦੀ ਮਨੁੱਖੀ ਅਧਿਕਾਰ ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਸਮੇਤ ਮੀਡੀਆ ਨਾਲ ਗੱਲਬਾਤ ਕਰਦਿਆਂ ਡੇਰਾ ਸਿਰਸਾ ਵਿੱਚ ਸੇਵਾਦਾਰ (ਸਾਧੂ) ਰਹਿ ਚੁੱਕੇ ਹੰਸ ਰਾਜ ਚੌਹਾਨ ਨੇ ਆਪਣੀ ਵਿਿਥਆ ਸੁਣਾਉਂਦਿਆਂ ਦੱਸਿਆ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਬਰਫ਼ੀ ਖੁਆ ਕੇ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਉਸ ਨੇ ਕਿਹਾ ਕਿ ਉਹ ਆਖ਼ਰੀ ਸਾਹਾਂ ਤੱਕ ਡੇਰਾ ਮੁਖੀ ਵਿਰੁੱਧ ਕਾਨੂੰਨੀ ਲੜਾਈ ਲੜਣ ਨੂੰ ਤਿਆਰ ਹੈ।

ਉਸ ਨੇ ਦੱਸਿਆ ਕਿ ਮੇਰੇ ਮਾਪੇ ਡੇਰਾ ਮੁਖੀ ਦੇ ਪੈਰੋਕਾਰ ਸਨ ਤੇ ਉਹ ਉਸ ਨੂੰ ਵੀ 17 ਸਾਲ ਦੀ ਉਮਰ (1996) ਵਿੱਚ ਡੇਰੇ ਲੈ ਗਏ ਸਨ, ਜਿੱਥੇ ਰਾਮ ਰਹੀਮ ਨੇ ਉਸ ਨੂੰ ਬਰਫੀ ਦੀਆਂ ਦੋ ਟਿੱਕੀਆਂ ਖੁਆ ਕੇ ਸਾਧੂ ਬਣਾ ਦਿੱਤਾ। ਉਸ ਦੀ ਡੇਰੇ ਵਿੱਚ ਸਾਊਂਡ ਸਿਸਟਮ ’ਤੇ ਡਿਊਟੀ ਲਾ ਦਿੱਤੀ ਤੇ ਉਸ ਨੂੰ ਭਜਨ ਮੰਡਲੀ ਦਾ ਮੈਂਬਰ ਬਣਾ ਦਿੱਤਾ ਗਿਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਨਵਕਿਰਨ ਸਿੰਘ, ਹੰਸ ਰਾਜ ਚੌਹਾਨ (ਐਨ ਸੱਜੇ) ਅਤੇ ਗੁਰਦਾਸ ਸਿੰਘ ਤੂਰ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਨਵਕਿਰਨ ਸਿੰਘ, ਹੰਸ ਰਾਜ ਚੌਹਾਨ (ਐਨ ਸੱਜੇ) ਅਤੇ ਗੁਰਦਾਸ ਸਿੰਘ ਤੂਰ।

ਚੌਹਾਨ ਨੇ ਗੱਲਬਾਤ ਵਿੱਚ ਕਿਹਾ ਕਿ ਡੇਰਾ ਮੁਖੀ ਨੇ ਆਪਣੇ ਡੇਰੇ ਦੇ ਸਾਧੂਆਂ ਨੂੰ ਨਿਪੁੰਸਕ ਬਣਾ ਕੇ ਪਰਮਾਤਮਾ ਦੇ ਨੇੜੇ ਕਰਨ ਦਾ ਢੋਂਗ ਰਚਣ ਤੋਂ ਪਹਿਲਾਂ ਇੱਕ ਘੋੜੇ ਦਾ ਅਜਿਹਾ ਅਪਰੇਸ਼ਨ ਕਰਵਾਇਆ ਸੀ, ਜਿਸ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਉਸ ਨੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੀ ਕਾਰਵਾਈ ਵਿੱਢ ਦਿੱਤੀ ਤੇ 2002 ਵਿੱਚ ਉਸ ਨੂੰ ਵੀ ਨਿਪੁੰਸਕ ਬਣਾ ਦਿੱਤਾ।

ਚੌਹਾਨ ਨੇ ਭੁੱਬਾਂ ਮਾਰਦਿਆਂ ਦੱਸਿਆ ਕਿ ਜਦੋਂ ਅਪਰੇਸ਼ਨ ਦੇ ਤੀਜੇ ਦਿਨ ਪੱਟੀ ਖੁੱਲ੍ਹੀ ਤਾਂ ਉਹ ਸਮਝ ਗਿਆ ਸੀ ਕਿ ਹੁਣ ਉਸ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਨਿਪੁੰਸਕ ਕਰਨ ਤੋਂ ਬਾਅਦ ਡੇਰਾ ਮੁਖੀ ਨੇ ਉਸ ਨੂੰ ਜੱਫੀ ਪਾ ਲਈ ਤੇ ਕਿਹਾ ਕਿ ਹੁਣ ਉਹ ਉਸ ਦਾ ਸੱਚਾ ਭਗਤ ਬਣ ਗਿਆ ਹੈ। ਉਹ ਸੱਤ ਸਾਲ ਡੇਰੇ ਵਿੱਚ ਨਰਕ ਭਰੀ ਜ਼ਿੰਦਗੀ ਜਿਊਂਦਾ ਰਿਹਾ ਤੇ ਅਖ਼ੀਰ ਅਕਤੂਬਰ 2009 ਵਿੱਚ ਕਿਸੇ ਤਰ੍ਹਾਂ ਡੇਰੇ ਤੋਂ ਖਹਿੜਾ ਛੁਡਾ ਕੇ ਘਰ ਆ ਗਿਆ। ਇਸ ਦੇ ਬਾਵਜੂਦ ਡੇਰਾ ਮੁਖੀ ਦੇ ਬੰਦੇ ਘਰ ਆ ਕੇ ਉਸ ਨੂੰ ਸਕੂਲ ਦਾ ਪ੍ਰਿੰਸੀਪਲ ਬਣਾਉਣ ਤੇ ਹੋਰ ਵੱਡੀ ਜ਼ਿੰਮੇਵਾਰੀ ਦੇਣ ਦਾ ਲਾਲਚ ਦਿੰਦੇ ਰਹੇ, ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ।

ਉਸ ਨੇ ਕਿਸੇ ਤਰ੍ਹਾਂ ਆਪਣੇ-ਆਪ ਨੂੰ ਸੰਗੀਤ ਦੇ ਰਾਹ ਪਾ ਕੇ ਆਪਣੀ ਜ਼ਿੰਦਗੀ ਰੋੜ੍ਹੀ। ਉਸ ਦੇ ਮਾਤਾ-ਪਿਤਾ ਪਿਛਲੇ ਵਰ੍ਹੇ ਅਪਰੈਲ ਵਿੱਚ ਚਲਾਣਾ ਕਰ ਗਏ।ਚੌਹਾਨ ਨੇ ਦੱਸਿਆ ਕਿ ਡੇਰਾ ਮੁਖੀ ਇਸ ਕਰ ਕੇ ਸਾਧੂਆਂ ਨੂੰ ਨਿਪੁੰਸਕ ਬਣਾਉਂਦਾ ਸੀ ਕਿ ਉਹ ਸਿਰਫ਼ ਡੇਰੇ ਜੋਗੇ ਰਹਿ ਜਾਣ ਤੇ ਉਨ੍ਹਾਂ ਦੀ ਮੰਗ ਸਿਰਫ਼ ਰੋਟੀ-ਕੱਪੜੇ ਤੱਕ ਹੀ ਸੀਮਤ ਹੋ ਜਾਵੇ।

ਚਾਰ ਸਾਲ ਡੇਰੇ ਵਿੱਚ ਸੇਵਾਦਾਰ ਰਹਿਣ ਮਗਰੋਂ ਆਪਣੇ ਪਿਤਾ ਸਮੇਤ ਡੇਰੇ ਤੋਂ ਬਚ ਕੇ ਨਿਕਲੇ ਗੁਰਦਾਸ ਸਿੰਘ ਤੂਰ ਨੇ ਦੱਸਿਆ ਕਿ ਉਸ ਦੀ ਉਥੇ ਪ੍ਰਿੰਟਿੰਗ ਪ੍ਰੈੱਸ ਵਿੱਚ ਡਿਊਟੀ ਲਗਦੀ ਸੀ ਅਤੇ ਕੰਮ ਦੇ ਸਬੰਧ ਵਿੱਚ ਉਸ ਦੀ ਤਕਰੀਬਨ ਰੋਜ਼ਾਨਾ ਡੇਰਾ ਮੁਖੀ ਨਾਲ ਮੁਲਾਕਾਤ ਹੁੰਦੀ ਸੀ। ਉਸ ਨੇ ਇੱਕ ਦਿਨ ਬਾਬੇ ਵੱਲੋਂ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੂੰ ਪਿਸਤੌਲ ਚਲਾਉਣ ਦੀ ਸਿਖਲਾਈ ਦਿੰਦਿਆਂ ਦੇਖਿਆ ਅਤੇ ਕੁਝ ਦਿਨਾਂ ਬਾਅਦ ਹੀ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਦੇ ਕਤਲ ਵਿੱਚ ਪੁਲੀਸ ਵੱਲੋਂ ਕੁਲਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਗਰੋਂ ਉਸ ਨੇ ਤੁਰੰਤ ਡੇਰਾ ਛੱਡ ਦਿੱਤਾ।

ਤੂਰ ਨੇ ਦਾਅਵਾ ਕੀਤਾ ਕਿ ਡੇਰੇ ਵਿੱਚ ਏਕੇ 47 ਦਾ ਵੱਡਾ ਜ਼ਖੀਰਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਡੇਰਾ ਮੁਖੀ ਦਾ ਜਨਮ ਪਿੰਡ ਗੁਰੂਸਰ ਮੋਢੀਆ (ਰਾਜਸਥਾਨ) ਵਿੱਚ ਨਹੀਂ, ਨਾਨਕੇ ਪਿੰਡ ਕਿੱਕਰ ਖੇੜੇ (ਅਬੋਹਰ) ਹੋਇਆ ਸੀ ਅਤੇ ਉਸ ਦਾ ਅਸਲ ਨਾਮ ਹਰਪਾਲ ਸਿੰਘ ਹੈ। ਉਸ ਨੇ ਦੋਸ਼ ਲਾਇਆ ਕਿ ਡੇਰਾ ਮੁਖੀ ਦੇ ਜਿਹੜੇ ਪਿੰਡ ਦੇ ਵਿਅਕਤੀ ਨੇ ਉਸ ਨੂੰ ਜਾਣਕਾਰੀ ਦਿੱਤੀ ਸੀ, ਬਾਅਦ ਵਿੱਚ ਉਸ ਦਾ ਕਤਲ ਹੋ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਡੇਰਾ ਮੁਖੀ ਬਹੁਤ ਯੋਜਨਾਬੱਧ ਢੰਗ ਨਾਲ ਸਾਧਵੀਆਂ ਨੂੰ ਭਰਮਾਉਂਦਾ ਸੀ।

ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਕੁੱਲ 400 ਵਿੱਚੋਂ ਨਿਪੁੰਸਕ ਕੀਤੇ 166 ਸਾਧੂਆਂ ਦੀ ਸੂਚੀ ਹਾਈ ਕੋਰਟ ਨੂੰ ਦੇ ਦਿੱਤੀ ਹੈ ਅਤੇ ਸੀਬੀਆਈ ਵੱਲੋਂ ਅਕਤੂਬਰ ਵਿੱਚ ਆਪਣੀ ਅੰਤਿਮ ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਕਰਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੱਤਰਕਾਰ ਛਤਰਪਤੀ ਤੇ ਰਣਜੀਤ ਸਿੰਘ ਦੇ ਕਤਲ ਸਮੇਤ ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲੇ ਮਾਮਲੇ ਵਿੱਚ ਵੀ ਕੇਸ ਮੁੜ ਖੁੱਲ੍ਹਵਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,