ਸਿੱਖ ਖਬਰਾਂ

ਖਾੜਕੂਆਂ ਤੋਂ ਫੜੀ ਕਾਰ ਪਹਿਲਾਂ ਹੀ ਪੁਲਿਸ ਦੇ ਕਬਜ਼ੇ ’ਚ ਹੋਣ ਦਾ ਮਾਮਲਾ ਸਾਹਮਣੇ ਆਇਆ

February 23, 2010 | By

ਨਾਭਾ/ਲੁਧਿਆਣਾ (23 ਫਰਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ 23 ਫਰਵਰੀ ਨੂੰ ਛਪੀ ਇੱਕ ਖਬਰ ਅਨੁਸਾਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਸਵੀਰ ਸਿੰਘ ਉਰਫ਼ ਜੱਸਾ, ਜਿਸ ਨੂੰ ਪੁਲਿਸ ਨੇ 20 ਫਰਵਰੀ ਦੀ ਰਾਤ ਨੂੰ ਨਾਭਾ ਨੇੜਿਓਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਦੀ ਪਤਨੀ ਕਰਮਜੀਤ ਕੌਰ ਨੇ ਕਿਹਾ ਕਿ ਪੁਲਿਸ ਸਰਾਸਰ ਉਸ ਦੇ ਪਤੀ ਸਿਰ ਝੂਠਾ ਇਲਜ਼ਾਮ ਲਗਾ ਰਹੀ ਹੈ। ਉਸ ਨੇ ਦੱਸਿਆ ਕਿ 13 ਫਰਵਰੀ ਨੂੰ ਪੁਲਿਸ ਸ਼ਾਮ ਕਰੀਬ 6 ਵਜੇ ਉਨ੍ਹਾਂ ਦੇ ਘਰ ਆਈ ਤੇ ਉਸ ਦੇ ਪਤੀ ਨੂੰ ਚੁੱਕ ਕੇ ਲੈ ਗਈ।

ਖਬਰ ਅਨੁਸਾਰ ਕਰਮਜੀਤ ਕੌਰ ਨੇ ਦੱਸਿਆ ਹੈ ਕਿ ਉਹ ਆਪਣੇ ਪਤੀ ਜਸਵੀਰ ਸਿੰਘ ਨਾਲ ਆਪਣੀ ਕਾਰ ਨੰ: ਪੀ.ਬੀ.37 ਸੀ-7686 ਵਿਚ 11 ਫਰਵਰੀ ਨੂੰ ਕਿਸੇ ਰਿਸ਼ਤੇਦਾਰੀ ’ਚ ਗਏ ਸਨ ਪਰ ਅਗਲੀ ਸਵੇਰ ਉਸ ਦੇ ਪਤੀ ਦਾ ਦੋਸਤ ਕੁਲਵੰਤ ਸਿੰਘ ਨਿੱਜੀ ਕੰਮ ਲਈ ਉਨ੍ਹਾਂ ਦੀ ਕਾਰ ਨੂੰ ਲੈ ਗਿਆ ਸੀ। ਉਸ ਨੇ ਕਿਹਾ ਕਿ 13 ਫਰਵਰੀ ਨੂੰ ਜਸਵੀਰ ਸਿੰਘ ਘਰ ਦੀ ਮੁਰੰਮਤ ਕਰਵਾ ਰਿਹਾ ਸੀ ਕਿ ਸ਼ਾਮ ਦੇ ਕਰੀਬ 6 ਵਜੇ ਪਟਿਆਲਾ ਤੋਂ ਪੁਲਿਸ ਪਾਰਟੀ ਉਨ੍ਹਾਂ ਦੇ ਘਰ ਆਈ ਅਤੇ ਉਸ ਦੇ ਪਤੀ ਨੂੰ ਜਬਰੀ ਚੁੱਕ ਕੇ ਲੈ ਗਈ। ਪੁਲਿਸ ਨੇ 15 ਫਰਵਰੀ ਨੂੰ ਜਸਵੀਰ ਸਿੰਘ ਦੇ ਦੋਸਤ ਕੁਲਵੰਤ ਨੂੰ ਫ਼ੋਨ ’ਤੇ ਸੰਪਰਕ ਕਰਕੇ ਕਿਹਾ ਕਿ ਉਹ ਜਸਵੀਰ ਸਿੰਘ ਦੀ ਕਾਰ ਲੈ ਕੇ ਉਨ੍ਹਾਂ ਕੋਲ ਪੇਸ਼ ਹੋ ਜਾਵੇ ਨਹੀਂ ਤਾਂ ਉਹ ਉਸ ’ਤੇ ਕੇਸ ਦਰਜ ਕਰ ਦੇਣਗੇ। ਉਦੋਂ ਤੋਂ ਹੀ ਉਕਤ ਨੰਬਰ ਦੀ ਕਾਰ ਪੁਲਿਸ ਦੇ ਕਬਜ਼ੇ ਵਿਚ ਹੈ।

ਜਸਵੀਰ ਸਿੰਘ ਜੱਸਾ ਦਾ ਕੇਸ ਲੜ ਰਹੇ ਵਕੀਲ ਅਤੇ ਸਿੱਖਸ ਫਾਰ ਹਿਊਮਨ ਰਾਈਟਸ ਜਥੇਬੰਦੀ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਜੱਸਾ ਦੀ ਪਤਨੀ ਨੂੰ ਮਾਣਯੋਗ ਅਦਾਲਤ ਵਿਚ ਲੈ ਕੇ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਪੁਲਿਸ ਜਸਵੀਰ ਸਿੰਘ ਦਾ 27 ਫਰਵਰੀ ਤੱਕ ਪੁਲਿਸ ਰਿਮਾਂਡ ਪਹਿਲਾਂ ਹੀ ਹਾਸਲ ਕਰ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਪੁਲਿਸ ਨੇ ਜਿਸ ਇੰਡੀਗੋ ਕਾਰ ਨੰ: ਪੀ.ਬੀ. 10 ਏ. ਜੈਡ – 3472 ਵਿਚ ਵਿਸਫੋਟ ਅਤੇ ਖਾੜਕੂਆਂ ਨੂੰ ਫੜਿਆ ਦਿਖਾਇਆ ਹੈ, ਇਸ ਗੱਡੀ ਦੀ ਅਸਲ ਮਾਲਕ ਲੁਧਿਆਣਾ ਵਾਸੀ ਗੀਤਾ ਰਾਣੀ ਪਤਨੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਸ ਨੇ ਅਖਬਾਰਾਂ ਵਿਚ ਆਪਣੀ ਗੱਡੀ ਦੇ ਨੰਬਰ ਬਾਰੇ ਛਪਿਆ ਦੇਖਿਆ ਤਾਂ ਉਸ ਨੂੰ ਬੜੀ ਹੈਰਾਨੀ ਹੋਈ ਕਿਉਂਕਿ ਪੁਲਿਸ ਪੀ.ਬੀ. 10 ਏ. ਜੈਡ – 3472 ਨੰਬਰ ਵਾਲੀ ਕਾਰ ਨੂੰ ਪਿੰਡ ਰਾਜਗੜ੍ਹ ਨੇੜਿਓਂ ਫੜਿਆ ਦਿਖਾ ਰਹੀ ਹੈ ਉਹ ਤਾਂ ਪਹਿਲਾਂ ਤੋਂ ਹੀ ਥਾਣਾ ਸਦਰ ਨਾਭਾ ਦੇ ਕਬਜ਼ੇ ਵਿਚ ਚਲੀ ਆ ਰਹੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: