ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕੈਪਟਨ ਦੱਸੇ, ਜੇ ਹਾਰੇ ਤਾਂ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਉਣਗੇ, ਜਾਂ ਡੁਬਈ, ਹਿਮਾਚਲ ਜਾਣਗੇ: ਖਹਿਰਾ

July 30, 2016 | By

ਚੰਡੀਗੜ੍ਹ: 2017 ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਦੀ ਮੰਗ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਤਾਜ਼ਾ ਬਿਆਨ ਨੇ ਉਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਲੁਕਵੇਂ ਮੋਹ ਨੂੰ ਸਾਹਮਣੇ ਲਿਆਂਦਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਮੁੱਖ ਮੰਤਰੀ ਬਣਨ ਦੇ ਆਪਣੇ ਲੋਭ ਨੂੰ ਪੂਰਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਪਾਰਟੀ ਦੀਆਂ ਬਾਹਾਂ ਮਰੋੜੀਆਂ ਹੋਣ।

ਕੈਪਟਨ ਅਮਰਿੰਦਰ ਸਿੰਘ, ਸੁਖਪਾਲ ਖਹਿਰਾ (ਫਾਈਲ ਫੋਟੋ)

ਕੈਪਟਨ ਅਮਰਿੰਦਰ ਸਿੰਘ, ਸੁਖਪਾਲ ਖਹਿਰਾ (ਫਾਈਲ ਫੋਟੋ)

ਐਨ.ਡੀ.ਟੀ.ਵੀ ਨੂੰ ਹਾਲ ਹੀ ਵਿੱਚ ਦਿੱਤੀ ਆਪਣੀ ਇੰਟਰਵਿਊ ਦੌਰਾਨ ਕੈਪਟਨ ਨੇ ਇਹ ਮੰਨਿਆ ਕਿ ਜੇਕਰ ਪਾਰਟੀ ਉਹਨਾਂ ਨੂੰ ਪੀ.ਪੀ.ਸੀ.ਸੀ ਪ੍ਰਧਾਨ ਨਿਯੁਕਤ ਨਾ ਕਰਦੀ ਤਾਂ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾਉਣ ਲਈ ਕਾਂਗਰਸ ਛੱਡਣ ਦਾ ਮਨ ਬਣਾ ਲਿਆ ਸੀ। ਪੀ.ਪੀ.ਸੀ.ਸੀ. ਪ੍ਰਧਾਨ ਬਣਨ ਲਈ ਉਹਨਾਂ ਵੱਲੋਂ ਕਾਂਗਰਸ ਹਾਈ ਕਮਾਂਡ ਉੱਪਰ ਦਬਾਅ ਬਣਾਉਣ ਲਈ ਅਪਣਾਏ ਗਏ ਹੱਥ ਕੰਡੇ ਜੱਗ ਜਾਹਿਰ ਹਨ। ਇਸ ਨਾਲ ਸਿਰਫ ਇਹ ਸਪੱਸ਼ਟ ਹੋਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਪਾਰਟੀ ਦੀ ਵਿਚਾਰਧਾਰਾ ਉੱਪਰ ਵਿਸ਼ਵਾਸ ਨਹੀਂ ਕੀਤਾ ਅਤੇ ਸਿਆਸਤ ਵਿੱਚ ਉਹਨਾਂ ਦਾ ਇੱਕੋਂ ਇੱਕ ਮਕਸਦ ਕਿਸੇ ਵੀ ਤਰੀਕੇ ਨਾਲ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਹੈ।

ਕੈਪਟਨ ਦੇ ਸਿਆਸੀ ਕੈਰੀਆਰ ਉੱਪਰ ਮਾਰੀ ਡੂੰਘੀ ਨਜ਼ਰ ਇਹ ਸਪੱਸ਼ਟ ਕਰ ਦਿੰਦੀ ਹੈ ਕਿ ਉਹ ਸਿਰਫ ਜਿੱਤ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹਨਾਂ ਨੇ ਕਦੇ ਵੀ ਜ਼ਿੰਮੇਵਾਰ ਵਿਰੋਧੀ ਆਗੂ ਦੀ ਭੂਮਿਕਾ ਅਦਾ ਨਹੀਂ ਕੀਤੀ। ਇਹ ਗੱਲ ਇਸ ਤਰਕ ਤੋਂ ਹੋਰ ਵੀ ਪੁਖਤਾ ਹੋ ਜਾਂਦੀ ਹੈ ਕਿ 2007 ਅਤੇ 2012 ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਕੈਪਟਨ ਸਿੰਘ ਜਾਣ ਬੁੱਝ ਕੇ ਆਪਣੇ ਸੁਭਾਅ ਮੁਤਾਬਿਕ ਸਿਆਸੀ ਪਿੜ ਵਿੱਚੋਂ ਅਲੋਪ ਹੋ ਜਾਂਦੇ ਰਹੇ ਅਤੇ ਮੌਜੂਦਾ ਬਾਦਲ ਸਰਕਾਰ ਦਾ ਸਾਹਮਣਾ ਕਰਨ ਯੋਗ ਵੀ ਨਹੀਂ ਸਨ 2007-2014 ਤੱਕ ਪਟਿਆਲਾ ਤੋਂ ਵਿਧਾਨਕਾਰ ਹੁੰਦੇ ਹੋਏ ਵਿਧਾਨ ਸਭਾ ਤੋਂ ਮੁਕੰਮਲ ਗੈਰਹਾਜ਼ਰੀ ਅਤੇ 2014 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਲੋਕ ਸਭਾ ਡਿਪਟੀ ਲੀਡਰ ਵਜੋਂ ਜ਼ੀਰੋ ਕਾਰਗੁਜ਼ਾਰੀ ਵੀ ਸਾਡੇ ਇਲਜ਼ਾਮਾਂ ਪੁਖਤਾ ਸਾਬਿਤ ਕਰਦੀ ਹੈ ਕਿ ਵਿਰੋਧੀ ਧਿਰ ਦੇ ਵਜੋਂ ਕੈਪਟਨ ਇੱਕ ਅਯੋਗ, ਨਕਾਰਾ ਅਤੇ ਫੇਲ੍ਹ ਆਗੂ ਹਨ।

ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਕੈਪਟਨ ਅਕਸਰ ਇਲਜ਼ਾਮ ਲਾਉਂਦੇ ਹਨ ਕਿ ਬਾਦਲ ਸਰਕਾਰ ਨੇ ਸੋਚੀ ਸਮਝੀ ਸਿਆਸੀ ਬਦਲਾਖੋਰੀ ਦੇ ਤਹਿਤ ਕਾਂਗਰਸੀ ਵਰਕਰਾਂ ਉੱਪਰ 50000 ਤੋਂ ਵੀ ਜ਼ਿਆਦਾ ਝੂਠੇ ਮੁਕੱਦਮੇ ਦਰਜ਼ ਕਰਵਾਏ ਹਨ, ਪਰੰਤੂ ਉਹ ਕਿਸੇ ਇੱਕ ਵੀ ਕਾਂਗਰਸੀ ਵਰਕਰ ਨੂੰ ਪੁਲਿਸ ਦੇ ਤਸ਼ਦੱਦਾਂ ਤੋਂ ਬਚਾਉਣ ਲਈ ਅੱਗੇ ਨਹੀਂ ਆਏ। ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਮਹਿੰਗੇ ਤੋਂ ਮਹਿੰਗੇ ਵਕੀਲ ਕਰਕੇ ਉਹਨਾਂ ਨੇ ਸਿਰਫ ਖੁਦ ਨੂੰ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਬਚਾਇਆ ਹੈ।

ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਸ਼ੱਕੀ ਸਿਆਸੀ ਟਰੈਕ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਉਹਨਾਂ ਕੋਲੋਂ ਮੰਗ ਕਰਦੀ ਹੈ ਕਿ ਉਹ ਸਪੱਸ਼ਟ ਕਰਨ ਕਿ ਉਹਨਾਂ ਦੀਆਂ ਮੌਜੂਦਾ ਕੋਸ਼ਿਸ਼ਾਂ ਸਿਰਫ ਮੁੱਖ ਮੰਤਰੀ ਦੀ ਕੁਰਸੀ ਤੱਕ ਤਾਂ ਨਹੀਂ ਹਨ ਜਾਂ ਉਹ ਵੋਟਰਾਂ ਵੱਲੋਂ ਦਿੱਤੇ ਗਏ ਫਤਵੇ ਦੇ ਅਨੁਸਾਰ ਪੰਜਾਬ ਦੀ ਸੇਵਾ ਕਰਨ ਲਈ ਕੀ ਅਸਲ ਗੰਭੀਰ ਹਨ?

ਜੇਕਰ 2007 ਅਤੇ 2012 ਵਾਂਗ ਹੀ ਉਹ ਅਤੇ ਉਹਨਾਂ ਦੀ ਕਾਂਗਰਸ ਪਾਰਟੀ 2017 ਚੋਣਾਂ ਹਾਰ ਜਾਂਦੀ ਹੈ ਤਾਂ ਕੀ ਉਹ ਲੋਕਾਂ ਨਾਲ ਵਾਅਦਾ ਕਰ ਸਕਦੇ ਹਨ ਕਿ ਉਹ ਸਿਆਸਤ ਤੋਂ ਭੱਜਣਗੇ ਨਹੀਂ ਅਤੇ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਅਦਾ ਕਰਨਗੇ? ਕਿਉਂਕਿ ਜਿਵੇਂ ਪਹਿਲਾਂ ਦੱਸਿਆ ਗਿਆ ਹੈ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਵਰਗੇ ਅਰਾਮਦਾਇਕ ਸਥਾਨ ਜਾਂ ਦੁਬਈ ਅਤੇ ਲੰਡਨ ਵਰਗੇ ਵਿਦੇਸ਼ੀ ਸਥਾਨਾਂ ਉੱਪਰ ਅਰਾਮ ਕਰਨ ਦੀ ਆਦਤ ਹੈ। ਪੰਜਾਬ ਦੇ ਲੋਕ ਸਪੱਸ਼ਟੀਕਰਨ ਚਾਹੁੰਦੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ 2017 ਉਹਨਾਂ ਦੀ ਆਖਿਰੀ ਚੋਣ ਅਤੇ ਮੁੱਖ ਮੰਤਰੀ ਵਜੋਂ ਆਖਿਰੀ ਕਾਰਜਕਾਲ ਹੋਵੇਗਾ ਪਰੰਤੂ ਉਹਨਾਂ ਨੇ ਇਹ ਨਹੀਂ ਸਾਫ ਕੀਤਾ ਕਿ ਜੇਕਰ ਉਹਨਾਂ ਦੀ ਪਾਰਟੀ ਤੀਸਰੀ ਵਾਰ ਹਾਰ ਜਾਂਦੀ ਹੈ ਤਾਂ ਉਹ ਕੀ ਭੂਮਿਕਾ ਅਦਾ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,