ਸਿੱਖ ਖਬਰਾਂ

ਭਾਈ ਜਗਤਾਰ ਸਿੰਘ ਹਵਾਰਾ 2005 ਦੇ ਗ੍ਰਿਫਤਾਰੀ ਵਾਲੇ ਅਸਲਾ ਬਰਾਮਦਗੀ ਕੇਸ ਵਿਚੋਂ ਬਰੀ

May 30, 2016 | By

ਨਵੀਂ ਦਿੱਲੀ: ਭਾਈ ਜਗਤਾਰ ਸਿੰਘ ਹਵਾਰਾ 2005 ਦੇ ਇਕ ਕੇਸ ਵਿਚੋਂ ਅੱਜ ਦਿੱਲੀ ਦੀ ਇਕ ਅਦਾਲਤ ਵਲੋਂ ਬਰੀ ਹੋ ਗਏ ਹਨ। ਭਾਈ ਹਵਾਰਾ ਜੋ ਕਿ 21-22 ਜਨਵਰੀ 2004 ਦੀ ਦਰਮਿਆਨੀ ਰਾਤ ਨੂੰ ਆਪਣੇ ਸਾਥੀਆਂ ਸਣੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਹਨ।

ਭਾਈ ਹਵਾਰਾ ਦੇ ਵਕੀਲ ਮਨਿੰਦਰ ਸਿੰਘ ਦੀ ਸਿੱਖ ਸਿਆਸਤ ਨਾਲ ਫੋਨ ‘ਤੇ ਹੋਈ ਗੱਲਬਾਤ ਨਾਲ ਇਹ ਗੱਲ ਸਾਫ ਹੋਈ ਕਿ ਜਿਸ ਕੇਸ ਵਿਚੋਂ ਬਰੀ ਹੋਏ ਹਨ ਉਹ ਉਨ੍ਹਾਂ ਦੀ ਗ੍ਰਿਫਤਾਰੀ ਨਾਲ ਸਬੰਧਤ ਸੀ।

ਦਿਲੀ ਪੁਲਿਸ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਖਤ ਸੁਰੱਖਿਆ ਵਿਚ ਅਦਾਲਤ ਵਿਚ ਪੇਸ਼ ਕਰਦੀ ਹੋਈ

ਦਿਲੀ ਪੁਲਿਸ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਖਤ ਸੁਰੱਖਿਆ ਵਿਚ ਅਦਾਲਤ ਵਿਚ ਪੇਸ਼ ਕਰਦੀ ਹੋਈ

ਐਡਵੋਕੇਟ ਮਨਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਕਹਾਣੀ ਮੁਤਾਬਕ ਜਸਪਾਲ ਅਤੇ ਵਿਕਾਸ ਲਿਬਰਟੀ ਅਤੇ ਸਤਯਮ ਸਿਨੇਮਾ ‘ਚ ਧਮਾਕਾ ਕਰਕੇ ਪੰਜਾਬ ਚਲੇ ਗਏ ਸੀ, ਉਥੇ ਭਾਈ ਹਵਾਰਾ ਨੇ ਇਨ੍ਹਾਂ ਨੂੰ ਸੰਭਾਲਿਆ ਅਤੇ ਜਦੋਂ ਇਹ ਹਵਾਲਾ ਦੀ ਰਕਮ ਲੈਣ ਦਿੱਲੀ ਆ ਰਹੇ ਸਨ ਤਾਂ ਇਨ੍ਹਾ ਨੂੰ ਥਾਣਾ ਅਲੀਪੁਰ ਦੀ ਪੁਲਿਸ ਨੇ ਐਫ.ਆਈ.ਆਰ. ਨੰ: 229/05 ਵਿਚ ਧਾਰਾ 186, 307, 353, ਧਮਾਕਾਖੇਜ਼ ਸਮੱਗਰੀ ਦੀ ਧਾਰਾ 3-4-5, ਅਸਲਾ ਐਕਟ ਦੀ ਧਾਰਾ 25-54-59 ਤਹਿਤ ਗ੍ਰਿਫਤਾਰ ਕਰ ਲਿਆ।

ਪੁਲਿਸ ਮੁਤਾਬਕ ਭਾਈ ਹਵਾਰਾ ਨੇ ਜਸਪਾਲ ਰਾਜਾ ਅਤੇ ਵਿਕਾਸ ਸਹਿਗਲ ਨੂੰ 10 ਕਿਲੋ ਆਰ.ਡੀ.ਐਕਸ., 186 ਗੋਲੀਆਂ, ਟਾਈਮਰ, ਡੈਟੋਨੇਟਰ ਅਤੇ ਹੈਂਡ ਗ੍ਰਿਨੇਡ ਵੀ ਦਿੱਤੇ ਤਾਂ ਜੋ ਇਹ ਹਵਾਲਾ ਦੀ ਰਕਮ ਲੈ ਕੇ ਨੇਪਾਲ ਚਲੇ ਜਾਣ ਅਤੇ ਕੁਝ ਸਮੇਂ ਬਾਅਦ ਦਿੱਲੀ ਆ ਕੇ ਫਿਰ ਤੋਂ ਗਤੀਵਿਧੀਆਂ ਚਲਾ ਸਕਣ।
ਚਲਾਨ ਵਿਚ ਪੁਲਿਸ ਨੇ ਇਹ ਵੀ ਕਿਹਾ ਸੀ ਕਿ ਗ੍ਰਿਫਤਾਰੀ ਦੇ ਸਮੇਂ ਭਾਈ ਹਵਾਰਾ ਨੇ 3 ਰਾਊਂਡ ਫਾਇਰ ਕੀਤੇ।

ਐਡਵੋਕੇਟ ਮਨਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਪੱਖ ਪੂਰੀ ਤਰ੍ਹਾਂ ਅਦਾਲਤ ਵਿਚ ਝੂਠਾ ਸਾਬਤ ਹੋਇਆ। ਇਸ ਕਰਕੇ ਜੱਜ ਨੇ ਭਾਈ ਹਵਾਰਾ ਨੂੰ ਇਸ ਕੇਸ ਵਿਚ ਬਰੀ ਕਰ ਦਿੱਤਾ। ਅਦਾਲਤ ਨੇ ਪੁਲਿਸ ਦੀ ਜਾਂਚ ਨੂੰ ਸ਼ੱਕ ਦੇ ਘੇਰੇ ਵਿਚ ਲਿਆਂਦਾ ਅਤੇ ਇਸਨੂੰ ਝੂਠਾ ਪਾਇਆ ਗਿਆ।

(ਨੋਟ: ਪਹਿਲਾਂ ਇਹ ਖਬਰ ਮਿਲੀ ਸੀ ਕਿ ਇਹ ਕੇਸ ਸਤਯਮ, ਲਿਬਰਟੀ ਸਿਨੇਮਾ ਧਮਾਕਾ ਕੇਸ ਸੀ, ਪਰ ਸਿੱਖ ਸਿਆਸਤ ਨਿਊਜ਼ ਦੀ ਭਾਈ ਹਵਾਰਾ ਦੇ ਵਕੀਲ ਮਨਿੰਦਰ ਸਿੰਘ ਨਾਲ ਹੋਈ ਗੱਲਬਾਤ ਤੋਂ ਇਹ ਸਪੱਸ਼ਟ ਹੋਇਆ ਕਿ ਇਹ ਕੇਸ ਗ੍ਰਿਫਤਾਰੀ ਅਤੇ ਰਿਕਵਰੀ ਨਾਲ ਸਬੰਧਤ ਸੀ।)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,