ਸਿੱਖ ਖਬਰਾਂ

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਕਮੇਟੀ ਤੋਂ ਅਸਤੀਫਾ ਦਿੱਤਾ; ਪੁਲਿਸ ਰਿਮਾਂਡ ਮੁੱਕਣ ਉੱਤੇ ਮੁੜ ਫਰੀਦਕੋਟ ਜੇਲ੍ਹ ਭੇਜਿਆ

August 31, 2014 | By

ਮਾਨਸਾ/ ਫਰੀਦਕੋਟ, ਪੰਜਾਬ (31 ਅਗਸਤ, 2014): ਬੀਤੇ ਦਿਨ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਮਾਨਸਾ ਪੁਲਿਸ ਦਾ ਰਿਮਾਂਡ ਖਤਮ ਹੋਣ ਉੱਤੇ ਮੁੜ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ। ਕੱਲ ਤੋਂ ਹੀ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ।

ਅੰਗਰੇਜ਼ੀ ਟਾਈਮਜ਼ ਆਫ ਇੰਡੀਆ ਅਨੁਸਾਰ ਬਠਿੰਡਾ ਪੁਲਿਸ ਨੇ ਇਕ ਈ-ਮੇਲ ਰਾਹੀਂ ਜਾਰੀ ਬਿਆਨ ਵਿਚ ਅਜਿਹਾ ਹੀ ਦਾਅਵਾ ਕੀਤਾ ਹੈ ਕਿ ਇਕ ਹੱਥ-ਲਿਖਤ ਪੱਤਰ ਵਿਚ ਬਾਬਾ ਦਾਦੂਵਾਲ ਨੇ ਅਸਤੀਫਾ ਦੇ ਦਿੱਤਾ ਹੈ।

Baba Baljeet Singh Daduwal in police custodyਉਧਰ, ਦੂਜੇ ਪਾਸੇ, ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਧਰਮਪਤਨੀ ਬੀਬੀ ਸੁਖਮੀਤ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸ਼ਨਿੱਚਰਵਾਰ ਨੂੰ ਮਾਨਸਾ ਕਚਹਿਰੀ ਵਿਖੇ ਉਸ ਸਮੇਂ ਮਿਲੇ ਸਨ ਜਦੋਂ ਕਿ ਬਾਬਾ ਦਾਦੂਵਾਲ ਨੂੰ ਫਰੀਦਕੋਟ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਸੀ। ਬੀਬੀ ਸੁਖਮੀਤ ਕੌਰ ਨੇ ਕਿਹਾ ਕਿ ਜੇਕਰ ਬਾਬਾ ਦਾਦੂਵਾਲ ਨੇ ਹਰਿਆਣਾ ਕਮੇਟੀ ਤੋਂ ਅਸਤੀਫਾ ਦਿੱਤਾ ਹੁੰਦਾ ਤਾਂ ਉਨ੍ਹਾਂ ਇਸ ਗੱਲ ਦਾ ਜ਼ਿਕਰ ਉਸ (ਬੀਬੀ ਸੁਖਮੀਤ ਕੌਰ) ਨਾਲ ਜਰੂਰ ਕਰਨਾ ਸੀ। ਉਨ੍ਹਾਂ ਕਿਹਾ ਕਿ ਅਸਤੀਫੇ ਦੀ ਖਬਰ ਬਾਬਾ ਦਾਦੂਵਾਲ ਨੂੰ ਬਦਨਾਮ ਕਰਨ ਲਈ ਫੈਲਾਈ ਹੋ ਸਕਦੀ ਹੈ।

ਪਰ, ਰੋਜਾਨਾ ਪਹਿਰੇਦਾਰ ਦੀ ਖਬਰ ਅਨੁਸਾਰ ਬਾਬਾ ਬਲਜੀਤ ਸਿੰਘ ਨੇ ਫਰੀਦਕੋਟ ਜੇਲ੍ਹ ਦੇ ਬਾਹਰ ਪੱਤਰਕਾਰਾਂ ਦੇ ਸਾਹਮਣੇ ਖੁਦ ਅਸਤੀਫੇ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਹਰਿਆਣਾ ਕਮੇਟੀ ਵਲੋਂ ਕਾਂਗਰਸ ਦੀ ਹਿਮਾਇਤ ਕਰਨ ਨਾਲ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਦੁਖੀ ਹੋਏ ਹਨ ਜਿਸ ਕਾਰਨ ਉਹ ਇਸ ਕਮੇਟੀ ਤੋਂ ਅਸਤੀਫਾ ਦੇ ਰਹੇ ਹਨ।

ਰੋਜਾਨਾ ਪਹਿਰੇਦਾਰ ਨੇ ਦਾਅਵਾ ਕੀਤਾ ਹੈ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਹ ਅਸਤੀਫਾ ਬਾਦਲ ਸਰਕਾਰ ਦੇ ਦਬਾਅ ਹੇਠ ਦਿੱਤਾ ਹੈ।

ਅਖਬਾਰ ਅਨੁਸਾਰ ਸ਼ਨਿੱਚਰਵਾਰ (30 ਅਗਸਤ) ਨੂੰ ਬਾਬਾ ਦਾਦੂਵਾਲ ਨੇ ਫਰੀਦਕੋਟ ਜੇਲ੍ਹ ਦੇ ਬਾਹਰ ਪੱਤਰਕਾਰਾਂ ਨੂੰ ਇਹ ਹੱਥ-ਲਿਖਤ ਪੱਤਰ ਸੌਂਪਿਆ ਜਿਸ ਵਿਚ ਕਿਹਾ ਗਿਆ ਹੈ ਹਰਆਿਣਾ ਕਮੇਟੀ ਦੇ ਮੁਖੀ ਜਗਦੀਸ਼ ਸਿੰਘ ਝੀਂਡਾ ਨੇ ਕਾਂਗਰਸ ਦੀ ਮਦਦ ਦਾ ਐਲਾਨ ਕਰਕੇ ਹਰਿਆਣਾ ਕਮੇਟੀ ਦਾ ਸਿਆਸੀਕਰਨ ਕਰ ਦਿੱਤਾ ਜਿਸ ਦੇ ਵਿਰੋਧ ਵਿਚ ਉਹ (ਬਾਬਾ ਦਾਦੂਵਾਲ) ਹਰਿਆਣਾ ਕਮੇਟੀ ਤੋਂ ਅਸਤੀਫਾ ਦੇ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: