ਚੋਣਵੀਆਂ ਲਿਖਤਾਂ » ਲੇਖ

ਭਗਤ ਰਵਿਦਾਸ ਜੀ

February 15, 2022 | By

ਵਿਦਵਾਨਾਂ ਦੇ ਬਹੁਮਤ ਅਨੁਸਾਰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਮਾਘ ਸੁਦੀ 15 ਸੰਮਤ 1433 ਈ: ਨੂੰ ਹੋਇਆ। ਇਸ ਲਈ ਮਾਘ ਦੀ ਪੂਰਨਮਾਸ਼ੀ ਨੂੰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਸਿੱਖ ਗੁਰੂਆਂ ਦੀ ਕ੍ਰਿਪਾ ਸਦਕਾ ਪੰਜਾਬ ਵਿਚ ਤਾਂ ਹਰ ਪਿੰਡ ਵਿਚ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵਿਸ਼ੇਸ਼ਤਾ ਰੱਖਦਾ ਹੈ। ਆਪ ਜੀ ਦੇ ਪਿਤਾ ਬਾਬਾ ਸੰਤੋਖ ਜੀ ਅਤੇ ਮਾਤਾ ਜੀ ਦਾ ਨਾਮ ਬੇਬੇ ਭਾਗਣ ਦੇਵੀ ਜੀ ਸੀ। ਆਪ ਜੀ ਦੇ ਇਲਾਕੇ ਦਾ ਰਾਜਾ ਨਾਗਰ ਮੱਲ ਜੀ ਸੀ। ਇਲਾਕੇ ਵਿਚ ਭਗਤ ਰਵਿਦਾਸ ਜੀ ਦੇ ਬਹੁਤ ਸੇਵਕ ਹੋਏ। ਮੁੱਖ ਸੇਵਕਾਂ ਵਿਚੋਂ ਆਪ ਜੀ ਦੀਆਂ ਸੇਵਕਾਵਾਂ, ਮੀਰਾਂ ਬਾਈ ਜੀ ਸੀ ਅਤੇ ਚਿਤੌੜ ਦੀ ਰਾਣੀ ਝਾਲਾਂ ਬਾਈ ਜੀ ਸਨ। ਆਪ ਜੀ ਦਾ ਜਨਮ ਸਥਾਨ ਬਨਾਰਸ ਲਾਗੇ ਕਾਸ਼ੀਪੁਰਾ ਹੈ। ਇਹ ਪਿੰਡ ਬਨਾਰਸ ਹਿੰਦੂ ਯੂਨੀਵਰਸਿਟੀ ਲੰਘ ਕੇ ਹੈ।

1506 ਈ. ਮਾਘ ਦੇ ਮਹੀਨੇ ਗੁਰੂ ਨਾਨਕ ਦੇਵ ਜੀ ਕਾਸ਼ੀ ਪਹੁੰਚੇ ਅਤੇ ਲਕਸ਼ਾ ਮਹੱਲ ਠਹਿਰੇ ਸਨ। ਕਾਸ਼ੀ ਵਿਦਵਾਨ ਪੰਡਤਾਂ ਦਾ ਕੇਂਦਰ ਸੀ ਇਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਭਗਤ ਰਵਿਦਾਸ ਜੀ ਦੇ 40 ਸ਼ਬਦ ਇਕੱਤਰ ਕੀਤੇ। ਹੋਰ ਭਗਤਾਂ ਦੀਆਂ ਬਾਣੀਆਂ ਵੀ ਗੁਰੂ ਜੀ ਨੇ ਆਪਣੀ ਪ੍ਰਚਾਰ ਫੇਰੀ ਦੌਰਾਨ ਹੀ ਇਕੱਠੀਆਂ ਕੀਤੀਆਂ। ਇਹ ਸਾਰੀ ਬਾਣੀ ਗੁਰਮਤਿ ਸਿਧਾਂਤ ਦੇ ਅਨੁਸਾਰੀ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।

ਸਿੱਖ ਗੁਰੂਆਂ ਦੀ ਤਰ੍ਹਾਂ ਭਗਤ ਰਵਿਦਾਸ ਜੀ ਕੇਸਾਧਾਰੀ ਤੇ ਦਸਤਾਰਧਾਰੀ ਸਨ। ਕੇਸਾਂ ਦਾ ਤੇ ਦਸਤਾਰ (ਪੱਗ) ਦਾ ਗੂੜ੍ਹਾ ਸਬੰਧ ਹੈ। ਭਾਰਤੀ ਸੰਸਕ੍ਰਿਤੀ ਵਿਚ ਕੇਸ ਮਨੁੱਖ ਦੀ ਸਭ ਤੋਂ ਕੀਮਤੀ ਦਾਤ ਹੈ। ਮਨੁੱਖਾਂ ਦਾ ਗਿਆਨ ਸਿਰ ਵਿਚ ਹੈ ਜਾਂ ਦਿਮਾਗ ਸਭ ਤੋਂ ਉਪਰ ਹੈ ਇਸ ਗਿਆਨ ਦੀ ਸੰਭਾਲ ਵਾਸਤੇ ਕੁਦਰਤ ਨੇ ਤਾਜ ਰੂਪੀ ਕੇਸਾਂ ਦੀ ਬਖਸ਼ਿਸ਼ ਕੀਤੀ ਹੈ। ਇਸ ਤਾਜ ਦੀ ਸੋਭਾ ਵਿਚ ਵਾਧਾ ਕਰਨ ਵਾਸਤੇ ਸਿਰ ‘ਤੇ ਦਸਤਾਰ ਸਜਾਈ ਹੈ। ਸ਼ੂਦਰਾਂ ਨੂੰ ਦਸਤਾਰ ਸਜਾਉਣ ਦਾ ਹੁਕਮ ਨਹੀਂ ਸੀ ਪਰ ਭਗਤ ਰਵਿਦਾਸ ਜੀ ਨੇ ਕ੍ਰਾਂਤੀਕਾਰੀ ਕਦਮ ਚੁੱਕ ਕੇ ਸਿਰ ‘ਤੇ ਦਸਤਾਰ ਪਹਿਨੀ ਸੀ। ਆਪ ਜੀ ਨੇ ਆਪਣੀ ਬਾਣੀ ਵਿਚ ਜ਼ਿਕਰ ਕੀਤਾ ਹੈ।

ਬੰਕੇ ਬਾਲ ਪਾਗ ਸਿਰ ਡੇਰੀ॥

ਭਗਤ ਰਵਿਦਾਸ ਜੀ ਨਸ਼ਿਆਂ ਦੇ ਵਿਰੋਧੀ ਸਨ ਆਪ ਜੀ ਨੇ ਕਿਹਾ, ਸ਼ਰਾਬ ਅਗਰ ਗੰਗਾਜਲ ਤੋਂ ਵੀ ਬਣੀ ਹੋਵੇ ਉਹ ਵੀ ਹਾਨੀਕਾਰਕ ਹੈ। ਤਾੜ ਦਾ ਰੁੱਖ ਇਸ ਕਰਕੇ ਅਪਵਿੱਤਰ ਹੈ ਕਿਉਂਕਿ ਤਾੜ ਦੇ ਰੁੱਖ ਤੋਂ ਨਸ਼ੀਲਾ ਪਦਾਰਥ ਤਾੜੀ ਨਿਕਲਦਾ ਹੈ ਜੋ ਕਿ ਮਨੁੱਖੀ ਤਨ ਤੇ ਮਨ ਨੂੰ ਖਰਾਬ ਕਰਦਾ ਹੈ:

1
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤੁ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥ (ਅੰਗ 1293)

ਭਗਤ ਰਵਿਦਾਸ ਜੀ ਦਾ ਸਿਧਾਂਤ ਨਾਮ ਜਪਣਾ, ਵੰਡ ਛਕਣਾ ਤੇ ਧਰਮ ਦੀ ਕਿਰਤ ਕਰਨਾ ਹੀ ਸੀ। ਆਪ ਜੀ ਅਤੇ ਆਪ ਜੀ ਦੇ ਪਰਿਵਾਰ ਵਾਲੇ ਮਰੇ ਹੋਏ ਡੰਗਰਾਂ ਦੀ ਖੱਲ ਉਤਾਰਦੇ ਸਨ, ਚਮੜੇ ਦੀਆਂ ਜੁੱਤੀਆਂ ਬਣਾਉਂਦੇ ਸਨ। ਆਪ ਜੀ ਨੇ ਲਿਖਿਆ:

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥ (ਅੰਗ 1292)

ਭਾਈ ਗੁਰਦਾਸ ਜੀ ਨੇ ਆਪਣੀ 10:17 ਵੀਂ ਵਾਰ ਵਿਚ ਲਿਖਿਆ ਹੈ।
ਭਗਤੁ ਭਗਤੁ ਜਗਿ ਵਜਿਆ ਚਹੁੰ ਚਕਾਂ ਵਿਚ ਚਮਰੇਟਾ॥
ਪਾਣਾ ਗੰਢੇ ਰਾਹ ਵਿਚ ਧਰਮ ਢੋਇ ਜ਼ੋਰ ਸਮੇਟਾ॥

ਕਿਰਤ ਕਰਨੀ ਗੁਰਮਤਿ ਦਾ ਸਿਧਾਂਤ ਹੈ। ਕਿਰਤ ਕਰਨੀ ਸਾਡਾ ਸੱਭਿਆਚਾਰ ਹੈ। ਕਿਰਤ ਕੋਈ ਵੀ ਹੋਵੇ ਪਵਿੱਤਰ ਹੁੰਦੀ ਹੈ। ਮਨੂੰਵਾਦੀ ਸਿਧਾਂਤ ਅਨੁਸਾਰ ਕਿਰਤ ਵੈਸ ਤੇ ਸ਼ੂਦਰ ਹੀ ਕਰਦੇ ਹਨ। ਅਸਲ ਵਿਚ ਇਨ੍ਹਾਂ ਨੇ ਸਮਾਜ ਨੂੰ ਦੋ ਵਰਗਾਂ ਵਿਚ ਹੀ ਵੰਡਿਆ। ਇਕ ਕਿਰਤ ਕਰਨ ਵਾਲੇ ਇਕ ਕਿਰਤ ਦੇ ਆਸਰੇ ਖਾਣ ਵਾਲੇ ਵਿਹਲੜ। ਵਲ ਛਲ ਕਰਕੇ ਕਿਰਤ ਦੀ ਲੁੱਟ ਕਰਨ ਵਾਲੇ। ਅੱਜ ਕਲ ਦੀ ਪੜਾਈ ਵੀ ਕੁਝ ਇਸੇ ਤਰ੍ਹਾਂ ਹੈ। ਇਹੀ ਸਿਖਾਉਂਦੀ ਹੈ ਕਿ ਵਿਹਲੇ ਬੈਠ ਕੇ ਕਿਵੇਂ ਲੋਕਾਂ ਦੀ ਕ੍ਰਿਤ ਲੁੱਟੀ ਜਾਵੇ।

ਕਿਰਤ ਕਰਨਾ ਉੱਤਮ ਮਨੁੱਖਾਂ ਦਾ ਉੱਤਮ ਗੁਣ ਹੈ। ਕਿਰਤ ਕਰਨ ਵਾਲੇ ਕਿਸੇ ਦਾ ਹੱਕ ਨਹੀਂ ਮਾਰ ਸਕਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸੇ ਦਾ ਹੱਕ ਮਾਰਨ ਨਾਲ ਉਨ੍ਹਾਂ ਨੂੰ ਕਿੰਨਾਂ ਦੁੱਖ ਹੁੰਦਾ ਹੈ। ਗੁਰਮਤਿ ਵਿਚ ਕਿਸੇ ਦੇ ਹੱਕ ਦੀ ਰੱਖਿਆ ਕਰਨੀ ਕੁਰਾਨ ਪੜ੍ਹਨ ਬਰਾਬਰ ਮੰਨਿਆ ਗਿਆ ਹੈ। ਕਿਸੇ ਦਾ ਨਾ ਹੱਕ ਮਾਰਨਾ ਹੀ ਹਲਾਲ ਖਾਣਾ ਹੈ। ਕਿਰਤ ਕਰਨੀ ਆਪਣੇ ਪਵਿੱਤਰ ਅਸਥਾਨ ਜਾਣ ਬਰਾਬਰ ਹੈ। ਕਰਨੀ ਕਾਬਾ ਹੈ। ਹੱਕ ਹਲਾਲ ਕੁਰਾਨ ਹੈ। ਕਿਰਤ ਕਰਨ ਵਾਲਾ ਅਗਰ ਸੱਚੀ ਸੁੱਚੀ ਕਿਰਤ ਵਿਚ ਲੀਨ ਹੈ ਤਾਂ ਸਮਝੋ ਉਹ ਨਾਮ ਜਪ ਰਿਹਾ ਹੈ। ਨਾਮ ਜਪਣ ਦਾ ਅਮਲ ਕਿਰਤ ਕਰਨਾ ਹੈ। ਕਿਸੇ ਦਾ ਹੱਕ ਨਹੀਂ ਮਾਰਨਾ ਹੀ ਵੰਡ ਛੱਕਣਾ ਹੈ। ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਫੁਰਮਾਉਂਦੇ ਹਨ ਕਿ ਨਾਮ ਜਪਣ ਤੋਂ ਬਗੈਰ ਕੋਈ ਵੀ ਮਨੁੱਖ ਪਵਿੱਤਰ ਨਹੀਂ ਹੋ ਸਕਦਾ ਚਾਹੇ ਉਹ ਕਿਸੇ ਵੀ ਧਰਮ ਵਿਚ ਕਿਉਂ ਨਾ ਪੈਦਾ ਹੋਇਆ ਹੋਵੇ।

ਬ੍ਰਹਮਨ ਬੈਸ ਸੂਦ ਅਰੁ ਖਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥ (ਅੰਗ 858)

ਭਗਤ ਰਵਿਦਾਸ ਜੀ ਇਕ ਅਕਾਲ ਪੁਰਖ ਵਿਚ ਨਿਸ਼ਚਾ ਰੱਖਦੇ ਸਨ। ਆਪ ਜੀ ਨੇ ਅਕਾਲ ਪੁਰਖ ਨੂੰ ਰਾਮ, ਰਾਜਾ ਰਾਮ, ਰਾਜਾ ਰਾਮ ਚੰਦ, ਰਘੁਨਾਥ, ਹਰਿ, ਮਾਧਵ, ਮੁਰਾਰਿ, ਮੁਕੰਦ, ਗੋਬਿੰਦ, ਦੇਵ, ਅਨੰਤ, ਕਰਤਾ, ਨਿਰੰਜਨ, ਸਤਿਨਾਮੁ, ਪ੍ਰਭੁ ਨਰਾਇਣ ਆਦਿ ਨਾਲ ਸੰਬੋਧਨ ਕੀਤਾ ਹੈ। ਸ਼ਰਾਰਤੀਆਂ ਨੇ ਲੋਕਾਂ ਵਿਚ ਭੰਬਲ ਭੂਸਾ ਪਾਉਣ ਲਈ ਕਈ ਤਰ੍ਹਾਂ ਦੀਆਂ ਸਾਖੀਆਂ ਲਿਖੀਆਂ ਤਾਂਕਿ ਭੋਲੇ ਭਾਲੇ ਲੋਕ ਮੂਰਤੀ ਪੂਜਾ ਦੇ ਚੱਕਰ ਵਿਚ ਹੀ ਫਸੇ ਰਹਿਣ। ਭਗਤ ਰਵਿਦਾਸ ਜੀ ਮੂਰਤੀ ਪੂਜਕ ਨਹੀਂ ਸਨ। ਸਾਖੀ ਜੋ ਠਾਕੁਰਾਂ ਦੇ ਤੁਰ ਕੇ ਆਉਣ ਵਾਲੀ, ਚਮੜੇ ਦੀ ਮੂਰਤੀ ਬਣਾ ਕੇ ਪੂਜਾ ਕਰਨ ਵਾਲੀ ਅਤੇ ਪਿੰਡੇ ਦੇ ਅੰਦਰਲੇ ਪਾਸੇ ਸੋਨੇ ਦੇ ਜਨੇਉ ਵਾਲੀਆਂ ਸਾਖੀਆਂ ਐਵੇਂ ਹੀ ਨਾਲ ਜੋੜੀਆਂ ਹਨ ਸਭ ਗਲਤ ਹਨ। ਇਸ ਦੇ ਤਰ੍ਹਾਂ ਦੀਆਂ ਸਾਖੀਆਂ ਲੋਕਾਂ ਨੂੰ ਭਗਤ ਰਵਿਦਾਸ ਜੀ ਦੇ ਅਸਲ ਨਿਸ਼ਾਨੇ ਤੋਂ ਦੂਰ ਲੈ ਜਾਣ ਵਾਲੀਆਂ ਹਨ।

ਇਕ ਛੁਰਲੀ ਜੋ ਛੱਡੀ ਗਈ ਹੈ ਉਹ ਹੈ ਭਗਤਾਂ ਨੂੰ ਗੁਰੂ ਸਾਬਤ ਕਰਨਾ। ਇਹ ਵੀ ਸਮਾਜ ਵਿਚ ਪਾੜ ਪਾਉਣ ਵਾਲੀ ਸ਼ਰਾਰਤ ਹੈ। ਇਹ ਰਾਜਨੀਤਕ ਲੋਕਾਂ ਦੀ ਛੱਡੀ ਛੁਰਲੀ ਹੈ। ਪਾੜੋ ਤੇ ਰਾਜ ਕਰੋ ਵਾਲੀ ਨੀਤੀ ਵਾਲਿਆਂ ਦੀ। ਪੰਜਾਬ ਵਿਚ ਇਹ ਛੁਰਲੀਆਂ ਛੱਡਣ ਵਾਲੇ ਲੋਕ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜਿਵੇਂ ਸ਼ੂਦਰਾਂ ਨੂੰ ਘਟੀਆ ਕਰਕੇ ਮੰਨਿਆ ਜਾਂਦਾ ਹੈ ਉਵੇਂ ਹੀ ਭਗਤ, ਗੁਰੂਆਂ ਤੋਂ ਹੇਠਾਂ ਹਨ। ਜਦ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਨੂੰ ਭਗਤ ਕਰਕੇ ਲਿਖਿਆ ਹੈ ਫਿਰ ਧੱਕੇ ਨਾਲ ਲੋਕਾਂ ਦੇ ਦਿਮਾਗ ਵਿਚ ਕਿਉਂ ਨਫਰਤ ਪਾਈ ਜਾਵੇ। ਗੁਰੂ ਗ੍ਰੰਥ ਸਾਹਿਬ ਸਾਡਾ ਮੌਜੂਦਾ ਗੁਰੂ ਹੈ। ਅਸੀਂ ਮੱਥਾ ਵੀ ਟੇਕਦੇ ਹਾਂ ਮਤਲਬ ਕਿ ਜੋ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ਉਸਨੂੰ ਅਸੀਂ ਸੱਤ ਕਰਕੇ ਮੰਨਦੇ ਹਾਂ ਫਿਰ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ’ ਵਾਲੀ ਹਾਲਤ ਕਿਉਂ ਬਣਾਈ ਜਾਵੇ। ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ‘ਭਗਤ’ ਨੂੰ ਸ੍ਰੇਸ਼ਟ ਕਹਿੰਦੇ ਹਨ:

ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ॥ (ਅੰਗ 858)

ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਨੂੰ ਧਿਆਨ ਨਾਲ ਦੇਖਿਆ ਤੇ ਪਾਇਆ ਕਿ ਲੋਕ ਖਾਹ-ਮ-ਖਾਹ ਹੀ ਦੁਖੀ ਹਨ, ਐਵੇਂ ਹੀ ਦੁਖੀ ਹਨ। ਇਨ੍ਹਾਂ ਦਾ ਦੁੱਖ ਦੂਰ ਕਰਨ ਲਈ ਆਪ ਨੇ ਇਕ ਨਕਸ਼ਾ ਤਿਆਰ ਕੀਤਾ। ਇਕ ਸੋਚ ਬਣਾਈ ਉਹਨੂੰ ਕਾਗਜ਼ ’ਤੇ ਉਤਾਰਿਆ। ਉਸ ਸਿਧਾਂਤ ਨੂੰ ਅਮਲ ਵਿਚ ਲਿਆਉਣ ਲਈ ਵੱਖ-ਵੱਖ ਰੂਪਾਂ ਵਿਚ ਪ੍ਰਗਟ ਹੋ ਕੇ ਉਸ ਸਿਧਾਂਤ ਨੂੰ ਸਮਝਾਉਣ ਲਈ ਉਸਦਾ ਵਿਸਥਾਰ ਕੀਤਾ ਅਤੇ ਉਸਨੂੰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਦੇ ਕੇ ਗੁਰੂ ਪੰਥ ਦੇ ਹਵਾਲੇ ਕੀਤਾ ਤਾਂਕਿ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਇਸ ਸੰਸਾਰ ਵਿਚ ਵਿਚਰੇ। ਪੁਰਾਤਨ ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਨੂੰ ਪਾਰਬ੍ਰਹਮ ਦਾ ਨਿਜ ਭਗਤ ਆਖਿਆ ਗਿਆ ਹੈ। ਗੁਰੂ ਰਾਮਦਾਸ ਜੀ ਨੇ ਅਕਾਲ ਪੁਰਖ ਨੂੰ ਇਉਂ ਸੰਬੋਧਨ ਕੀਤਾ “ਤੂੰ ਭਗਤਾਂ ਦੇ ਵਸਿ ਭਗਤਾਂ ਤਾਣ ਤੇਰਾ” ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੇ ਵਿਚ ਸਤਿਗੁਰੂਆਂ ਲਈ ;ਮਹਲਾ; ਸ਼ਬਦ ਦੀ ਵਰਤੋਂ ਕੀਤੀ ਹੈ ਅਤੇ ਭਗਤਾਂ ਲਈ ‘ਬਾਣੀ ਭਗਤਾਂ ਦੀ; ਦਾ ਸਿਰਲੇਖ ਲਿਖਿਆ ਹੈ। ਵੱਡੇ ਛੋਟੇ ਵਾਲੀ ਗੱਲ ਨਹੀਂ। ਭਗਤਾਂ ਤੇ ਗੁਰੂਆਂ ਦਾ ਦੈਵੀ ਰੁਤਬਾ ਇਕੋ ਹੈ:

ਰਵਿਦਾਸ ਧਿਆਏ, ਪ੍ਰਭ ਅਨੂਪ ।।
ਗੁਰ ਨਾਨਕ ਦੇਵ ਗੋਵਿੰਦ ਰੂਪ।। (ਅੰਗ 1192)

ਗੁਰੂ ਪੰਥ ਜਦੋਂ ਧਰਤੀ ਦੀ ਸਰਦਾਰੀ ਕਰੇਗਾ ਤਾਂ, ਭਗਤ ਰਵਿਦਾਸ ਜੀ ਦੀ ਸੋਚ ਅਨੁਸਾਰ ਇਹ ਸੰਸਾਰ ‘ਬੇਗਮਪੁਰਾ ਬਣ ਜਾਏਗਾ। ਭਗਤ ਰਵਿਦਾਸ ਜੀ ਨੇ ਫਰਮਾਇਆ ਹੈ ਕਿ ਹੇ ਮੇਰੇ ਵੀਰ। ਹੁਣ ਮੈਂ ਵਸਣ ਲਈ ਸੋਹਣੀ ਥਾਂ ਲੱਭ ਲਈ ਹੈ। ਉਥੇ ਸੁੱਖ ਹੀ ਸੁੱਖ ਹੈ। ਉਸ ਸ਼ਹਿਰ ਦਾ ਨਾਉਂ ਬੇਗਮਪੁਰਾ ਹੈ। ਉਥੇ ਕੋਈ ਦੁੱਖ ਨਹੀਂ, ਘਬਰਾਹਟ ਨਹੀਂ। ਕੋਈ ਡਰ ਨਹੀਂ ਕੋਈ ਟੈਕਸ ਨਹੀਂ। ਕੋਈ ਉਚ-ਨੀਚ ਨਹੀਂ ਉਥੇ ਸਭ ਬਰਾਬਰ ਹਨ। ਸਾਰਿਆਂ ਲਈ ਕਾਨੂੰਨ ਇਕੋ ਜਿਹੇ ਹਨ। ਕੋਈ ਵੀਜਾ ਨਹੀਂ ਜਿਵੇਂ ਮਰਜ਼ੀ ਕੋਈ ਘੁੰਮੇ ਸੈਰ ਕਰੇ।

ਬੇਗਮ ਪੁਰਾ ਸਹਰ ਕੋ ਨਾਉ॥ ਦੁਖ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥੧॥
ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥ ਉਹਾਂ ਗਨੀ ਬਸਹਿ ਮਾਮੂਰ॥੨॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥ (ਅੰਗ 345)

ਇਰਾਦਾ ਪੱਕਾ ਹੋਵੇ ਤਾਂ ਮਨੁੱਖ ਸਭ ਕੁਝ ਕਰ ਸਕਦਾ ਹੈ, ਚਾਹੇ ਉਹ ਕਿਸੇ ਵੀ ਕੁੱਲ ਵਿਚ ਪੈਦਾ ਹੋਇਆ ਹੋਵੇ। ਭਗਤ ਰਵਿਦਾਸ ਜੀ ਫੁਰਮਾਉਂਦੇ ਹਨ: ਐ ਨਗਰ ਦੇ ਲੋਕੋ! ਮੇਰੀ ਜਾਤ ਦੀ ਵਿਆਖਿਆ ਵੀ ਚਮਾਰ ਕਰਕੇ ਕੀਤੀ ਜਾਂਦੀ ਹੈ ਪਰ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਹਨ। ਮੈਂ ਰੱਬ ਦੇ ਗੁਣਾਂ ਦਾ ਧਾਰਨੀ ਹਾਂ ਇਸ ਲਈ ਮੈਂ ਹੀ ਪ੍ਰਧਾਨ ਹਾਂ ਕਿਉਂਕਿ ਬਿਪਰਾਂ ਦਾ ਪ੍ਰਧਾਨ ਨਿੱਤ ਡੰਡੋਤ ਕਰਨ ਆਉਂਦਾ ਹੈ ਜਿਹੜਾ ਵੀ ਚਾਰੋ ਵਰਨਾਂ ਚਾਰੋ ਆਸ਼ਰਮਾਂ ’ਚ ਹਰਿ ਧਿਆਉਂਦਾ ਹੈ ਉਹੀ ਪ੍ਰਧਾਨ ਹੁੰਦਾ ਹੈ:

ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ।। (ਅੰਗ 861)

ਇਸ ਲਈ ਉਹ ਸਭ ਲੋਕ ਜਿਹੜੇ ਆਪ ਨੂੰ ਨੀਚ ਕੁੱਲ ਵਿਚ ਪੈਦਾ ਹੋਏ ਸਮਝ ਕੇ ਹਿੰਮਤ ਹਾਰ ਕੇ ਬੈਠ ਗਏ ਹਨ, ਉਠੋ! ਪ੍ਰਭੂ ਤੁਹਾਨੂੰ ਬੁਲਾ ਰਿਹਾ ਹੈ। ਉਸ ਪ੍ਰਭੂ ਦਾ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਨਿਯਮਾਂ ਨੂੰ ਸਮਝ ਕੇ ਧਾਰਨ ਕਰੋ ਅਤੇ ਆਪਣਾ ਮਾਣ-ਸਨਮਾਨ ਪ੍ਰਾਪਤ ਕਰੋ।ਉਹ ਲੋਕ ਜਿਹੜੇ ਆਪਣੇ ਆਪ ਨੂੰ ਉੱਚੀ ਕੁੱਲ ਚ ਪੈਦਾ ਹੋਇਆ ਸਮਝ ਕੇ ਲੋਕਾਂ ਨੂੰ ਦੁਖੀ ਕਰਦੇ ਹਨ ਪਾਖੰਡ ਕਰਕੇ ਲੋਕਾਂਨੂੰ ਭੰਬਲਭੂਸੇ ਪਾੳਂੁਦੇ ਆ ਰਹੇ ਹਨਉਹ ਸਭ ਸਾਵਧਾਨ ਹੋ ਜਾਣ ਤੇ ਮਾੜੇ ਕੰਮ ਛੱਡ ਕੇ ਮਨੁੱਖਤਾ ਦੀ ਉੱਚੀ ਸੇਵਾ ਵਿਚ ਲੱਗ ਜਾਣ। ਉਹਨਾਂ ਦਾ ਭਲਾ ਹੋਵੇਗਾ ਤੇ ਸੰਸਾਰ ਦਾ ਵੀ ਭਲਾ ਹੋਵੇਗਾ।

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥
ਰਿਦੈ ਰਾਮ ਗੋਬਿੰਦ ਗੁਨ ਸਾਰੰ॥ ਰਹਾੳੇੁ॥
ਸੁਰਸਰੀ ਸਲਲ ਕਿਤ੍ਰ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥1॥
ਤਰ ਤਾਰਿ ਅਪਵ੍ਰਿਤ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰ ਨਮਸਕਾਰੰ॥2॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੰਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸ ਦਾਸਾ॥ (ਅੰਗ: 1293)

ਆਓ ਸਾਰੇ ਰਲ ਮਿਲ ਕੇ ਲੁੱਟ ਖਸੁੱਟ ਕਰਨ ਵਾਲ਼ਿਆਂ ਨੂੰ ਭਾਂਜ ਦੇਈਏ ਅਤੇ ਭਗਤ ਰਵਿਦਾਸ ਜੀ ਦੇ ਸਿਧਾਤਾਂ ਅਨੁਸਾਰ ਗੁਰਮਤਿ ਦੇ ਮਾਰਗ ‘ਤੇ ਜੀਵਨ ਢਾਲੀਏ।

** ਉਕਤ ਲਿਖਤ ਸਿੱਖ ਸ਼ਹਾਦਤ ਮੈਗਜ਼ੀਨ (ਫਰਵਰੀ 2004) ਵਿੱਚੋਂ ਲਈ ਗਈ ਹੈ। ਇਥੇ ਅਸੀ ਮੁੜ ਤੋਂ ਸਿੱਖ ਸਿਆਸਤ ਦੇ ਪਾਠਕਾਂ ਲਈ ਸਾਝੀ ਕਰ ਰਹੇ ਹਾਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: