ਲੇਖ

ਐਵੇਂ ਹੀ ਰਸਤਾ ਬਦਲ ਕੇ ਪੈਂਡਾ ਵਧਾ ਲਿਆ…

October 24, 2010 | By

ਮੌਜੂਦਾ ਸਿਆਸੀ ਜੰਗ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਨੂੰ ਕੋਈ ਵੀ ਨਹੀਂ ਰੋਕ ਸਕਦਾ। ਹੋ ਸਕਦੈ ਮੀਡੀਆ ਦੇ ਇਕ ਸ਼ਕਤੀਸ਼ਾਲੀ ਹਿੱਸੇ ਵਿਚ ਉਸ ਦੀ ਹੋ ਰਹੀ ਬੱਲੇ-ਬੱਲੇ ਨਾਲ ਉਸ ਨੂੰ ਆਪਣੀ ਤਾਕਤ ਦਾ ਪਰਛਾਂਵਾਂ ਬੜੀ ਦੂਰ ਦੂਰ ਤੱਕ ਫੈਲਿਆ ਨਜ਼ਰ ਆਉਂਦਾ ਹੋਵੇਗਾ, ਪਰ ਇਹ ਇਕ ਖ਼ੂਬਸੂਰਤ ਭਰਮ ਤੋਂ ਵੱਧ ਕੁਝ ਵੀ ਨਹੀਂ ਹੈ। ਲੇਕਿਨ ਇਹ ਗੱਲ ਮੁਮਕਿਨ ਹੈ ਕਿ ਮਨਪ੍ਰੀਤ ਬਾਦਲ ਦੀ ਕੁਰਬਾਨੀ ਨਾਲ ਛੋਟੇ ਬਾਦਲ ਦੀ ਤਾਜਪੋਸ਼ੀ ਕੁਝ ਚਿਰ ਹੋਰ ਲਮਕ ਜਾਵੇ ਕਿਉਂਕਿ ਪਾਰਟੀ ਅੰਦਰ ਫੈਲੀ ਖ਼ਾਮੋਸ਼ ਨਿਰਾਸ਼ਤਾ, ਘੁਟਨ ਅਤੇ ਸੁਖਬੀਰ ਬਾਦਲ ਦਾ ਟਕਸਾਲੀ ਅਕਾਲੀਆਂ ਪ੍ਰਤੀ ਬੇ-ਰਹਿਮ ਰਵੱਈਆ ਤੇ ਪਹੁੰਚ ਤੇ ਟਕਸਾਲੀ ਅਕਾਲੀਆਂ ਵਿਚ ਸੁਖਬੀਰ ਬਾਦਲ ਵਿਰੁੱਧ ਲੁਕ-ਛਿਪ ਕੇ ਹੋ ਰਹੀ ਘੁਸਰ ਮੁਸਰ ਕਿਸੇ ਵੱਡੀ ਬਗਾਵਤ ਦਾ ਰਾਹ ਪਧਰਾ ਕਰ ਸਕਦੀ ਹੈ।ਆਓ ਇਕ ਤਰਦੀ-ਤਰਦੀ ਝਾਤ ਮਾਰੀਏ ਮਨਪ੍ਰੀਤ ਬਾਦਲ ਦੇ ਹੁਣ ਤੱਕ ਦੇ ਸਫ਼ਰ ਅਤੇ ਉਸ ਦੀ ਸਿਆਸੀ ਤਾਕਤ ਅਤੇ ਪ੍ਰਭਾਵ ਬਾਰੇ। ਲੰਡਨ ਸਕੂਲ ਆਫ਼ ਇਕਨਾਮਿਕਸ, ਦੂਨ ਸਕੂਲ ਅਤੇ ਸੇਂਟ ਸਟੀਫ਼ਨ ਕਾਲਜ ਵਿਚੋਂ ਉਚੀ ਵਿਦਿਆ ਹਾਸਲ ਕਰਨ ਵਾਲੇ ਇਸ ‘ਮੁੰਡੇ‘ ਨੂੰ ਭਾਵੇਂ ਅਰਥਚਾਰੇ ਦੇ ਨਿਯਮਾਂ ਉਤੇ ਕਿੰਨੀ ਵੀ ਡੂੰਘੀ ਤੋਂ ਡੂੰਘੀ ਪਕੜ ਹੋਵੇ ਪਰ ਸਿੱਖ ਕੌਮ ਦੇ ਆਰਥਿਕ ਅਤੇ ਮਨੋਵਿਗਿਆਨਕ ਸੰਸਾਰ ਬਾਰੇ ਸਮਝ ਵਿਚ ਉਹ ਬਿਲਕੁਲ ‘ਜੁਆਕੜਾ‘ ਜਿਹਾ ਹੀ ਹੈ। ਇਸ ਪਹਿਲੂ ਤੋਂ ਉਹ ਸਚਮੁੱਚ ਹੀ ਗਿੱਟੇ ਗਿੱਟੇ ਪਾਣੀਆਂ ਵਿਚ ਖੇਡਣ ਦਾ ਤਾਰੂ ਨਜ਼ਰ ਆਉਂਦਾ ਹੈ। ਹੋ ਸਕਦੈ ਉਹ ਅਗਲੇ ਕੁਝ ਦਿਨਾਂ ਵਿਚ ਆਪਣੀ ਹਮਾਇਤ ਹਾਸਲ ਕਰਨ ਲਈ ਵੱਡੇ ਛੋਟੇ ਇਕੱਠ ਵੀ ਕਰ ਲਵੇ, ਪਰ ਇਹ ਭੀੜ-ਨੁਮਾ ਜਜ਼ਬਾਤੀ ਜਲਸੇ ਛੇਤੀ ਹੀ ਤਾਸ਼ ਦੇ ਪੱਤਿਆਂ ਵਾਂਗ ਖਿੰਡਦੇ ਵੇਖੇ ਜਾਣਗੇ। ਕਾਰਨ? ਕਾਰਨ ਸਾਫ਼ ਤੇ ਸਪੱਸ਼ਟ ਹੈ ਕਿ ਉਸ ਦਾ ਦੁਸ਼ਮਨ ਬਾਬਾ ਬੋਹੜ (ਸ. ਪਰਕਾਸ਼ ਸਿੰਘ ਬਾਦਲ) ਹੈ ਜਿਸ ਦੀ ਭਿਆਨਕ ਚੁੱਪ ਅਤੇ ਜਿਸ ਦੇ ਧੀਰਜ ਅਤੇ ਠਰੰਮ੍ਹੇ ਦੀਆਂ ਜੜ੍ਹਾਂ ਪਾਤਾਲ ਤੱਕ ਡੂੰਘੀਆਂ ਵੀ ਹਨ ਅਤੇ ਫੈਲੀਆਂ ਵੀ ਦੂਰ ਦੂਰ ਤੱਕ ਹਨ। ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਵੱਡੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲਾ ਇਹ ‘ਪੈਂਟੂ‘ ਲੰਮੀ ਰੇਸ ਦਾ ਘੋੜਾ ਨਹੀਂ ਜਦ ਕਿ ਬਾਦਲ ਸਾਹਿਬ ਆਪਣੀ ਖ਼ਾਮੋਸ਼ੀ ਵਿਚ ਲੁਕੀਆਂ ਸਿਆਸੀ ਚਤੁਰਾਈਆਂ, ਚਲਾਕੀਆਂ, ਛਲ-ਕਪਟ ਅਤੇ ਕਮੀਨਗੀਆਂ ਵਰਗੇ ਔਗੁਣਾਂ ਨੂੰ ਗੁਣਾਂ ਵਿਚ ਬਦਲਣ ਅਤੇ ਜਨਤਾ ਨੂੰ ਉਹਨਾ ‘ਗੁਣਾਂ‘ ਨਾਲ ਕਾਇਲ ਕਰਨ ਦੀ ਜਿੰਨੀ ਸਮਰੱਥਾ ਅਤੇ ਯੋਗਤਾ ਰੱਖਦੇ ਹਨ, ਵਿਚਾਰੇ ਮਨਪ੍ਰੀਤ ਬਾਦਲ ਦਾ ਸਿਆਸੀ ਦੀਪ ਇਨ੍ਹਾਂ ਹਵਾਵਾਂ ਦੇ ਜ਼ੋਰ ਅੱਗੇ ਕਿਵੇਂ ਟਿਕ ਸਕੇਗਾ? ਇਸ ਨੇ ਆਖ਼ਰਕਾਰ ਬੁਝ ਹੀ ਜਾਣਾ ਹੈ।

ਬਾਦਲ ਸਾਹਿਬ ਨੂੰ ਦੁਸ਼ਮਣ ਨੂੰ ਠਿੱਬੀ ਮਾਰ ਕੇ ਡੇਗਣਾ, ਮੂਧੜੇ ਮੂੰਹ ਸੁਟਣਾ ਅਤੇ ਫਿਰ ਉਸ ਨੂੰ ਸਮੇਂ ਤੇ ਹਾਲਾਤ ਮੁਤਾਬਕ ਆਪ ਹੀ ਚੁੱਕ ਕੇ ਪਲੋਸਣਾ ਤੇ ਪੈਰਾਂ ਭਾਰ ਖੜਾ ਕਰਨ ਵਾਲੀਆਂ ਕਲਾਬਾਜ਼ੀਆਂ ਆਉਂਦੀਆਂ ਹਨ। ਤਕਦੀਰ ਨੇ ਇਹ ਤੋਹਫ਼ਾ ਉਹਨਾਂ ਨੂੰ ਹੀ ਬਖ਼ਸ਼ਿਆ ਹੈ ਕਿ ਉਹ ਤਲਵਾਰ ਤੋਂ ਬਿਨਾਂ ਹੀ ਦੁਸ਼ਮਣ ਨਾਲ ਲੜਦੇ ਰਹੇ ਹਨ ਤੇ ਫਿਰ ਜਿੱਤਦੇ ਵੀ ਰਹੇ ਹਨ। ਹਾਂ! ਇਸ ਸੱਚਾਈ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਇਹੋ ਜਿਹੇ ਦਾਅ-ਪੇਚਾਂ ਦੇ ਅੰਤ ਦੀ ਸ਼ੁਰੂਆਤ ਹੋ ਗਈ ਹੈ। ਮਨਪ੍ਰੀਤ ਬਾਦਲ ਨੇ ਹੀ ਇਸ ਸ਼ੁਰੂਆਤ ਰਸਮ ਦਾ ਉਦਘਾਟਨ ਕੀਤਾ ਹੈ। ਅਕਾਲੀ ਦਲ ਦੇ ਸੰਕਟਾਂ ਦਾ ਇਤਿਹਾਸ ਇਹ ਸੇਹਰਾ ਮਨਪ੍ਰੀਤ ਬਾਦਲ ਨੂੰ ਜ਼ਰੂਰ ਦੇਵੇਗਾ।

ਦਿਲਚਸਪ ਗੱਲ ਇਹ ਹੈ ਕਿ ਸਿਆਸਤ ਵਿਚ ਬਾਦਲ ਸਾਹਿਬ ਦੀ ਹਾਰ ਵੀ ਕੁਝ ਚਿਰ ਪਿਛੋਂ ਆਪਣੇ ਆਪ ਜਿੱਤ ਵਿਚ ਬਦਲ ਜਾਂਦੀ ਹੈ ਕਿਉਂਕਿ ਉਹ ਲੰਮੀ ਖ਼ਾਮੋਸ਼ੀ ਦੇ ਅਭਿਆਸ ਰਾਹੀਂ ਆਪਣੀ ਹਾਰ ਦਾ ਬਦਲਾ ਲੈ ਲੈਂਦੇ ਹਨ। ਸਭ ਜਾਣਦੇ ਹਨ ਕਿ ਖਾੜਕੂ ਲਹਿਰ ਦੌਰਾਨ ਖਾੜਕੂ ਮੁੰਡਿਆਂ ਦੇ ਭਿਆਨਕ ਗੁੱਸੇ ਨੂੰ ਉਹਨਾਂ ਨੇ ਆਪਣੀ ਖ਼ਤਰਨਾਕ ਖ਼ਾਮੋਸ਼ੀ ਵਿਚ ਕੁਝ ਇਸ ਤਰ੍ਹਾਂ ਜਜ਼ਬ ਕਰ ਲਿਆ ਕਿ ਉਹ ਅੱਜ ਕਿਤੇ ਵੀ ਨਜ਼ਰ ਨਹੀਂ ਆਉਂਦੇ। ਜੇ ਕਦੇ ਕਦਾਈਂ ਸਿਆਸੀ ਰੂਪ ਵਿਚ ਉਹ ਆਪਣਾ ਰੂਪ ਰੰਗ ਦਿਖਾਉਣ ਲੱਗਣ ਵੀ ਤਾਂ ਜੇਲ੍ਹਾਂ, ਮੁਕੱਦਮੇ ਤੇ ਪੁਲਿਸ ਉਹਨਾਂ ਦਾ ਸੁਆਗਤ ਕਰਨ ਲਈ ਪੱਬਾਂ ਭਾਰ ਖੜੇ ਹੁੰਦੇ ਹਨ। ਬਾਦਲ ਸਾਹਿਬ ਦੀ ਚੁੱਪ ਸੱਚਮੁੱਚ ਹੀ ਸੁਨਹਿਰੀ ਚੁੱਪ ਹੈ ਅਤੇ ਇਉਂ ਲਗਦਾ ਹੈ ਜਿਵੇਂ ਸਪੇਨ ਦੇ ਮਹਾਨ ਨਾਵਲਿਸਟ ‘ਮਾਈਗਲ ਡੀ. ਸਰਵੈਂਟਿਸ‘ (1547-1616) ਦਾ ਇਹ ਕਥਨ ਉਹਨਾਂ ਨੂੰ ਖ਼ੂਬ ਰਾਸ ਆਇਆ ਹੈ ਕਿ ‘ਬੰਦ ਮੂੰਹ ਵਿਚ ਮੱਖੀਆਂ ਕਦੇ ਨਹੀਂ ਪੈ ਸਕਦੀਆਂ‘। ਕੀ ਇਉਂ ਨਹੀਂ ਲਗਦਾ ਕਿ ਬਾਦਲ ਸਾਹਿਬ ਦੀ ਖ਼ਾਮੋਸ਼ੀ ਉਹਨਾਂ ਦੀ ਮਾਂ-ਬੋਲੀ ਬਣ ਗਈ ਹੈ?

…ਤੇ ਇਸ ਮਨਪ੍ਰੀਤ ਬਾਦਲ ਨੂੰ ਪੰਜਾਬ ਦੀ ਭਾਵੇਂ ਥੋੜ੍ਹੀ ਬਹੁਤ ਸਮਝ ਹੋਵੇ ਪਰ ਸਿੱਖੀ ਦੀ ਭੋਰਾ ਵੀ ਸਮਝ ਨਹੀਂ। ਦੂਜੇ ਪਾਸੇ ਬਾਦਲ ਸਾਹਿਬ ਸਿੱਖੀ ਦੇ ਪਵਿੱਤਰ ਜਜ਼ਬਿਆਂ ਨੂੰ ਆਪਣੇ ਹਿੱਤਾਂ ਲਈ ਵਰਤਣ ਤੋਂ ਰਤਾ ਵੀ ਢਿੱਲ-ਮੱਠ ਜਾਂ ਆਲਸ ਨਹੀਂ ਵਿਖਾਉਂਦੇ। ਉਹ ਆਪਣੇ ਸਵਾਰਥਾਂ ਤੇ ਹਿੱਤਾਂ ਨੂੰ ਕੁਝ ਇਸ ਤਰ੍ਹਾਂ ਸ਼ਿੰਗਾਰ ਕੇ ਪੇਸ਼ ਕਰਦੇ ਹਨ ਕਿ ਸਿੱਖਾਂ ਨੂੰ ਇਉਂ ਜਾਪਦਾ ਹੈ ਜਿਵੇਂ ਬਾਦਲ ਸਾਹਿਬ ਦੇ ਸਵਾਰਥਾਂ ਵਿਚ ਕੌਮ ਦੇ ਹਿੱਤ ਹੀ ਲੁਕੇ ਹੋਏ ਹਨ। ਦੂਜੇ ਪਾਸੇ ਮਨਪ੍ਰੀਤ ਬਾਦਲ ਏਸ ਪਾਸੇ ਵੱਲ ਕਦੇ ਨਹੀਂ ਗਿਆ। ਜਦਕਿ ਬਾਦਲ ਸਾਹਿਬ ਇਹ ਰਾਹ ਕਦੇ ਵੀ ਨਹੀਂ ਛੱਡਦੇ ਤੇ ਸੁਖਬੀਰ ਬਾਦਲ ਨੂੰ ਵੀ ਇਸੇ ਰਾਹ ਉਤੇ ਤੋਰਨ ਦੀਆਂ ਨਸੀਹਤਾਂ ਦਿੰਦੇ ਰਹਿੰਦੇ ਹਨ। ਦਸਮੇਸ਼ ਪਿਤਾ ਵਲੋਂ ਬਖ਼ਸ਼ੇ ਸਿੱਖੀ ਦੇ ਬਾਹਰੀ ਸਰੂਪ ਦੀ ਉਲੰਘਣਾ ਵੀ ਮਨਪ੍ਰੀਤ ਨੂੰ ਚੰਗੀ ਚੰਗੀ ਲੱਗਦੀ ਹੈ ਅਤੇ ਇੰਝ ਸਿਆਸੀ ਜੰਗ ਵਿਚ ਡਿੱਗਣ ਲਈ ਕੁਝ ਭਾਰ ਉਹਨਾਂ ਨੇ ਆਪ ਹੀ ਆਪਣੇ ਲੱਕ ਦੁਆਲੇ ਬੰਨੇ ਹੋਏ ਹਨ।

ਮਨਪ੍ਰੀਤ ਬਾਦਲ ਨੂੰ ਸਿਆਸੀ ਹਲਕਿਆਂ, ਕੁਝ ਇਕ ਨੂੰ ਛੱਡ ਕੇ ਬੌਧਿਕ ਹਲਕਿਆਂ ਅਤੇ ਕਿਰਸਾਨੀ ਦੇ ਹਲਕਿਆਂ ਵਿਚੋਂ ਵੀ ਹਮਾਇਤ ਤਾਂ ਕੀ ਮਿਲਣੀ ਸੀ ਸਗੋਂ ਤਿੱਖੇ ਤੇ ਜਥੇਬੰਦਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਪਿਛਲੇ ਦਿਨੀਂ ਇਕ ਟੀ.ਵੀ. ਚੈਨਲ ਉਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਕਾਮਰੇਡ ਬਲਵੰਤ ਸਿੰਘ ਠੋਸ ਤੱਥਾਂ ਅਤੇ ਅੰਕੜਿਆਂ ਦੇ ਆਧਾਰ ਤੇ ਸਬਸਿਡੀਆਂ ਦੇ ਹੱਕ ਵਿਚ ਜਿਵੇਂ ਹੈਰਾਨਜਨਕ ਤੱਥ ਪੇਸ਼ ਕਰ ਰਹੇ ਸਨ, ਉਸ ਤੋਂ ਕੁਝ ਹਲਕੇ ਇਹ ਸ਼ੱਕ ਕਰਨ ਲਈ ਮਜਬੂਰ ਹਨ ਕਿ ਮਨਪ੍ਰੀਤ ਬਾਦਲ ਨੂੰ ਆਪਣੀ ‘ਆਰਥਿਕ ਲਿਆਕਤ‘ ਦਾ ਜਾਂ ਤਾਂ ਹੰਕਾਰ ਹੋ ਗਿਆ ਹੈ ਅਤੇ ਜਾਂ ਫਿਰ ਉਹ ਅਣਚਾਹੇ ਜਾਂ ਚਾਹੇ ‘ਕਿਸੇ ਹੋਰ ਦੀ ਖੇਡ‘ ਖੇਡ ਰਹੇ ਹਨ। ਬੀਤੇ ਦਿਨ ਫਿਰ ਇਕ ਚੈਨਲ ਅੰਕੜੇ ਦੇ ਕੇ ਇਹ ਦੱਸ ਰਿਹਾ ਸੀ ਕਿ ਭਾਰਤ ਦੇ ਹੋਰ ਸੂਬੇ ਵੀ ਭਾਰੀ ਕਰਜ਼ੇ ਹੇਠ ਦੱਬੇ ਪਏ ਹਨ। ਇਥੋਂ ਤੱਕ ਕਿ ਪੱਛਮੀ ਬੰਗਾਲ ਤੇ ਗੁਜਰਾਤ ਵਰਗੇ ਸੂਬੇ ਵੀ ਵੱਡੇ ਕਰਜ਼ੇ ਦਾ ਸ਼ਿਕਾਰ ਹਨ। ਇਕੱਲੇ ਬੰਗਾਲ ਉਤੇ ਹੀ ਇਕ ਲੱਖ ਕਰੋੜ ਤੋਂ ਉਪਰ ਕਰਜ਼ਾ ਹੈ। ਰਾਜਨੀਤਕ ਹਲਕੇ ਇਹ ਸਵਾਲ ਕਰਦੇ ਹਨ ਕਿ ਮਨਪ੍ਰੀਤ ਬਾਦਲ ਨੂੰ ਕਦੇ ਇਹ ਚੇਤਾ ਕਿਉਂ ਨਹੀਂ ਆਇਆ ਕਿ ਪੰਜਾਬ ਦੇ ਵੱਡੇ ਵੱਡੇ ਸਨਅਤਕਾਰ ਅਰਬਾਂ ਰੁਪਏ ਦੀ ਬਿਜਲੀ ਚੋਰੀ ਕਰਦੇ ਹਨ ਅਤੇ ਵੱਡੀਆਂ ਸਬਸਿਡੀਆਂ ਵੀ ਲੈਂਦੇ ਹਨ। ਇਸ ਤੋਂ ਇਲਾਵਾ ਕੇਂਦਰ ਖੁਦ ਵੀ ਕਈ ਖੇਤਰਾਂ ਵਿਚ ਸਬਸਿਡੀਆਂ ਦਿੰਦਾ ਹੈ। ਪਰ ਮਨਪ੍ਰੀਤ ਬਾਦਲ ਨੂੰ ਖੇਤੀਬਾੜੀ ਦੇ ਖੇਤਰ ਨੂੰ ਦਿੱਤੀਆਂ ਸਬਸਿਡੀਆਂ ਹੀ ਕਿਉਂ ਚੁਭਦੀਆਂ ਹਨ ਜਦਕਿ ਪੰਜਾਬੀ ਕਿਸਾਨ ਕਣਕ ਤੇ ਝੋਨਾ ਪੈਦਾ ਕਰਕੇ ਵਰ੍ਹਿਆਂ ਤੋਂ ਹਿੰਦੋਸਤਾਨ ਦਾ ਢਿੱਡ ਭਰਦੇ ਆ ਰਹੇ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਤੇ ਝੋਨੇ ਦੀ ਲਗਾਤਾਰ ਖੇਤੀ ਕਰਨ ਨਾਲ ਧਰਤੀ ਵਿਚੋਂ ਖੁਰਾਕੀ ਤੱਤ ਅਲੋਪ ਹੁੰਦੇ ਜਾ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇਕ ਬੰਜਰ ਧਰਤੀ ਬਣ ਜਾਵੇਗਾ। ਕੀ ਮਨਪ੍ਰੀਤ ਨੂੰ ਇਨ੍ਹਾਂ ਹਕੀਕਤਾਂ ਦੀ ਖ਼ਬਰ ਨਹੀਂ? ਫਿਰ ਇਕ ਹੋਰ ਸਵਾਲ ਵੀ ਰਾਜਨੀਤਕ ਹਲਕੇ ਮਨਪ੍ਰੀਤ ਅੱਗੇ ਕਰ ਰਹੇ ਹਨ। ਮਨਪ੍ਰੀਤ ਨੇ ਕਦੇ ਵੀ ਪੰਜਾਬ ਦੇ ਮਸਲਿਆਂ ਲਈ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ। ਉਹ ਸ਼ਾਇਦ ਹੀ ਕਦੇ ਅਨੰਦਪੁਰ ਸਾਹਿਬ ਦੇ ਮਤੇ ਦੇ ਹੱਕ ਵਿਚ ਬੋਲਿਆ ਹੋਵੇ ਜਾਂ ਉਸ ਨੇ ਪਾਣੀਆਂ ਦੇ ਮਸਲੇ ਉਤੇ, ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਨ ਦੇ ਮਸਲੇ ਬਾਰੇ, ਕਾਲੀਆਂ ਸੂਚੀਆਂ ਖਤਮ ਕਰਨ ਦੇ ਮਸਲੇ ਬਾਰੇ, ਸਿੱਖਾਂ ਦੀ ਨਸਲਕੁਸ਼ੀ ਦੇ ਮਸਲਿਆਂ ਬਾਰੇ ਜਾਂ ਅਨੰਦ ਕਾਰਜ ਐਕਟ ਬਣਾਉਣ ਬਾਰੇ ਵਿਧਾਨ ਸਭਾ ਦੇ ਅੰਦਰ ਜਾਂ ਬਾਹਰ ਜਨਤਕ ਤੌਰ ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੋਵੇ। ਅੱਜ ਭਾਵੇਂ ਉਹ ਇਹ ਦਾਅਵਾ ਕਰ ਰਹੇ ਹਨ ਕਿ ਉਹ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਘਰ ਦਾ ਕੁੰਡਾ ਖੜਕਾਉਣਗੇ, ਪਰ ਰਾਜਨੀਤਕ ਹਲਕਿਆਂ ਦੀ ਇਹ ਭਵਿੱਖਬਾਣੀ ਹੈ ਕਿ ਪੰਜਾਬ ਦੇ ਹਿੱਤਾਂ ਨੂੰ ਪਰਨਾਇਆ ਕੋਈ ਵੀ ਜਾਗਦਾ ਵਿਅਕਤੀ ਆਪਣੇ ਘਰ ਦਾ ਦਰਵਾਜ਼ਾ ਮਨਪ੍ਰੀਤ ਲਈ ਨਹੀਂ ਖੋਲੇਗਾ। ਇਸ ਲਈ ਕਿਸੇ ਸ਼ਾਇਰ ਦੀ ਇਹ ਟਿੱਪਣੀ ਮਨਪ੍ਰੀਤ ਬਾਦਲ ਉਤੇ ਵੀ ਢੁਕਦੀ ਹੈ ਕਿ ਉਸ ਨੇ ਰਸਤਾ ਬਦਲ ਕੇ ਆਪਣਾ ਪੈਂਡਾ ਵਧਾ ਲਿਆ ਹੈ, ਕਿਉਂਕਿ ਜਿਸ ਰਸਤੇ ‘ਤੇ ਉਹ ਚਲ ਪਿਆ ਹੈ ਉਸ ਰਸਤੇ ‘ਤੇ ਉਹ ਇਕੱਲੇ ਹੀ ਰਹਿ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,