ਲੇਖ

ਕੁਲਦੀਪ ਨੱਈਅਰ ਤੋਂ ਸਨਮਾਨ ਵਾਪਸੀ, ਸ਼੍ਰੋਮਣੀ ਕਮੇਟੀ ਤੇ ਸਿੱਖ

October 31, 2017 | By

ਲੇਖਕ: ਜਸਪਾਲ ਸਿੰਘ ਸਿੱਧੂ*

ਲੇਖਕ: ਜਸਪਾਲ ਸਿੰਘ ਸਿੱਧੂ*

ਸਤੰਬਰ 2017 ਵਿਚ ਜਦੋਂ ਕੁਲਦੀਪ ਨੱਈਅਰ ਨੇ ਗੁਰਮੀਤ ਰਾਮ ਰਹੀਮ ਦੇ ਉਭਾਰ ਅਤੇ ਗ੍ਰਿਫਤਾਰੀ ਦੀ ਤੁਲਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਚੜ੍ਹਤ ਕਰਦਿਆਂ ਇਕ ਅਖਬਾਰੀ ਲੇਖ ਲਿਿਖਆ, ਤਾਂ ਸਿੱਖ ਹਲਕਿਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਾਰਵਾਈ ਕਰਨੀ ਪਈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਮਤਾ ਪਾਸ ਕਰਕੇ ਕੁਲਦੀਪ ਨੱਈਅਰ ਨੂੰ ਦਿੱਤਾ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਵਾਪਸ ਲੈਣ ਦਾ ਐਲਾਨ ਕੀਤਾ।

ਇਸ ਤੱਥ ਤੋਂ ਸਿੱਖ ਭਲੀ ਭਾਂਤ ਵਾਕਫ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਦਹਾਕਿਆਂ ਤੋਂ ਬਾਦਲਾਂ ਦੀਆਂ ਸਿਆਸੀ ਲੋੜਾਂ ਅਨੁਸਾਰ ਚਲਦੀ ਰਹੀ ਹੈ ਅਤੇ ਹੁਣ ਵੀ ਇਸੇ ਤਰ੍ਹਾਂ ਚਲਾਈ ਜਾ ਰਹੀ ਹੈ। ਇਸ ਕਰਕੇ 2006 ਵਿਚ ਕੁਲਦੀਪ ਨੱਈਅਰ ਨੂੰ ਇਨਾਮ ਦੇ ਕੇ ਅਕਾਲੀ (ਅਸਲ ‘ਚ ਬਾਦਲਕੇ) ਆਪਣੇ ਆਪ ਨੂੰ ਕਥਿਤ “ਗਰਮ-ਖਿਆਲੀ” ਸਿੱਖਾਂ ਤੋਂ ਵੱਖਰਾ ਪੇਸ਼ ਕਰਕੇ ਰਾਸ਼ਟਰਵਾਦੀ ਮੁੱਖ-ਧਾਰਾ ਵਾਲੀ ਸਿਆਸਤ ਕਰ ਰਹੇ ਸਨ ਅਤੇ ਇਨਾਮ ਵਾਪਸ ਲੈ ਕੇ ਉਹ ਆਪ ਹੀ ਖੜ੍ਹੇ ਕੀਤੇ ‘ਸੰਤ ਸਮਾਜ’ ਨੂੰ ਖੁਸ਼ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਭਵਿੱਖੀ ਚੋਣਾਂ ਲਈ ਅਤੇ ਅਕਾਲੀ ਰਾਜਨੀਤੀ ਲਈ ਸਿੱਖ ਸਮਾਜ ਅੰਦਰ ਆਪਣੀ ਖੁੱਸੀ ਹੋਈ ਸ਼ਾਖ ਮੁੜ ਹਾਸਲ ਕਰਨਾ ਚਾਹੁੰਦੇ ਹਨ।

ਜਦੋਂ ਅੱਜ ਦੇ ਹਾਲਾਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਕੋਈ ਆਜ਼ਾਦ ਹੋਂਦ ਤੇ ਵਜ਼ੂਦ ਹੀ ਨਹੀਂ ਹੈ ਅਤੇ ਉਸਦੇ ਪ੍ਰਧਾਨ ਬਾਦਲਾਂ ਦੇ ਲਿਫਾਫਿਆਂ ਵਿਚੋਂ ਹੀ ਨਿਕਲਦੇ ਨੇ ਤਾਂ ਅਜੀਤ ਅਖਬਾਰ ਦੇ ਮਾਲਕ/ਐਡੀਟਰ ਬਲਜਿੰਦਰ ਸਿੰਘ ਹਮਦਰਦ ਵੱਲੋਂ ਇਨਾਮ ਵਾਪਸ ਲੈਣ ਉਤੇ ਕਮੇਟੀ ਨੁੰ ਸੰਬੋਧਨ ਕਰਦਿਆਂ ਇਤਰਾਜ਼-ਭਰੀ ਸੰਪਾਦਕੀ ਲਿਖਣਾ ਕੋਈ ਅਹਿਮੀਅਤ ਨਹੀਂ ਰੱਖਦਾ। ਹਮਦਰਦ ਤਾਂ ਖੁਦ ਪਿਛਲੇ ਕਈ ਦਹਾਕਿਆਂ ਤੋਂ ਬਾਦਲਕਿਆਂ ਦੀਆਂ ਸਿਆਸੀ ਖੇਡਾਂ ਵਿਚ ਕੇਵਲ ਰਾਜ਼ਦਾਰ ਹੀ ਨਹੀਂ ਬਲਕਿ ਹਿੱਸੇਦਾਰ ਹੈ।

ਸ਼ਾਇਦ ਹਮਦਰਦ ਨੇ ਇਹ ਮੱਧ-ਵਰਗੀ ਸਿਸ਼ਟਾਚਾਰ ਭਰੀ ਸੰਪਾਦਕੀ ਕੁਲਦੀਪ ਨੱਈਅਰ ਨਾਲ ਆਪਣੀ ਪੁਰਾਣੀ ਯਾਰੀ ਨਿਭਾਉਣ ਲਈ ਅਤੇ ਆਪਣੇ ਰਾਸ਼ਟਰਵਾਦੀ ਤੇ ਅਖੌਤੀ ਸੈਕੂਲਰ ਅਕਸ ਨੂੰ ਬਣਾਈ ਰੱਖਣ ਲਈ ਲਿਖੀ ਹੋਵੇ। ਇਕ-ਡੇਢ ਸਦੀ ਤੋਂ ਖੰਡਤ ਹੋਈ ‘ਪੰਜਾਬੀਅਤ’ ਦਾ ਨਾਹਰਾ ਵੀ ਹਮਦਰਦ ਆਪਣੇ ਮੌਕਾ-ਪ੍ਰਸਤ ਸਿਆਸੀ ਕਿਰਦਾਰ ਤੇ ਸਮਝੌਤਾਵਾਦੀ ਅਮਲ ਉਤੇ ਪਰਦਾ ਪਾਉਣ ਲਈ ਲਾਉਂਦਾ ਆ ਰਿਹਾ ਹੈ। ਵੈਸੇ ਤਾਂ ਨੰਗੀਆਂ-ਚਿੱਟੀਆਂ ਵਪਾਰਕ ਲੀਹਾਂ ਤੇ ਅਜੀਤ ਅਖਬਾਰ ਕੱਢਣ ਵਾਲੇ ਬਰਜਿੰਦਰ ਸਿੰਘ ਹਮਦਰਦ ਦੀ ਸਿਆਸੀ ਕਾਰਗੁਜ਼ਾਰੀ ਤੇ ਪੱਤਰਕਾਰੀ ਵੀ ਕੁਲਦੀਪ ਨੱਈਅਰ ਦੇ ਪਦ-ਚਿੰਨ੍ਹਾਂ ਵਾਲੀ ਹੀ ਹੈ। ਮੁੱਢ ਤੋਂ ਹੀ ਕੁਲਦੀਪ ਨੱਈਅਰ ਰਾਸ਼ਟਰਵਾਦੀ ਨਜ਼ਰੀਏ ਤੋਂ ਅਖਬਾਰ-ਨਵੀਸੀ ਕਰਦਾ ਆ ਰਿਹਾ ਹੈ। ਇਹ ਰਾਸ਼ਟਰਵਾਦੀ ਨਜ਼ਰੀਆ ਪੰਜਾਬ ਤੇ ਸਿੱਖਾਂ ਦੀ ਹਰ ਜ਼ਾਇਜ਼ ਮੰਗ ਨੂੰ ਵੱਖਵਾਦੀ ਤੇ ਦੇਸ ਤੋੜਨ ਦਾ ਪ੍ਰਪੰਚ ਅਤੇ ਸਿੱਖਾਂ ਦੇ ਰੋਸ-ਮੁਜ਼ਾਹਰਿਆਂ ਨੂੰ ‘ਅੱਤਵਾਦੀ’ ਕਾਰਵਾਈ ਸਮਝਦਾ ਆ ਰਿਹਾ ਹੈ। ਅਜਿਹੀ ਸਮਝ ਤੇ ਨਜ਼ਰੀਏ ਵਾਲੀ ਕੁਲਦੀਪ ਨੱਈਅਰ ਦੀ ਪੱਤਰਕਾਰੀ ਤੇ ‘ਕਾਲਮ’ ਨੂੰ ਅਜੀਤ ਅਖਬਾਰ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਛਾਪਦਾ ਆ ਰਿਹਾ ਹੈ।

ਕੁਲਦੀਪ ਨੱਈਅਰ

ਕੁਲਦੀਪ ਨੱਈਅਰ

ਹਮਦਰਦ ਦੀ ‘ਹਾਂ ਵਿਚ ਹਾਂ’ ਮਿਲਾਉਂਦਿਆਂ ਸਾਬਕਾ ਪਾਰਲੀਮੈਂਟ ਮੈਂਬਰ ਤਰਲੋਚਨ ਸਿੰਘ, ਜਿਸ ਦਾ ਕਿਰਦਾਰ ਸਿਆਸੀ ਦਲਾਲੀ ਕਰਨ ਵਾਲੇ ਤੋਂ ਵੱਧ ਨਹੀਂ ਹੈ, ਉਹ ਵੀ ਕੁਲਦੀਪ ਨੱਈਅਰ ਦੇ ਹੱਕ ਵਿਚ ਮੈਦਾਨ ਵਿਚ ਉਤਰ ਆਇਆ ਹੈ ਕਿ ‘ਪ੍ਰੋੜ੍ਹ ਤੇ ਪ੍ਰਸਿੱਧ’ ਪੱਤਰਕਾਰ ਤੋਂ ਕਮੇਟੀ ਨੂੰ ਇਨਾਮ ਵਾਪਸ ਨਹੀਂ ਲੈਣਾ ਚਾਹੀਦਾ, ਕਿਉਂਕਿ ਨੱਈਅਰ ਹਮੇਸ਼ਾਂ ‘ਸਿੱਖਾਂ ਦੇ ਹੱਕ ਵਿਚ ਖੜ੍ਹਾ’ ਹੋਇਆ। ਕੁਲਦੀਪ ਨੱਈਅਰ ਉਨ੍ਹਾਂ ਉਦਾਰਵਾਦੀ (ਲਿਬਰਲ) ਹਿੰਦੂਆਂ ਵਿਚੋਂ ਹੈ, ਜਿਹੜੇ ਸਿੱਖਾਂ ਵਲੋਂ ਵੱਖਰੀ ਪਛਾਣ ਦੇ ਦਾਅਵੇ ਨੂੂੰ ਨਕਾਰਦੇ ਹਨ ਅਤੇ ਸਿੱਖ-ਵਿਰੋਧੀ ਹਿੰਸਾ ਨੂੰ ਮਾਨਵੀ ਪੱਖ ਤੋਂ ਗਲਤ ਤੇ ਰਾਜਸੀ ਤੌਰ ‘ਤੇ ਭਾਰਤੀ ਸਟੇਟ ਲਈ ਬੇਹੱਦ ਹਾਨੀਕਾਰਕ ਸਮਝਦੇ ਹਨ, ਕਿੳਂਕਿ ਅਜਿਹੇ ਹਿੰਦੂ ਵਿਚਾਰਵਾਨਾਂ ਨੂੰ ਡਰ ਹੈ ਕਿ ਇਸ ਨਾਲ ਸਿੱਖਾਂ ਅੰਦਰ ਬੇਗਾਨਗੀ ਤੇ ਅਲਹਿਦਗੀ ਦਾ ਅਹਿਸਾਸ ਜ਼ੋਰ ਫੜੇਗਾ ਤੇ ਉਹ ‘ਭਿੰਡਰਾਂਵਾਲੇ ਦੀ ਵਿਚਾਰਧਾਰਾ’ ਵੱਲ ਉੱਲਰ ਜਾਣਗੇ।

ਅਜਿਹੇ ਕੁਲੀਨ ਵਰਗ ਹਿੰਦੂਆਂ ਨੇ ‘ਨਵੰਬਰ ’84 ਦੇ ਸਿੱਖ ਕਤਲੇਆਮ ਦੇ ਵਿਰੁੱਧ ਹਾਅ-ਦਾ-ਨਾਹਰਾ’ ਵੀ ਆਪਣੇ ‘ਲੋਕਤੰਤਰੀ ਤੇ ਸੈਕੂਲਰ’ ਅਕਸ ਨੂੰ ਬਰਕਰਾਰ ਰੱਖਣ ਲਈ ਹੀ ਮਾਰਿਆ ਹੈ, ਪਰ ਉਹ ਅੰਦਰੋਂ ਮਜ਼ਬੂਤ ਦਿੱਲੀ ਕੇਂਦਰਤ ਰਾਜ-ਸੱਤਾ ਦੇ ਪੱਕੇ ਮੁਦਈ ਹਨ ਅਤੇ ਸਿੱਖਾਂ ਤੇ ਹੋਰ ਘੱਟ-ਗਿਣਤੀਆਂ ਨੂੰ ਬਰਾਬਰ ਦੇ ਸ਼ਹਿਰੀਆਂ ਵਾਲੇ ਹੱਕ ਦਿਵਾਉਣ ਦੀ ਸਿਆਸਤ ਵਿਚ ਸ਼ਾਮਲ ਨਹੀਂ ਹੁੰਦੇ।

ਅਸਲ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਨੱਈਅਰ ਨੂੰ ਬਲਾਤਕਾਰੀ ਰਾਮ ਰਹੀਮ ਅਤੇ ਸੰਤ ਭਿੰਡਰਾਂਵਾਲੇ ਦੇ ਕਿਰਦਾਰ, ਉਭਾਰ ਤੇ ਕਾਰਜ-ਖੇਤਰ ਵਿਚਲਾ ਜ਼ਮੀਨ-ਅਸਮਾਨ ਫਰਕ ਨਜ਼ਰ ਕਿਉਂ ਨਹੀ ਆਉਂਦਾ? ਰਾਮ ਰਹੀਮ ਦੀ ਨਾਟਕੀ ਗ੍ਰਿਫਤਾਰੀ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਫੌਜੀ ਹਮਲੇ ਦੌਰਾਨ ਸੰਤ ਦੀ ਸ਼ਹੀਦੀ – ਇਨ੍ਹਾਂ ਦੋ ਘਟਨਾਵਾਂ ਵਿਚ ਸਟੇਟ (ਸਰਕਾਰਾਂ) ਵਲੋਂ ਲਏ ਸਖਤ ਕਦਮਾਂ ਦੀ ਹਾਮੀ ਭਰਦਿਆਂ ਨੱਈਅਰ ਨੂੰ ਰਾਮ ਰਹੀਮ ਅਤੇ ਸੰਤ ਦੇ ਉਭਾਰ ਵਿਚ ‘ਕੁੱਝ ਸਮਾਨਤਾ’ ਦਿਖਾਈ ਦੇਣ ਲਗ ਪੈਂਦੀ ਹੈ, ਕਿ ਦੋਨਾਂ ਨੂੰ ਸਿਆਸੀ ਪਾਰਟੀਆਂ ਨੇ ਖੜ੍ਹਾ ਕੀਤਾ ਸੀ।

ਨੱਈਅਰ ਵੀ ਪ੍ਰੇਮ ਭਾਟੀਆ ਵਾਂਗ ਅਜਿਹਾ ਰਾਸ਼ਟਰਵਾਦੀ ਸੋਚ ਵਾਲਾ ਪੱਤਰਕਾਰ ਹੈ, ਜਿਹੜਾ ਸਿੱਖਾਂ ਬਾਰੇ ਮੀਡੀਆ ਵਿਚ ਮਾੜਾ (ਨਾਕਾਰਾਤਮਕ) ਪ੍ਰਵਚਨ ਸਿਰਜਦਾ ਤੇ ਜਾਰੀ ਰੱਖਦਾ ਆ ਰਿਹਾ ਹੈ। ਜਿਵੇਂ ਕਿ ਆਜ਼ਾਦੀ ਤੋਂ ਤਰੁੰਤ ਬਾਅਦ, ਜਦੋਂ ਸਿੱਖ ਆਪਣੀ ਬਣਦੀ ‘ਸਿਆਸੀ ਸਪੇਸ’ ਤੋਂ ਵਾਂਝੇ ਰਹਿ ਗਏ ਮਹਿਸੂਸ ਕਰ ਰਹੇ ਸਨ ਅਤੇ ਇਸ ਦੀ ਪ੍ਰਾਪਤੀ ਲਈ ਜੱਦੋ ਜਹਿਦ ਕਰ ਰਹੇ ਸਨ, ਤਾਂ ਭਾਰਤੀ ਰਾਸ਼ਟਰਵਾਦੀ ਮੀਡੀਆ ਇਸ ਨੂੰ ‘ਪੰਜਾਬ-ਸਿੱਖ-ਸਮੱਸਿਆ’ ਪੇਸ਼ ਕਰ ਰਿਹਾ ਸੀ। ਇਸ ਦਾ ਮਕਸਦ ਕੇਵਲ ਇਹ ਸੀ ਕਿ ਦਿੱਲੀ ਦਰਬਾਰ ਸਿੱਖਾਂ ਨੂੰ ‘ਸਾਮ-ਦੰਡ-ਭੇਦ’ ਸਾਰੇ ਹਰਵੇ ਵਰਤ ਕੇ ਅਤੇ ਚੁੱਪ ਕਰਾ ਕੇ “ਰਾਸ਼ਟਰਵਾਦੀ ਸਟੀਲ ਫਰੇਮ” ਅੰਦਰ ਫਿੱਟ ਕਰ ਦੇਵੇ। ਅੱਜ ਤੱਕ ਕੇਂਦਰੀ ਰਾਜ-ਸੱਤਾ ਇਹੋ ਕੁੱਝ ਹੀ ਕਰ ਰਹੀ ਹੈ।

ਅਜਿਹਾ ਧੌਂਸ ਵਾਲਾ ਤੇ ਦਿੱਲੀ ਦੀ ਸੱਤਾ ਦੇ ਗਲਿਆਰਿਆਂ ਵਿਚੋਂ ਫੁੱਟਦਾ ‘ਨੈਰੇਟਿਵ’ (ਪ੍ਰਵਚਨ) ਨੱਈਅਰ ਨੇ ਉਦੋਂ ਬੰਨਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਸਨੇ 1980ਵਿਆਂ ਵਿਚ ਇਹ ਲਿਖਣਾ ਸ਼ੁਰੂ ਕਰ ਦਿੱਤਾ ਕਿ ”ਸੰਤ ਭਿੰਡਰਾਂਵਾਲਾ ਤਾਂ ਗਿਆਨੀ ਜ਼ੈਲ ਸਿੰਘ/ਕਾਂਗਰਸ ਦੀ ਪੈਦਾਇਸ਼ ਹੈ।”

ਨੱਈਅਰ ਨੇ ਦਰਬਾਰ ਸਾਹਿਬ ਉਤੇ ਜੂਨ ’84 ਵਾਲੇ ਹਮਲੇ ਤੋਂ 2-3 ਮਹੀਨੇ ਬਾਅਦ (1984 ‘ਚ) ਹੀ ਖੁਸ਼ਵੰਤ ਸਿੰਘ ਨਾਲ ਮਿਲਕੇ ਲਿਖੀ ‘ਪੰਜਾਬ ਦਾ ਦੁਖਾਂਤ’ ਨਾਮੀ ਕਿਤਾਬ ਵਿਚ ਫਿਰ ਉਹੀ ਭਿੰਡਰਾਂਵਾਲੇ-ਵਿਰੋਧੀ ਕਥਨ (ਮਿਥ) ਨੂੰ ਲਿਖ ਧਰਿਆ, ਭਾਵੇਂ ਸੰਤ ਤੇ ਉਸਦੇ ਜਥੇ ਦੇ ਸਿੰਘਾਂ ਦੇ ਕਾਰਨਾਮਿਆਂ ਤੇ ਅਣਖ ਨਾਲ ਪਾਈਆਂ ਸ਼ਹੀਦੀਆਂ ਨੇ ਭਾਰਤ ਅਤੇ ਦੁਨੀਆਂ ਦੇ ਸਬੰਧਤ ਖਿੱਤਿਆਂ ਵਿਚ ਤਰਥੱਲੀ ਮਚਾ ਦਿੱਤੀ ਸੀ।

1984 ਦੇ ‘ਨੀਲਾ ਤਾਰਾ’ ਸਾਕੇ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ, ਨਵੰਬਰ 84’ਚ ਸਿੱਖਾਂ ਦੀ ਨਸਲਕੁਸ਼ੀ ਅਤੇ ਪੰਜਾਬ ਵਿਚ ਹੋਏ ਵੱਡੇ ਖੂਨ-ਖਰਾਬੇ ਨੇ ਸਾਰੀਆਂ ਪੁਰਾਣੀਆਂ ਮਾਨਤਾਵਾਂ ਤੇ ਮੀਡੀਆ ਵਿਚਲੀਆਂ ਕਿਆਸਅਰਾਈਆਂ ਨੂੰ ਠੱਪ ਕਰ ਕੇ ਨਵੀਂ ਸਿਆਸਤ ਤੇ ਤੱਥ ਸਾਹਮਣੇ ਲੈ ਆਂਦੇ ਸਨ। ਪਰ ਇਸ ਸਭ ਕੁੱਝ ਦੇ ਬਾਵਜੂਦ ਨੱਈਅਰ ਦੀਆਂ ਆਪੂੰ ਘੜੀਆਂ ਧਾਰਨਾਵਾਂ ਵਿਚ ਕੋਈ ਫਰਕ ਨਹੀਂ ਆਇਆ ਸੀ।

ਉਸਨੇ 2012 ਵਿਚ ਲਿਖੀ ਸਵੈ-ਜੀਵਨੀ ”ਬੀਔਂਡ ਦਾ ਲਾਇਨਜ਼” ਫਿਰ ਸੰਤ ਭਿੰਡਰਾਂਵਾਲੇ ਨੂੰ ਕਾਂਗਰਸ ਦੀ ਪੈਦਾਇਸ਼ ਲਿਖ ਮਾਰਿਆ। ਫਿਰ ਸਤੰਬਰ 2017 ਵਿਚ ਰਾਮ ਰਹੀਮ ਵਰਤਾਰੇ ਬਾਰੇ ਲਿਖਦਿਆਂ ਭਿੰਡਰਾਂਵਾਲੇ ਪਿਛੇ ‘ਕਾਂਗਰਸ ਦਾ ਹੱਥ’ ਵਾਲੀ ਮੁਹਾਰਨੀ ਦੁਹਰਾ ਦਿੱਤੀ ਹੈ।

ਇਸੇ ਕਿਤਾਬ ਦੇ 13ਵੇਂ ਅਧਿਆਇ ‘ਆਪ੍ਰੇਸ਼ਨ ਬਲੂ ਸਟਾਰ’ ਵਿਚ ਕਾਂਗਰਸੀ ਨੇਤਾ ਕਮਲ ਨਾਥ ਦੇ ਹਵਾਲੇ ਨਾਲ ਲਿਖਦਾ ਹੈ ਕਿ ਜਿਵੇਂ ਪ੍ਰਤਾਪ ਸਿੰਘ ਕੈਰੋਂ ਨੇ ਸੰਤ ਫਤਿਹ ਸਿੰਘ ਨੂੰ ਮਾਸਟਰ ਤਾਰਾ ਸਿੰਘ ਦੇ ਵਿਰੋਧ ਵਿਚ ਖੜ੍ਹਾ ਕੀਤਾ ਸੀ, ਉਸੇ ਤਰੀਕੇ ਨਾਲ ਹੀ ਗਿਆਨੀ ਜ਼ੈਲ ਸਿੰਘ ਨੇ ਸੰਜੇ ਗਾਂਧੀ ਤੋਂ ਪ੍ਰਵਾਨਗੀ ਲੈ ਕੇ ਸੰਤ ਭਿੰਡਰਾਂਵਾਲੇ ਨੂੰ ਅਕਾਲੀਆਂ ਨੂੰ ਖਰਾਬ ਕਰਨ ਲਈ ਅੱਗੇ ਲਿਆਂਦਾ ਸੀ ਅਤੇ ਇਸੇ ਤਰ੍ਹਾਂ ਜੈਲ ਸਿੰਘ ਨੇ ‘ਦਲ ਖਾਲਸਾ’ ਦੇ ਸਿਰ ‘ਤੇ ਹੱਥ ਰੱਖਿਆ ਅਤੇ ਉਸ ਵੱਲੋਂ ‘ਅਰੋਮਾ ਹੋਟਲ ਚੰਡੀਗੜ੍ਹ’ ਵਿਖੇ ਕਰਵਾਈ ਗਈ ਕਾਨਫਰੰਸ ਦਾ ਖਰਚਾ ਦਿੱਤਾ।

ਸੰਤ ਭਿੰਡਰਾਂਵਾਲਿਆਂ ਦੀ ਅਦੁੱਤੀ ਸ਼ਹੀਦੀ ‘ਤੇ ਹਜ਼ਾਰਾਂ ਸਿੱਖ ਨੌਜਵਾਨਾਂ ਵੱਲੋਂ ਡੋਲ੍ਹਿਆ ਖੂਨ ਨੱਈਅਰ ਲਈ ਕੋਈ ਮਾਇਨਾ ਨਹੀਂ ਰੱਖਦਾ ਅਤੇ ਉਹ 30 ਸਾਲਾਂ ਬਾਅਦ ਵੀ ਆਪਣੀ ਸਵੈ-ਜੀਵਨੀ ਵਿਚ ਲਿਖਦਾ ਹੈ ਕਿ ਸੰਤ ਭਿੰਡਰਾਂਵਾਲਾ ਤਾਂ ਐਵੇਂ ਅਤੀਤ ਬਾਰੇ, ਸਿੱਖ ਰਾਜ ਬਾਰੇ ਹੀ ਗੱਲਾਂ ਕਰਦਾ ਰਹਿੰਦਾ ਸੀ। ਭਿੰਡਰਾਂਵਾਲਾ ਤਾਂ ਤਾਕਤ ਪ੍ਰਾਪਤ ਕਰਨਾ ਚਾਹੁੰਦਾ ਸੀ। ਨਈਅਰ ਜਾਣ ਬੁੱਝ ਕੇ ਤੱਥਾਂ ਨੂੰ ਤਰੋੜ ਮਰੋੜ ਕੇ ਅਜਿਹੀਆਂ ਮਿੱਥਾਂ ਖੜ੍ਹੀਆਂ ਕਰਦਾ ਹੈ, ਜਿਹੜੀਆਂ ਸਿੱਖਾਂ ਨੂੰ ਗਲਤ ਪੇਸ਼ ਕਰਕੇ, ਦਿੱਲੀ ਦੇ ਹਾਕਮਾਂ ਦਾ ਪੱਖ ਪੂਰਦੀਆਂ ਹੋਣ। ਜਿਵੇਂ ਉਹ ਉਸੇ ਕਿਤਾਬ ਦੇ ਪੰਨਾ 283 ਦੇ ਲਿਖਦਾ ਹੈ ਕਿ ਅਗਸਤ 1982 ਵਿਚ ਸ਼ੁਰੂ ਹੋਇਆ ਮੋਰਚਾ ”ਸਿੱਖਾਂ ਲਈ ਵੱਖਰੀ ਸਟੇਟ” ਲੈਣ ਲਈ ਲਾਇਆ ਗਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਕਮਾਨ ਹੇਠ ਪਹਿਲੇ ਜਥੇ ਨੇ ਗ੍ਰਿਫਤਾਰੀ ਦਿੱਤੀ।

ਨੱਈਅਰ ਇਹ ਵੀ ਲਿਖਦਾ ਹੈ ਕਿ ਮੋਰਚਾ ਚਲਦੇ ਸਮੇਂ ਡੀ.ਜੀ.ਪੀ. ਅਵਤਾਰ ਸਿੰਘ ਅਟਵਾਲ ਦੀ ਦਰਬਾਰ ਸਾਹਿਬ ‘ਚੋਂ ਨਿਕਲਦੇ ਦੀ ਹੱਤਿਆ ਹੋ ਗਈ ਸੀ। ਇਸ ਘਟਨਾ ਪਿਛੋਂ ਉਹ ਅੰਮ੍ਰਿਤਸਰ ਗਿਆ। ਉਸ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ‘ਲਾਲ ਸਲਾਮ’ ਵਾਲੇ ਨਕਸਲਵਾੜੀਆਂ ਦੇ ਇਸ਼ਤਿਹਾਰ ਲੱਗੇ ਦੇਖੇ, ਕਿਉਂਕਿ ‘ਨਕਸਲਵਾੜੀਏ ਹੁਣ ਭਿੰਡਰਾਂਵਾਲੇ ਦੀ ਮੁਹਿੰਮ ਵਿਚ ਸ਼ਾਮਲ ਹੋ ਗਏ ਸਨ।’ ਇਸ ਤੋਂ ਝੂਠਾ ਪ੍ਰਚਾਰ ਹੋਰ ਕੀ ਹੋ ਸਕਦਾ ਹੈ? ਮੋਰਚਾ ਚੱਲਣ ਸਮੇਂ ਵੈਸੇ ਵੀ ਆਮ ਹਾਲਤਾਂ ਵਿਚ ਕਮਿਉਨਿਸਟਾਂ ਦੇ ‘ਲਾਲ ਸਲਾਮ’ ਵਾਲੇ ਇਸ਼ਤਿਹਾਰ ਪ੍ਰਕਰਮਾ ਵਿਚ ਕਦੇ ਵੀ ਨਹੀਂ ਲੱਗ ਸਕਦੇ। ਨਕਸਲਵਾੜੀ ਕਦੇ ਵੀ ਸੰਤ ਦੇ ਹੱਕ ਵਿਚ ਖੜ੍ਹੇ ਨਹੀਂ ਹੋਏ, ਉਹ ਤਾਂ ਅੱਜ ਤੱਕ ਵੀ ਉਸ ਦਾ ਵਿਰੋਧ ਕਰ ਰਹੇ ਹਨ। ਅਸਲ ਵਿਚ ਨੱਈਅਰ ਨਕਸਲਵਾੜੀਆਂ ਨੂੰ ਸੰਤ ਨਾਲ ਜੋੜ ਕੇ ਉਸ ਦੇ ਅਕਸ ਨੂੰ ਅਤਿ ਦਰਜੇ ਦਾ ਹਿੰਸਕ, ਕਾਨੂੰਨ ਤੇ ਸਟੇਟ ਨੂੰ ਵੰਗਾਰਨ ਵਾਲਾ, ਖੂੰਖਾਰ, ਬਾਗੀ ਪੇਸ਼ ਕਰਨਾ ਚਾਹੁੰਦਾ ਸੀ। ਉਸਦੀ ਲੇਖਣੀ ਦੀਆਂ ਅਜਿਹੀਆਂ ਬੇਸ਼ੁਮਾਰ ਉਦਾਹਰਣਾ ਹਨ।

ਨੱਈਅਰ ਦੀਆਂ ਅਜਿਹੀਆਂ ਮਨਘੜਤ ਘਾੜਤਾਂ ਤੇ ਕਹਾਣੀਆਂ ਰਾਹੀਂ ਸਿੱਖਾਂ ਨੂੰ ਦੈਂਤ, ਰਾਖਸ਼ ਤੇ ਦੁਸ਼ਟ ਬਣਾ ਕੇ ਪੇਸ਼ ਕਰਨ ਵਾਲੀ ਪੱਤਰਕਾਰੀ, ਉਸ ਵੱਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਵਿਰੁੱਧ ਬੋਲਣ ਤੋਂ ਕਿਤੇ ਵੱਧ ਖਤਰਨਾਕ ਹੈ। ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਬੋਲ ਕੇ ਅਜਿਹੇ ਲਿਬਰਲ ਵਿਦਵਾਨ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਦੇ ਨੇ, ਕਿਉਂਕਿ ਉਹ ਸਟੇਟ ਤੇ ਉਸਦੀ ਤਸ਼ੱਦਦ ਕਰਨ ਵਾਲੀ ਮਸ਼ੀਨਰੀ ਦੀ ਉੱਚਤਾ ਨੂੰ ਕਦੇ ਚੈਲੰਜ ਨਹੀਂ ਕਰਦੇ।

ਅਸਲ ਵਿਚ ਇਹ ਵੀ ਵਾਚਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਦੀ ਸਥਾਪਨਾ ਦੇ 400ਵੇਂ ਦਿਵਸ ‘ਤੇ ਨੱਈਅਰ ਨੂੰ ਕਿਉਂ ਸਨਮਾਨਤ ਕੀਤਾ?

ਅਕਾਲ ਤਖਤ ਦੀ ਸਥਾਪਨਾ ਕਰਕੇ ਛੇਵੇਂ ਪਾਤਿਸ਼ਾਹ ਨੇ ਦਿੱਲੀ ਤੇ ਹੋਰ ਦੁਨੀਆਵੀ ਤਖਤਾਂ ਨੂੰ ‘ਝੂਠੇ ਤੇ ਹੀਣੇ’ ਪੇਸ਼ ਕੀਤਾ ਹੈ ਅਤੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਦੇ ਇਕ ਸਦੀਵੀ ਤਖਤ (ਅਕਾਲ ਤਖਤ) ਅੱਗੇ ਹੀ ਝੁਕਣ ਲਈ ਅਤੇ ਬਾਕੀ ਦੁਨੀਆਂ ਦੇ ਦੁਨਿਆਵੀ ਤਖਤਾਂ ਨੂੰ ਤੁੱਛ ਕਰਕੇ ਜਾਣਨ ਲਈ ਕਿਹਾ ਹੈੇ ਸਿੱਖਾਂ ਲਈ ਸਰਬ ਸ਼ਕਤੀਮਾਨ ਤੇ ਪ੍ਰਭੂਸੱਤਾ ਸੰਪੰਨ ਅਕਾਲ ਤਖਤ ਹੀ ਹੈ, ਦਿੱਲੀ ਰਾਜਸੱਤਾ ਦਾ ਤਖਤ ਬਰਾਬਰ ਦੀ ਅਹਿਮੀਅਤ ਨਹੀਂ ਰੱਖਦਾ।

ਸਵਾਲ ਇਹ ਹੈ ਕਿ ਇੰਨੇ ਵੱਡੇ ਰੂਹਾਨੀ ਤੇ ਰੱਬੀ ਤਖਤ ਦੇ ਪਵਿੱਤਰ ਦਿਹਾੜੇ ‘ਤੇ ਨੱਈਅਰ ਨੂੰ “ਸਨਮਾਨ” ਦੇ ਕੇ ਕਮੇਟੀ ਦੇ ਪ੍ਰਭੂਆਂ ਨੇ ਇਸ ਦਿਵਸ ਦੀ ਅਹਿਮੀਅਤ ਨੂੰ ਛੁਟਿਆਇਆ ਸੀ ਅਤੇ ਇਨਾਮ ਵਾਪਸ ਲੈਣਾ ਵੀ ਉਸੇ ਛੋਟੀ ਸਿਆਸੀ ਖੇਡ ਦਾ ਖੇਡਣਾ ਹੀ ਹੈ; ਸਿੱਖ ਸਰੋਕਾਰਾਂ ਨੂੰ ਪਹਿਲ ਨਹੀਂ। ਜਿੰਨਾਂ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪਿਛੇ ਕੇਂਦਰੀ ਸਰਕਾਰ ਦਾ ਹੱਥ ਰਹੇਗਾ, ਰਾਸ਼ਟਰਵਾਦੀ ਪੱਤਰਕਾਰਤਾ ਇਸੇ ਤਰ੍ਹਾਂ ਸਨਮਾਨਤ ਹੁੰਦੀ ਰਹੇਗੀ ਤੇ ਸਿੱਖ ਸਰੋਕਾਰ ਪਿੱਛੇ ਪੈਂਦੇ ਰਹਿਣਗੇ।

* ਸ. ਜਸਪਾਲ ਸਿੰਘ ਸਿੱਧੂ ਯੂ. ਐਨ. ਆਈ ਤੋਂ ਸੇਵਾ-ਮੁਕਤ ਸੀਨੀਅਰ ਪੱਤਰਕਾਰ ਹਨ ਤੇ ਉਨ੍ਹਾਂ “ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ: ਜੂਨ 84 ਦੀ ਪੱਤਰਕਾਰੀ” ਕਿਤਾਬ ਲਿਖੀ ਹੈ। ਉਨ੍ਹਾਂ ਨਾਲ ਈ-ਮੇਲ ਪਤੇ – jaspal (dot) sdh (at) gmail (dot) com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।