ਚੋਣਵੀਆਂ ਲਿਖਤਾਂ » ਲੇਖ

ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ : ਭਾਈ ਸੁਰਿੰਦਰਪਾਲ ਸਿੰਘ

August 29, 2010 | By

ਅਵਤਾਰ ਸਿੰਘ (ਯੂ. ਕੇ.)

ਆਮ ਤੌਰ `ਤੇ ਸਿੱਖ ਮਾਨਸਿਕਤਾ ਵਿਚ ਯੋਧੇ ਜਾਂਸੂਰਬੀਰ ਦਾ ਬਿੰਬ ਇਕ ਅਜਿਹੇ ਮਨੁੱਖ ਦਾ ਬਣਿਆ ਹੋਇਆ ਹੈ, ਜੋ ਜੰਗ ਦੇ ਮੈਦਾਨ ਵਿਚ ਤੇਗਾਂ ਮਾਰਦਾ ਹੋਇਆ ਜਾਂ ਤਾਂ ਸ਼ਹੀਦ ਹੋ ਜਾਂਦਾ ਹੈ ਜਾਂ ਫਿਰ ਗੁਰੂਸਾਹਿਬ ਵਲੋਂ ਬਖਸ਼ੀ ਹੋਈ ਜਿੰਮੇਵਾਰੀ ਨਿਭਾ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ। ਦਲੇਰ, ਸੂਰਬੀਰ ਜਾਂ ਯੋਧੇ ਵਰਗੇ ਸ਼ਬਦ ਪੰਜਾਬੀ ਸੱਭਿਆਚਾਰ ਅਤੇ ਸਿੱਖ ਮਾਨਸਿਕਤਾ ਵਿਚ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਮਨੁੱਖ ਲਈ ਹੀ ਰਾਖਵੇਂਰੱਖੇ ਹੋਏ ਹਨ। ਜੰਗ ਦੇ ਮੈਦਾਨ ਵਿਚ ਲੜ ਮਰਨ ਵਾਲੇ ਨੂੰ ਹੀ ਅਸੀਂ ਯੋਧਾ ਜਾਂ ਬਹਾਦਰ ਮੰਨਦੇ ਹਾਂ। ਜਿੰਦਗੀ ਦੇ ਮੈਦਾਨ ਵਿਚ ਪਲ ਪਲ ਦੀ ਸ਼ਹਾਦਤ ਜਿਊਣ ਵਾਲੇ ਲਈ ਸਾਡੇ ਕੋਲ ਓਨੇ ਪਵਿੱਤਰ ਸ਼ਬਦ ਨਹੀਂ ਹਨ, ਜਿੰਨੇ ਜੰਗੀ ਯੋਧੇ ਲਈ ਹਨ।

ਮੈਦਾਨੇ ਜੰਗ ਵਿਚ ਪੁਰਜਾ ਪੁਰਜਾ ਕੱਟ ਮਰਨ ਵਾਲਿਆਂ ਦੀਆਂ ਵਾਰਾਂ ਸਿੱਖ ਇਤਿਹਾਸ ਸਦਾ ਗਾਉਂਦਾ ਰਿਹਾ ਹੈ ਪਰ ਜਿੰਦਗੀ ਦੇ ਮੈਦਾਨ ਵਿਚ ਪੁਰਜਾ ਪੁਰਜਾ ਕੱਟ ਕੇ ਸ਼ਹਾਦਤ ਨੂੰ ਜਿਊਣ ਵਾਲਿਆਂ ਦੇ ਸੋਹਲੇ ਬਹੁਤ ਘੱਟ ਸੁਣਨ ਨੂੰ ਮਿਲਦੇ ਹਨ। ਹਾਲੇ ਅਸੀਂ ਅਜਿਹੇ ਸੂਰਬੀਰਾਂ ਲਈ ਆਪਣੇ ਇਤਿਹਾਸ ਦੀਆਂ ਥਾਵਾਂ ਨਿਸਚਿਤ ਕਰਨੀਆਂ ਹਨ, ਜਿਥੇ ਸ਼ਹਾਦਤ ਨੂੰ ਜੀਊਣ ਵਾਲਿਆਂ ਦੀਆਂ ਵਾਰਾਂ ਗਾਈਆਂ ਜਾਣਗੀਆਂ। ਖ਼ੈਰ ਭਾਈ ਸੁਰਿੰਦਰਪਾਲ ਸਿੰਘ ਜੀ ਤਾਂ ਖਾੜਕੂ ਲਹਿਰ ਦੇ ਅਜਿਹੇ ਯੋਧੇ ਸਨ ਜਿਨ੍ਹਾਂ ਮੈਦਾਨੇ ਜੰਗ ਵਿਚ ਵੀ ਕਦੇ ਪਿੱਠ ਨਹੀਂ ਦਿਖਾਈ ਅਤੇ ਉਨ੍ਹਾਂ ਸ਼ਹਾਦਤ ਨੂੰ ਆਪਣੀ ਸ਼ਖਸੀਅਤ ਨਾਲ ਜੋੜ ਕੇ ਜੀਵਿਆ ਵੀ। ਮੈਦਾਨੇ ਜੰਗ ਵਿਚ ਆਪ ਨੇ ਜਿਸ ਦਲੇਰੀ ਅਤੇ ਦ੍ਰਿੜਤਾ ਦਾ ਪ੍ਰਗਟਾਵਾ ਕੀਤਾ ਉਸ ਤੋਂ ਕਈ ਗੁਣਾਂ ਵੱਧ ਦਲੇਰੀ ਅਤੇਬਹਾਦਰੀ ਦਾ ਪ੍ਰਦਰਸ਼ਨ ਉਨ੍ਹਾਂ ਜਿੰਦਗੀ ਦੀ ਉਸ ਜੰਗ ਵਿਚ ਕੀਤਾ ਜਦੋਂ ਖਾੜਕੂ ਸਿੱਖ ਲਹਿਰ ਦੇ ਖਿੰਡ ਜਾਣ ਤੋਂ ਬਾਅਦ ਖੰਡਰਾਂ ਤੇ ਮੁੜ ਤੋਂ ਉਸਾਰੀ ਕਰਨ ਦਾ ਪਹਾੜ ਜਿੱਡਾ ਕਾਰਜ ਸਾਹਮਣੇ ਆਣ ਖੜ੍ਹਾ ਸੀ।

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਦਿਆਰਥੀ ਜੀਵਨ ਦੀ ਤਸਵੀਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਦਿਆਰਥੀ ਜੀਵਨ ਦੀ ਤਸਵੀਰ

ਕਈ ਮਨੁੱਖ ਵਾਹਿਗੁਰੂ ਜੀ ਵੱਲੋਂ ਏਨੀਆਂ ਬਹੁਮੁੱਖੀ ਅਤੇ ਬਹੁਮੁੱਲੀ ਦਾਤਾਂ ਨਾਲ ਭਰਪੂਰ ਹੁੰਦੇ ਹਨ ਕਿ ਵੱਡੇ ਤੋਂ ਵੱਡੇ ਸੰਕਟ ਵੀ ਉਨ੍ਹਾਂ ਦੇ ਅਕੀਦੇ ਅਤੇ ਦ੍ਰਿੜਤਾ ਨੂੰ ਡੁਲਾ ਨਹੀਂ ਸਕਦੇ। ਭਾਈ ਸੁਰਿੰਦਰਪਾਲ ਸਿੰਘ ਜੀ ਅਜਿਹੇ ਇਕ ਨਹੀਂ ਬਲਕਿ ਸੈਂਕੜੇ ਗੁਣਾਂ ਨਾਲ ਭਰਪੂਰ ਸਨ। ਸਿੱਖ ਲਹਿਰ ਦਾ ਉਹ ਇਕ ਹਿੱਸਾ ਹੀ ਨਹੀਂ ਸਨ ਬਲਕਿ ਲਹਿਰ ਵਿਚ ਵਿਚਰ ਰਹੇ ਹਰ ਨੌਜਵਾਨ ਲਈ ਉਹ ਇਕ ਮਮਤਾਵਾਨ ਛਾਂ ਵਰਗੇ ਸਨ। ਜਿਵੇਂ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਛਾਂ ਦਾ ਸਹਾਰਾ ਹੁੰਦਾ ਹੈ,ਭਾਈ ਸੁਰਿੰਦਰਪਾਲ ਸਿੰਘ ਜੀ ਨੇ ਲਹਿਰ ਨੂੰ ਇਸ ਤਰ੍ਹਾਂ ਜੀਵਿਆ। ਉਹ ਕਿਸੇ ਗੁੱਸੇ ਜਾਂ ਬਦਲੇ ਦੀ ਭਾਵਨਾ ਨਾਲ ਸਿੱਖ ਲਹਿਰ ਵਿਚ ਨਹੀਂ ਸੀ ਕੁੱਦੇ, ਬਲਕਿ ਬਿਲਕੁਲ ਸੋਚ ਸਮਝ ਕੇ ਇਸ ਪਾਸੇ ਤੁਰਨ ਦਾ ਫੈਸਲਾ ਉਨ੍ਹਾਂ ਲਿਆ ਸੀ। ਪੂਰੀ ਸੋਝੀਨਾਲ ਆਪੇ ਜੋ ਫੈਸਲਾ ਲਿਆ ਉਸ ਫੈਸਲੇ ਨੂੰ ਉਨ੍ਹਾਂ ਆਪਣੇ ਸਾਹ ਤੱਕ ਨਿਭਾਇਆ। ਲਹਿਰਾਂ ਵਿਚ ਬਹੁਤ ਥੋੜੇ ਅਜਿਹੇ ਨਾਇਕ ਹੁੰਦੇ ਹਨ ਜੋ ਸੋਲਾਂ ਕਲਾਂ ਸੰਪੂਰਨ ਹੋਣ ਪਰ ਭਾਈ ਸੁਰਿੰਦਰਪਾਲ ਸਿੰਘ ਅਜਿਹੀ ਸ਼ਖਸੀਅਤ ਸਨ ਜੋ ਜੀਵਨ ਵਿਚ ਆਈ ਹਰ ਚੁਣੌਤੀ ਨੂੰ ਖਿੜੇ ਮੱਥੇ ਟੱਕਰੇ। ਬਿਖੜੇ ਤੋਂ ਬਿਖੜਿਆ ਸਮਾਂ ਵੀ ਕਦੇ ਉਨ੍ਹਾਂ ਦੇ ਯਕੀਨ ਨੂੰ ਡੁਲਾ ਨਹੀਂ ਸਕਿਆ।

ਵਿਦਿਆਰਥੀ ਜੀਵਨ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਰਗਰਮੀ ਕਰਦਿਆਂ ਮੈਂ ਉਨ੍ਹਾਂ ਨੂੰ ਆਪ ਤੱਕਿਆ ਸੀ। ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਜ਼ਿਲ੍ਹੇ ਭਰ ਦੀਆਂ ਸਰਗਰਮੀਆਂ ਦੇ ਉਹ ਰੂਹੇ ਰਵਾਂ ਸਨ। ਉਹ ਦਿਨ ਹੀ ਅਸਲ ਵਿਚ ਸੰਘਰਸ਼ ਨਾਲ ਭਰਪੂਰ ਸਨ। ਵਿਦਿਆਰਥੀ ਜੀਵਨ ਵੇਲੇ ਬੇਸ਼ੱਕ ਚੜ੍ਹਦੀ ਉਮਰੇ ਹੋਣ ਕਾਰਨ ਜੋਸ਼ ਉਨ੍ਹਾਂ ਵਿਚ ਉਬਾਲੇ ਮਾਰ ਰਿਹਾ ਸੀ, ਪਰ ਆਪ ਨੇ ਸਮੁੱਚੀ ਸਰਗਰਮੀ ਦੌਰਾਨ ਕਦੇ ਵੀ ਆਪਣੇ ਜ਼ਬਤ ਨੂੰ ਕਾਬੂ ਤੋਂ ਬਾਹਰ ਨਹੀਂ ਹੋਣ ਦਿੱਤਾ।ਵਿਦਿਆਰਥੀ ਜੀਵਨ ਵੇਲੇ ਉਨ੍ਹਾਂ ਵਿਚ ਕਮਾਲ ਦੀ ਜਥੇਬੰਦਕ ਯੋਗਤਾ ਭਰੀ ਪਈ ਸੀ। ਫਿਰ ਜਿਵੇਂ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਨਾਲ ਵਾਪਰਿਆ ਹੀ ਸੀ ਆਪ ਜੀ ਨੂੰ ਵੀ ਰੂਪੋਸ਼ ਹੋਣਾ ਪੈ ਗਿਆ। ਰੂਪੋਸ਼ੀ ਦੌਰਾਨ ਵੀ ਆਪ ਨੇ ਹਰ ਪਲ ਸਿੱਖ ਸਟੂਡੈਂਟਸ ਫੈਰਡੇਸ਼ਨ ਨੂੰ ਪੰਜਾਬ ਵਿਚ ਇਕ ਥੰਮ ਵਾਂਗ ਮਜ਼ਬੂਤ ਬਣਾਉਣ ਦੇ ਲਗਾਤਾਰ ਯਤਨ ਜਾਰੀ ਰੱਖੇ।ਔਖੇ ਤੋਂ ਔਖੇ ਸਮੇਂ ਵੀ ਭਾਈ ਸੁਰਿੰਦਰਪਾਲ ਸਿੰਘ ਨੇ ਜਿਸ ਠਰੰਮੇ ਅਤੇ ਸਹਿਜ ਦਾ ਪ੍ਰਦਰਸ਼ਨ ਕੀਤਾ, ਉਸ ਤੋਂ ਤਾਂ ਸਦਕੇ ਹੀ ਜਾਇਆ ਜਾ ਸਕਦਾ ਹੈ। ਸਿੱਖ ਲਹਿਰ ਦੇ ਇਸ ਅਹਿਮ ਅੰਗ ਦੇ ਜੀਵਨ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ।

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਆਪਣੇ ਮਿੱਤਰਾਂ ਨਾਲ ਇੱਕ ਪੁਰਾਣੀ (ਵਿਦਿਆਰਥੀ ਜੀਵਨ ਦੀ) ਤਸਵੀਰ।

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਆਪਣੇ ਮਿੱਤਰਾਂ ਨਾਲ ਇੱਕ ਪੁਰਾਣੀ (ਵਿਦਿਆਰਥੀ ਜੀਵਨ ਦੀ) ਤਸਵੀਰ।

ਆਖ਼ਰ ਰੂਪੋਸ਼ ਜੀਵਨ ਦੀ ਵੀ ਇਕ ਹੱਦ ਹੁੰਦੀ ਹੈ ਅਤੇ ਹਰ ਖਾੜਕੂ ਦੀ ਰੂਪੋਸ਼ੀ ਦਾ ਇਕ ਸਮਾਂ ਨਿਸਚਿਤ ਹੁੰਦਾ ਹੈ। ਉਹ ਸਮਾਂ ਆਖ਼ਰ ਖਤਮ ਹੋ ਗਿਆ ਅਤੇ ਭਾਈ ਸੁਰਿੰਦਰਪਾਲ ਸਿੰਘ ਵੀ ਪੰਜਾਬ ਪੁਲਿਸ ਦੇ ਹੱਥ ਆ ਗਏ। ਕਿਉਂਕਿ ਆਪ ਜੀ ਸਿੱਖ ਲਹਿਰ ਦੇ ਆਗੂ ਦਸਤੇ ਵਿਚ ਸ਼ਾਮਲ ਸਨ। ਇਸ ਲਈ ਆਪ `ਤੇ ਜ਼ੁਲਮ ਅਤੇ ਕਹਿਰਾਂ ਦੇ ਝੱਖੜ ਝੁੱਲ ਗਏ। ਉਹ ਕਿਹੜਾ ਜ਼ੁਲਮੀ ਹੱਥਕੰਡਾ ਸੀ ਜੋ ਭਾਈ ਸੁਰਿੰਦਰਪਾਲ ਸਿੰਘ ਤੇ ਨਹੀਂ ਅਜਮਾਇਆ ਗਿਆ। ਇਹ ਕੋਈ ਦਿਨਾਂ ਜਾਂ ਹਫ਼ਤਿਆਂ ਦੀ ਖੇਡ ਨਹੀਂ ਸੀ ਬਲਕਿ ਕਈ ਮਹੀਲੇ ਜ਼ਾਲਮਾਂ ਨੇ ਆਪ ਦੇ ਸਿਦਕ ਅਤੇ ਸਬਰ ਨੂੰ ਪਰਖਿਆ। ਆਪ ਜੀ ਦੇ ਨਾਲ ਤਸ਼ੱਦਦ ਕੇਂਦਰਾਂ ਵਿਚ ਬੰਦ ਰਹੇ ਸਿੰਘ ਦੱਸਦੇ ਹਨ ਕਿ ਪੁਲਿਸ ਦੇ ਕਹਿਰਵਾਨ ਤਸ਼ੱਦਦ ਕਾਰਨ ਆਪ ਜੀ ਦੇ ਪੈਰਾਂ ਅਤੇ ਹੱਥਾਂ ਵਿਚੋਂ ਲਹੂ ਦੀਆਂ ਤਤੀਰੀਆਂ ਨਿਕਲ ਨਿਕਲ ਪੈਂਦੀਆਂ ਸਨ। ਏਨੇ ਕਹਿਰਵਾਨ ਤਸ਼ੱਦਦ ਕਾਰਨ ਵੀ ਪੁਲਿਸ ਆਪ ਤੋਂ ਉਹ ਕੁਝ ਹਾਸਲ ਨਾ ਕਰ ਸਕੀ, ਜਿਸ ਦੀ ਉਹ ਆਸ ਲਾਈ ਬੈਠੀ ਸੀ।

ਆਖ਼ਰ ਘੋਰ ਤਸ਼ੱਦਦ ਤੋਂ ਬਾਅਦ ਆਪ ਜੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੇ ਜੀਵਨ ਨੇ ਆਪ ਜੀ ਵਿਚ ਇਕ ਨਵੀਂ ਰੂਹ ਦਾ ਸੰਚਾਰ ਕਰ ਦਿੱਤਾ। ਖਾੜਕੂ ਸਿੱਖ ਲਹਿਰ ਦੇ ਸਮੁੱਚੇ ਵਰਤਾਰੇ ਦਾ ਵਿਸ਼ਲੇਸ਼ਣ ਆਪ ਜੀ ਨੇ ਜੇਲ੍ਹ ਜੀਵਨ ਦੌਰਾਨ ਹੀ ਕੀਤਾ। ਕਈ ਸਾਲਾਂ ਦੀ ਜੇਲ੍ਹ ਜ਼ਿੰਦਗੀ ਨੇ ਆਪ ਦੀ ਸ਼ਖਸੀਅਤ ਨੂੰ ਇਕ ਨਵੀਂ ਪਾਣ ਚਾੜ੍ਹ ਦਿੱਤੀ। ਵਿਦਿਆਰਥੀ ਜੀਵਨ ਦੌਰਾਨ ਹਾਸਲ ਹੋਏ ਤਜ਼ਰਬਿਆਂ ਨੂੰ ਜਦੋਂ ਡੂੰਘੇ ਅਧਿਐਨ ਦੀ ਜਾਗ ਲੱਗੀ ਤਾਂ ਇਕ ਨਵੇਂ ਸੁਰਿੰਦਰਪਾਲ ਸਿੰਘ ਦਾ ਜਨਮ ਹੋਗਿਆ। ਇਸ ਨਵੇਂ ਸੁਰਿੰਦਰਪਾਲ ਸਿੰਘ ਵਿਚ ਹੁਣ ਇਕ ਬਿਲਕੁਲ ਹੀ ਨਿਵੇਕਲੀ ਸਰਗਰਮੀ ਕਰਨ ਦੀ ਚਿਣਗ ਫੁੱਟ ਪਈ।ਨਵੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਦਾ ਚਿਣਗ।

ਸਿੱਖ ਸੰਘਰਸ਼ ਦੀ ਲਾਸਾਨੀ ਜੋੜੀ: ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਸੁਰਿੰਦਰਪਾਲ ਸਿੰਘ ਠਰੂਆ।

ਸਿੱਖ ਸੰਘਰਸ਼ ਦੀ ਲਾਸਾਨੀ ਜੋੜੀ: ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਸੁਰਿੰਦਰਪਾਲ ਸਿੰਘ ਠਰੂਆ।

ਆਮ ਤੌਰ `ਤੇ ਹੁੰਦਾ ਇਹ ਹੈ ਕਿ ਜਦੋਂ ਲਹਿਰ ਦਾ ਕੋਈ ਆਗੂ ਗ੍ਰਿਫਤਾਰ ਹੋ ਕੇ ਜੇਲ੍ਹ ਵਿਚ ਚਲਿਆ ਜਾਂਦਾ ਹੈ ਤਾਂ ਉਸ ਦੀ ਸੰਘਰਸ਼ੀਲ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਪਰ ਭਾਈ ਦਲਜੀਤ ਸਿੰਘ ਵਾਂਗ ਭਾਈ ਸੁਰਿੰਦਰਪਾਲ ਸਿੰਘ ਲਈ ਵੀ ਗ੍ਰਿਫਤਾਰ ਹੋਣ ਤੋਂ ਬਾਅਦ ਇਕ ਹੋਰ ਜੀਵਨ ਦਾ ਆਰੰਭ ਹੋਇਆ ਸੀ। ਜੇਲ੍ਹ ਉਨ੍ਹਾਂ ਦੀ ਜਥੇਬੰਦਕ ਮੌਤ ਦਾ ਕਾਰਨ ਨਹੀਂ ਬਣੀ ਬਲਕਿ ਉਨ੍ਹਾਂ ਦੀ ਸ਼ਖਸੀਅਤ ਲਈ ਉਡਾਣ ਦੇ ਨਵੇਂ ਰਾਹ ਅਤੇ ਉਡਾਣ ਦਾ ਨਵਾਂ ਉਤਸ਼ਾਹ ਲੈ ਕੇ ਆਈ। ਜੇਲ੍ਹ ਤੋਂ ਮੁਕਤ ਹੋਣ ਵਾਲਾ ਸੁਰਿੰਦਰਪਾਲ ਸਿੰਘ ਹੁਣ ਇਕ ਪ੍ਰੋੜ ਆਗੂ ਅਤੇ ਦ੍ਰਿੜ ਜਥੇਬੰਦਕ ਬਣਕੇ ਆਇਆ। ਜੇਲ੍ਹ ਤੋਂ ਮੁਕਤੀ ਭਾਈ ਸੁਰਿੰਦਰਪਾਲ ਸਿੰਘ ਲਈ ਕੋਈ ਅਰਾਮ ਦਾ ਸੁਨੇਹਾ ਲੈ ਕੇ ਨਹੀਂ ਸੀ ਆਈ ਬਲਕਿ ਇਕ ਅਜਿਹੇ ਜੀਵਨ ਦਾ ਪੈਗਾਮ ਲੈ ਕੇ ਆਈ ਸੀ ਜਿਥੇਸਰੀਰਕ ਸ਼ਹਾਦਤ ਨਾਲੋਂ ਵੀ ਜ਼ਿਆਦਾ ਹੁਣ ਮਾਨਸਿਕ ਸ਼ਹਾਦਤ ਦੇ ਮੈਦਾਨ ਵਿਚ ਉਸ ਦੀ ਪਰਖ਼ ਹੋਣੀ ਸੀ। ਉਸ ਲਈ ਪੈਰ ਪੈਰ `ਤੇ ਸ਼ਹਾਦਤ ਖੜ੍ਹੀ ਸੀ। ਹਰ ਪਲ ਉਸ ਨੇ ਸ਼ਹਾਦਤ ਨੂੰ ਜਿਊਣਾ ਸੀ। ਸ਼ਾਇਦ ਇਹ ਕੰਮ ਭਾਈ ਸੁਰਿੰਦਰਪਾਲ ਸਿੰਘ ਹੀ ਕਰ ਸਕਦਾ ਸੀ। ਜੰਗ ਦੇ ਮੈਦਾਨ ਵਿਚ ਵਿਚਰੇ ਕਿਸੇ ਵਿਅਕਤੀ ਵਿਚ ਏਨਾ ਠਰੰਮਾ ਅਤੇ ਸਹਿਣਸ਼ੀਲਤਾ ਵੀ ਹੋ ਸਕਦੀ ਹੈ,ਉਨ੍ਹਾਂ ਦੇ ਜੀਵਨ ਦੀਆਂ ਗੱਲਾਂ ਦੋਸਤਾਂ ਕੋਲੋਂ ਸੁਣ ਕੇ ਮੈਨੂੰ ਵੀ ਯਕੀਨ ਨਹੀਂ ਸੀ ਆਇਆ। ਪਰ ਜਦੋਂ ਜਥੇਬੰਦਕ ਸਰਗਰਮੀਆਂ ਕਾਰਨ ਉਨ੍ਹਾਂ ਨਾਲ ਵਾਹ ਪਿਆ ਤਾਂ ਮਹਿਸੂਸ ਹੋਇਆ ਕਿ ਭਾਈ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਆਪਣਾ ਵਿਸ਼ਵਾਸਪਾਤਰ ਬਣਾਕੇ ਕੋਈ ਗਲਤੀ ਨਹੀ ਕੀਤੀ।

ਭਾਈ ਸੁਰਿੰਦਰਪਾਲ ਸਿੰਘ ਦੇ ਅਤੇ ਮੇਰੇ ਇਕ ਸਾਂਝੇ ਦੋਸਤ ਨੇ ਉਨ੍ਹਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਗੱਲ ਸੁਣਾਈ ਕਿ 1997 ਵਿਚ ਭਾਈ ਸੁਰਿੰਦਰਪਾਲ ਸਿੰਘ ਉਨ੍ਹਾਂ ਕੋਲ ਆਏ ਅਤੇ ਬੇਨਤੀ ਕੀਤੀ ਕਿ ਜੇਲ੍ਹ ਵਿਚ ਭਾਈ ਦਲਜੀਤ ਸਿੰਘ ਜੀ ਆਪ ਜੀ ਨੂੰ ਯਾਦ ਕਰਦੇ ਹਨ। ਆਪ ਜੀ ਦੱਸਦੇ ਹਨ ਕਿ ਜੇਲ੍ਹ ਵਿਚ ਮੁਲਾਕਾਤ ਵੇਲੇ ਭਾਈ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਸਿੱਖ ਲਹਿਰ ਲਈ ਕਰਨ ਵਾਲੇ ਕੰਮਾਂ ਦੀ ਵੱਡੀ ਲਿਸਟ ਫੜਾ ਦਿੱਤੀ ਅਤੇ ਉਨ੍ਹਾਂ ਸਾਰੇ ਕੰਮ ਕਰਨ ਦੀ ਹਾਮੀ ਭਰ ਦਿੱਤੀ। ਦੱਸਦੇ ਹਲ ਕਿ ਪੰਜਾਬ ਤੋਂ ਬਾਹਰ ਦੀ ਕਿਸੇ ਜੇਲ੍ਹ ਵਿਚ ਬੈਠੇ ਆਪਣੇ ਕਿਸੇ ਸਮੇਂ ਦੇ ਸਾਥੀਆਂ ਨੂੰ ਜਦੋਂ ਸੁਰਿੰਦਰਪਾਲ ਸਿੰਘ ਜੀ ਮਿਲਣ ਜਾਂਦੇ ਸਨ ਤਾਂ ਉਹ ਵੀਰ ਆਪ ਜੀ ਨੂੰ ਗਾਲਾਂ ਤੱਕ ਵੀ ਕੱਢ ਦਿੰਦੇ ਸਨ ਪਰ ਆਪਣੇ ਨਾਂ ਤਾਂ ਕਦੇ ਉਨ੍ਹਾਂ ਦੀ ਮੁਲਾਕਾਤ ਵਿਚ ਨਾਗਾ ਪਾਇਆ ਅਤੇ ਨਾ ਹੀ ਉਨ੍ਹਾਂ ਵੀਰਾਂ ਦੀ ਕਰਤੂਤ ਦਾ ਕਦੇ ਰੌਲਾ ਪਾਇਆ। ਪੁਲਿਸ ਕੇਸਾਂ ਦਾ ਸਾਹਮਣਾ ਕਰ ਰਹੇਸਾਰੇ ਸਿੰਘਾਂ ਦੀ ਪੈਰਵਾਈ ਭਾਈ ਸੁਰਿੰਦਰਪਾਲ ਸਿੰਘ ਨੇ ਜਿਸ ਦ੍ਰਿੜਤਾ ਨਾਲ ਕੀਤੀ ਉਹ ਸ਼ਬਦਾਂ ਦੀ ਲਖਾਇਕ ਨਹੀਂ ਹੈ।ਸੈਸ਼ਨ ਜੱਜ ਦੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤਕ ਭਾਈ ਦਵਿੰਦਰਪਾਲ ਸਿੰਘ ਦੇ ਸਮੁੱਚੇ ਕੇਸ ਦੀ ਪੈਰਵਾਈ ਆਪਨੇ ਕੀਤੀ। ਇਸ ਸਮੇਂ ਦੌਰਾਨ ਆਪ ਨੇ ਜਿੰਨੀ ਮਿਹਨਤ ਕੀਤੀ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।ਭਾਈ ਦਵਿੰਦਰਪਾਲ ਸਿੰਘ ਬਾਰੇ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਰੀਵਿਊ ਪਟੀਸ਼ਨ ਦੇ ਖਾਰਜ ਹੋ ਜਾਣ ਤੋਂ ਬਾਅਦ ਖੜੇ ਪੈਰ ਦਿੱਲੀ ਵਿਚ ਰਾਮ ਜੇਠਮਲਾਨੀ ਵਰਗਾ ਵਕੀਲ ਕਰਨਾ ਉਨ੍ਹਾਂ ਦੀ ਜਥੇਬੰਦਕ ਯੋਗਤਾ ਦਾ ਹੀ ਸਿੱਟਾ ਸੀ।

ਭਾਈ ਦਲਜੀਤ ਸਿੰਘ ਖਿਲਾਫ਼ ਦਰਜ ਕੀਤੀ ਗਏ ਕੇਸਾਂ ਦੀ ਅੰਤ ਤਕ ਆਪ ਨੇ ਜਿਸ ਦ੍ਰਿੜਤਾ ਨਾਲ ਪੈਰਵਾਈ ਕੀਤੀ ਉਸ ਦਾਦੇਣਾਂ ਨਹੀਂ ਦਿੱਤਾ ਜਾ ਸਕਦਾ।

ਖੈਰ ਇਨ੍ਹਾਂ ਸਰਗਰਮੀਆਂ ਦੇ ਨਾਲ-ਨਾਲ ਭਾਈ ਸੁਰਿੰਦਰਪਾਲ ਸਿੰਘ ਨੇ ਜਿਸ ਮਮਤਾਵਨ ਚਾਹਤ ਨਾਲ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਮੁੜ ਤੋਂ ਗਠਨ ਕੀਤਾ ਅਤੇ ਉਸ ਨੂੰ ਪੈਰਾ ਸਿਰ ਖੜ੍ਹੀ ਕਰ ਕੇ ਮੁੜ ਤੋਂ ਚੱਲਣ ਜੋਗਾ ਕੀਤਾ ਉਹ ਉਨ੍ਹਾਂ ਦੀ ਜਥੇਬੰਦਕ ਯੋਗਤਾ ਦਾ ਇਕ ਉਤਮ ਨਮੂੰਨਾ ਸੀ। ਉਸ ਬਿਖੜੇ ਸਮੇਂ ਜਦੋਂ ਹਵਾ ਦਾ ਹਰ ਕਿਣਕਾ ਵੀ ਸਿੱਖਾਂ ਦਾ ਦੁਸ਼ਮਣ ਹੋਇਆ ਫਿਰਦਾ ਸੀ ਅਤੇ ਫ਼ੈਡਰੇਸ਼ਨ ਦਾ ਨਾਂ ਲੈਣਾਂ ਵੀ ਮੌਤ ਨੂੰ ਸੱਦਾ ਦੇਣ ਵਰਗੀ ਗੱਲ ਸੀ ਆਪਣੇ ਆਪਣੀ ਸਖ਼ਸ਼ੀਅਤ ਦੀ ਛਾਂ ਕਰਕੇ ਉਸ ਜਥੇਬੰਦੀ ਦੇ ਬੂਟੇ ਨੂੰ ਪਾਲਿਆ ਅਤੇ ਜੁਆਨ ਕੀਤਾ। ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਇਕ ਲਹਿਰ ਚਲਾਉਣ ਦਾ ਸੁਪਨਾ ਪਾਲ ਰਹੇ ਭਾਈ ਸੁਰਿੰਦਰਪਾਲ ਸਿੰਘ ਨੇ ‘ਸਿੱਖ ਸ਼ਹਾਦਤ` ਮੈਗਜ਼ੀਨ ਨੂੰ ਨਾ ਸਿਰਫ਼ ਆਰੰਭ ਕੀਤਾਬਲਕਿ ਉਸ ਨੂੰ ਪੈਰਾਂ ਸਿਰ ਖੜ੍ਹਾ ਕਰਨ ਵਿਚ ਵੀ ਵੱਡਾ ਯੋਗਦਾਨ ਪਾਇਆ। ਇਸ ਸਮੁੱਚੇ ਵਰਤਾਰੇ ਦੌਰਾਨ ਆਪ ਨੇ ਜਥੇਬੰਦੀ ਦੇ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਦਿਨ ਰਾਤ ਇੱਕ ਕੀਤੀ ਰੱਖਿਆ। ਦੇਸ਼ ਵਿਦੇਸ਼ ਵਿਚ ਵਸਦੇ ਪੰਥ ਦਰਦੀਆਂ ਨਾਲ ਰਾਬਤਾ ਕਾਇਮ ਕਰਕੇ ਆਪ ਨੇ ਉਸ ਧਾਰਾ ਦੇ ਪੰਜਾਬ ਵਿਚ ਫਿਰ ਤੋਂ ਪੈਰ ਲਾਏ ਜਿਸ ਦੀ ਮੌਤ ਦਾ ਐਲਾਨ ਦੁਸ਼ਮਣਾਂ ਨੇ ਬਹੁਤ ਚਿਰ ਪਹਿਲਾਂ ਕਰ ਦਿੱਤਾ ਸੀ।

ਭਾਈ ਸੁਰਿੰਦਰਪਾਲ ਸਿੰਘ ਜਿਸ ਵੇਲੇ ਇੰਨੇ ਜ਼ਿਆਦਾ ਮੋਰਚਿਆਂ `ਤੇ ਇਕੱਲਾ ਹੀ ਡਟ ਰਿਹਾ ਸੀ। ਉਸ ਵੇਲੇ ਮੈਂ ਉਨ੍ਹਾਂ ਦੀ ਸਖ਼ਸ਼ੀਅਤ ਨੂੰ ਬਹੁਤ ਨੇੜਿਉਂ ਦੇਖਣ ਦਾ ਯਤਨ ਕੀਤਾ। ਵੱਡੇ ਤੋਂ ਵੱਡੇ ਦਬਾਅ ਅਤੇ ਅੜਿੱਕੇ ਵੇਲੇ ਵੀ ਆਪ ਜੀ ਨੇ ਕਦੇਸਿਦਕ ਦਾ ਪੱਲਾ ਨਹੀਂ ਛੱਡਿਆ। ਇਥੇ ਹੀ ਬਸ ਨਹੀਂ ਹਰ ਔਖੀ ਘੜੀ ਵੀ ਆਪ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਹੱਸ ਕੇ ਬੋਲਣ ਅਤੇ ਮਜ਼ਾਕ ਕਰਨ ਦਾ ਆਪਣਾ ਸੁਭਾਅ ਨਹੀਂ ਤਿਆਗਿਆ। ਉਹ ਮਹਿਜ਼ ਇਕ ਸਖ਼ਸ਼ੀਅਤ ਨਹੀਂ ਸੀ ਬਲਕਿ ਇਕ ਵੱਡੀ ਸੰਸਥਾ ਸੀ। ਉਨ੍ਹਾਂ ਦੀਆਂ ਸਰਗਰਮੀਆਂ ਨੂੰ ਦੇਖ ਕੇ ਮੈਨੂੰ ਸੰਸਾਰ ਪ੍ਰਸਿੱਧ ਨਾਵਲਕਾਰ ਅਰਨੈਸਟ ਹੈਮਿੰਗਵੇ ਦੇ ਨਾਵਲ‘’ਬੁੱਢਾ ਅਤੇ ਸਮੁੰਦਰ` ਦਾ ਕੇਂਦਰੀ ਪਾਤਰ ਯਾਦ ਆ ਜਾਂਦਾ ਸੀ ਜੋ ਅੱਤ ਦੇ ਝੱਖੜਾਂ ਵਿਚ ਵੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਲੜਨ ਦਾ ਜਿਗਰਾ ਨਹੀਂ ਛੱਡਦਾ। ਸ਼ਾਇਦ ਆਪ ਜੀ ਦੀ ਇਹ ਦ੍ਰਿੜਤਾ, ਦੂਰਅੰਦੇਸ਼ੀ ਅਤੇ ਈਮਾਨਦਾਰੀ ਸਿੱਖ ਦੁਸ਼ਮਣ ਤਾਕਤਾਂ ਨੂੰ ਮਨਜ਼ੂਰ ਨਹੀਂ ਸੀ ਉਹ ਭਾਈ ਸੁਰਿੰਦਰਪਾਲ ਸਿੰਘ ਦਾ ਸੀਸ ਗੈਰਾਂ ਦੇ ਦਰ `ਤੇ ਝੁਕਾਉਣਾ ਚਾਹੁੰਦੇ ਸਨ। ਇਸ ਲਈ ਪੰਥ ਦੋਖੀ ਤਾਕਤਾਂ ਨੇ ਬਹੁਤ ਯਤਨ ਕੀਤੇ ਪਰ ਜਦੋਂ ਕਾਮਯਾਬ ਨਾ ਹੋਈਆਂ ਤਾਂ ਸਿੱਖ ਸੰਘਰਸ਼ ਦੇ ਇਸ ਅਨਮੋਲ ਹੀਰੇ ਤੇ ਉਨ੍ਹਾਂ ਬਹੁਤ ਦਰਦਨਾਕ ਵਾਰ ਕਰ ਦਿੱਤਾ ਸੀ। ਆਪ ਜੀ ਨੂੰ ਦੁਸ਼ਮਣ ਤਾਕਤਾਂ ਨੇ ਬਹੁਤ ਭਿਆਨਕ ਬੀਮਾਰੀ ਦੀ ਲਪੇਟ ਵਿੱਚ ਲੈ ਲਿਆ ਸੀ, ਜਿਸ ਵੇਲੇ ਆਪ ਜੀ ਨੂੰ ਲੱਗੀ ਬੀਮਾਰੀ ਦਾ ਪਤਾ ਲੱਗਾ ਉਸ ਵੇਲੇ ਤਕ ਬਹੁਤ ਦੇਰ ਹੋ ਚੁੱਕੀ ਸੀ। ਕੋਈ ਵੀ ਡਾਕਟਰੀ ਇਲਾਜ ਰਾਸ ਨਾ ਆਇਆ। ਦੋ ਕੁ ਸਾਲ ਪਹਿਲਾਂ ਆਪ ਜੀ ਕੋਮਾ ਵਿਚ ਚਲੇ ਗਏ ਸਨ ਅਤੇ ਅੰਤ ਨੂੰ 17 ਅਗਸਤ 2010 ਵਾਲੇ ਦਿਨ ਸਿੱਖ ਸੰਘਰਸ਼ ਦਾ ਇਹ ਗੁੰਮਨਾਮ ਨਾਇਕ ਵਾਹਿਗੁਰੂ ਜੀ ਦੇ ਚਰਨਾਂ ਵਿਚ ਲੀਨ ਹੋ ਗਿਆ। ਉਸ ਮਹਾਨ ਆਤਮਾ ਦੇ ਹਮਸਫ਼ਰ ਰਹੇ ਸਾਰੇ ਦੋਸਤਾਂ ਮਿੱਤਰਾਂ ਅਤੇ ਸਨੇਹੀਆਂ ਵੱਲੋਂ ਅਰਦਾਸ ਹੈ ਕਿ ਵਾਹਿਗੁਰੂ ਆਪ ਜੀ ਨੂੰਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮਿੱਠਾ ਕਰ ਮੰਨਣ ਦਾ ਬਲ ਬਖ਼ਸ਼ਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,