ਲੇਖ » ਸਿਆਸੀ ਖਬਰਾਂ

ਭਾਜਪਾ ਦੇ ‘ਧੋਖੇ’ ਤੋਂ ਬਾਅਦ ਡੇਰਾ ਸਿਰਸਾ ਮੁੜ ਤੋਂ ਕਾਂਗਰਸ ਨੇੜੇ ਹੋਣ ਦੇ ਆਸਾਰ

August 31, 2017 | By

ਸਿਰਸਾ (ਸੁਸ਼ੀਲ ਮਾਨਵ): ਬੀਤੇ ਸਮੇਂ ਦੌਰਾਨ ਡੇਰਾ ਪ੍ਰੇਮੀਆਂ ਵਲੋਂ ਕੀਤੀਆਂ ਗੁੰਡਾਗਰਦੀ ਦੀਆਂ ਕਾਰਵਾਈਆਂ ਵੋਟਾਂ ਵਾਲੀ ਸਿਆਸਤ ਕਾਰਨ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੋਣ ਦਿੰਦੀ ਸੀ। ਪਰ ਹੁਣ ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਹਿੰਸਾ ਦੌਰਾਨ 38 ਪ੍ਰੇਮੀਆਂ ਦੇ ਮਾਰੇ ਜਾਣ, ਸੈਂਕੜਿਆਂ ਦੇ ਜ਼ਖ਼ਮੀ ਹੋਣ ਅਤੇ ਡੇਰੇ ਦੀ ਜਾਇਦਾਦ ਜ਼ਬਤ ਕੀਤੇ ਜਾਣ ਕਾਰਨ ਪ੍ਰੇਮੀ ਨਿਰਾਸ਼ਾ ਦੇ ਆਲਮ ਵਿੱਚ ਹਨ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਡੇਰੇ ਦੇ ਤਰਜਮਾਨ ਨੇ ਕਿਹਾ, ‘ਡੇਰਾ ਪ੍ਰੇਮੀਆਂ ਦਾ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਮਨ ਖੱਟਾ ਹੋਣ ਦਾ ਕਾਰਨ ਸਪੱਸ਼ਟ ਹੈ। ਅਸੀਂ ਉਨ੍ਹਾਂ ਨੂੰ ਸੱਤਾ ਸੌਂਪੀ ਅਤੇ ਦੇਖੋ, ਬਦਲੇ ਵਿੱਚ ਉਨ੍ਹਾਂ ਨੇ ਸਾਨੂੰ ਕੀ ਦਿੱਤਾ ਹੈ।’

ਡੇਰਾ ਸਿਰਸਾ ਦੇ ਵਿਵਾਦਤ ਮੁਖੀ ਰਾਮ ਰਹੀਮ

ਡੇਰਾ ਸਿਰਸਾ ਮੁਖੀ ਰਾਮ ਰਹੀਮ, ਜਿਸਨੂੰ ਕਿ 28 ਅਗਸਤ ਨੂੰ ਬਲਾਤਕਾਰ ਕੇਸ ‘ਚ 20 ਸਾਲ ਸਜ਼ਾ ਹੋ ਗਈ

ਡੇਰਾ ਪੈਰੋਕਾਰਾਂ ਦੇ ਭਾਜਪਾ ਨਾਲ ਪਏ ਫਿੱਕ ਨੂੰ ਕਾਂਗਰਸ ਹਰਿਆਣਾ ਤੇ ਪੰਜਾਬ ਵਿੱਚ ਮੌਕੇ ਵਜੋਂ ਦੇਖ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਮੁਖੀ ਖ਼ਿਲਾਫ਼ ਆਏ ਫ਼ੈਸਲੇ ’ਤੇ ਪ੍ਰਤੀਕਿਰਿਆ ਦੌਰਾਨ ਡੇਰਾ ਮੁਖੀ ਅਤੇ ਪ੍ਰੇਮੀਆਂ ਖਿਲਾਫ ਖੁਲ੍ਹ ਕੇ ਨਾ ਬੋਲਣਾ ਅਤੇ ਗੁੰਡਾਗਰਦੀ ਦੌਰਾਨ ਮਾਰੇ ਗਏ ਡੇਰਾ ਪ੍ਰੇਮੀਆਂ ਨੂੰ “ਸ਼ਹੀਦ” ਤਕ ਕਹਿਣਾ ਸਭ ਕੁੱਝ ਸਪੱਸ਼ਟ ਕਰਦਾ ਹੈ। ਹਰਿਆਣਾ ’ਚ ਕਾਂਗਰਸ ਦੇ ਸੂਬਾਈ ਮੁਖੀ ਅਸ਼ੋਕ ਤੰਵਰ, ਜੋ ਸਿਰਸਾ ਲੋਕ ਸਭਾ ਹਲਕਾ ਤੋਂ ਚੋਣ ਲੜਦੇ ਹਨ, ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਡੇਰਾ ਪ੍ਰੇਮੀਆਂ ਦੀਆਂ ਹਿੰਸਾ ਬਾਰੇ ਕੁਝ ਬੋਲਣ ਨਾਲੋਂ ਨਾਲੋਂ ਖੱਟਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਸੂਤਰਾਂ ਮੁਤਾਬਕ ਡੇਰੇ ਦੇ ਸੰਭਾਵੀਂ ਮੁਖੀ ਜਸਮੀਤ ਇੰਸਾਂ ਦਾ ਸਹੁਰਾ ਹਰਮਿੰਦਰ ਜੱਸੀ ਬਠਿੰਡਾ ਤੋਂ ਕਾਂਗਰਸ ਦਾ ਸਾਬਕਾ ਵਿਧਾਇਕ ਹੈ ਅਤੇ ਭਵਿੱਖ ਵਿੱਚ ਉਸ ਵੱਲੋਂ ਵੀ ਡੇਰੇ ਦੀ ਸਿਆਸਤ ’ਤੇ ਪ੍ਰਭਾਵ ਪਾਏ ਜਾਣ ਦੀ ਸੰਭਾਵਨਾ ਹੈ।

ਗੋਲ ਦਾਇਰੇ 'ਚ ਬਲਾਤਕਾਰ ਕੇਸ 'ਚ ਸਜ਼ਾਯਾਫਤਾ ਰਾਮ ਰਹੀਮ ਦੀ ਮਾਂ ਨਸੀਬ ਕੌਰ, ਨਾਲ ਖੜ੍ਹਾ ਹੈ ਡੇਰੇ ਦਾ ਨਵਾਂ ਮੁਖੀ ਜਸਮੀਤ (ਫਾਈਲ ਫੋਟੋ)

ਗੋਲ ਦਾਇਰੇ ‘ਚ ਬਲਾਤਕਾਰ ਕੇਸ ‘ਚ ਸਜ਼ਾਯਾਫਤਾ ਰਾਮ ਰਹੀਮ ਦੀ ਮਾਂ ਨਸੀਬ ਕੌਰ, ਨਾਲ ਖੜ੍ਹਾ ਹੈ ਡੇਰੇ ਦਾ ਨਵਾਂ ਮੁਖੀ ਜਸਮੀਤ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਡੇਰੇ ਨੇ ਭਾਜਪਾ ਨੂੰ ਖੁੱਲ੍ਹਾ ਸਮਰਥਨ ਦਿੱਤਾ ਸੀ ਅਤੇ ਪਹਿਲੀ ਵਾਰ ਹਰਿਆਣਾ ’ਚ ਭਗਵਾਂ ਪਾਰਟੀ ਸੱਤਾ ’ਚ ਆਈ ਸੀ। ਚੋਣ ਮੁਹਿੰਮ ਦੌਰਾਨ 11 ਅਕਤੂਬਰ, 2014 ਨੂੰ ਸਿਰਸਾ ਵਿੱਚ ਰੈਲੀ ਦੌਰਾਨ ਨਰਿੰਦਰ ਮੋਦੀ ਨੇ ਡੇਰਾ ਸਿਰਸਾ ਦੇ ਸਮਾਜ ਪ੍ਰਤੀ “ਯੋਗਦਾਨ” ਦਾ ਗੁਣਗਾਣ ਕੀਤਾ ਸੀ।

ਜ਼ਿਕਰਯੋਗ ਹੈ ਕਿ ਹਰਿਆਣਾ ’ਚ ਭਾਜਪਾ ਦੇ ਚੋਣ ਇੰਚਾਰਜ ਕੈਲਾਸ਼ ਵਿਜੈਵਰਗੀ 44 ਉਮੀਦਵਾਰਾਂ ਨੂੰ ਰਾਮ ਰਹੀਮ ਦੇ “ਆਸ਼ੀਰਵਾਦ” ਲਈ ਡੇਰੇ ’ਤੇ ਲੈ ਕੇ ਗਏ ਸਨ। ਸੱਤਾ ’ਚ ਆਉਣ ਬਾਅਦ ਸਪੀਕਰ ਕੰਵਰ ਪਾਲ ਸਮੇਤ 31 ਵਿਧਾਇਕ ਤੇ ਕਈ ਮੰਤਰੀ ਡੇਰੇ ’ਚ “ਮੱਥਾ ਟੇਕਣ” ਗਏ ਸੀ।

ਸਬੰਧਤ ਖ਼ਬਰ: ਡੇਰਿਆਂ ਦੀ ਹਮਾਇਤ ‘ਕੱਲੇ ਅਸੀਂ ਹੀ ਨਹੀਂ ਲੈਂਦੇ ਪਰ ਸਮਝੌਤੇ ਵਾਲੀ ਖ਼ਬਰ ਗਲਤ: ਮਨੋਹਰ ਲਾਲ ਖੱਟੜ …

ਹਾਲ ਹੀ ’ਚ ਹਰਿਆਣਾ ਦੇ ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ ਡੇਰਾ ਮੁਖੀ ਅੱਗੇ ਝੁਕਦਿਆਂ ਉਸ ਨੂੰ ਸਰਕਾਰੀ ਖ਼ਜ਼ਾਨੇ ’ਚੋਂ 51 ਲੱਖ ਰੁਪਏ ਦਿੱਤੇ ਸਨ। ਫਰਵਰੀ ’ਚ ਪੰਜਾਬ ਵਿਧਾਨ ਸਭਾ ਚੋਣਾਂ ’ਚ ਡੇਰੇ ਨੇ ਬਾਦਲ-ਭਾਜਪਾ ਗੱਠਜੋੜ ਨੂੰ ਹਮਾਇਤ ਦਿੱਤੀ ਸੀ ਅਤੇ ਬਾਦਲ ਦਲ ਦੇ ਆਗੂਆਂ ਨੇ ਸ਼ਰੇਆਮ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਪ੍ਰੋਗਰਾਮ ਪੰਜਾਬ ‘ਚ ਕਰਾਉਣ ਦਾ ਐਲਾਨ ਕੀਤਾ ਸੀ।

(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,