ਖਾਸ ਖਬਰਾਂ

ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ ਕੈਂਸਰ ਨਾਲ ਤਿੰਨ ਦੀ ਮੌਤ, ਦੋ ਦੀ ਹਾਲਤ ਚਿੰਤਾਜਨਕ

December 31, 2015 | By

ਮਾਨਸਾ: ਆਪਣੇ ਸੁਹੱਪਣ ਅਤੇ ਸਿਹਤਮੰਦ ਵਾਤਾਵਰਨ ਲਈ ਜਾਣਿਆ ਜਾਂਦਾ ਪੰਜਾਬ ਅੱਜ ਅਜਿਹੀਆਂ ਬਿਮਾਰੀਆਂ ਦੀ ਲਪੇਟ ਵਿੱਚ ਆਉਂਦਾ ਜਾ ਰਿਹਾ ਹੈ ਜੋ ਕਿ ਹਰ ਰੋਜ ਕਈ ਅੱਖਾਂ ਨੂੰ ਸਦਾ ਦੀ ਨੀਂਦ ਸਵਾ ਰਹੀਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ ਬੀਤੇ ਛੇ ਦਿਨਾਂ ਦੌਰਾਨ ਤਿੰਨ ਔਰਤਾਂ ਦੀ ਕੈਂਸਰ ਕਾਰਨ ਜਾਨ ਚਲੇ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਔਰਤਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਜਦਕਿ ਇਸ ਇਕੱਲੇ ਪਿੰਡ ਵਿੱਚ ਹੀ 2 ਦਰਜਨ ਦੇ ਕਰੀਬ ਲੋਕ ਕੈਂਸਰ ਦੀ ਬੀਮਾਰੀ ਨਾਲ ਪੀੜਤ ਹਨ।

ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ ਕੈਂਸਰ ਨਾਲ ਤਿੰਨ ਦੀ ਮੌਤ

ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿੱਚ ਕੈਂਸਰ ਨਾਲ ਤਿੰਨ ਦੀ ਮੌਤ

ਪਿੰਡ ਖਿਆਲਾ ਕਲਾਂ ਦੇ ਸਰਪੰਚ ਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਪਿੰਡ ਵਿੱਚ 70 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਵੱਡਾ ਸਰਕਾਰੀ ਹਸਪਤਾਲ ਹੈ, ਪਰ ਇਸ ਦੇ ਬਾਵਜੂਦ ਕੈਂਸਰ ਦਾ ਕਹਿਰ ਵੱਧਦਾ ਜਾ ਰਿਹਾ ਹੈ।ਤਿੰਨ ਪਿੰਡਾਂ ਖਿਆਲ ਕਲਾਂ, ਮਲਕਪੁਰ ਅਤੇ ਖਿਆਲ ਖੁਰਦ ਨੇ ਸਰਕਾਰੀ ਹਸਪਤਾਲ ਬਣਾਉਣ ਲਈ ਜਮੀਨ ਦਿੱਤੀ ਸੀ ਪਰ ਇਸ ਹਸਪਤਾਲ ਦਾ ਇਨ੍ਹਾਂ ਪਿੰਡਾਂ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਹੈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਅੱਜ ਤੱਕ ਇਸ ਹਸਪਤਾਲ ਵਿੱਚ ਕਦੇ ਵੀ ਕੈਂਸਰ ਰੋਕਣ ਲਈ ਅਤੇ ਇਸ ਸੰਬੰਧੀ ਜਾਗਰੂਕਤਾ ਲਈ ਕੋਈ ਕੈਂਪ ਨਹੀਂ ਲਗਾਇਆ।

ਸਰਪੰਚ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਕੈਂਸਰ ਦੀ ਬੀਮਾਰੀ ਨਾਲ ਗੁਰਮੇਲ ਕੌਰ(60) ਪਤਨੀ ਹਰੀ ਸਿੰਘ ਦੀ 23 ਦਸੰਬਰ, ਅਮਰਜੀਤ ਕੌਰ(45) ਪਤਨੀ ਦਰਸ਼ਨ ਸਿੰਘ ਦੀ 24 ਦਸੰਬਰ ਤੇ ਹਰਦਿਆਲ ਕੌਰ(55) ਪਤਨੀ ਦਰਸ਼ਨ ਸਿੰਘ ਦੀ 29 ਦਸੰਬਰ ਨੂੰ ਮੌਤ ਹੋ ਗਈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੈਂਸਰ ਨਾਲ ਪੀੜਿਤ ਦੋ ਹੋਰ ਔਰਤਾਂ ਸੁਰਜੀਤ ਕੌਰ(60) ਪਤਨੀ ਪ੍ਰੀਤਮ ਸਿੰਘ ਅਤੇ ਰਾਣੀ ਕੌਰ(40) ਪਤਨੀ ਸੁਰਜਨ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਔਰਤਾਂ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਹਨ ਤੇ ਦਲਿਤ ਬਸਤੀ ਵਿੱਚ ਸਾਫ ਸਫਾਈ ਅਤੇ ਪੀਣ ਦੇ ਪਾਣੀ ਦੇ ਵੀ ਪੁਖਤਾ ਪ੍ਰਬੰਧ ਨਹੀਂ ਹਨ।ਉਨ੍ਹਾਂ ਕਿਹਾ ਕਿ ਕੋਟੜਾ ਬਰਾਂਚ ਵਿੱਚ ਗੰਦੇ ਪਾਣੀ ਦੇ ਮਿਲਣ ਕਾਰਨ ਪੀਣ ਦੇ ਪਾਣੀ ਦਾ ਪੱਧਰ ਬਹੁਤ ਮਾੜਾ ਹੋ ਗਿਆ ਹੈ।

ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਕੈਂਸਰ ਤੋਂ ਪੀੜਤ ਲੋਕਾਂ ਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਮਿਲ ਰਹੀ।ਸਰਕਾਰੀ ਹਸਪਤਾਲ ਖਿਆਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਗਜੀਵਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੈਂਸਰ ਮੋਬਾਈਲ ਵੈਨ ਅਤੇ ਟੀਮ ਪਿੰਡ ਵਿੱਚ ਭੇਜੀ ਜਾ ਰਹੀ ਹੈ ਜੋ ਕਿ ਕੈਂਸਰ ਤੋਂ ਪੀੜਤ ਅਤੇ ਸ਼ੱਕੀ ਮਰੀਜਾਂ ਦੀ ਸੂਚੀ ਬਣਾ ਕੇ ਸਿਹਤ ਵਿਭਾਗ ਨੂੰ ਭੇਜੇਗੀ ਤਾਂ ਕਿ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।

ਜਿਕਰਯੋਗ ਹੈ ਕਿ ਸਰਕਾਰ ਵੱਲੋਂ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜਿਹੀਆਂ ਖਬਰਾਂ ਸਰਕਾਰ ਦੇ ਉਨ੍ਹਾਂ ਦਾਅਵਿਆ ਦੀ ਪੋਲ ਖੋਲ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: