ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਪੰਜਾਬ ਵਿਚ ਇਕ ਮਹੀਨੇ ਦੌਰਾਨ ਨਸ਼ਿਆਂ ਨਾਲ 25 ਮੌਤਾਂ

June 29, 2018 | By

ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦਾ ਕਹਿਰ ਵੱਡੀ ਅਲਾਮਤ ਬਣਕੇ ਟੁੱਟ ਪਿਆ ਹੈ ਤੇ ਮਾਪਿਆਂ ਦੇ ਜਵਾਨ ਪੁੱਤ ਨਸ਼ਈ ਹੋ ਕੇ ਜਹਾਨੋਂ ਤੁਰ ਰਹੇ ਹਨ। ਭਾਵੇਂ ਕਿ ਨਸ਼ੇ ਦਾ ਪ੍ਰਕੋਪ ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜਾਰੀ ਹੈ ਪਰ ਬੀਤੇ ਦਿਨਾਂ ਦੌਰਾਨ ਕੁਝ ਨੌਜਵਾਨਾਂ ਦੀਆਂ ਨਸ਼ੇ ਨਾਲ ਹੋਈਆਂ ਮੌਤਾਂ ਦੀਆਂ ਵੀਡੀਓ ਸੋਸ਼ਲ਼ ਮੀਡੀਆ ‘ਤੇ ਫੈਲਣ ਤੋਂ ਬਾਅਦ ਲੋਕਾਂ ਵਿਚ ਇਕ ਸਹਿਮ ਅਤੇ ਫਿਕਰਮੰਦੀ ਦਾ ਆਲਮ ਪਸਰਿਆ ਹੋਇਆ ਹੈ।

ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ 29 ਜੂਨ, 2018 ਦੇ ਅੰਕ ਵਿਚ ਛਪੀ ਖ਼ਬਰ ਮੁਤਾਬਿਕ ਜੂਨ ਮਹੀਨੇ ਵਿਚ ਪੰਜਾਬ ਅੰਦਰ ਨਸ਼ੇ ਕਾਰਨ 25 ਮੌਤਾਂ ਹੋ ਚੁੱਕੀਆਂ ਹਨ। ਇਹਨਾਂ ਮੌਤਾਂ ਦੇ ਵੇਰਵੇ ਇਸ ਪ੍ਰਕਾਰ ਹਨ:

ਜ਼ਿਲ੍ਹਾ ਤਰਨ ਤਾਰਨ:
7 ਜੂਨ: ਫਤਿਹਬਾਦ ਦੇ ਸੁਖਜਿੰਦਰ ਸਿੰਘ (25) ਦੀ ਗੋਇੰਦਵਾਲ ਸਾਹਿਬ ’ਚ ਸਰਿੰਜ ਰਾਹੀਂ ਨਸ਼ਾ ਲੈਣ ’ਤੇ ਮੌਤ ਹੋਈ। ਸਮਗਲਰ ਜੀਵਨ ਸਿੰਘ ਖਿਲਾਫ਼ ਪੁਲੀਸ ਨੇ ਧਾਰਾ 304 ਤਹਿਤ ਕੇਸ ਦਰਜ ਕੀਤਾ।
8 ਜੂਨ: ਫਤਿਹਬਾਦ ਦੇ ਅਵਤਾਰ ਸਿੰਘ (24) ਦੀ ਟੀਕੇ ਰਾਹੀਂ ਨਸ਼ਾ ਲੈਣ ’ਤੇ ਮੌਤ ਹੋਈ। ਉਸ ਦੀ ਲਾਸ਼ ਰੇਲ ਲਾਂਘੇ ਤੋਂ ਬਰਾਮਦ ਹੋਈ। ਰੇਲਵੇ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
9 ਜੂਨ: ਬਲੇਰ ਪਿੰਡ ਦੇ ਗੁਰਜੀਤ ਸਿੰਘ (25) ਦੀ ਸਰਿੰਜ ਰਾਹੀਂ ਨਸ਼ਾ ਲੈਣ ’ਤੇ ਮੌਤ ਹੋਈ। ਪੁਲੀਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ।
11 ਜੂਨ: ਬਕੀਪੁਰ ਪਿੰਡ ਦੇ ਜਗਜੀਤ ਸਿੰਘ (19) ਦੀ ਮੌਤ ਨਸ਼ੇ ਦਾ ਟੀਕਾ ਲਾਉਣ ਨਾਲ ਹੋਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
21 ਜੂਨ: ਭਾਈ ਢਾਈ ਵਾਲਾ ਦੇ ਨਵਨੀਤ ਸਿੰਘ (23) ਦੀ ਮੌਤ ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
23 ਜੂਨ: ਗੁਰਕਵਿੰਡ ਪਿੰਡ ਦੇ ਗੁਰਲਾਲ ਸਿੰਘ (27) ਦੀ ਮੌਤ ਨਸ਼ੇ ਨਾਲ ਹੋਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
24 ਜੂਨ: ਐਮਾ ਖੁਰਦ (ਝਬਾਲ) ਦੇ ਗੁਰਜੰਟ ਸਿੰਘ (29) ਦੀ ਮੌਤ ਨਸ਼ੇ ਦਾ ਟੀਕਾ ਲਾਉੇਣ ਕਰਕੇ ਹੋਈ। ਪੁਲੀਸ ਨੇ ਨੇੜਲੇ ਜਗਤਪੁਰ ਪਿੰਡ ਦੇ ਸਾਹਿਬ ਸਿੰਘ ਅਤੇ ਉਸ ਦੀ ਪਤਨੀ ਬਬਲੀ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ।
25 ਜੂਨ: ਢੋਟੀਆਂ ਪਿੰਡ ਦੇ ਗੁਰਭੇਜ ਸਿੰਘ ਭੇਜਾ (33) ਦੀ ਮੌਤ ਨਸ਼ੇ ਦਾ ਟੀਕਾ ਲਾਉਣ ਕਰਕੇ ਹੋਈ। ਪੁਲੀਸ ਵੱਲੋਂ ਜਾਂਚ ਜਾਰੀ ਹੈ।

ਜ਼ਿਲ੍ਹਾ ਅੰਮ੍ਰਿਤਸਰ:
10 ਜੂਨ: ਅਜਨਾਲਾ ਦੇ ਪਿੰਡ ਧੁਦਰਾਲਾ ’ਚ ਨਸ਼ੀਲਾ ਟੀਕਾ ਲਾਉਣ ਕਾਰਨ ਸਾਇਪਰਸ ਤੋਂ ਆਏ ਪਰਵਾਸੀ ਪੰਜਾਬੀ ਯੁਵਰਾਜ ਸਿੰਘ ਦੀ ਮੌਤ ਹੋ ਗਈ। ਪੁਲੀਸ ਵੱਲੋਂ ਜਾਂਚ ਜਾਰੀ ਹੈ।
18 ਜੂਨ: ਗੁਮਟਾਲਾ ਦੇ ਵਸਨੀਕ ਅਨਿਲ ਸਿੰਘ ਦੀ ਨਸ਼ੀਲੇ ਟੀਕੇ ਕਾਰਨ ਮੌਤ ਹੋ ਗਈ। ਇਸ ਮਗਰੋਂ ਮ੍ਰਿਤਕ ਦੇ ਵਾਰਸਾਂ ਨੇ ਸੰਸਦ ਮੈਂਬਰ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਸੀ। ਪੁਲੀਸ ਜਾਂਚ ਕਰ ਰਹੀ ਹੈ।
23 ਜੂਨ: ਪਲਵਿੰਦਰ ਸਿੰਘ ਦੀ ਸ਼ੱਕੀ ਹਾਲਤਾਂ ’ਚ ਮੌਤ ਹੋ ਗਈ। ਉਸ ਦੀ ਮੌਤ ਨਸ਼ਿਆਂ ਕਾਰਨ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਪੁਲੀਸ ਨੂੰ ਉਸ ਦੇ ਵਿਸਰੇ ਦੀ ਰਿਪੋਰਟ ਆਉਣ ਦੀ ਉਡੀਕ ਹੈ।
23 ਜੂਨ: ਪ੍ਰੇਮ ਨਗਰ ’ਚ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ। ਉਸ ਦੀ ਮੌਤ ਨਸ਼ਿਆਂ ਕਾਰਨ ਹੋਣ ਦਾ ਸ਼ੱਕ ਹੈ।
24 ਜੂਨ: ਮਜੀਠਾ ਰੋਡ ਦੇ ਵਸਨੀਕ ਹਰਭੇਜ ਸਿੰਘ ਦੀ ਲਾਸ਼ ਵੇਰਕਾ ’ਚ ਰੇਲਵੇ ਲਾਈਨਾਂ ਨੇੜੇ ਮਿਲੀ। ਉਸ ਦੀ ਲਾਸ਼ ਨੇੜਿਓਂ ਇੱਕ ਸਰਿੰਜ ਤੇ ਖਾਲੀ ਸ਼ੀਸ਼ੀ ਬਰਾਮਦ ਹੋਈ। ਉਸ ਦੇ ਪਿਤਾ ਨੇ ਪੁਲੀਸ ਨੂੰ ਕਿਹਾ ਕਿ ਉਹ ਕੋਈ ਵੀ ਪੁਲੀਸ ਕਾਰਵਾਈ ਨਹੀਂ ਚਾਹੁੰਦੇ। ਰੇਲਵੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਲ੍ਹਾ ਫਰੀਦਕੋਟ:
21 ਜੂਨ: ਕੋਟਰਪੂਰਾ ਨੇੜਲੇ ਪਿੰਡ ਨਾਨਕਸਰ ’ਚ ਨਸ਼ਿਆਂ ਕਾਰਨ ਬੂਟਾ ਸਿੰਘ (26) ਦੀ ਮੌਤ। ਉਸ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਦੋ ਨਸ਼ੇੜੀਆਂ ਨੇ ਜ਼ਬਰਦਸਤੀ ਉਨ੍ਹਾਂ ਦੇ ਮੁੰਡੇ ਨੂੰ ਟੀਕਾ ਲਾਇਆ ਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਕਾਰ ’ਚ ਰੱਖ ਕੇ ਨਹਿਰ ’ਚ ਧੱਕਾ ਦੇ ਦਿੱਤਾ ਤਾਂ ਜੋ ਇਸ ਨੂੰ ਹਾਦਸੇ ਵਜੋਂ ਦਿਖਾਇਆ ਜਾ ਸਕੇ। ਪਰਿਵਾਰ ਤੱਕ ਰਜ਼ਾਮੰਦੀ ਲਈ ਪਹੁੰਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਕਾਰਵਾਈ ਦੀ ਉਡੀਕ ਹੈ।
23 ਜੂਨ: ਕੋਟਰਪੂਰਾ ਦੇ ਕੂੜਾ ਡੰਪ ਨੇੜਿਓਂ ਬਲਵਿੰਦਰ ਕੁਮਾਰ (22) ਦੀ ਲਾਸ਼ ਮਿਲੀ। ਨਸ਼ੇ ਦਾ ਟੀਕਾ ਉਸ ਦੀ ਨਸ ’ਚ ਫਸਿਆ ਹੋਇਆ ਮਿਲਿਆ। ਪੁਲੀਸ ਜਾਂਚ ਕਰ ਰਹੀ ਹੈ।
25-26 ਜੂਨ: ਦੋ ਗੁਆਂਢੀਆਂ ਸਵੀਟੀ ਤੇ ਸੁਮਿਤ ਦੀ ਨਸ਼ਿਆਂ ਕਾਰਨ ਮੌਤ ਹੋ ਗਈ, ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਜ਼ਿਲ੍ਹਾ ਲੁਧਿਆਣਾ:
5 ਜੂਨ: ਹਰਗੋਬਿੰਦ ਕਲੋਨੀ ’ਚ ਹੈੱਡ ਕਾਂਸਟੇਬਲ ਦੇ ਪੁੱਤ ਸਿਮਰਨਜੀਤ ਸਿੰਘ (24) ਦੀ ਨਸ਼ਿਆਂ ਕਾਰਨ ਮੌਤ। ਉਸ ਦੀ ਲਾਸ਼ ਨੇੜਿਓਂ ਇੱਕ ਟੀਕਾ ਬਰਾਮਦ ਹੋਇਆ।

ਜ਼ਿਲ੍ਹਾ ਫਿਰੋਜ਼ਪੁਰ:
28 ਜੂਨ: ਪਿੰਡ ਖਾਈ ਫੇਮੇ ਕੀ ਦੇ ਵਸਨੀਕ ਅਵਤਾਰ (30) ਦੀ ਨਸ਼ੇ ਕਾਰਨ ਮੌਤ ਹੋ ਗਈ।
26 ਜੂਨ: ਪਿੰਡ ਸਤੀੲਵਾਲਾ ਦੇ ਵਸਨੀਕ ਮੱਖਣ ਸਿੰਘ (26) ਦੀ ਨਸ਼ੇ ਕਾਰਨ ਮੌਤ ਹੋ ਗਈ। ਇਸ ਤੋਂ ਕੁਝ ਦਿਨ ਪਹਿਲਾਂ ਪਿੰਡ ਕਮੱਗਰ ਦੇ ਅਮਰੀਕ ਸਿੰਘ (45) ਦੀ ਨਸ਼ਿਆਂ ਦੇ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ।

ਜ਼ਿਲ੍ਹਾ ਗੁਰਦਾਸਪੁਰ:
28 ਜੂਨ: ਡੇਰਾ ਬਾਬਾ ਨਾਨਕ ਦੇ ਪਿੰਡ ਦੋਸਤਪੁਰ ਵਿੱਚ 21 ਸਾਲਾ ਚਰਨਜੀਤ ਸਿੰਘ ਦੀ ਨਸ਼ੇ ਕਾਰਨ ਮੌਤ।
ਕਾਹਨੂੰਵਾਨ ਦੇ ਪਿੰਡ ਭੱਟੀਆਂ ਦੇ ਕੁਲਵੀਰ ਸਿੰਘ ਦੀ ਨਸ਼ੇ ਨਾਲ ਮੌਤ ਹੋ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: