ਸਿੱਖ ਖਬਰਾਂ

1993 ਦੇ ਇਕ ਝੂਠੇ ਮੁਕਾਬਲੇ ’ਚ ਦੋ ਭਰਾਵਾਂ ਨੂੰ ਮਾਰਨ ਦੇ ਕੇਸ ਵਿੱਚ ਡੀਐਸਪੀ ਨੂੰ “ਤਿੰਨ ਸਾਲ” ਦੀ ਸਜ਼ਾ

July 31, 2016 | By

ਪਟਿਆਲਾ: ਦੋ ਸਕੇ ਭਰਾਵਾਂ ਨੂੰ ਅਗਵਾ ਕਰਕੇ ਖਪਾਉਣ ਦੇ 23 ਸਾਲ ਪੁਰਾਣੇ ਕੇਸ ਵਿੱਚ ਪੰਜਾਬ ਪੁਲੀਸ ਦੇ ਸੇਵਾਮੁਕਤ ਡੀਐਸਪੀ ਜੋਗਿੰਦਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਹਰਜੀਤ ਸਿੰਘ ਖਾਲਸਾ ਨੇ ਸਾਬਕਾ ਪੁਲੀਸ ਅਧਿਕਾਰੀ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ ਉਤੇ ਇਹ ਫ਼ੈਸਲਾ ਦਿੱਤਾ ਹੈ। ਸਾਬਕਾ ਡੀਐਸਪੀ ਨੂੰ ਕੇਂਦਰੀ ਜੇਲ੍ਹ, ਪਟਿਆਲਾ ਵਿੱਚ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਮਾਰਚ 1993 ਵਿੱਚ ਪਟਿਆਲਾ ਦੇ ਪ੍ਰਤਾਪ ਨਗਰ ਵਾਸੀ ਦੋ ਸਕੇ ਭਰਾਵਾਂ ਗੁਰਿੰਦਰ ਸਿੰਘ, ਜੋ ਕਿ ਪੰਜਾਬ ਪੁਲੀਸ ਦਾ ਸਿਪਾਹੀ ਸੀ ਅਤੇ ਬਲਵਿੰਦਰ ਸਿੰਘ, ਜੋ ਕਿ ਡਰਾਈਵਰ ਸੀ, ਨੂੰ ਪਟਿਆਲਾ ਪੁਲੀਸ ਨੇ ਚੁੱਕਿਆ ਸੀ। ਇਨ੍ਹਾਂ ਦੇ ਪਿਤਾ ਧਰਮ ਸਿੰਘ ਫੌਜੀ ਦਾ ਕਹਿਣਾ ਸੀ ਕਿ ਪੁਲੀਸ ਨੇ ਉਨ੍ਹਾਂ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲਿਆ ਸੀ ਪਰ ਮੁੜ ਕੇ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਪੀੜਤ ਪਰਿਵਾਰ ਦੀ ਰਿੱਟ ਪਟੀਸ਼ਨ ‘ਤੇ ਹਾਈ ਕੋਰਟ ਵੱਲੋਂ ਮਈ, 1997 ਨੂੰ ਜਾਰੀ ਕੀਤੇ ਆਦੇਸ਼ਾਂ ਉਤੇ ਸੀਬੀਆਈ ਨੇ ਜਾਂਚ ਕਰਦਿਆਂ ਅੱਧੀ ਦਰਜਨ ਪੁਲੀਸ ਮੁਲਾਜ਼ਮਾਂ ਖ਼ਿਲਾਫ਼ 29 ਜਨਵਰੀ, 1998 ਨੂੰ ਸੀਬੀਆਈ ਦੇ ਚੰਡੀਗੜ੍ਹ ਸਥਿਤ ਥਾਣੇ ਵਿੱਚ ਕੇਸ ਦਰਜ ਕੀਤਾ ਸੀ।

ਪਟਿਆਲਾ ਦੀ ਇਕ ਅਦਾਲਤ ਨੇ 26 ਮਾਰਚ, 2013 ਨੂੰ ਸੁਣਾਏ ਫੈਸਲੇ ਵਿੱਚ ਐਸਐਸਪੀ, ਇੰਸਪੈਕਟਰ ਤੇ ਸਬ ਇੰਸਪੈਕਟਰ ਨੂੰ ਬਰੀ ਕਰ ਦਿੱਤਾ ਸੀ ਜਦੋਂ ਕਿ ਇਕ ਐਸਪੀ ਤੇ ਇੰਸਪੈਕਟਰ ਦੀ ਚਲਦੇ ਕੇਸ ਦੌਰਾਨ ਮੌਤ ਹੋ ਗਈ ਸੀ। ਸਾਬਕਾ ਡੀਐਸਪੀ ਜੋਗਿੰਦਰ ਸਿੰਘ ਨੂੰ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਤਿੰਨ ਸਾਲ ਤਕ ਦੀ ਸਜ਼ਾ ਹੋਣ ‘ਤੇ ਮੌਕੇ ਉਤੇ ਜ਼ਮਾਨਤ ਦੀ ਵਿਵਸਥਾ ਕਾਰਨ ਉਸ ਨੂੰ ਜ਼ਮਾਨਤ ਮਿਲ ਗਈ ਸੀ। ਉਸ ਨੇ ਇਸ ਫ਼ੈਸਲੇ ਖ਼ਿਲਾਫ਼ ਸੀਬੀਆਈ ਦੇ ਸਪੈਸ਼ਲ ਜੱਜ ਦੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਸੀ। ਸੀਬੀਆਈ ਕੋਰਟ ਨੇ ਸ਼ਨੀਵਾਰ ਨੂੰ ਆਪਣੇ ਫ਼ੈਸਲੇ ਵਿੱਚ ਹੇਠਲੀ ਅਦਾਲਤ ਦੇ ਤਿੰਨ ਸਾਲ ਕੈਦ ਦੀ ਸਜ਼ਾ ਵਾਲੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,